ਕੈਲੇਡਨ ਦੀ ਅਦਾਲਤ ’ਚ ਜਿੱਤ, ਜ਼ਮੀਨ ਦੇ ਗ਼ੈਰਕਾਨੂੰਨੀ ਪ੍ਰਯੋਗ ਲਈ ਟਰੱਕਿੰਗ ਫ਼ਰਮ ’ਤੇ 30 ਹਜ਼ਾਰ ਡਾਲਰ ਦਾ ਜੁਰਮਾਨਾ

ਟਾਊਨ ਆਫ਼ ਕੈਲੇਡਨ – ਜਿਸ ਦਾ ਕਹਿਣਾ ਹੈ ਕਿ ਇਸ ’ਤੇ ਗ਼ੈਰਕਾਨੂੰਨੀ ਟਰੱਕ ਪਾਰਕਿੰਗ ਯਾਰਡਾਂ ਦਾ ਕਬਜ਼ਾ ਹੋ ਚੁੱਕਾ ਹੈ – ਨੇ ਸਫ਼ਲਤਾਪੂਰਵਕ ਇੱਕ ਟਰੱਕਿੰਗ ਕੰਪਨੀ ਵਿਰੁੱਧ ਅਦਾਲਤ ’ਚ ਕੇਸ ਜਿੱਤ ਲਿਆ ਹੈ। ਅਦਾਲਤ ਨੇ ਆਪਣੇ ਹੁਕਮਾਂ ’ਚ ਟਰੱਕਿੰਗ ਕੰਪਨੀ ਨੂੰ ਆਪਣੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਬੰਦ ਕਰਨ ਅਤੇ 30 ਹਜ਼ਾਰ ਡਾਲਰ ਦਾ ਜੁਰਮਾਨਾ ਭਰਨ ਲਈ ਕਿਹਾ ਹੈ।

9 ਨਵੰਬਰ ਨੂੰ, ਓਂਟਾਰੀਓ ਦੀ ਸੁਪੀਰੀਅਰ ਕੋਰਟ ਨੇ 6230 ਮੇਅਫ਼ੀਲਡ ਇੰਕ. ਨੂੰ ਜ਼ਮੀਨ ਦੇ ਗ਼ੈਰਕਾਨੂੰਨੀ ਪ੍ਰਯੋਗ ਲਈ ਦੋਸ਼ੀ ਠਹਿਰਾਇਆ। ਪ੍ਰਤੀਵਾਦੀਆਂ ਨੇ ਆਪਣੇ ਖ਼ਿਲਾਫ਼ ਪੀਲ ਰੀਜਨ ਦੇ ਸਿਖਰ ’ਤੇ ਸਥਿਤ ਓਂਟਾਰੀਓ ਦੇ ਇਸ ਸ਼ਹਿਰ ਵੱਲੋਂ ਲਾਏ ਪ੍ਰੋਵਿੰਸ਼ੀਅਲ ਅਫ਼ੈਂਸਿਜ਼ ਐਕਟ ਅਧੀਨ ਖ਼ੁਦ ਨੂੰ ਦੋਸ਼ੀ ਮੰਨ ਲਿਆ। ਇਹ ਸ਼ਹਿਰ ਟਰੱਕਿੰਗ ਇੰਡਸਟਰੀ ਦੇ ਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ।

Picture of trucks parked in Caledon, Ont.
(ਤਸਵੀਰ: ਟਾਊਨ ਆਫ਼ ਕੈਲੇਡਨ)

ਜੁਰਮਾਨੇ ਤੋਂ ਇਲਾਵਾ, ਹੁਕਮ ’ਚ 6230 ਮੇਅਫ਼ੀਲਡ ਇੰਕ. ਨੂੰ ਆਪਣੀ ਜ਼ਮੀਨ ਦਾ ਟਰੱਕਿੰਗ ਡੀਪੂ ਵਜੋਂ ਗ਼ੈਰਕਾਨੂੰਨੀ ਪ੍ਰਯੋਗ ਬੰਦ ਕਰਨ ਦੇ ਹੁਕਮ ਦਿੱਤੇ ਹਨ ਅਤੇ ਹੁਕਮ ਦਿੱਤੇ ਹਨ ਕਿ ਉਹ ਮਿੱਥੀ ਮਿਤੀ ਤੱਕ ਸਾਰੇ ਗ਼ੈਰਕਾਨੂੰਨੀ ਟਰੱਕਿੰਗ ਉਪਕਰਨਾਂ ਅਤੇ ਲਿਆਂਦੀ ਭਰਤ ਨੂੰ ਹਟਾ ਦੇਣ।

ਬਿਲਡਿੰਗ ਅਤੇ ਮਿਊਂਸੀਪਲ ਲਾਅ ਇਨਫ਼ੋਰਸਮੈਂਟ ਦੇ ਡਾਇਰੈਕਟਰ ਮਾਰਕ ਸਰਾਗਾ ਨੇ TruckNews.com ਨੂੰ ਕਿਹਾ, ‘‘ਸਾਨੂੰ ਉਮੀਦ ਹੈ ਕਿ ਇਹ ਕੇਸ ਹੋਰਨਾਂ ਗ਼ੈਰਕਾਨੂੰਨੀ ਟਰੱਕ ਆਪਰੇਟਰਾਂ ਨੂੰ ਸੂਚਿਤ ਕਰੇਗਾ ਕਿ ਉਹ ਇਹ ਸਮਝਣ ਕਿ ਉਨ੍ਹਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਜਾਵੇਗਾ। ਇਸ ਨਾਲ ਇਹ ਸੰਦੇਸ਼ ਜਾਵੇਗਾ ਕਿ ਅਸੀਂ ਆਪਣੀ ਮਿਊਂਸੀਪਲਟੀ ’ਚ ਇਨ੍ਹਾਂ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਜਾਰੀ ਨਹੀਂ ਰਹਿਣ ਦੇਵਾਂਗੇ।’’

ਸਰਾਗਾ ਨੇ ਕਿਹਾ ਕਿ ਟਾਊਨ ਇਨਫ਼ੋਰਸਮੈਂਟ ਹੋਰ ਵਧਾਉਣ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਬਹੁਤ ਜਾਗਰੂਕਤਾ ਅਤੇ ਸੂਚਨਾ ਮੁਹੱਈਆ ਕਰਵਾਈ ਹੈ, ਪਰ ਸਾਨੂੰ ਲਗਦਾ ਹੈ ਕਿ ਇਹ ਗ਼ੈਰਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਬਹੁਤ ਜ਼ਿੱਦੀ ਹਨ ਅਤੇ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਕੋਈ ਚਿੰਤਾ ਨਹੀਂ ਹੈ।’’

ਇਸ ਮਾਮਲੇ ’ਚ ਜਾਂਚ 2020 ’ਚ ਸ਼ੁਰੂ ਹੋਈ ਸੀ, ਜਦੋਂ ਲੋਕਾਂ ਨੇ ਸ਼ੋਰ, ਮਲਬੇ ਅਤੇ ਜਾਇਦਾਦਾਂ ਦਾ ਪ੍ਰਯੋਗ ਬਦਲਣ ਦੀਆਂ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕੀਤੀਆਂ ਸਨ।

ਸਰਾਗਾ ਨੇ ਕਿਹਾ, ‘‘ਗ਼ੈਰਕਾਨੂੰਨੀ ਟਰੱਕਿੰਗ ਗਤੀਵਿਧੀਆਂ ਵਿਰੁੱਧ ਇਹ ਇੱਕ ਹੋਰ ਜਿੱਤ ਹੈ ਜੋ ਕਿ ਸਾਡੇ ਸ਼ਹਿਰ ’ਤੇ ਨਾਕਾਰਾਤਮਕ ਅਸਰ ਪਾ ਰਹੀਆਂ ਹਨ। ਅਸੀਂ ਕੈਲੇਡਨ ’ਚ ਕਾਨੂੰਨੀ ਟਰੱਕਿੰਗ ਕਾਰੋਬਾਰ ਕਰਨ ਵਾਲੇ ਮਾਲਕਾਂ ਅਤੇ ਆਪਰੇਟਰਾਂ ਨਾਲ ਇਹ ਜਿੱਤ ਸਾਂਝੀ ਕਰ ਰਹੇ ਹਾਂ। ਅਸੀਂ ਸ਼ਹਿਰ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਜਾਰੀ ਰੱਖਾਂਗੇ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਕੈਲੇਡਨ ਇੱਕ ਕਾਰੋਬਾਰਾਂ ਲਈ ਉਚਿਤ ਅਤੇ ਟਿਕਾਊ ਥਾਂ ਬਣੀ ਰਹੇ।’’