ਪੁਲਿਸ ਨੇ ਹੰਗਾਮੇ ਭਰੇ ਹਫਤੇ ਦੌਰਾਨ ਓਟਾਵਾ ਨੂੰ  ਪ੍ਰਦਰਸ਼ਨਕਾਰੀਆਂ, ਵਾਹਨਾਂ ਤੋਂ ਮੁਕਤ ਕੀਤਾ

Avatar photo

ਐਤਵਾਰ ਦੀ ਰਾਤ ਤੱਕ, ਡਾਊਨਟਾਊਨ ਓਟਾਵਾ ਉਤੇ ਕਬਜ਼ੇ ਵਿੱਚ ਸ਼ਾਮਲ ਬਾਕੀ ਟਰੱਕਾਂ ਨੂੰ ਵੀ ਹਟਾ ਦਿੱਤਾ ਗਿਆ ਸੀ, ਅਤੇ ’ਆਜ਼ਾਦੀ ਕਾਫਲੇ’ ਦੇ ਜ਼ਿਆਦਾਤਰ ਆਗੂਆਂ ਨੂੰ ਜਾਂ ਤਾਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਜਾਂ ਗ੍ਰਿਫਤਾਰ ਕਰ ਲਿਆ ਗਿਆ ਸੀ। ਸੋਮਵਾਰ ਸਵੇਰ ਤੱਕ, ਲੀਡ ਫੰਡਰੇਜ਼ਰ ਅਤੇ ਆਰਗੇਨਾਈਜ਼ਰ ਟੈਮਾਰਾ ਲਿੱਚ ਸਲਾਖਾਂ ਪਿੱਛੇ ਰਹੇ, ਅਤੇ ਮੰਗਲਵਾਰ ਸਵੇਰ ਤੱਕ ਉਹ ਉੱਥੇ ਹੀ ਰਹੇਗੀ ਜਦੋਂ ਤੱਕ ਉਸ ਦੀ ਜ਼ਮਾਨਤ ਬਾਰੇ ਸੁਣਵਾਈ ਨਹੀਂ ਹੋ ਜਾਂਦੀ। ਆਯੋਜਕ ਪੈਟ ਕਿੰਗ ਵੀ ਇਸੇ ਤਰ੍ਹਾਂ ਜ੍ਹੇਲ ਅੰਦਰ ਹਨ।

ਆਯੋਜਕਾਂ ਵਿੱਚੋਂ ਇੱਕ ਟਰੱਕਰ ਕ੍ਰਿਸ ਬਾਰਬਰ ਨੂੰ 100,000 ਡਾਲਰ ਦੇ ਬਾਂਡ ’ਤੇ ਰਿਹਾਅ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਸਨੂੰ ਸਸਕੈਚਵਨ ਵਾਪਸ ਘਰ ਪਰਤਣਾ ਪਵੇਗਾ। ਉਸ ’ਤੇ ਲਾਏ ਦੋਸ਼ਾਂ ਵਿੱਚ ਸ਼ਾਮਲ ਹਨ: ਸ਼ਰਾਰਤੀ ਜੁਰਮ ਕਰਨ ਲਈ ਸਲਾਹ; ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦਾ ਜੁਰਮ ਕਰਨ ਲਈ ਸਲਾਹ; ਅਤੇ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦਾ ਜੁਰਮ ਕਰਨ ਲਈ ਸਲਾਹ। ਉਸ ਨੇ ਜੇਲ੍ਹ ਵਿੱਚ ਇੱਕ ਰਾਤ ਬਿਤਾਉਣ ਤੋਂ ਬਾਅਦ ਕਿਹਾ ਕਿ ਉਸਦੇ “ਆਰਗੇਨਾਈਜ਼ ਕਰਨ ਦੇ ਦਿਨ ਖਤਮ ਹੋ ਗਏ ਹਨ।”’’

(ਫੋਟੋ: ਓਟਾਵਾ ਪੁਲਿਸ ਸਰਵਿਸ)

ਲਿੱਚ ਨੂੰ ਸ਼ਰਾਰਤੀ ਅਨਸਰਾਂ ਨੂੰ ਸਲਾਹ ਦੇਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਆਪਣੀ ਜ਼ਮਾਨਤ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਉਸਦੇ ਕੋਲ ਬਾਂਡ ਪੋਸਟ ਕਰਨ ਦੇ ਬਹੁਤ ਘੱਟ ਸਾਧਨ ਹਨ, ਅਤੇ ਉਸ ਦਾ ਟੀਕਾਕਰਣ ਨਾ ਹੋਣ ਕਰਕੇ ਉਸ ਦਾ ਅਲਬਰਟਾ ਘਰ ਵਾਪਸ ਜਾਣਾ ਵੀ ਮੁਸ਼ਕਲ ਹੋਵੇਗਾ। ਹਾਲਾਂਕਿ, ਉਸਦੇ ਪਤੀ ਡਵੇਨ, ਜੋ ਕਿ ਉਸਦੇ ਸੰਭਾਵੀ ਜ਼ਮਾਨਤੀ ਵਜੋਂ ਉਥੇ ਮੌਜੂਦ ਸਨ, ਨੇ ਸਵੀਕਾਰ ਕੀਤਾ ਕਿ ਉਸਨੇ 2 ਫਰਵਰੀ ਨੂੰ ਇੱਕ ਦੋਸਤ ਦੁਆਰਾ ਭੁਗਤਾਨ ਕੀਤੇ ਪ੍ਰਾਈਵੇਟ ਜੈੱਟ ਰਾਹੀਂ ਓਟਾਵਾ ਲਈ ਉਡਾਣ ਭਰੀ ਸੀ।

ਹਫਤੇ ਦੇ ਅੰਤ ਵਿੱਚ ਕੁਝ ਟਰੱਕਰਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਟਰੱਕਾਂ ਚੋਂ ਜ਼ਬਰਦਸਤੀ ਕਢ ਲਿਆ ਗਿਆ ਅਤੇ ਦੋਸ਼ ਆਇਦ ਕੀਤੇ ਗਏ। ਪੁਲਿਸ ਦੀ ਸਖਤੀ ਨੂੰ ਵੇਖਦਿਆਂ ਬਾਕੀ ਲੋਕ ਉਥੋਂ ਚਲੇ ਗਏ।

ਪ੍ਰਦਰਸ਼ਨਕਾਰੀਆਂ ਦੀ ਪੂਰੇ ਹਫਤੇ ਦੌਰਾਨ ਪੁਲਿਸ ਨਾਲ ਝੜਪ ਹੁੰਦੀ ਰਹੀ, ਜਦਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਧੱਕਦਿਆਂ ਬਾਕੀ ਵਾਹਨਾਂ ਨੂੰ ਹਟਾ ਦਿੱਤਾ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਦੋ ਘਟਨਾਵਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਇਕਾਈ ਨੂੰ ਬੁਲਾਇਆ ਗਿਆ ਹੈ: ਇੱਕ 49 ਸਾਲਾ ਔਰਤ ਦੀ ਘੋੜੇ ’ਤੇ ਸਵਾਰ ਟੋਰਾਂਟੋ ਪੁਲਿਸ ਅਧਿਕਾਰੀ ਵਿਚਕਾਰ ਬਹਿਸ ਦੇ ਨਤੀਜੇ ਵਜੋਂ ਸੱਟ ਲੱਗੀ; ਅਤੇ ਵੈਨਕੂਵਰ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੁਆਰਾ ਗ਼ੈਰ-ਘਾਤਕ ਐਂਟੀ-ਰਾਇਟ ਵੈਪਨ ਐਨਫੀਲਡ ਦੀ ਵਰਤੋਂ (ਕੋਈ ਸੱਟ ਦੀ ਰਿਪੋਰਟ ਨਹੀਂ ਕੀਤੀ ਗਈ)।

ਐਤਵਾਰ ਦੇਰ ਦੁਪਹਿਰ, ਓਟਾਵਾ ਪੁਲਿਸ ਨੇ ਦੱਸਿਆ ਕਿ ਕੁੱਲ 191 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ, 389 ਦੋਸ਼ ਲਗਾਏ ਗਏ ਹਨ, ਅਤੇ 79 ਗੱਡੀਆਂ ਨੂੰ ਫੜਿਆ ਗਿਆ ਹੈ।

ਓਟਾਵਾ ਦੇ ਮੇਅਰ ਜਿਮ ਵਾਟਸਨ ਦੀ ਮੰਨੀਏ ਤਾਂ ਫੜੀਆਂ ਗੱਡੀਆਂ ਦੇ ਮਾਲਕ ਸ਼ਾਇਦ ਉਨ੍ਹਾਂ ਨੂੰ ਵਾਪਸ ਨਾ ਪ੍ਰਾਪਤ ਕਰ ਸਕਣ।

ਵਾਟਸਨ ਨੇ ਸ਼ਨੀਵਾਰ ਨੂੰ ਸੀਬੀਸੀ ਦੇ ਹਵਾਲੇ ਨਾਲ ਕਿਹਾ, “ਸਾਡੇ ਕੋਲ ਅਸਲ ਵਿੱਚ ਉਨ੍ਹਾਂ ਵਾਹਨਾਂ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਨੂੰ ਵੇਚਣ ਦੀ ਸਮਰੱਥਾ ਹੈ। ਅਤੇ ਮੈਂ ਉਨ੍ਹਾਂ ਨੂੰ ਵੇਚਿਆ ਹੋਇਆ ਦੇਖਣਾ ਚਾਹੁੰਦਾ ਹਾਂ। ਮੈਂ ਇਨ੍ਹਾਂ ਲੋਕਾਂ ਨੂੰ ਵਾਪਸੀ ਨਹੀਂ ਦੇਣਾ ਚਾਹੁੰਦਾ ਜੋ ਸਾਡੇ ਭਾਈਚਾਰੇ ਵਿੱਚ ਅਜਿਹੀ ਨਿਰਾਸ਼ਾ ਅਤੇ ਗੁੱਸਾ ਪੈਦਾ ਕਰ ਰਹੇ ਹਨ।’’

ਉਹ ਚਾਹੁੰਦੇ ਹਨ ਕਿ ਵੇਚਣ ਤੋਂ ਪ੍ਰਾਪਤ ਹੋਏ ਫੰਡ, ਕਬਜ਼ੇ ਦੌਰਾਨ ਸ਼ਹਿਰ ਦੁਆਰਾ ਕੀਤੇ ਗਏ ਖਰਚਿਆਂ ਨੂੰ ਪੂਰਾ ਕਰਨ ਲਈ ਦਿੱਤੇ ਜਾਣ।