ਜਾਣਕਾਰ ਰੁਜ਼ਗਾਰਦਾਤਾਵਾਂ ਲਈ ਸਿਖਲਾਈ, ਇਮੀਗ੍ਰੇਸ਼ਨ ਸੁਪੋਰਟ ਚਾਹੁੰਦੈ ਕੈਨੇਡੀਅਨ ਟਰੱਕਿੰਗ ਅਲਾਇੰਸ

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਜਿਹੇ ਪ੍ਰੋਗਰਾਮਾਂ ਦੀ ਮੰਗ ਕਰ ਰਿਹਾ ਹੈ ਜੋ ਕਿ ਟਰੱਕ ਡਰਾਈਵਰਾਂ ਦੀ ਵਧਦੀ ਜਾ ਰਹੀ ਕਮੀ ਨੂੰ ਠੱਲ੍ਹ ਪਾਉਣ ਲਈ ‘ਜਾਣਕਾਰ ਰੁਜ਼ਗਾਰਦਾਤਾਵਾਂ’ ਨੂੰ ਇਮੀਗ੍ਰੇਸ਼ਨ ਵਸੀਲਿਆਂ ਦਾ ਲਾਹਾ ਲੈਣ ਅਤੇ ਵਰਕਰਾਂ ਨੂੰ ਸਿਖਲਾਈ ਦੇਣ ’ਚ ਮੱਦਦ ਕਰਨ।

ਮਹਾਂਮਾਰੀ ਤੋਂ ਪਹਿਲਾਂ ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਅਤੇ ਟਰੱਕਿੰਗ ਐਚ.ਆਰ. ਕੈਨੇਡਾ ਵੱਲੋਂ ਜਾਰੀ ਅੰਕੜਿਆਂ ’ਚ ਕੀਤੀ ਪੇਸ਼ਨਗੋਈ ਅਨੁਸਾਰ ਕੈਨੇਡਾ ਦੇ ਟਰੱਕਿੰਗ ਉਦਯੋਗ ’ਚ 2023 ਦੇ ਅੰਤ ਤੱਕ 55,000 ਟਰੱਕ ਡਰਾਈਵਰਾਂ ਦੀ ਕਮੀ ਹੋਵੇਗੀ। 2021 ਦੀ ਚੌਥੀ ਤਿਮਾਹੀ ’ਚ, 23,000 ਆਸਾਮੀਆਂ ਖ਼ਾਲੀ ਪਈਆਂ ਸਨ।

ਸੀ.ਟੀ.ਏ. ਨੇ ਜਾਣਕਾਰ ਰੁਜ਼ਗਾਰਦਾਤਾਵਾਂ ਤੱਕ ਸੀਮਤ, ਅਤੇ ਨਾਲ ਹੀ ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ ਤੱਕ ਪਹੁੰਚ ਲਈ ਜ਼ਰੂਰੀ ਲੇਬਰ ਮਾਰਕੀਟ ਅਸਰ ਮੁਲਾਂਕਣ ਲਈ ਸਰਲ ਬਿਨੈ ਪ੍ਰਕਿਰਿਆ ਵਿਕਸਤ ਕਰਨ ਵਜੋਂ ਸਰਕਾਰ ਨਾਲ ਸਿਖਲਾਈ ਸੁਪੋਰਟ ਫ਼ੰਡ ਵਿਕਸਤ ਕਰਨ ਲਈ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ।

ਇਸ ਨੇ ਸਰਕਾਰ ਨੂੰ ਕੈਨੇਡਾ ਅਤੇ ਅਮਰੀਕਾ ਵਿਚਕਾਰ ਇਨ-ਟਰਾਂਜ਼ਿਟ ਸਫ਼ਰ ਦੀ ਇਜਾਜ਼ਤ ਦੇਣ ’ਚ ਮੱਦਦ ਦੀ, ਅਤੇ ਲੋਡਿੰਗ ਤੇ ਅਨਲੋਡਿੰਗ ਦੌਰਾਨ ਦੇਰੀ ਨੂੰ ਘੱਟ ਕਰਨ ਲਈ ਉਪਕਰਨਾਂ ਦੇ ਬਿਹਤਰ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਦੀ ਵੀ ਮੰਗ ਕੀਤੀ।

ਪਰ ਸੀ.ਟੀ.ਏ. ਨੇ ਅੰਡਰਗਰਾਊਂਡ ਆਰਥਿਕਤਾ ’ਚ ਸ਼ਾਮਲ ਕਾਰੋਬਾਰਾਂ ’ਤੇ ਨਕੇਲ ਕੱਸਣ ਦੀ ਵੀ ਮੰਗ ਕੀਤੀ ਜੋ ਕਿ ਮੁਲਾਜ਼ਮਾਂ ਨੂੰ ਡਰਾਈਵਰ ਇੰਕ. ਵਜੋਂ ਜਾਣੀ ਜਾਂਦੀ ਪ੍ਰਕਿਰਿਆ ਅਧੀਨ ਆਜ਼ਾਦ ਠੇਕੇਦਾਰਾਂ ਵਜੋਂ ਕੁਵਰਗੀਕਿ੍ਰਤ ਕਰਦੇ ਹਨ।

ਟਰੱਕਿੰਗ ਐਚ.ਆਰ. ਕੈਨੇਡਾ ਦੇ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ ਕਿ ਡਰਾਈਵਰਾਂ ਦੀ ਆਸਾਮੀਆਂ ਦੇ ਰਿਕਾਰਡ ਪੱਧਰ ’ਤੇ ਘੱਟ ਹੋਣ ਕਰਕੇ – ਇਨ੍ਹਾਂ ਨੂੰ ਭਰਨ ਦੇ ਰਾਹ ’ਚ ਕਈ ਰੇੜਕੇ ਹੋਣ ਕਰਕੇ- ਸਪਲਾਈ ਚੇਨ ਨੂੰ ਦਰੁਸਤ ਕਰਨ ’ਚ ਭਾਰੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ।

ਮੌਜੂਦਾ ਪ੍ਰੋਗਰਾਮਾਂ ’ਚ ਯੂਥ ਇੰਪਲਾਈਮੈਂਟ ਸਕਿੱਲਸ ਸਟ੍ਰੇਟੇਜੀ ਸ਼ਾਮਲ ਹੈ ਜਿਸ ਨੇ ਟਰੱਕਿੰਗ ’ਚ 300 ਤੋਂ ਵੱਧ ਨੌਜੁਆਨਾਂ ਨੂੰ ਸਿਖਲਾਈ ਦੇਣ ਅਤੇ ਭਰਤੀ ਕਰਨ ’ਚ ਮੱਦਦ ਕੀਤੀ ਹੈ, ਅਤੇ ਔਰਤਾਂ ਨੂੰ ਵੇਜ ਐਂਡ ਜੈਂਡਰ ਇਕੁਆਲਿਟੀ ਕੈਨੇਡਾ ਰਾਹੀਂ ਟਰੱਕਿੰਗ ਨੌਕਰੀਆਂ ਨਾਲ ਬਿਹਤਰ ਤਰੀਕੇ ਨਾਲ ਜੋੜਨ ਲਈ ਪ੍ਰੋਗਰਾਮ।

ਪ੍ਰਾਇਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਨੇ ਪੇਸ਼ੇਵਰ ਡਰਾਈਵਿੰਗ ਨੂੰ ਸਕਿੱਲਡ ਟਰੇਡ ਐਲਾਨਣ, ਸਾਰੇ ਪ੍ਰੋਵਿੰਸਾਂ ਨੂੰ ਘੱਟੋ-ਘੱਟ ਡਰਾਈਵਰ ਸਿਖਲਾਈ ਮਾਨਕ ਲਾਗੂ ਕਰਨ, ਅਤੇ ਇੱਕ ਅਧਿਕਾਰ ਖੇਤਰ ਤੋਂ ਅਗਲੇ ਤੱਕ ਸਥਿਰ ਰੈਗੂਲੇਸ਼ਨ ਅਤੇ ਇਨਫ਼ੋਰਸਮੈਂਟ ਵਰਗੀਆਂ ਤਬਦੀਲੀਆਂ ਦੀ ਮੰਗ ਕੀਤੀ।

ਸਮਿੱਟ ’ਚ ਪੂਰੀ ਸਪਲਾਈ ਚੇਨ ਤੋਂ ਫ਼ੈਡਰਲ ਕੈਬਿਨੇਟ ਮੰਤਰੀ ਅਤੇ ਕਾਰੋਬਾਰੀ ਲੀਡਰ ਸ਼ਾਮਲ ਸਨ।

ਸਮਿੱਟ ਦੋਰਾਨ ਸਪਲਾਈ ਚੇਨ ਰੁਕਾਵਟਾਂ ਦੇ ਸ਼ੋਰਟ- ਅਤੇ ਲੌਂਗ-ਟਰਮ ਹੱਲ ਲੱਭਣ ਲਈ ਇੱਕ ਨਵੀਂ ਸਪਲਾਈ ਚੇਨ ਟਾਸਕ ਫ਼ੋਰਸ ਉੱਭਰ ਕੇ ਆਈ ਹੈ। ਸਲਾਹਾਂ ਅਤੇ ਵਿਚਾਰ ਜਾਣਨ ਲਈ ਟਰਾਂਸਪੋਰਟ ਕੈਨੇਡਾ ਇੱਕ ਆਨਲਾਈਨ ਪੋਰਟਲ ਸਥਾਪਤ ਕਰੇਗਾ। ਨੈਸ਼ਨਲ ਟਰੇਡ ਕੋਰੀਡੋਰ ਫ਼ੰਡ ਹੇਠ 50 ਮਿਲੀਅਨ ਡਾਲਰ ਦੀਆਂ ਪੇਸ਼ਕਸ਼ਾਂ ਦੀ ਮੰਗ ਕੀਤੀ ਗਈ ਹੈ ਤਾਂ ਕਿ ਵਧੀ ਹੋਈ ਸਟੋਰੇਜ ਸਮਰੱਥਾ ਰਾਹੀਂ ਕੈਨੇਡੀਅਨ ਪੋਰਟਸ ’ਤੇ ਭੀੜ ਨੂੰ ਘੱਟ ਕੀਤਾ ਜਾ ਸਕੇ।