ਆਪਰੇਸ਼ਨ ਸੇਫ਼ ਡਰਾਈਵ ਵੀਕ ਦੌਰਾਨ ਤੇਜ਼ ਰਫ਼ਤਾਰੀ ਰਹੀ ਮੁੱਖ ਉਲੰਘਣਾ

ਜੁਲਾਈ 10-16 ਕੈਨੇਡਾ ’ਚ ਇਨਫ਼ੋਰਸਮੈਂਟ ਏਜੰਸੀਆਂ ਨੇ 276 ਕਮਰਸ਼ੀਅਲ ਗੱਡੀਆਂ ਦੇ ਡਰਾਈਵਰਾਂ ਨੂੰ ਚਲਾਨ (ਸਾਈਟੇਸ਼ਨ) ਕੀਤੇ ਅਤੇ 112 ਚੇਤਾਵਨੀਆਂ ਜਾਰੀ ਕੀਤੀਆਂ।

ਇਸ ਦੌਰਾਨ ਕੈਨੇਡਾ ’ਚ 313 ਕਮਰਸ਼ੀਅਲ ਗੱਡੀਆਂ ਨੂੰ ਜਾਂਚ ਲਈ ਰੋਕਿਆ ਗਿਆ। ਸਭ ਤੋਂ ਵੱਧ ਦਰਜ ਕੀਤੀਆਂ ਉਲੰਘਣਾਵਾਂ ’ਚ ਤੇਜ਼ ਰਫ਼ਤਾਰੀ/ਰਫ਼ਤਾਰ ਬਾਰੇ ਮੁਢਲੇ ਕਾਨੂੰਨਾਂ ਦੀ ਉਲੰਘਣਾ/ਹਾਲਾਤ ਨੂੰ ਵੇਖਦਿਆਂ ਬਹੁਤ ਤੇਜ਼ ਗੱਡੀ ਚਲਾਉਣਾ ਸ਼ਾਮਲ ਹੈ। ਪੂਰੇ ਕੈਨੇਡਾ ਅਤੇ ਅਮਰੀਕਾ ’ਚ 35,000 ਤੋਂ ਵੱਧ ਕਮਰਸ਼ੀਅਲ ਗੱਡੀਆਂ ਨੂੰ ਰੋਕਿਆ ਗਿਆ ਜਿਨ੍ਹਾਂ ’ਚੋਂ 26,164 ਨੂੰ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਅਤੇ ਚਲਾਨ ਕੱਟੇ ਗਏ।

ਇਸ ਵਰ੍ਹੇ ਦੇ ਬਲਿਟਜ਼ ’ਚ ਮੁੱਖ ਜ਼ੋਰ ਤੇਜ਼ ਰਫ਼ਤਾਰੀ ’ਤੇ ਦਿੱਤਾ ਗਿਆ ਸੀ। ਨੈਸ਼ਨਲ ਹਾਈਵੇ ਟ੍ਰੈਫ਼ਿਕ ਸੁਰੱਖਿਆ ਪ੍ਰਸ਼ਾਸਨ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਸੜਕੀ ਹਾਦਸਿਆਂ ’ਚ ਹੋਈਆਂ ਮੌਤਾਂ ’ਚੋਂ ਇੱਕ ਤਿਹਾਈ ’ਚ ਤੇਜ਼ ਰਫ਼ਤਾਰੀ ਦਾ ਵੱਡਾ ਰੋਲ ਰਿਹਾ ਹੈ। ਟਰਾਂਸਪੋਰਟ ਕੈਨੇਡਾ, ਨੇ ਆਪਣੇ ਵੱਲੋਂ ਕਿਹਾ ਕਿ 2020 ’ਚ ਘਾਤਕ ਹਾਦਸਿਆਂ ’ਚੋਂ ਤੇਜ਼ ਰਫ਼ਤਾਰੀ/ਬਹੁਤ ਤੇਜ਼ ਗੱਡੀ ਚਲਾਉਣਾ ਦਾ ਯੋਗਦਾਨ 25.3% ਰਿਹਾ।

ਸੱਤ ਦਿਨਾਂ ਦੀ ਪਹਿਲ ਦੀ ਅਗਵਾਈ ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਨੇ ਕੀਤੀ ਸੀ। ਕਮਰਸ਼ੀਅਲ ਡਰਾਈਵਰਾਂ ’ਚ ਸੀਟਬੈਲਟ ਦਾ ਪ੍ਰਯੋਗ 86.1% ਸੀ, ਪਰ ਆਪਰੇਸ਼ਨ ਸੇਫ਼ ਡਰਾਈਵ ਵੀਕ ਦੌਰਾਨ ਚਲਾਨ ਕੱਟਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਸੀਟਬੈਲਟ ਨਾ ਬੰਨ੍ਹਣਾ ਰਿਹਾ। ਸੀਟਬੈਲਟ ਦੀ ਉਲੰਘਣਾ ਕਰਨ ਲਈ ਕਮਰਸ਼ੀਅਲ ਡਰਾਈਵਰਾਂ ਦੇ 735 ਚਲਾਨ ਕੱਟੇ ਗਏ।

ਹੈਂਡਹੈਲਡ ਉਪਕਰਨ ਦਾ ਪ੍ਰਯੋਗ ਕਰਨਾ/ਲਿਖਤੀ ਸੰਦੇਸ਼ ਭੇਜਣ/ਬੇਧਿਆਨ ਹੋ ਕੇ ਡਰਾਈਵਿੰਗ ਕਰਨ ਦੇ ਨਤੀਜੇ ਵਜੋਂ ਕਮਰਸ਼ੀਅਲ ਡਰਾਈਵਰਾਂ ਦੇ 239 ਚਲਾਨ ਕੱਟੇ ਗਏ। ਟਰਾਂਸਪੋਰਟ ਕੈਨੇਡਾ ਦੀ ਖ਼ਬਰ ਅਨੁਸਾਰ 2020 ’ਚ ਬੇਧਿਆਨ ਹੋ ਕੇ ਡਰਾਈਵਿੰਗ ਕਰਨਾ 22.3% ਘਾਤਕ ਟੱਕਰਾਂ ਦਾ ਕਾਰਨ ਬਣਿਆ।