ਰੋਡਚੈੱਕ ਜਾਂਚ ਬਲਿਟਜ਼ ’ਚ ਵ੍ਹੀਲਜ਼ ’ਤੇ ਰਹੇਗਾ ਵਿਸ਼ੇਸ਼ ਧਿਆਨ

Avatar photo

ਉੱਤਰੀ ਅਮਰੀਕਾ ਦੇ ਸਾਲਾਨਾ ਰੋਡਚੈੱਕ ਜਾਂਚ ਬਲਿਟਜ਼ ਦੌਰਾਨ ਧਿਆਨ ਦਾ ਮੁੱਖ ਕੇਂਦਰ ਗੱਡੀਆਂ ਦੇ ਵ੍ਹੀਲਜ਼ ਰਹਿਣਗੇ। ਇਸ ਸਾਲ ਇਹ ਜਾਂਚ ਮੁਹਿੰਮ 17-19 ਮਈ ਦੌਰਾਨ ਚੱਲੇਗੀ।

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਹੇਠ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਚਲਾਈ ਜਾਂਦੀ ਇਸ ਪਹਿਲ ਹੇਠ, ਸਥਾਪਤ ਭਾਰ ਸਟੇਸ਼ਨਾਂ ਦੇ ਨਾਲ ਹੀ ਆਰਜ਼ੀ ਥਾਵਾਂ ’ਤੇ ਵੀ 72-ਘੰਟਿਆਂ ਤੱਕ ਜਾਂਚ ਦਾ ਕੰਮ ਚਲਦਾ ਹੈ।

ਸੀ.ਵੀ.ਐਸ.ਏ. ਨੇ ਇੱਕ ਸੰਬੰਧਤ ਪ੍ਰੈੱਸ ਬਿਆਨ ’ਚ ਕਿਹਾ ਕਿ ਰੋਡਚੈੱਕ ਦੌਰਾਨ ਕਾਨੂੰਨ ਦੀਆਂ ਉਲੰਘਣਾਵਾਂ ਦੇ ਹਰ ਚਾਰ ’ਚੋਂ ਇੱਕ ਮਾਮਲੇ ਦਾ ਕਾਰਨ ਵ੍ਹੀਲਜ਼ ਨਾਲ ਸੰਬੰਧਤ ਹੁੰਦਾ ਹੈ, ਅਤੇ ਉਪਕਰਨਾਂ ਨੂੰ ਆਮ ਤੌਰ ’ਤੇ ਗੱਡੀਆਂ ਨਾਲ ਸੰਬੰਧਤ ਸਿਖਰਲੀਆਂ 10 ਉਲੰਘਣਾਵਾਂ ’ਚ ਗਿਣਿਆ ਜਾਂਦਾ ਹੈ।

ਕੈਨੇਡੀਅਨ ਇਨਫ਼ੋਰਸਮੈਂਟ ਟੀਮਾਂ ਨੇ 2021 ਦੇ ਰੋਡਚੈੱਕ ਦੌਰਾਨ 3,349 ਲੈਵਲ 1 ਜਾਂਚਾਂ ਮੁਕੰਮਲ ਕੀਤੀਆਂ, ਜਿਸ ਦੌਰਾਨ 912 ਗੱਡੀਆਂ ਅਤੇ 117 ਡਰਾਈਵਰਾਂ ਨੂੰ ਸੇਵਾ ’ਚੋਂ ਬਾਹਰ ਕਰ ਦਿੱਤਾ ਗਿਆ। ਗੱਡੀਆਂ ਨਾਲ ਸੰਬੰਧਤ ਸਿਖਰਲੀਆਂ ਪੰਜ ਉਲੰਘਣਾਵਾਂ ’ਚ ਸ਼ਾਮਲ ਹਨ ਬ੍ਰੇਕ ਸਿਸਟਮ (30.2%), ਕਾਰਗੋ ਸੁਰੱਖਿਆ (17.8%), ਲਾਇਟਾਂ (12.4%), ਟਾਇਰ (12%) ਅਤੇ ਬ੍ਰੇਕ ਐਡਜਸਟਮੈਂਟ (10.9%)।

ਬਗ਼ੈਰ ਕਿਸੇ ਉਲੰਘਣਾ ਤੋਂ ਉੱਤਰੀ ਅਮਰੀਕੀ ਸਟੈਂਟਡਰਡ ਲੈਵਲ 1 ਜਾਂ 5 ਜਾਂਚ ਪਾਸ ਕਰਨ ਵਾਲੇ ਰੋਡਚੈੱਕ ਦੌਰਾਨ ਸੀ.ਵੀ.ਐਸ.ਏ. ਡੀਕੈਲ ਪ੍ਰਾਪਤ ਕਰ ਸਕਦੇ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਗਲੇ ਤਿੰਨ ਮਹੀਨਿਆਂ ਦੇ ਸਮੇਂ ਲਈ ਮੁੜ-ਜਾਂਚ ਦੀ ਜ਼ਰੂਰਤ ਨਹੀਂ ਪਵੇਗੀ।