ਬੀ.ਵੀ.ਡੀ. ਗਰੁੱਪ ਨੇ ਹਸਪਤਾਲਾਂ ਨੂੰ ਦਾਨ ਕੀਤੇ 1 ਕਰੋੜ ਡਾਲਰ

ਬਰੈਂਪਟਨ, ਓਂਟਾਰੀਓ ਅਧਾਰਤ ਟਰਾਸਪੋਰਟੇਸ਼ਨ ਕਾਰੋਬਾਰ ਬੀ.ਵੀ.ਡੀ. ਗਰੁੱਪ ਨੇ ਵਿਲੀਅਮ ਓਸਲਰ ਹੈਲਥ ਸਿਸਟਮ ਅਤੇ ਵਿਲੀਅਮ ਓਸਲਰ ਹੈਲਥ ਸਿਸਟਮ ਫ਼ਾਊਂਡੇਸ਼ਨ ਨੂੰ 1 ਕਰੋੜ ਡਾਲਰ ਦਾਨ  ਕੀਤੇ ਹਨ।

ਬੀ.ਵੀ.ਡੀ. ਗਰੁੱਪ ਦੇ ਸੀ.ਈ.ਓ. ਬਿਕਰਮ ਢਿੱਲੋਂ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘‘ਮੇਰੇ ਚਾਰੇ ਬੱਚੇ ਅਤੇ 9 ਪੋਤੇ-ਪੋਤੀਆਂ ਬਰੈਂਪਟਨ ਅਤੇ ਇਟੋਬੀਕੋ ਦੇ ਹਸਪਤਾਲਾਂ ’ਚ ਪੈਦਾ ਹੋਏ ਸਨ। ਇਸ ਭਾਈਚਾਰੇ ਦੀ ਮੇਰੇ ਪਰਿਵਾਰ ਲਈ ਵੱਡੀ ਦੇਣ ਹੈ, ਅਤੇ ਇਹ ਦਾਨ ਇਸ ਦਾ ਕਰਜ਼ ਉਤਾਰਨ ਦਾ, ਅਤੇ ਭਾਈਚਾਰੇ ਦੇ ਹਰ ਵਿਅਕਤੀ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ। ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਇਲਾਜ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ ਅਤੇ ਹਸਪਤਾਲਾਂ ਦੀ – ਕਿਸੇ ਵੀ ਤਰ੍ਹਾਂ – ਮੱਦਦ ਕਰਨ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। ਮੈਨੂੰ ਉਮੀਦ ਹੈ ਕਿ ਹੋਰ ਲੋਕ ਵੀ ਅੱਗੇ ਆ ਕੇ ਸਾਡੇ ਹਸਪਤਾਲਾਂ ਦੀ ਮੱਦਦ ਕਰਨਗੇ; ਸਾਡਾ ਭਾਈਚਾਰਾ ਸਿਹਤ ਸੰਭਾਲ ਦਾ ਜ਼ਰੂਰਤਮੰਦ ਅਤੇ ਹੱਕਦਾਰ ਹੈ, ਜਿਸ ਲਈ ਦਿੱਤਾ ਗਿਆ ਹਰ ਡਾਲਰ ਮਹੱਤਵਪੂਰਨ ਹੈ।’’

ਦਾਨ ਕੀਤੇ ਫ਼ੰਡ ਸਭ ਤੋਂ ਮਹੱਤਵਪੂਰਨ ਉਪਕਰਨਾਂ ਦੀ ਖ਼ਰੀਦ ਅਤੇ ਬਰੈਂਪਟਨ ਸਿਵਿਕ ਹਸਪਤਾਲ, ਇਟੋਬੀਕੋ ਜਨਰਲ ਹਸਪਤਾਲ ਅਤੇ ਪੀਲ ਮੈਮੋਰੀਅਲ ਸੈਂਟਰ ਫ਼ਾਰ ਹੈਲਥ ਐਂਡ ਵੈੱਲਨੈੱਸ ਦੇ ਮੁੜਵਿਕਾਸ ਲਈ ਖ਼ਰਚੇ ਜਾਣਗੇ।

Picture of BVD Group donating $10 million to the William Osler Health System Foundation
(ਤਸਵੀਰ: ਵਿਲੀਅਮ ਓਸਲਰ ਹੈਲਥ ਸਿਸਟਮਜ਼)

ਮਾਰਚ 2020 ’ਚ, ਬੀ.ਵੀ.ਡੀ. ਗਰੁੱਪ ਨੇ ਹੈਲਥ ਕੇਅਰ ਹੀਰੋਜ਼ ਮੁਹਿੰਮ ਲਈ 100,000 ਡਾਲਰ ਦਾਨ ਕੀਤੇ ਸਨ ਜਿਨ੍ਹਾਂ ਨੂੰ ਓਸਲਰ ਦੀ ਮਹਾਂਮਾਰੀ ਵਿਰੁੱਧ ਕਾਰਵਾਈ ਲਈ ਖ਼ਰਚਿਆ ਗਿਆ ਸੀ, ਅਤੇ ਪਿੱਛੇ ਜਿਹੇ ਕੰਪਨੀ, ਓਸਲਰ ਦੇ ਮਹਾਂਮਾਰੀ ਰਿਕਵਰੀ ਸਹਾਇਤਾ ਦੇ ਸਬੰਧ ’ਚ ਕਰਵਾਏ ਓਸਲਰ ਫ਼ਾਊਂਡੇਸ਼ਨ ਦੇ ਹੋਲੀ ਗਾਲਾ ’ਚ ਸਪਾਂਸਰ ਬਣੀ ਸੀ।

ਢਿੱਲੋਂ, ਉਨ੍ਹਾਂ ਦੀ ਪਤਨੀ ਵਰਿੰਦਰ ਢਿੱਲੋਂ ਅਤੇ ਬੀ.ਵੀ.ਡੀ. ਗਰੁੱਪ ਦੇ ਮੁੱਖ ਕਾਰਜਕਾਰੀ ਅਫ਼ਸਰ ਚੰਨਵੀਰ ਢਿੱਲੋਂ 28 ਜੂਨ ਦੀ ਸੈਰੇਮਨੀ ਮੌਕੇ ਹਾਜ਼ਰ ਸਨ। ਪ੍ਰੀਮੀਅਰ ਡੱਗ ਫ਼ੋਰਡ ਅਤੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਲੋਕਲ ਮੈਂਬਰ, ਜਿਨ੍ਹਾਂ ’ਚ ਸਿਹਤ ਮੰਤਰੀ ਸਿਲਵੀਆ ਜੋਨਸ ਅਤੇ ਟਰੈਜ਼ਰੀ ਬੋਰਡ ਦੇ ਪ੍ਰੈਜ਼ੀਡੈਂਟ ਪ੍ਰਭਮੀਤ ਸਰਕਾਰੀਆ ਦੇ ਨਾਲ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਹਾਜ਼ਰ ਸਨ।

ਓਸਲਰ ਦੇ ਅੰਤਰਿਮ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡਾ. ਫ਼ਰੈਂਕ ਮਾਰਟੀਨੋ ਨੇ ਕਿਹਾ, ‘‘ਢਿੱਲੋਂ ਪਰਿਵਾਰ ਅਤੇ ਬੀ.ਵੀ.ਡੀ. ਗਰੁੱਪ ਵੱਲੋਂ ਸਾਡੇ ਭਾਈਚਾਰਿਆਂ ਲਈ ਇਹ ਸ਼ਾਨਦਾਰ ਤੋਹਫ਼ਾ ਤਕਦੀਰ ਬਦਲਣ ਵਾਲਾ ਸਾਬਤ ਹੋਵੇਗਾ। ਸਾਡੇ ਭਾਈਚਾਰੇ ਦੀ ਵੱਧ-ਚੜ੍ਹ ਕੇ ਸੇਵਾ ਕਰਨ ਵਾਲੇ ਓਸਲਰ ਦੀ ਸਟਾਫ਼, ਡਾਕਟਰਾਂ ਅਤੇ ਵਲੰਟੀਅਰਾਂ ਦੀ ਟੀਮ ਵੱਲੋਂ ਅਸੀਂ ਬਿਕਰਮ ਢਿੱਲੋਂ, ਢਿੱਲੋਂ ਪਰਿਵਾਰ ਅਤੇ ਬੀ.ਵੀ.ਡੀ. ਗਰੁੱਪ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਆਪਣੇ ਘਰਾਂ ਦੇ ਨੇੜੇ ਬਿਹਤਰੀਨ ਸਿਹਤ ਸੰਭਾਲ ਲਈ ਮੱਦਦ ਦਿੱਤੀ ਹੈ।’’