ਨੇਵੀਸਟਾਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਈ.ਐਮ.ਵੀ. ਇਲੈਕਟ੍ਰਿਕ ਟਰੱਕ ਕੈਨੇਡਾ ’ਚ ਕੀਤਾ ਡਿਲੀਵਰ

ਨੇਵੀਸਟਾਰ ਨੇ ਆਪਣੇ ਈ.ਐਮ.ਵੀ. ਇਲੈਕਟ੍ਰਿਕ ਮੀਡੀਅਮ-ਡਿਊਟੀ ਟਰੱਕਾਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ, ਅਤੇ ਇਸ ਵੱਲੋਂ ਡਿਲੀਵਰ ਕੀਤੇ ਜਾਣ ਵਾਲੇ ਪਹਿਲੇ ਟਰੱਕਾਂ ’ਚੋਂ ਦੋ ਕੈਨੇਡਾ ’ਚ ਚੱਲਣਗੇ।

ਕੈਨੇਡੀਅਨ ਯੂਟੀਲਿਟੀ ਪ੍ਰੋਵਾਈਡਰ ਐਨਮੈਕਸ ਨੇ ਦੋ ਟਰੱਕਾਂ ਨੂੰ ਖ਼ਰੀਦ ਲਿਆ ਹੈ, ਜੋ ਕਿ ਇਸ ਦੇ ਮੋਬਾਈਲ ਕਮਾਂਡ ਸੈਂਟਰ ਫ਼ਲੀਟ ਦੇ ਇੱਕ ਪਾਈਲਟ ਪ੍ਰੋਗਰਾਮ ਦਾ ਹਿੱਸਾ ਹੋਵੇਗਾ। ਯੂਟੀਲਿਟੀ ਇਹ ਵੇਖਣਾ ਚਾਹੁੰਦੀ ਹੈ ਕਿ ਇਹ ਟਰੱਕ ਸੰਗਠਨ ਦੇ ਫ਼ਿਊਲ ’ਤੇ ਹੋਣ ਵਾਲ ਖ਼ਰਚ ਨੂੰ ਕਿਸ ਤਰ੍ਹਾਂ ਘੱਟ ਕਰ ਸਕਣਗੇ।

ਐਨਮੈਕਸ ਨੇ ਕਿਹਾ ਕਿ ਉਹ ਕੈਨੇਡਾ ਦੀ ਪਹਿਲੀ ਯੂਟੀਲਿਟੀ ਹੈ ਜੋ ਕਿ ਮੀਡੀਅਮ-ਡਿਊਟੀ ਇਲੈਕਟ੍ਰਿਕ ਟਰੱਕਾਂ ਦਾ ਤਜ਼ਰਬਾ ਕਰੇਗੀ ਅਤੇ ਉਸ ਦੀ ਯੋਜਨਾ ਆਪਣੇ ਫ਼ਲੀਟ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਦੀ ਹੈ।

Navistar eMV Series electric truck
(ਤਸਵੀਰ: ਨੇਵੀਸਟਾਰ)

ਐਨਮੈਕਸ ਪਾਵਰ ਦੀ ਪ੍ਰੈਜ਼ੀਡੈਂਟ ਜਾਨਾ ਮੋਜ਼ਲੀ ਨੇ ਇੱਕ ਸੰਬੰਧਤ ਬਿਆਨ ’ਚ ਕਿਹਾ, ‘‘ਇਨ੍ਹਾਂ ਟਰੱਕਾਂ ਦਾ ਤਜ਼ਰਬਾ ਸਾਨੂੰ ਇਲੈਕਟ੍ਰਿਕ ਗੱਡੀਆਂ ਦੀ ਕਾਰਗੁਜ਼ਾਰੀ ਬਿਹਤਰ ਤਰੀਕੇ ਨਾਲ ਸਮਝਣ ’ਚ ਮੱਦਦ ਕਰੇਗਾ ਅਤੇ ਇਹ ਵੀ ਕਿ ਇਨ੍ਹਾਂ ਤੋਂ ਕਿਸ ਤਰ੍ਹਾਂ ਕੰਮ ਲੈਣਾ ਹੈ। ਸਾਡੇ ਗ੍ਰਾਹਕ ਸਾਨੂੰ ਭਵਿੱਖ ’ਤੇ ਕੇਂਦਰਤ ਵੇਖਣਾ ਚਾਹੁੰਦੇ ਹਨ, ਤਾਂ ਕਿ ਉਹ ਇਸ ਗੱਲ ਬਾਰੇ ਯਕੀਨੀ ਹੋ ਸਕਣ ਕਿ ਅਸੀਂ ਊਰਜਾ ਦੀ ਚੋਣ ਕਰਨ ’ਚ ਉਨ੍ਹਾਂ ਦੀ ਮੱਦਦ ਕਰ ਸਕੀਏ। ਇਲੈਕਟ੍ਰੀਫ਼ੀਕੇਸ਼ਨ ਦੇ ਮਾਮਲੇ ’ਚ, ਸਾਡੇ ਕੋਲ ਪਹਿਲਾਂ ਹੀ ਇਲੈਕਟ੍ਰਿਕ ਗੱਡੀਆਂ ਅਪਣਾ ਕੇ ਅਜਿਹਾ ਕਰਨ ਦਾ ਬਿਹਤਰੀਨ ਮੌਕਾ ਹੈ।’’

ਇਨ੍ਹਾਂ ਟਰੱਕਾਂ ਦਾ ਪ੍ਰਯੋਗ ਕੈਲਗਰੀ ’ਚ ਕੀਤਾ ਜਾ ਰਿਹਾ ਹੈ, ਅਤੇ ਇਸ ਪ੍ਰੋਗਰਾਮ ਨੂੰ ਇਮੀਸ਼ਨ ਰਿਡਕਸ਼ਨ ਅਲਬਰਟਾ ਤੋਂ 10 ਲੱਖ ਡਾਲਰ ਦੀ ਗ੍ਰਾਂਟ ਪ੍ਰਾਪਤ ਹੋਈ ਹੈ।

ਈ.ਐਮ.ਵੀ. ਦਾ ਉਤਪਾਦਨ ਪਿਛਲੇ ਸਾਲ ਅਗਸਤ ’ਚ ਸ਼ੁਰੂ ਹੋ ਗਿਆ ਸੀ।

ਨੇਵੀਸਟਾਰ ਦੇ ਮੀਡੀਅਮ-ਡਿਊਟੀ ਟਰੱਕਾਂ ਦੇ ਵਾਇਸ-ਪ੍ਰੈਜ਼ੀਡੈਂਟ ਡੈਬੀ ਸ਼ੁਸਟ ਨੇ ਕਿਹਾ, ‘‘ਭਾਵੇਂ ਮੀਡੀਅਮ-ਡਿਊਟੀ ਇਲੈਕਟ੍ਰਿਕ ਟਰੱਕ ਸੈਗਮੈਂਟ ਬਾਕਸ ਟਰੱਕਾਂ ਅਤੇ ਪਿਕਅੱਪ ਤੇ ਡਿਲੀਵਰੀ ਅਮਲਾਂ ’ਤੇ ਕੇਂਦਰਤ ਹੈ, ਅਸੀਂ ਆਪਣੀਆਂ ਉਮੀਦਾਂ ਤੋਂ ਅੱਗੇ ਵਧਣ ਅਤੇ ਹੋਰ ਖੇਤਰਾਂ ’ਚ ਵੀ ਗ੍ਰਾਹਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਯੋਗ ਬਣ ਸਕੇ ਹਾਂ। ਬਾਡੀ ਅਪਲਿਫ਼ਟਰ ਇਹ ਵੇਖਣ ਦੀ ਚੁਨੌਤੀ ਲੈ ਰਹੇ ਹਨ ਕਿ ਇੱਕ ਇਲੈਕਟ੍ਰਿਕ ਗੱਡੀ ’ਤੇ ਕਿਹੜੀ ਚੀਜ਼ ਕੰਮ ਕਰ ਸਕਦੀ ਹੈ, ਅਤੇ ਸਾਡੀ ਇੰਟਰਨੈਸ਼ਨਲ ਈ.ਐਮ.ਵੀ. ਸੀਰੀਜ਼ ਚੈਸਿਸ ਇੰਟੀਗਰੇਸ਼ਨ ਦੀ ਸਫ਼ਲ ਉਦਾਹਰਣ ਬਣ ਗਿਆ ਹੈ ਜੋ ਕਿ ਕਈ ਬਾਜ਼ਾਰਾਂ ਲਈ ਕੰਮ ਕਰ ਰਿਹਾ ਹੈ।’’

ਈ.ਐਮ.ਵੀ. ਨੂੰ ਬੱਕੇਟ, ਡੰਪ ਅਤੇ ਬਾਕਸ ਸੰਰਚਨਾਵਾਂ ’ਚ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ।