ਟਰੱਕ ਟਿਪਸ – ਇਨ ਕੈਬ ਬ੍ਰੇਕ ਸਿਸਟਮ ਚੈੱਕ

ਰੋਜ਼ਾਨਾ ਲੋੜੀਂਦੀ ਵਹੀਕਲ ਜਾਂਚ ’ਚ ਏਅਰ ਬ੍ਰੇਕ ਸਿਸਟਮ ਦੇ ਚਲਦੇ ਪੁਰਜ਼ੇ ਜਿਵੇਂ, ਗਵਰਨਰ, ਏਅਰ ਕੰਪਰੈਸਰ ਅਤੇ ਲੋਅ-ਏਅਰ-ਪਰੈਸ਼ਰ ਵਾਰਨਿੰਗ ਡਿਵਾਇਸਿਜ਼ ਦੀ ਜਾਂਚ ਸ਼ਾਮਲ ਹੁੰਦੀ ਹੈ। ਇਸ ਤਰ੍ਹਾਂ ਦੀ ਜਾਂਚ ਜ਼ਿਆਦਾਤਰ ਕੈਬ ਅੰਦਰ ਬੈਠ ਕੇ ਹੀ ਹੋ ਜਾਂਦੀ ਹੈ। ਆਓ ਦਸਦੇ ਹਾਂ ਕਿ ਤੁਹਾਨੂੰ ਕੀ ਜਾਣਨ ਦੀ ਜ਼ਰੂਰਤ ਹੈ।

ਇਨ੍ਹਾਂ ਜਾਂਚਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਟਰੱਕ ਨੂੰ ਇਕਸਾਰ ਥਾਂ ’ਤੇ ਪਾਰਕ ਕਰੋ ਤਾਂ ਕਿ ਇਹ ਰੁੜ੍ਹੇ ਨਾ, ਪਾਰਕਿੰਗ ਬ੍ਰੇਕਾਂ ਲਾਓ ਅਤੇ ਵ੍ਹੀਲ਼ਜ ਦੁਆਲੇ ਵ੍ਹੀਲ਼ ਚੌਕ ਲਾਓ।

ਸਭ ਤੋਂ ਪਹਿਲੀ ਜਾਂਚ ਘੱਟ ਏਅਰ ਪਰੈਸ਼ਰ ਦੀ ਚੇਤਾਵਨੀ check ਕਰਨ ਦੀ ਹੈ।

ਇੰਜਣ ਚਾਲੂ ਕਰ ਕੇ ਪ੍ਰਾਇਮਰੀ ਅਤੇ ਸੈਕੰਡਰੀ ਏਅਰ ਟੈਂਕਜ਼ ’ਚ 90 ਪੀ.ਐਸ.ਆਈ. ਤੱਕ ਦਾ ਏਅਰ ਪਰੈਸ਼ਰ ਬਣਾਓ। ਤੁਸੀਂ ਇੰਜਣ ਨੂੰ ਚਲਦਾ ਛੱਡ ਸਕਦੇ ਹੋ ਜਾਂ ਬੰਦ ਵੀ ਕਰ ਸਕਦੇ ਹੋ, ਪਰ ਵਾਰਨਿੰਗ ਸਿਸਟਮ ਨੂੰ ਚਾਲੂ ਰੱਖਣ ਲਈ ਚਾਬੀ ਔਨ ਰੱਖੋ।

ਟੈਂਕਾਂ ’ਚ ਏਅਰ ਪਰੈਸ਼ਰ ਨੂੰ ਘੱਟ ਕਰਨ ਲਈ ਵਾਰ-ਵਾਰ ਬ੍ਰੇਕ ਪੈਡਲ ਦੱਬੋ ਅਤੇ ਛੱਡੋ।

ਜਦੋਂ ਘੱਟ ਏਅਰ ਪਰੈਸ਼ਰ ਚੇਤਾਵਨੀ ਚਾਲੂ ਹੁੰਦੀ ਹੈ ਤਾਂ ਗੇਜ ’ਤੇ ਪਰੈਸ਼ਰ ਰੀਡਿੰਗ ਨੂੰ ਨੋਟ ਕਰੋ।

ਘੱਟ ਪਰੈਸ਼ਰ ਦੀ ਚੇਤਾਵਨੀ 55 ਪੀ.ਐਸ.ਆਈ. ਜਾਂ ਇਸ ਤੋਂ ਵੱਧ ’ਤੇ ਚਾਲੂ ਹੋਣੀ ਚਾਹੀਦੀ ਹੈ।

ਅਗਲੀ ਜਾਂਚ ਏਅਰ ਪਰੈਸ਼ਰ ਬਣਨ ਦੇ ਸਮੇਂ ਬਾਰੇ ਹੈ।

ਏਅਰ ਕੰਪਰੈਸਰ ਨੂੰ ਇੰਜਣ ਦੇ ਆਈਡਲ ਸਪੀਡ ’ਤੇ ਰਹਿਣ ਸਮੇਂ ਦੋ ਮਿੰਟਾਂ ਅੰਦਰ ਏਅਰ ਪਰੈਸ਼ਰ ਨੂੰ 85 ਪੀ.ਐਸ.ਆਈ. ਤੋਂ 100 ਪੀ.ਐਸ.ਆਈ. ਕਰਨ ਦੇ ਕਾਬਲ ਹੋਣਾ ਚਾਹੀਦਾ ਹੈ।

ਪਰਾਈਮਰੀ ਅਤੇ ਸੈਕੰਡਰੀ ਟੈਂਕ ’ਚ 80 ਪੀ.ਐਸ.ਆਈ. ਦੇ ਏਅਰ ਪਰੈਸ਼ਰ ਤੋਂ ਸ਼ੁਰੂਆਤ ਕਰੋ। ਜਦੋਂ ਇੰਜਣ 600 ਤੋਂ 900 ਆਰ.ਪੀ.ਐਮ. ’ਤੇ ਆਈਡਲਿੰਗ ਕਰ ਰਿਹਾ ਹੋਵੇ, ਉਸ ਸਮੇਂ ਨੂੰ ਨੋਟ ਕਰੋ ਜਦੋਂ ਪਰੈਸ਼ਰ 85 ਪੀ.ਐਸ.ਆਈ. ’ਤੇ ਪਹੁੰਚ ਜਾਵੇ, ਅਤੇ ਫਿਰ ਉਸ ਸਮੇਂ ਨੂੰ ਨੋਟ ਕਰੋ ਜਦੋਂ ਪਰੈਸ਼ਰ 100 ਪੀ.ਐਸ.ਆਈ. ’ਤੇ ਪਹੁੰਚ ਜਾਵੇ।

ਜੇਕਰ 85 ਤੋਂ 100 ਪੀ.ਐਸ.ਆਈ. ਤੱਕ ਜਾਣ ’ਤੇ ਦੋ ਮਿੰਟਾਂ ਤੋਂ ਘੱਟ ਦਾ ਸਮਾਂ ਲਗਦਾ ਹੈ ਤਾਂ ਗੱਡੀ ਪਾਸ ਹੈ।

ਘੱਟ ਪਰੈਸ਼ਰ ਚੇਤਾਵਨੀ ਡਿਵਾਇਸ ਵਾਂਗ, ਜੇਕਰ ਕੰਪਰੈਸਰ ਇਸ ਜਾਂਚ ’ਚ ਫ਼ੇਲ੍ਹ ਹੋ ਜਾਂਦਾ ਹੈ ਤਾਂ ਅਜਿਹੇ ਟਰੱਕ ਨੂੰ ਜਨਤਕ ਸੜਕ ’ਤੇ ਚਲਾਉਣਾ ਗ਼ੈਰਕਾਨੂੰਨੀ ਹੁੰਦਾ ਹੈ।

ਹੁਣ, ਅਸੀਂ ਏਅਰ ਕੰਪਰੈਸਰ ਗਵਰਨਰ ਕੱਟ-ਇਨ ਅਤੇ ਕੱਟ-ਆਊਟ ਪਰੈਸ਼ਰ ਦੀ ਜਾਂਚ ਕਰਾਂਗੇ।

ਗਵਰਨਰ ਦਾ ਕੰਮ ਇਹ ਹੁੰਦਾ ਹੈ ਕਿ ਜਦੋਂ ਸਿਸਟਮ ਏਅਰ ਪਰੈਸ਼ਰ ਇੱਕ ਮਿੱਥੀ ਹੋਈ ਹੱਦ ਤੋਂ ਹੇਠਾਂ ਆ ਜਾਵੇ ਤਾਂ ਉਹ ਕੰਪਰੈਸਰ ਨੂੰ ਟੈਂਕਾਂ ’ਚ ਹਵਾ ਭਰਨ ਲਈ ਚਾਲੂ ਕਰ ਦੇਵੇ। ਇਸ ਨੂੰ ਕੱਟ-ਇਨ ਪਰੈਸ਼ਰ ਕਹਿੰਦੇ ਹਨ। ਗਵਰਨਰ ਕੰਪਰੈਸਰ ਨੂੰ ਇੱਕ ਪੱਧਰ ਤੱਕ ਪਹੁੰਚਣ ’ਤੇ ਹਵਾ ਭਰਨੀ ਬੰਦ ਕਰਨ ਦਾ ਸਿਗਨਲ ਵੀ ਦਿੰਦਾ ਹੈ। ਇਸ ਨੂੰ ਕੱਟ-ਆਊਟ ਪਰੈਸ਼ਰ ਕਹਿੰਦੇ ਹਨ।

ਕੱਟ ਇਨ ਪਰੈਸ਼ਰ ਦੀ ਜਾਂਚ ਕਰਨ ਲਈ, ਬ੍ਰੇਕ ਪੈਡਲ ਵਾਰ-ਵਾਰ ਦਬਾ ਕੇ ਟੈਂਕ ਪਰੈਸ਼ਰ ਨੂੰ ਘੱਟ ਕਰ ਦਿਓ। ਉਸ ਪਰੈਸ਼ਰ ਨੂੰ ਨੋਟ ਕਰੋ ਜਦੋਂ ਕੰਪਰੈਸਰ ਹਵਾ ਭਰਨੀ ਸ਼ੁਰੂ ਕਰਦਾ ਹੈ ਅਤੇ ਪਰੈਸ਼ਰ ਵਧਣਾ ਚਾਲੂ ਹੋ ਜਾਂਦਾ ਹੈ। ਕੰਪਰੈਸਰ ਨੂੰ ਘੱਟ ਤੋਂ ਘੱਟ 80 ਪੀ.ਐਸ.ਆਈ. ਦੇ ਪੱਧਰ ’ਤੇ ਚਾਲੂ ਹੋ ਜਾਣਾ ਚਾਹੀਦਾ ਹੈ।

ਉਦੋਂ ਤੱਕ ਪਰੈਸ਼ਰ ਨੂੰ ਬਣਨ ਦਿਓ ਜਦੋਂ ਤੱਕ ਕੰਪਰੈਸਰ ਬੰਦ ਨਹੀਂ ਹੋ ਜਾਂਦਾ। ਪਰੈਸ਼ਰ ਥੋੜੇ ਸਮੇਂ ਬਾਦ ਬਣਨਾ ਬੰਦ ਹੋ ਜਾਵੇਗਾ। ਇਸ ਦੇ ਨਾਲ ਆਮ ਤੌਰ ’ਤੇ ਏਅਰ ਡਰਾਇਅਰ ਡਿਸਚਾਰਜਿੰਗ ਦੀ ਆਵਾਜ਼ ਵੀ ਆਉਂਦੀ ਹੈ। ਕੱਟ-ਆਊਟ ਪਰੈਸ਼ਰ ਕਦੇ ਵੀ 145 ਪੀ.ਐਸ.ਆਈ. ਤੋਂ ਵੱਧ ਨਹੀਂ ਹੋਣਾ ਚਾਹੀਦਾ।

ਜੇਕਰ ਕੱਟ-ਇਨ ਪਰੈਸ਼ਰ 80 ਪੀ.ਐਸ.ਆਈ. ਤੋਂ ਹੇਠਾਂ ਹੋਵੇ ਜਾਂ ਜੇਕਰ ਕੱਟ-ਆਊਟ ਪਰੈਸ਼ਰ 145 ਪੀ.ਐਸ.ਆਈ. ਤੋਂ ਵੱਧ ਹੋਵੇ ਤਾਂ ਟਰੱਕ ਜਾਂਚ ’ਚ ਫ਼ੇਲ੍ਹ ਹੈ।

ਅਗਲੀ ਜਾਂਚ ਏਅਰ ਸਿਸਟਮ ਲੌਸ ਰੇਟ ਦੀ ਹੈ।

ਸਭ ਤੋਂ ਪਹਿਲਾਂ ਇਹ ਯਕੀਨੀ ਕਰੋ ਕਿ ਵ੍ਹੀਲ਼ ਚੌਕ ਲੱਗੇ ਹੋਏ ਹਨ ਕਿਉਂਕਿ ਇਸ ਜਾਂਚ ਲਈ ਪਾਰਕਿੰਗ ਬ੍ਰੇਕਾਂ ਨੂੰ ਹਟਾਉਣਾ ਪਵੇਗਾ।

ਪਾਰਕਿੰਗ ਬ੍ਰੇਕਾਂ ਨੂੰ ਹਟਾਓ ਅਤੇ ਸਿਸਟਮ ਪਰੈਸ਼ਰ ਨੂੰ ਕੱਟ-ਆਊਟ ਪਰੈਸ਼ਰ ਤੱਕ ਪਹੁੰਚਾ ਕੇ, ਫਿਰ ਇੰਜਣ ਬੰਦ ਕਰ ਦਿਓ। ਪੂਰੇ ਦਬਾਅ ਨਾਲ ਬ੍ਰੇਕ ਲਾਓ ਅਤੇ ਇਸ ਨੂੰ 1 ਮਿੰਟ ਤੱਕ ਦੇ ਸਮੇਂ ਲਈ ਦੱਬ ਕੇ ਰੱਖੋ। ਸਿਸਟਮ ਪਰੈਸ਼ਰ ਪਹਿਲਾਂ ਤਕਰੀਬਨ 10 ਪੀ.ਐਸ.ਆਈ. ਤੱਕ ਹੇਠਾਂ ਆ ਜਾਵੇਗਾ ਅਤੇ ਫਿਰ stabilise ਹੋ ਜਾਵੇਗਾ। ਜੇਕਰ ਪਰੈਸ਼ਰ ਘੱਟ ਹੁੰਦਾ ਹੈ ਤਾਂ ਇਸ ਦੀ ਦਰ ਮਾਪੋ। ਜੇਕਰ ਪਰੈਸ਼ਰ ਘੱਟ ਰਿਹਾ ਹੈ ਤਾਂ ਸਿਸਟਮ ’ਚ ਕਿਤੇ ਲੀਕ ਹੈ।

ਟਰੈਕਟਰ ਅਤੇ ਟਰੇਲਰ ਦੇ ਮਾਮਲੇ ’ਚ ਵੱਧ ਤੋਂ ਵੱਧ 4 ਪੀ.ਐਸ.ਆਈ. ਪ੍ਰਤੀ ਮਿੰਟ ਦਾ ਪਰੈਸ਼ਰ ਘੱਟ ਹੋਣਾ ਬਰਦਾਸ਼ਤ ਕੀਤਾ ਜਾ ਸਕਦਾ ਹੈ। ਟਰੈਕਟਰ ਜਾਂ ਸਟ੍ਰੇਟ ਟਰੱਕ ਲਈ ਇਹ 3 ਪੀ.ਐਸ.ਆਈ. ਹੈ। ਦੋ ਟਰੇਲਰਾਂ ਵਾਲੇ ਟਰੈਕਟਰ ਲਈ ਪ੍ਰਤੀ ਮਿੰਟ 6 ਪੀ.ਐਸ.ਆਈ. ਪਰੈਸ਼ਰ ਦਾ ਨੁਕਸਾਨ ਬਰਦਾਸ਼ਤ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ, ਅਸੀਂ ਟਰੈਕਟਰ ਪ੍ਰੋਟੈਕਸ਼ਨ ਵਾਲਵ ਦੀ ਜਾਂਚ ਕਰਾਂਗੇ।

ਟਰੈਕਟਰ ਪ੍ਰੋਟੈਕਸ਼ਨ ਵਾਲਵ ਨੂੰ ਇਸ ਲਈ ਬਣਾਇਆ ਗਿਆ ਹੈ ਕਿ ਜੇਕਰ ਟਰੇਲਰ ’ਚੋਂ ਹਵਾ ਰਿਸਦੀ ਹੈ ਤਾਂ ਸਰਵਿਸ ਲਾਈਨ, ਬਲੂ ਲਾਈਨ, ਰਾਹੀਂ ਟਰੈਕਟਰ ’ਚੋਂ ਹਵਾ ਦਾ ਰਿਸਣਾ ਰੋਕਿਆ ਜਾ ਸਕੇ।

ਸਿਸਟਮ ’ਚ ਆਮ ਪਰੈਸ਼ਰ ਕਾਇਮ ਕਰੋ, ਅਤੇ ਇਹ ਯਕੀਨੀ ਕਰੋ ਕਿ ਟਰੇਲਰ ਸਪਲਾਈ ਵਾਲਵ ਬੰਦ ਹੈ। ਕੈਬ ’ਚੋਂ ਬਾਹਰ ਆਓ ਅਤੇ ਸਰਵਿਸ ਲਾਈਨ ਨੂੰ ਟਰੇਲਰ ’ਚੋਂ disconnect ਕਰ ਲਵੋ। ਕੈਬ ’ਚ ਬੈਠੋ, ਬ੍ਰੇਕਾਂ ਲਾਓ ਅਤੇ ਇਹ ਸੁਣੋ ਜਾਂ ਵੇਖੋ ਕਿ ਕੀ ਹਵਾ ਸਰਵਿਸ ਲਾਈਨ ਗਲੈਡਹੈਂਡ ਤੋਂ ਰਿਸ ਰਹੀ ਹੈ ਜਾਂ ਨਹੀਂ।

ਜੇਕਰ ਡਿਸਕੁਨੈਕਟ ਕੀਤੀ ਬਲੂ ਸਰਵਿਸ ਲਾਈਨ ’ਚੋਂ ਹਵਾ ਰਿਸ ਰਹੀ ਹੈ ਤਾਂ ਗੱਡੀ ਜਾਂਚ ’ਚ ਫ਼ੇਲ੍ਹ ਹੈ।

ਆਖ਼ਰੀ ਜਾਂਚ ਇਹ ਯਕੀਨੀ ਕਰਨ ਦੀ ਹੈ ਕਿ ਟਰੈਕਟਰ ਅਤੇ ਟਰੇਲਰ ਦੀਆਂ ਸਪਰਿੰਗ ਬ੍ਰੇਕਾਂ, ਜਾਂ ਪਾਰਕਿੰਗ ਬ੍ਰੇਕਾਂ, ਉਦੋਂ ਵੀ ਲੱਗ ਜਾਂਦੀਆਂ ਹਨ ਜਦੋਂ ਸਪਲਾਈ ਲਾਈਨ ਬੰਦ ਹੋਵੇ।

ਪਾਰਕਿੰਗ ਬ੍ਰੇਕਾਂ ਲਾ ਕੇ, ਕੈਬ ਤੋਂ ਬਾਹਰ ਆਓ ਅਤੇ ਵ੍ਹੀਲ਼ ਚੌਕ ਹਟਾ ਦਿਓ। ਕੈਬ ’ਚ ਵਾਪਸ ਆ ਕੇ, ਟਰੇਲਰ ਸਪਲਾਈ ਬਟਨ ਨੂੰ ਦਬਾਓ, ਤਾਂ ਕਿ ਸਿਰਫ਼ ਟਰੈਕਟਰ ਦੀਆਂ ਪਾਰਕਿੰਗ ਬ੍ਰੇਕਾਂ ਹੀ ਗੱਡੀ ਨੂੰ ਰੋਕ ਰਹੀਆਂ ਹੋਣ। ਟਰਾਂਸਮਿਸ਼ਨ ਨੂੰ ਗੇਅਰ ’ਚ ਪਾਓ ਅਤੇ ਹੌਲੀ ਜਿਹੀ ਗੱਡੀ ਨੂੰ ਅੱਗੇ ਜਾਂ ਪਿੱਛੇ ਕਰੋ। ਜੇਕਰ ਗੱਡੀ ਹਿੱਲਦੀ ਨਹੀਂ ਹੈ ਤਾਂ ਸਪਰਿੰਗ ਬ੍ਰੇਕਾਂ ਲੱਗੀਆਂ ਹੋਈਆਂ ਹਨ ਅਤੇ ਟਰੈਕਟਰ ਜਾਂਚ ’ਚ ਪਾਸ ਹੈ।

ਫਿਰ ਟਰੈਕਟਰ ਦੀਆਂ ਪਾਰਕਿੰਗ ਬ੍ਰੇਕਾਂ release ਕਰੋ , ਅਤੇ ਟਰੇਲਰ ਦੀਆਂ ਪਾਰਕਿੰਗ ਬ੍ਰੇਕਾਂ ਲਾਓ। ਪਹਿਲਾਂ ਵਾਂਗ, ਹੌਲੀ ਜਿਹੀ ਗੱਡੀ ਨੂੰ ਅੱਗੇ ਵਧਾਓ। ਜੇਕਰ ਇਹ ਨਹੀਂ ਹਿੱਲਦਾ ਹੈ ਤਾਂ ਟਰੇਲਰ ਦੀਆਂ ਸਪਰਿੰਗ ਬ੍ਰੇਕਾਂ ਲੱਗੀਆਂ ਹੋਈਆਂ ਅਤੇ ਟਰੱਕ ਇਸ ਜਾਂਚ ’ਚ ਸਫ਼ਲ ਹੈ।

ਇਨ੍ਹਾਂ ਜਾਂਚਾਂ ਦੇ ਸਫ਼ਲ ਪੂਰੇ ਹੋਣ ਦੀ ਹਾਲਤ ’ਚ, ਤੁਸੀਂ ਸੜਕ ’ਤੇ ਆਤਮਵਿਸ਼ਵਾਸ ਨਾਲ ਉਤਰ ਸਕਦੇ ਹੋ ਕਿ ਟਰੈਕਟਰ ਦਾ ਏਅਰ ਬ੍ਰੇਕ ਸਿਸਟਮ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਹੈ।