ਟਰੱਕਾਂ ਵਾਲਿਆਂ ਨੂੰ ਦਿਓਲ ਦੇ ਆਈ. ਟੀ. ਅਤੇ ਸਿਕਿਉਰਿਟੀ ਸਿਸਟਮਜ਼ ਕਰਦੇ ਨੇ ਆਕਰਸ਼ਿਤ

Avatar photo

ਟਰਾਂਸਪੋਰਟ ਕੰਪਨੀਆਂ ਨੂੰ ਆਪਣੇ ਦਫ਼ਤਰਾਂ ’ਚ ਹਮੇਸ਼ਾ ਕੰਮਕਾਜ ਸੁਚਾਰੂ ਰੱਖਣਾ ਪੈਂਦਾ ਹੈ ਤਾਂ ਕਿ ਉਨ੍ਹਾਂ ਦੇ ਟਰੱਕ ਅਤੇ ਡਰਾਈਵਰ ਫ਼ਰੇਟ ਨੂੰ ਸੁਰੱਖਿਅਤ ਤਰੀਕੇ ਨਾਲ ਅਤੇ ਸਮੇਂ ਸਿਰ ਚੁੱਕ ਸਕਣ।

ਇਸ ਦਾ ਮਤਲਬ ਹੈ ਕਿ ਫ਼ੋਨ, ਈ-ਮੇਲ, ਦਫ਼ਤਰਾਂ ’ਚ ਆਈ.ਟੀ. ਸਿਸਟਮਜ਼ ਅਤੇ ਸੁਰੱਖਿਆ, ਟਰੱਕ ਯਾਰਡ ਅਤੇ ਵੇਅਰਹਾਊਸਾਂ ਦਾ ਕੰਮਕਾਜ ਸੁਚਾਰੂ ਅਤੇ ਬੇਰੋਕ ਚੱਲਣਾ ਚਾਹੀਦਾ ਹੈ – ਦਿਨ ਅਤੇ ਰਾਤ।

ਪਰਮ ਦਿਓਲ ਦੀਆਂ ਕੰਪਨੀਆਂ – ਈਟੋਰ ਨੈੱਟਵਰਕਸ ਅਤੇ ਈਗਲ ਵਿਜ਼ਨ ਸਿਕਿਉਰਿਟੀ (ਈ.ਵੀ.ਐਸ.) – ਲਗਭਗ 300 ਟਰੱਕਿੰਗ ਕਾਰਵਾਈਆਂ ਨੂੰ ਚੱਲਦਾ ਰੱਖਣ ’ਚ ਮੱਦਦ ਕਰਦੀਆਂ ਹਨ।

ਦਿਓਲ ਕੋਲ 2 ਪੈਟਾਬਾਈਟ ਦੀ ਸਟੋਰੇਜ ਮੌਜੂਦ ਹੈ। ਇਹ 200 ਟੈਰਾਬਾਈਟ ਹੁੰਦੀ ਹੈ। (ਇੱਕ ਟੈਰਾਬਾਈਟ ’ਚ 1,000 ਗੀਗਾਬਾਈਟ ਹੁੰਦੇ ਹਨ)। ਮਿਸੀਸਾਗਾ, ਓਂਟਾਰੀਓ ਫ਼ੈਸਿਲਿਟੀ ਵਿਖੇ ਸਥਿਤ ਸਰਵਰਾਂ ’ਚ ਤਿੰਨ ਪੱਧਰੀ ਸੁਰੱਖਿਆ ਹੁੰਦੀ ਹੈ – ਗਾਰਡਸ, ਮੈਨ ਟਰੈਪ ਅਤੇ ਸਰਵਰ ਪਿੰਜਰੇ ’ਤੇ ਪਿੰਨ ਪੈਡ।

ਮਿਸੀਸਾਗਾ, ਓਂਟਾਰੀਓ ਦੀ ਸੁਰੱਖਿਅਤ ਲੋਕੇਸ਼ਨ ’ਚ ਪਰਮ ਦਿਓਲ ਦੇ ਸਰਵਰ ਦੋ ਪੈਟਾਬਾਈਟ ਡਾਟਾ ਦੀ ਸਾਂਭ-ਸੰਭਾਲ ਕਰ ਸਕਦੇ ਹਨ। ਤਸਵੀਰ : ਲੀਓ ਬਾਰੋਸ

ਪ੍ਰਾਇਵੇਟ ਸਰਵਰ ਇਹ ਯਕੀਨੀ ਕਰਦੇ ਹਨ ਕਿ ਸਿਰਫ਼ ਇੱਕ ਵਿਸ਼ੇਸ਼ ਕੰਪਨੀ ਹੀ ਉਸ ਹੋਸਟ ’ਤੇ ਚਲਦੀ ਹੋਵੇ। ਇੱਕ ਰਾਊਟਰ ਨੂੰ ਗ੍ਰਾਹਕ ਦੇ ਦਫ਼ਤਰ ’ਚ ਲਗਾਇਆ ਜਾਂਦਾ ਹੈ, ਅਤੇ ਇਸ ਨਾਲ ਇੱਕ ਨਿਜੀ ਸੁਰੰਗ ਤਿਆਰ ਹੋ ਜਾਂਦੀ ਹੈ ਜੋ ਕਿ ਉਨ੍ਹਾਂ ਨੂੰ ਆਪਣੇ ਸਰਵਰਾਂ ਤੱਕ ਇੱਕ ਵੀ.ਪੀ.ਐਨ. (ਵਰਚੂਅਲ ਪ੍ਰਾਇਵੇਟ ਨੈੱਟਵਰਕ) ਰਾਹੀਂ ਪਹੁੰਚ ਪ੍ਰਦਾਨ ਕਰਦੀ ਹੈ।

ਦਿਓਲ ਨੇ ਕਿਹਾ, ‘‘ਅਸੀਂ ਕੋਈ ਵੀ ਚੀਜ਼ ਇੰਟਰਨੈੱਟ ਤੱਕ ਨਹੀਂ ਪਹੁੰਚਣ ਦਿੰਦੇ। ਕੁੱਝ ਵੀ ਜਨਤਕ ਨਹੀਂ ਹੈ। ਮੈਂ ਹਰ ਕਿਸੇ ਨੂੰ ਇਹ ਚੀਜ਼ ਹੈਕ ਕਰਨ ਦੀ ਚੁਨੌਤੀ ਦਿੰਦਾ ਹੈ, ਉਹ ਕਿਸੇ ਵੀ ਤਰ੍ਹਾਂ ’ਚ ਸੰਨ੍ਹ ਨਹੀਂ ਲਾ ਸਕਦੇ।’’

ਦਿਓਲ ਕਾਨੂੰਨੀ ਫ਼ਰਮਾਂ ਅਤੇ ਜਨਤਕ ਤੌਰ ’ਤੇ ਟਰੇਡਿਡ ਮਾਈਨਿੰਗ ਕੰਪਨੀਆਂ ਨਾਲ ਵੀ ਵਪਾਰ ਕਰਦੇ ਹਨ। ਸਾਰਾ ਡਾਟਾ ਕੈਨੇਡਾ ’ਚ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਕੰਪਨੀ ਦਾ ਹਰ ਸਾਲ ਆਈ.ਟੀ. ਜਨਰਲ ਕੰਟਰੋਲਜ਼, ਸੁਰੱਖਿਆ, ਬੈਟਰੀ ਬੈਕਅੱਪ, ਏਅਰ ਕੰਡੀਸ਼ਨਿੰਗ ਅਤੇ ਡੀਜ਼ਲ ਜੈਨਰੇਟਰਾਂ ਲਈ ਆਡਿਟ ਕੀਤਾ ਜਾਂਦਾ ਹੈ।

ਸਰਵਰ ਦੀ ਬਿਲਡਿੰਗ ਟੋਰਾਂਟੋ ਪੀਅਰਸਨ ਹਵਾਈ ਅੱਡੇ ਨੇੜੇ ਸਥਿਤ ਹੈ, ਇਸ ਲਈ ਜੇਕਰ ਕੋਈ ਹਵਾਈ ਜਹਾਜ਼ ਬਿਲਡਿੰਗ ਨਾਲ ਟਕਰਾ ਜਾਵੇ ਤਾਂ ਕੀ ਹੋਵੇਗਾ? ਹਰ ਰਾਤ ਸਾਰੇ ਡਾਟਾ ਦੀ ਨਕਲ ਇੱਕ ਹੋਰ ਥਾਂ ’ਤੇ ਲੈ ਲਈ ਜਾਂਦੀ ਹੈ।

38 ਵਰਿ੍ਹਆਂ ਦੇ ਦਿਓਲ ਨੇ ਬੜੀ ਛੋਟੀ ਉਮਰ ਤੋਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਆਈ.ਟੀ. ਸੈਕਟਰ ’ਚ ਕੰਮ ਕਰੇਗਾ। ਉਸ ਨੇ ਕਿਹਾ ਕਿ 15 ਸਾਲਾਂ ਦੀ ਉਮਰ ’ਚ ਉਸ ਨੂੰ ਮਾਈਕ੍ਰੋਸਾਫ਼ਟ ਨੇ ਸਿਸਟਮਜ਼ ਇੰਜਨੀਅਰ ਵਜੋਂ ਤਸਦੀਕ ਕਰ ਦਿੱਤਾ ਸੀ।

ਦਿਓਲ ਨੇ ਕਿਹਾ, ‘‘ਸਰਟੀਫ਼ਿਕੇਸ਼ਨ ਕੋਈ ਕੀਮਤ ਨਹੀਂ ਰੱਖਦੇ, ਇਸ ਉਦਯੋਗ ’ਚ ਸਿੱਖਿਆ ਦਾ ਕੋਈ ਮਹੱਤਵ ਨਹੀਂ ਹੈ। ਮੈਂ ਇੱਥੇ ਸਾਰਾ ਕੁੱਝ ਹੱਥੀਂ ਕਮਾਏ ਤਜ਼ਰਬੇ ਨਾਲ ਸਿੱਖਿਆ ਹੈ।’’

16 ਸਾਲਾਂ ਦੀ ਉਮਰ ’ਚ, ਉਹ ਪ੍ਰਤੀ ਘੰਟਾ 25 ਡਾਲਰ ਕਮਾ ਲੈਂਦਾ ਸੀ। ਹਾਈ ਸਕੂਲ ਤੋਂ ਬਾਅਦ, ਉਹ ਕਾਲਜ ਗਿਆ ਕਿਉਂਕਿ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਹ ਕਾਲਜ ਜਾਵੇ, ਪਰ ਉੱਥੇ ਜੋ ਵੀ ਪੜ੍ਹਾਇਆ ਜਾਂਦਾ ਸੀ, ਉਹ ਉਸ ਨੂੰ ਪਹਿਲਾਂ ਹੀ ਪਤਾ ਸੀ, ਜਿਸ ਕਰਕੇ ਉਸ ਦਾ ਮਨ ਨਾ ਲੱਗਾ।

ਦਿਓਲ ਨੇ ਆਈ.ਟੀ. ਸੇਵਾਵਾਂ ਪ੍ਰਦਾਨ ਕਰਨ ਵਾਲੇ ਠੇਕੇਦਾਰ ਦੇ ਰੂਪ ’ਚ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਇੱਕ ਕੰਪਨੀ ’ਚ ਕੰਮ ਕੀਤਾ, ਜਿੱਥੇ ਉਸ ਨੂੰ ਘਰੇਲੂ ਫ਼ੋਨ ਸਿਸਟਮਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਅੱਠ ਸਾਲ ਪਹਿਲਾਂ, ਉਸ ਨੇ ਈਟੋਰ ਨੈੱਟਵਰਕਸ ਦੀ ਸ਼ੁਰੂਆਤ ਕੀਤੀ, ਜਿਸ ’ਚ ਫ਼ੋਨ ਸਿਸਟਮਜ਼ ਅਤੇ ਆਈ.ਟੀ. ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਸੀ।

ਈਗਲ ਵਿਜ਼ਨ ਸਿਕਿਉਰਿਟੀ ਦੇ ਕੈਮਰੇ ਟਰੱਕ ਯਾਰਡ ’ਤੇ ਨਜ਼ਰ ਰਖਦੇ ਹਨ। ਤਸਵੀਰ: ਸਪਲਾਈਡ

ਜ਼ਿਆਦਾਤਰ ਸਿਕਿਉਰਿਟੀ ਕੰਪਨੀਆਂ ’ਚ ਲੋਕ ਸਕ੍ਰੀਨਾਂ ’ਤੇ ਨਜ਼ਰ ਰਖਦੇ ਹਨ, ਦਿਓਲ ਦੇ ਸਰਵਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ.) ਐਲਗੋਰਿਦਮਸ ’ਤੇ ਚਲਦੇ ਹਨ ਜੋ ਕਿ ਉਸ ਦੀ ਸਿਕਿਉਰਿਟੀ ਕੰਪਨੀ ਈ.ਵੀ.ਐਸ. ਲਈ ਜ਼ਿਆਦਾਤਰ ਰਿਪੋਰਟਿੰਗ ਕਰਦੇ ਹਨ।

ਇੱਕ ਜਾਂ ਦੋ ਹਫ਼ਤਿਆਂ ਤੱਕ ਵੇਖਣ ਤੋਂ ਬਾਅਦ, ਏ.ਆਈ. ਸਿਸਟਮ ਨੂੰ ਪਤਾ ਲੱਗ ਜਾਂਦਾ ਹੈ ਜੇਕਰ ਕੋਈ ਟਰੇਲਰ ਕਿਸੇ ਬਿੰਦੂ ਤੋਂ ਅੱਗੇ ਚਲਿਆ ਜਾਵੇ ਅਤੇ ਫ਼ੈਂਸ ਨਾਲ ਟਕਰਾ ਜਾਵੇ, ਇਹ ਆਮ ਗੱਲ ਨਹੀਂ ਹੈ।

ਦਿਓਲ ਨੇ ਕਿਹਾ ਕਿ ਉਨ੍ਹਾਂ ਨੇ ਏ.ਆਈ. ਨੂੰ ਵੇਖ ਕੇ ਅਤੇ ਉਸ ਤੋਂ ਸਿੱਖ ਕੇ ਵਿਕਸਤ ਕੀਤਾ। ‘‘ਮੈਂ ਕੁੱਝ ਵੀ ਲੀਜ਼, ਕਿਰਾਏ ’ਤੇ ਨਹੀਂ ਦਿੰਦਾ, ਕੁੱਝ ਵੀ ਅਜਿਹਾ ਨਹੀਂ ਜਿਸ ਨੂੰ ਮੁੜ ਵੇਚਿਆ ਜਾ ਸਕੇ। ਮੈਂ ਸੇਵਾ ਲਈ ਜ਼ਿੰਮੇਵਾਰ ਹਾਂ।’’

ਸਿਕਿਉਰਿਟੀ ਕੈਮਰੇ ਇੰਟਰਨੈੱਟ ’ਤੇ ਨਹੀਂ ਹਨ, ਇਹ ਵੀ ਵੀ.ਪੀ.ਐਨ. ਰਾਹੀਂ ਕੰਮ ਕਰਦੇ ਹਨ। ਇਹ ਸਿਸਟਮ ਐਂਟਰੀ ਗੇਟ, ਦੋ-ਤਰਫ਼ਾ ਸੰਚਾਰ ਅਤੇ ਟਰੱਕ ਯਾਰਡਾਂ ’ਤੇ ਲਾਊਡ ਸਪੀਕਰ ਵੀ ਕੰਟਰੋਲ ਕਰਦਾ ਹੈ।

ਪਿਛਲੇ ਸਾਲ, ਦਿਓਲ ਨੇ ਸੇਫ਼ਰੱਨ ਦੀ ਸ਼ੁਰੂਆਤ ਕੀਤੀ, ਤਾਂ ਕਿ ਡਰਾਈਵਰ ਆਪਣੀ ਟਰਿੱਪ ਤੋਂ ਪਹਿਲਾਂ ਹੋਣ ਵਾਲੀ ਜਾਂਚ ਪ੍ਰੀ ਟਿ੍ਰਪ ਇੰਸਪੈਕਸ਼ਨ (ਪੀ.ਟੀ.ਆਈ.) ਪੂਰੀ ਕਰ ਸਕਣ। ਜਿਹੜੇ ਕਲਪੁਰਜ਼ਿਆਂ ਦੀ ਜਾਂਚ ਕੀਤੀ ਜਾਦੀ ਚਾਹਿਦੀ ਹੈ, ਉਨ੍ਹਾਂ ਥਾਵਾਂ ’ਤੇ ਕਿਊ.ਆਰ. ਜਾਂ ਕੁਇਕ ਰਿਸਪਾਂਸ ਕੋਡ ਸਟੀਕਰ ਦਰਸਾਏ ਜਾਂਦੇ ਹਨ। ਡਰਾਈਵਰ ਸੈੱਲਫ਼ੋਨ ਐਪ ਦਾ ਪ੍ਰਯੋਗ ਕਰਦਾ ਹੈ ਅਤੇ ਪਹਿਲਾਂ ਟਰੈਕਟਰ ਅਤੇ ਟਰੇਲਰ ਨੰਬਰ ਦਰਜ ਕਰਦਾ ਹੈ। ਫਿਰ ਉਸ ਨੂੰ ਸਾਰੇ ਕਿਊ.ਆਰ. ਕੋਡ ਸਕੈਨ ਕਰਨੇ ਪੈਂਦੇ ਹਨ। ਐਪ ਡਰਾਈਵਰਾਂ ਨੂੰ ਪੀ.ਟੀ.ਆਈ. ਦੌਰਾਨ ਟੁੱਟ-ਭੱਜ ਦੀਆਂ ਤਸਵੀਰਾਂ ਅਪਲੋਡ ਕਰਨ ਅਤੇ ਨੋਟ ਜੋੜਨ ਦੀ ਸਹੂਲਤ ਵੀ ਦਿੰਦੀ ਹੈ।

ਦਿਓਲ ਨੇ ਇੰਸਟਾਲੇਸ਼ਨ ਦਾ ਕੰਮ ਸਿੱਖ ਕੇ ਆਪਣੀਆਂ ਲਾਗਤਾਂ ਨੂੰ ਵੀ ਘੱਟ ਕੀਤਾ ਹੈ ਜਿਸ ਨੂੰ ਆਊਟਸੋਰਸ ਕੀਤਾ ਗਿਆ ਸੀ। ਉਸ ਨੂੰ ਬੂਮ ਲਿਫ਼ਟ ਵਰਗੇ ਉਪਕਰਨ ਕਿਰਾਏ ’ਤੇ ਲੈਣ ਦੀ ਬਜਾਏ ਖ਼ਰੀਦ ਕੇ ਵੀ ਲਾਗਤਾਂ ਘੱਟ ਕਰਨ ’ਚ ਮੱਦਦ ਮਿਲੀ ਹੈ। ਜਾਣਕਾਰੀ ਅਨੁਸਾਰ ਉਸ ਨੇ ਕੰਕਰੀਟ ਵਿਛਾ ਕੇ ਗੇਟ ਇੰਸਟਾਲ ਕਰਨ ਦਾ ਕੰਮ ਵੀ ਕੀਤਾ ਹੈ।

ਦਿਓਲ ਦਾ ਕਹਿਣਾ ਹੈ, ‘‘ਕਈ ਵਾਰੀ ਮੈਂ ਸਵੇਰ ਸਮੇਂ ਕੈਮਰਾ ਲਗਾ ਰਿਹਾ ਹੁੰਦਾ ਹਾਂ, ਦੁਪਹਿਰ ਵੇਲੇ ਸਰਵਰ, ਇਸ ਤੋਂ ਬਾਅਦ ਸ਼ਾਇਦ ਫ਼ੋਨ ਸਿਸਟਮ ਵੀ ਲਾਉਣਾ ਪਵੇ। ਕਈ ਵਾਰੀ ਤੁਹਾਨੂੰ ਖ਼ੁਦ ਕੰਮ ਕਰ ਕੇ ਵੇਖਣਾ ਪੈਂਦਾ ਹੈ ਕਿ ਕੀ ਹੁੰਦਾ ਹੈ, ਇਹ ਕੰਮ ਕਰ ਸਕਦਾ ਹੈ ਅਤੇ ਨਹੀਂ ਵੀ।’’

ਜਿਉਂ-ਜਿਉਂ ਉਸ ਦਾ ਕਾਰੋਬਾਰ ਵੱਧ ਰਿਹਾ ਹੈ, ਦਿਓਲ ਇੰਡਸਟਰੀ ’ਚ ਆਪਣਾ ਬਣਦਾ ਹਿੱਸਾ ਪ੍ਰਾਪਤ ਕਰਨ ਲਈ ਉਤਾਵਲਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਕਦੇ ਨਾ ਕਦੇ ਭਰ ਜਾਵੇਗਾ। ਅਤੇ ਸਿੱਖਣ ਦਾ ਸਫ਼ਰ ਕਦੇ ਖ਼ਤਮ ਨਹੀਂ ਹੁੰਦਾ।

 

ਲੀਓ ਬਾਰੋਸ ਵੱਲੋਂ