ਲੋਅਰ ਮੇਨਲੈਂਡ ’ਚ 30 ਡਰਾਈਵਰਾਂ ਦੀ ਸਿਖਲਾਈ ਲਈ ਫ਼ੰਡ ਦੇਵੇਗਾ ਬੀ.ਸੀ.

ਪੇਸ਼ੇਵਰ ਟਰੱਕ ਡਰਾਈਵਰਾਂ ਨੂੰ ਨੌਕਰੀ ਲਈ ਤਿਆਰ ਕਰਨ ਦੇ ਮੰਤਵ ਨਾਲ ਬੀ.ਸੀ. ਦੇ ਲੋਅਰ ਮੇਨਲੈਂਡ ’ਚ 30 ਯੋਗ ਉਮੀਦਾਵਰਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।

ਪ੍ਰੈੱਸ ਦੇ ਨਾਂ ਜਾਰੀ ਇੱਕ ਬਿਆਨ ’ਚ ਬੀ.ਸੀ. ਦੀ ਸਮਾਜ ਵਿਕਾਸ ਅਤੇ ਗ਼ਰੀਬੀ ਘਟਾਓ ਮੰਤਰੀ ਸ਼ੀਲਾ ਮੈਲਕੋਮਸਨ ਨੇ ਕਿਹਾ, ‘‘ਇਸ ਸਿਖਲਾਈ ਨਾਲ ਲੋਕਾਂ ਨੂੰ ਟਰੱਕ ਡਰਾਈਵਰ ਵਜੋਂ ਰੁਜ਼ਗਾਰ ਪ੍ਰਾਪਤ ਕਰਨ ਲਈ ਜ਼ਰੂਰੀ ਮੁਹਾਰਤ ਅਤੇ ਸਿੱਖਿਆ ਪ੍ਰਾਪਤ ਹੋਵੇਗੀ, ਜਿਸ ਦੀ ਇਸ ਵੇਲੇ ਭਾਰੀ ਮੰਗ ਹੈ। ਇਹ ਸਿਖਲਾਈ ਨਵੇਂ ਆਇਆਂ ਅਤੇ ਇਮੀਗ੍ਰੈਂਟਾਂ ਲਈ ਚੰਗਾ ਰੁਜ਼ਗਾਰ ਪ੍ਰਾਪਤ ਕਰਨ ਅਤੇ ਆਪਣੇ ਪਰਿਵਾਰਾਂ ਦੀ ਆਮਦਨ ਸਥਿਰ ਕਰਨ ਦਾ ਰਾਹ ਹੈ।

ਬਿੱਗ ਰਿੱਗ ਡਰਾਈਵਿੰਗ ਸਕੂਲ ਨੂੰ ਰੁਜ਼ਗਾਰ ਪ੍ਰਾਪਤੀ ਲਈ ਉਮੀਦਵਾਰ ਤਿਆਰ ਕਰਨ ਲਈ 660,000 ਡਾਲਰ ਤੋਂ ਵੱਧ ਦੀ ਰਕਮ ਪ੍ਰਾਪਤ ਹੋ ਰਹੀ ਹੈ।

Picture of trucks parked in a yard
(ਤਸਵੀਰ: ਬ੍ਰਿਟਿਸ਼ ਕੋਲੰਬੀਆ ਸਰਕਾਰ)

ਸਮਾਜ ਵਿਕਾਸ ਅਤੇ ਗ਼ਰੀਬੀ ਘਟਾਓ ਮੰਤਰਾਲੇ ਦਾ ਭਾਈਚਾਰਕ ਅਤੇ ਰੁਜ਼ਗਾਰਦਾਤਾ ਭਾਈਵਾਲੀਆਂ (ਸੀ.ਈ.ਪੀ.) ਪ੍ਰਾਜੈਕਟ ਇਮੀਗਰੈਂਟਾਂ ਨੂੰ ਕਿੱਤਾਮੁਖੀ ਸਿਖਲਾਈ ਅਤੇ ਕੰਮ ਦਾ ਤਜ਼ਰਬਾ ਮੁਹੱਈਆ ਕਰਵਾਉਣ ’ਤੇ ਕੇਂਦਰਿਤ ਹੈ।

ਉਮੀਦਵਾਰਾਂ ਨੂੰ 10 ਹਫ਼ਤਿਆਂ ਦੀ ਰੁਜ਼ਗਾਰ ਯੋਗਤਾ ਅਤੇ ਜ਼ਰੂਰੀ ਮੁਹਾਰਤਾਂ ਸਿਖਲਾਈ ਪ੍ਰਾਪਤ ਹੋਵੇਗੀ, ਜਿਨ੍ਹਾਂ ’ਚ ਸੰਚਾਰ ਅਤੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ (ਐਮ.ਈ.ਐਲ.ਟੀ.) ਵੀ ਸ਼ਾਮਲ ਹੋਵੇਗੀ, ਸਥਾਨਕ ਰੁਜ਼ਗਾਰਦਾਤਾਵਾਂ ਨਾਲ ਚਾਰ ਹਫ਼ਤਿਆਂ ਦਾ ਨੌਕਰੀ ’ਤੇ ਕੰਮ ਦਾ ਤਜਰਬਾ, ਅਤੇ ਇੱਕ ਹਫ਼ਤੇ ਦੀ ਫ਼ਾਲੋ-ਅੱਪ ਸਪੋਰਟ ਤਾਂ ਕਿ ਉਮੀਦਵਾਰਾਂ ਨੂੰ ਨੌਕਰੀ ਲੱਭਣ ’ਚ ਮੱਦਦ ਮਿਲ ਸਕੇ।

ਬਿੱਗ ਰਿੱਗ ਡਰਾਈਵਿੰਗ ਸਕੂਲ ਦੇ ਪ੍ਰੈਜ਼ੀਡੈਂਟ ਹੈਰੀ ਬੱਛਲ ਨੇ ਕਿਹਾ, ‘‘ਇਹ ਪ੍ਰੋਗਰਾਮ ਉਮੀਦਵਾਰਾਂ ਨੂੰ ਸਿੱਖਣ ਦਾ ਬਹੁਤ ਵਧੀਆ ਮੌਕਾ ਪ੍ਰਦਾਨ ਕਰੇਗਾ ਜਿਸ ’ਚ ਜਾਣਕਾਰੀ ਅਤੇ ਨੌਕਰੀ ਦਾ ਤਜ਼ਰਬਾ ਦੋਵੇਂ ਪ੍ਰਾਪਤ ਹੋਣਗੇ ਤਾਂ ਕਿ ਉਨ੍ਹਾਂ ਦੇ ਟਰੱਕ ਡਰਾਈਵਿੰਗ ਉਦਯੋਗ ’ਚ ਆਉਣ ਦਾ ਰਾਹ ਪੱਧਰਾ ਹੋ ਸਕੇ।’’

ਪਹਿਲੀ ਫ਼ੁੱਲ-ਟਾਈਮ ਇਨਟੇਕ, ਗਰੁੱਪ-ਅਧਾਰਤ ਸਿਖਲਾਈ 12 ਦਸੰਬਰ ਨੂੰ ਸ਼ੁਰੂ ਹੋ ਗਈ। ਦੂਜੀ ਅਤੇ ਤੀਜੀ ਇਨਟੇਕ ਕ੍ਰਮਵਾਰ ਮਾਰਚ ਅਤੇ ਜੁਲਾਈ 2023 ’ਚ ਸ਼ੁਰੂ ਹੋਵੇਗੀ। ਇਸ ਬਾਰੇ ਅਤੇ ਹੋਰ ਸੀ.ਈ.ਪੀ. ਪ੍ਰਾਜੈਕਟਾਂ ਬਾਰੇ ਹੋਣ ਜਾਣਕਾਰੀ ਚਾਹੁਣ ਵਾਲੇ ਲੋਕ ਆਪਣੇ ਸਥਾਨਕ ਵਰਕ ਬੀ.ਸੀ. ਸੈਂਟਰ ’ਚ ਸੰਪਰਕ ਕਰ ਸਕਦੇ ਹਨ।