ਇੱਕ ਹਫ਼ਤੇ ਤੱਕ ਪ੍ਰਦਰਸ਼ਨ ਤੋਂ ਬਾਅਦ ਅੰਬੈਸਡਰ ਬ੍ਰਿਜ ਮੁੜ ਖੁੱਲ੍ਹਾ

Avatar photo

ਇੱਕ ਹਫ਼ਤੇ ਤੱਕ ਘੇਰਾਬੰਦੀ ਤੋਂ ਬਾਅਦ ਅੰਬੈਸਡਰ ਬ੍ਰਿਜ ’ਤੇ ਟ੍ਰੈਫ਼ਿਕ ਇੱਕ ਵਾਰੀ ਫਿਰ ਕੈਨੇਡਾ-ਅਮਰੀਕਾ ਬਾਰਡਰ ਨੂੰ ਪਾਰ ਕਰਨ ਲੱਗ ਪਿਆ ਹੈ। ਏਨੀ ਲੰਮੀ ਘੇਰਾਬੰਦੀ ਕਰਕੇ ਹੀ ਓਂਟਾਰੀਓ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ।

ਸ਼ੁੱਕਰਵਾਰ ਬਾਅਦ ਦੁਪਹਿਰ ਓਂਟਾਰੀਓ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਐਤਵਾਰ ਨੂੰ 25 ਤੋਂ 30 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕੈਨੇਡਾ ਬਾਰਡਰ ਸੇਵਾਵਾਂ ਏਜੰਸੀ ਅਨੁਸਾਰ ਟ੍ਰੈਫ਼ਿਕ ਅੱਧੀ ਰਾਤ ਤੋਂ ਕੁੱਝ ਸਮਾਂ ਪਹਿਲਾਂ ਹੀ ਚੱਲਣਾ ਸ਼ੁਰੂ ਹੋ ਗਿਆ।

ਵਿੰਡਸਰ ਦੇ ਮੇਅਰ ਡਰਿਊ ਡਿਲਕਨਸ ਨੇ ਇੱਕ ਬਿਆਨ ’ਚ ਕਿਹਾ, ‘‘ਅੱਜ, ਅੰਬੈਸਡਰ ਬ੍ਰਿਜ ’ਤੇ ਸਾਡਾ ਰਾਸ਼ਟਰੀ ਆਰਥਕ ਸੰਕਟ ਖ਼ਤਮ ਹੋ ਗਿਆ।’’

ਡਿਟਰੋਇਟ ਇੰਟਰਨੈਸ਼ਨਲ ਬ੍ਰਿਜ ਕੰਪਨੀ ਦੇ ਚੇਅਰਮੈਨ ਮੈਟ ਮੋਰੋਨ ਨੇ ਕਿਹਾ, ‘‘ਹੁਣ ਸਾਨੂੰ ਸਾਰਿਆਂ ਨੂੰ ਇਕੱਠੇ ਬਹਿ ਕੇ ਅਜਿਹੀ ਯੋਜਨਾ ਤਿਆਰ ਕਰਨੀ ਹੋਵੇਗੀ ਜੋ ਕਿ ਕੈਨੇਡਾ-ਅਮਰੀਕਾ ਗਲਿਆਰੇ ’ਤੇ ਸਾਰੇ ਸਰਹੱਦੀ ਲਾਂਘਿਆਂ ਦੀ ਸਾਂਭ ਅਤੇ ਸੁਰੱਖਿਆ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਮਹੱਤਵਪੂਰਨ ਮੁਢਲੇ ਢਾਂਚੇ ’ਤੇ ਇਸ ਤਰ੍ਹਾਂ ਦੀ ਰੁਕਾਵਟ ਫਿਰ ਕਦੇ ਨਾ ਆਵੇ।’’

‘‘ਇਸ ਹਫ਼ਤੇ ਨੇ ਦੁਨੀਆਂ ਨੂੰ ਵਿਖਾ ਦਿੱਤਾ ਹੈ ਕਿ ਸਾਡੀ ਸਾਂਝੀ ਆਰਥਿਕਤਾ ਅੰਬੈਸਡਰ ਬਿ੍ਰਜ ਵਰਗੇ ਲਾਂਘਿਆਂ ’ਤੇ ਕਿੰਨੀ ਜ਼ਿਆਦਾ ਨਿਰਭਰ ਕਰਦੀ ਹੈ। ਇਹ ਬਹੁਤ ਮਹੱਤਵਪੂਰਨ ਪਾਈਪਲਾਈਨਾਂ ਹਨ ਜੋ ਕਿ ਸਾਡੀ ਜ਼ਰੂਰਤ ਦੀਆਂ ਵਸਤਾਂ ਸਾਡੇ ਤੱਕ ਪਹੁੰਚਾਉਂਦੀਆਂ ਹਨ ਤਾਂ ਕਿ ਸਾਡੀਆਂ ਫ਼ੈਕਟਰੀਆਂ ਚਲਦੀਆਂ ਰਹਿਣ, ਸਾਡੇ ਗੁਆਂਢੀ ਕੰਮ ਕਰਦੇ ਰਹਿਣ, ਅਤੇ ਸਾਡੀਆਂ ਆਰਥਿਕਤਾਵਾਂ ਵਧਦੀਆਂ-ਫੁੱਲਦੀਆਂ ਰਹਿਣ।’’

(ਤਸਵੀਰ: ਸੀ.ਬੀ.ਐਸ.ਏ.)

ਪਰ ਮਹਾਂਮਾਰੀ ਨਾਲ ਸੰਬੰਧਤ ਪਾਬੰਦੀਆਂ ਵਿਰੁੱਧ ਪ੍ਰਦਰਸ਼ਨਾਂ ਦੁਆਲੇ ਚੁਨੌਤੀਆਂ ਜਾਰੀ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਕੂਟਸ, ਅਲਬਰਟਾ, ਅਤੇ ਐਮਰਸਨ, ਮੇਨੀਟੋਬਾ., ’ਚ ਟ੍ਰੈਫ਼ਿਕ ਨੂੰ ਰੋਕਣਾ ਜਾਰੀ ਹੈ, ਹਾਲਾਂਕਿ ਪੁਲਿਸ ਨੇ ਫ਼ੋਰਟ ਐਰੀ, ਓਂਟਾਰੀਓ ’ਚ ਇਸ ਹਫ਼ਤੇ ਦੇ ਅਖ਼ੀਰ ਤੱਕ ਪ੍ਰਦਰਸ਼ਨਕਾਰੀਆਂ ਦੀ ਪਹੁੰਚ ਨੂੰ ਸੀਮਤ ਕਰ ਦਿੱਤਾ।

ਆਮ ਤੌਰ ’ਤੇ 7,000 ਗੱਡੀਆਂ ਰੋਜ਼ ਅੰਬੈਸਡਰ ਬ੍ਰਿਜ ਤੋਂ ਹੋ ਕੇ ਲੰਘਦੀਆਂ ਹਨ, ਜਿਸ ਕਰਕੇ ਇਹ ਕੈਨੇਡਾ ਅਤੇ ਅਮਰੀਕਾ ਵਿਚਕਾਰ ਸਭ ਤੋਂ ਭੀੜ-ਭੜੱਕੇ ਵਾਲਾ ਸੰਪਰਕ ਹੈ। ਘੇਰਾਬੰਦੀ ਦੌਰਾਨ, ਜ਼ਿਆਦਾਤਰ ਟਰੱਕਾਂ ਨੂੰ 100 ਕਿੱਲੋਮੀਟਰ ਦੂਰ, ਸਾਰਨੀਆ ’ਚ ਬਲੂਵਾਟਰ ਬਿ੍ਰਜ ਵੱਲ ਮੋੜ ਦਿੱਤਾ ਗਿਆ ਸੀ ਜਿੱਥੇ ਟ੍ਰੈਫ਼ਿਕ ਚਾਰ ਘੰਟਿਆਂ ਜਾਂ ਇਸ ਤੋਂ ਜ਼ਿਆਦਾ ਦੀ ਦੇਰੀ ਨਾਲ ਚਲ ਰਹੀ ਸੀ।

ਕਈ ਆਟੋਮੇਕਰਸ ਅਤੇ ਹੋਰ ਕਾਰੋਬਾਰਾਂ ਨੂੰ ਕਲਪੁਰਜ਼ਿਆਂ ਦੀ ਸਪਲਾਈ ਘੱਟ ਜਾਣ ਕਰਕੇ ਆਪਣਾ ਉਤਪਾਦਨ ਰੋਕਣਾ ਪਿਆ।

ਓਂਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਨੇ ਸ਼ੁੱਕਰਵਾਰ ਨੂੰ ਕਿਹਾ, ‘‘ਇਸ ਵੇਲੇ 99 ਫ਼ੀਸਦੀ ਟਰੱਕਰਸ ਸਾਡੇ ਟੇਬਲ ਤੱਕ ਭੋਜਨ ਪਹੁੰਚਾਉਣ ਲਈ ਕੰਮ ਕਰ ਰਹੇ ਹਨ, ਅਤੇ ਇਹ ਯਕੀਨੀ ਕਰਨ ਲਈ ਕੰਮ ਕਰ ਰਹੇ ਹਨ ਕਿ ਕਲਪੁਰਜ਼ੇ ਫ਼ੈਕਟਰੀਆਂ ਤੱਕ ਪਹੁੰਚ ਜਾਣ। ਇਹ ਟਰੱਕਰਸ ਦੇ ਪ੍ਰਤੀਨਿਧੀ ਨਹੀਂ ਹਨ।’’ ਉਨ੍ਹਾਂ ਕਿਹਾ ਕਿ ਅੰਬੈਸਡਰ ਬ੍ਰਿਜ ਨੂੰ ਜਾਮ ਕਰਨ ਵਾਲੀਆਂ ਵਿਅਕਤੀਗਤ ਗੱਡੀਆਂ ’ਚ ਸਿਰਫ਼ ਪੰਜ ਟਰੱਕ ਸ਼ਾਮਲ ਹਨ।

ਓਂਟਾਰੀਓ ’ਚ ਐਮਰਜੈਂਸੀ ਦੇ ਐਲਾਨ ਨਾਲ, ਪ੍ਰਦਰਸ਼ਨਕਾਰੀਆਂ ਨੂੰ 100,000 ਡਾਲਰ ਦਾ ਜੁਰਮਾਨਾ, ਇੱਕ ਸਾਲ ਦੀ ਜੇਲ੍ਹ ਅਤੇ ਲਾਇਸੰਸ ਜ਼ਬਤ ਹੋਣ ਦਾ ਸਾਹਮਣਾ ਕਰਨਾ ਪਵੇਗਾ।

ਆਪਣੇ ਤੀਜੇ ਹਫ਼ਤੇ ’ਚ ਦਾਖ਼ਲ ਹੋ ਜਾ ਰਹੇ ਪ੍ਰਦਰਸ਼ਨ ਦੌਰਾਨ ਲਗਭਗ 400 ਟਰੱਕ ਅਜੇ ਵੀ ਡਾਊਨਟਾਊਨ ਓਟਾਵਾ ਨੂੰ ਘੇਰੀ ਬੈਠੇ ਹਨ।

ਸਨਿੱਚਰਵਾਰ ਨੂੰ ਹੀ 4,000 ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਰਾਜਧਾਨੀ ’ਚ ਸਨ, ਅਤੇ ਪ੍ਰਦਰਸ਼ਨ ਦੇ ਵਿਰੋਧੀਆਂ ਨੇ ਵੀ ਕੁੱਝ ਆਜ਼ਾਦੀ ਕਾਫ਼ਲਾ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕ ਦਿੱਤਾ ਜਦੋਂ ਉਹ ਡਾਊਨਟਾਊਨ ਇਲਾਕੇ ’ਚ ਦਾਖ਼ਲ ਹੋਣ ਜਾ ਰਹੇ ਸਨ। ਪੁਲਿਸ ਨੇ ਕਿਹਾ ਕਿ ਹਮਲਾਵਰ ਅਤੇ ਗ਼ੈਰਕਾਨੂੰਨੀ ਵਰਤਾਰੇ ਕਰਕੇ ਉਨ੍ਹਾਂ ਨੂੰ ਕਾਨੂੰਨ ਦੀ ਤਾਮੀਲ ਕਰਵਾਉਣ ’ਚ ਸਮੱਸਿਆ ਪੇਸ਼ ਆਈ, ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 300 ਗੱਡੀਆਂ ਦੇ ਇੱਕ ਕਾਫ਼ਲੇ ਅਤੇ ਕਿਊਬੈੱਕ ਤੋਂ ਆ ਰਹੇ ਕਾਰਾਂ ਦੇ 20 ਕਿੱਲੋਮੀਟਰ ਲੰਮੇ ਕਾਫ਼ਲੇ ਨੂੰ ਰੋਕ ਲਿਆ।

ਓਟਾਵਾ ਦੇ ਪੁਲਿਸ ਚੀਫ਼ ਪੀਟਰ ਸਲੋਲੀ ਨੇ ਕਿਹਾ ਕਿ ਸ਼ਹਿਰ ਦੀ ਘੇਰਾਬੰਦੀ ਰੋਕਣ ਲਈ 1,800 ਅਫ਼ਸਰਾਂ ਦੀ ਜ਼ਰੂਰਤ ਹੈ। ਇਸ ਹਫ਼ਤੇ ਦੇ ਅਖ਼ੀਰ ’ਚ ਪੁਲਿਸ ਨੇ ਓਂਟਾਰੀਓ ਪੋ੍ਰਵਿੰਸ਼ੀਅਲ ਪੁਲਿਸ ਅਤੇ ਆਰ.ਸੀ.ਐਮ.ਪੀ. ਨਾਲ ਮਿਲ ਕੇ ਇੱਕ ਏਕੀਕ੍ਰਿਤ ਕਮਾਂਡ ਸੈਂਟਰ ਸਥਾਪਤ ਕੀਤਾ।