ਟਰੱਕ ਡਰਾਈਵਰ ਵੈਕਸੀਨ ਫ਼ੁਰਮਾਨ 30 ਸਤੰਬਰ ਤੱਕ ਅਮਲ ’ਚ ਰਹੇਗਾ

ਸਰਹੱਦ ਟੱਪਣ ਵਾਲੇ ਟਰੱਕ ਡਰਾਈਵਰਾਂ ਲਈ ਕੈਨੇਡਾ ਦਾ ਵੈਕਸੀਨ ਫ਼ੁਰਮਾਨ ਘੱਟ ਤੋਂ ਘੱਟ 30 ਸਤੰਬਰ ਤੱਕ ਅਮਲ ’ਚ ਰਹੇਗਾ, ਜਿਸ ਨਾਲ 15 ਜਨਵਰੀ ਤੋਂ ਲਾਗੂ ਪਾਬੰਦੀਆਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ।

ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਕਿਹਾ ਕਿ ਭਾਵੇਂ ਫ਼ੈਡਰਲ ਪੱਧਰ ’ਤੇ ਰੈਗੂਲੇਟਿਡ ਹਵਾਈ, ਰੇਲ ਅਤੇ ਸਮੁੰਦਰੀ ਖੇਤਰਾਂ ਸਮੇਤ ਘਰੇਲੂ ਅਤੇ ਕੌਮਾਂਤਰੀ ਹਵਾਈ ਯਾਤਰੀਆਂ ਲਈ ਲਾਜ਼ਮੀ ਵੈਕਸੀਨੇਸ਼ਨ ਜ਼ਰੂਰਤਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਟਰੱਕ ਡਰਾਈਵਰਾਂ ਲਈ ਇਹ ਨਿਯਮ ਅਜੇ ਵੀ ਅਮਲ ’ਚ ਰਹਿਣਗੇ।

Canada Parliament buildings
ਕੈਨੇਡਾ ਪਹੁੰਚਣ ਤੋਂ 72 ਘੰਟੇ ਪਹਿਲਾਂ ਅਰਾਇਵਕੈਨ ਮੋਬਾਈਲ ਐਪ ’ਚ ਲਾਜ਼ਮੀ ਯਾਤਰਾ ਸੂਚਨਾ ਦਰਜ ਕਰਨ ਦੀ ਜ਼ਰੂਰਤ ਪੈਂਦੀ ਹੈ। (ਤਸਵੀਰ: ਆਈਸਟਾਕ)

ਅਮਰੀਕਾ ਨੇ 22 ਜਨਵਰੀ ਤੋਂ ਵੈਕਸੀਨ ਨਾ ਲਗਵਾਉਣ ਵਾਲੇ ਕੈਨੇਡੀਅਨ ਟਰੱਕ ਡਰਾਈਵਰਾਂ ਦੇ ਸਰਹੱਦ ਟੱਪਣ ’ਤੇ ਪਾਬੰਦੀ ਲਾ ਦਿੱਤੀ ਸੀ।

ਸਿਹਤ ਮੰਤਰੀ ਜੋਂ ਈਵ ਡਕਲੋ ਨੇ ਇੱਕ ਪ੍ਰੈੱਸ ਬਿਆਨ ’ਚ ਕਿਹਾ, ‘‘ਕੋਵਿਡ-19 ਵਿਰੁੱਧ ਕਾਰਵਾਈ ਦੇ ਅਗਲੇ ਪੜਾਅ ’ਚ ਕਦਮ ਰਖਦਿਆਂ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਸਾਨੂੰ ਉਹ ਸਾਰਾ ਕੁੱਝ ਕਰਨਾ ਚਾਹੀਦਾ ਹੈ ਜੋ ਅਸੀਂ ਖ਼ੁਦ ਨੂੰ ਅਤੇ ਹੋਰਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਕਰ ਸਕਦੇ ਹਾਂ।’’

‘‘ਲੋਕਾਂ ਲਈ ਸਿਫ਼ਾਰਸ਼ੀ ਵੈਕਸੀਨਾਂ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਕਰਨਾ ਵੀ ਮਹੱਤਵਪੂਰਨ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਉਹ ਇਨਫ਼ੈਕਸ਼ਨ, ਫੈਲਾਅ ਅਤੇ ਬੁਰੇ ਅਸਰਾਂ ਤੋਂ ਢੁਕਵੇਂ ਤਰੀਕੇ ਨਾਲ ਸੁਰੱਖਿਅਤ ਹਨ। ਜਿਵੇਂ ਕਿ ਅਸੀਂ ਕਹਿੰਦੇ ਆ ਰਹੇ ਹਾਂ, ਕੈਨੇਡਾ ਦੀਆਂ ਸਰਹੱਦੀ ਪਾਬੰਦੀਆਂ ਵਿਗਿਆਨ ਅਤੇ ਵਿਵੇਕ ਤੋਂ ਕੰਮ ਲੈਂਦਿਆਂ ਲਚਕਦਾਰ ਰਹਿਣਗੀਆਂ।’’

ਜਨਤਕ ਸਿਹਤ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ, ‘‘ਕੈਨੇਡੀਅਨ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਸਰਕਾਰ ਦੀ ਪ੍ਰਮੁੱਖ ਚਿੰਤਾ ਹੈ। ਨਾਲ ਹੀ, ਅਸੀਂ ਯਾਤਰਾ ਅਤੇ ਵਪਾਰ ਨੂੰ ਚਲਦਾ ਰੱਖਣਾ ਯਕੀਨੀ ਕਰਨ ਲਈ ਸਰੋਤਾਂ ਦਾ ਵਿਸਤਾਰ ਕਰਦੇ ਰਹਾਂਗੇ।’’