ਸੀ.ਟੀ.ਏ., ਟੀਮਸਟਰਸ ਕੈਨੇਡਾ ਨੇ ਡਰਾਈਵਰ ਇੰਕ. ਵਿਰੁੱਧ ਵਿਸ਼ੇਸ਼ ਕਾਰਵਾਈ ਦੀ ਮੰਗ ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਤੇ ਟੀਮਸਟਰਸ ਕੈਨੇਡਾ ਨੇ ਡਰਾਈਵਰ ਇੰਕ. ਫ਼ਲੀਟਸ ਵਿਰੁੱਧ ਵਿਸ਼ੇਸ਼ ਕਾਰਵਾਈ ਦੀ ਮੰਗ ਕੀਤੀ ਹੈ, ਜੋ ਕਿ ਆਪਣੇ ਮੁਲਾਜ਼ਮਾਂ ਨੂੰ ਆਜ਼ਾਦ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦੇ ਹਨ।

ਟੀਮਸਟਰਸ ਕੈਨੇਡਾ ਦੇ ਪ੍ਰੈਜ਼ੀਡੈਂਟ ਫ਼ਰਾਂਸੁਆ ਲਾਪੋਰਟ ਅਤੇ ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਇੱਕ ਸਾਂਝੇ ਬਿਆਨ ’ਚ ਕਿਹਾ, ‘‘ਡਰਾਈਵਰ ਇੰਕ. ਸਕੀਮ ਹੇਠ ਟਰੱਕ ਡਰਾਈਵਰਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਕਾਰਪੋਰੇਸ਼ਨ ਵਜੋਂ ਕੁਵਰਗੀਕ੍ਰਿਤ ਕੀਤਾ ਜਾਂਦਾ ਹੈ। ਨਤੀਜੇ ਵਜੋਂ ਡਰਾਈਵਰ ਆਪਣੇ ਲੇਬਰ ਸੁਰੱਖਿਆ ਲਾਭਾਂ ਤੋਂ ਹੱਥ ਧੋ ਬੈਠਦੇ ਹਨ, ਜਿਨ੍ਹਾਂ ’ਚ ਛੁੱਟੀਆਂ ਦਾ ਸਮਾਂ ਅਤੇ ਬਿਮਾਰ ਹੋਣ ’ਤੇ ਤਨਖ਼ਾਹ ਸਮੇਤ ਛੁੱਟੀਆਂ ਸ਼ਾਮਲ  ਹਨ, ਅਤੇ ਉਨ੍ਹਾਂ ਨੂੰ ਕੁੱਲ ਮਿਲਾ ਕੇ ਘੱਟ ਮਿਹਨਤਾਨਾ ਮਿਲਦਾ ਹੈ।’’

‘‘ਸਰਕਾਰਾਂ ਨੂੰ ਵੀ ਮਾਲੀਏ ’ਚ 1 ਅਰਬ ਡਾਲਰ ਦਾ ਘਾਟਾ ਪੈਂਦਾ ਹੈ ਕਿਉਂਕਿ ਨਿਗਮਿਤ ਡਰਾਈਵਰ ਅਤੇ ਉਨ੍ਹਾਂ ਦੇ ਰੁਜ਼ਗਾਰਦਾਤਾ ਟੈਕਸਾਂ ਦੀ ਅਦਾਇਗੀ ਨਹੀਂ ਕਰਦੇ ਹਨ।’’

ਗਰੁੱਪਾਂ ਨੇ ਕਿਹਾ ਕਿ ਇਨਫ਼ੋਰਸਮੈਂਟ ਦੇ ਬਾਵਜੂਦ ਇਹ ਸਮੱਸਿਆ ਵਧਦੀ ਹੀ ਜਾ ਰਹੀ ਹੈ। ਹਾਲਾਂਕਿ ਰੁਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ (ਈ.ਐਸ.ਡੀ.ਸੀ.) ਅਤੇ ਕੈਨੇਡਾ ਰੈਵੀਨਿਊ ਏਜੰਸੀ (ਸੀ.ਆਰ.ਏ.) ਵੱਲੋਂ ਇਸ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ।

CTA Driver Inc. campaign
ਸੀ.ਟੀ.ਏ. ਨੇ ਮੈਂਬਰਾਂ ਦਾ ਧਿਆਨ ਡਰਾਈਵਰ ਇੰਕ. ਦੀਆਂ ਕਾਰਵਾਈਆਂ ਵੱਲ ਦਿਵਾਉਣ ਲਈ ਸੋਸ਼ਲ ਮੀਡੀਆ ਟੂਲਜ਼ ਵਿਕਸਤ ਕੀਤੇ ਹਨ। (ਤਸਵੀਰ: ਸੀ.ਟੀ.ਏ.)

ਨਤੀਜੇ ਵਜੋਂ, ਸੀ.ਟੀ.ਏ. ਅਤੇ ਟੀਮਸਟਰਸ ਕੈਨੇਡਾ ਨੇ ਅਜਿਹੇ ਖੇਤਰਾਂ ’ਚ ‘ਤੁਰੰਤ ਅਤੇ ਸਰਗਰਮ’ ਇਨਫ਼ੋਰਸਮੈਂਟ ਦੀ ਮੰਗ ਕੀਤੀ ਹੈ ਜਿੱਥੇ ਸਿਫ਼ਰ ਮੁਲਾਜ਼ਮਾਂ ਵਾਲੇ ਕਾਰੋਬਾਰਾਂ ’ਚ ਵਾਧਾ ਹੋਇਆ ਹੈ।

ਅਜਿਹੀਆਂ ਕਾਰਵਾਈਆਂ ’ਚ ਕੈਰੀਅਰਾਂ ’ਤੇ ਈ.ਐਸ.ਡੀ.ਸੀ. ਅਤੇ ਸੀ.ਆਰ.ਏ. ਆਡਿਟ ਕਰਨਾ ਸ਼ਾਮਲ ਹੋਵੇਗਾ ਜਿਨ੍ਹਾਂ ਦੀ ਈ.ਐਸ.ਡੀ.ਸੀ. ਨੇ ਵੱਡੇ ਉਲੰਘਣਕਰਤਾਵਾਂ ਵਜੋਂ ਪਛਾਣ ਕੀਤੀ ਹੈ। ਅਜਿਹੀਆਂ ਕੰਪਨੀਆਂ ਅਤੇ ਨਿਗਮਿਤ ਡਰਾਈਵਰਾਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਨ੍ਹਾਂ ਨੂੰ ਵਿਅਕਤੀਗਤ ਸੇਵਾਵਾਂ ਕਾਰੋਬਾਰ ਵੀ ਕਿਹਾ ਜਾਂਦਾ ਹੈ।

ਗਰੁੱਪਾਂ ਨੇ ਕਿਹਾ, ‘‘ਸਾਰੇ ਵੱਡੇ ਉਲੰਘਣਕਰਤਾ ਜਿਨ੍ਹਾਂ ਨੂੰ ਫ਼ੈਡਰਲ ਰੁਜ਼ਗਾਰਦਾਤਾ ਤਨਖ਼ਾਹ ਸਬਸਿਡੀਆਂ (ਸੀ.ਈ.ਡਬਲਿਊ.ਐਸ.) ਵੀ ਮਿਲੀਆਂ ਸਨ, ਦਾ ਸੀ.ਆਰ.ਏ. ਵੱਲੋਂ ਆਡਿਟ ਹੋਣਾ ਚਾਹੀਦਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਪੀ.ਐਸ.ਬੀ. ਨੂੰ ਸੀ.ਈ.ਡਬਲਿਊ.ਐਸ. ਦਿੱਤੀ ਗਈ ਸੀ ਜਾਂ ਨਹੀਂ।’’

‘‘ਜਿਨ੍ਹਾਂ ਕੰਪਨੀਆਂ ਦੀ ਵੱਡੇ ਉਲੰਘਣਕਰਤਾਵਾਂ ਵਜੋਂ ਪਛਾਣ ਹੋਈ ਹੈ ਉਨ੍ਹਾਂ ’ਤੇ ਵੱਧ ਤੋਂ ਵੱਧ ਜੁਰਮਾਨਾ ਲੱਗਣਾ ਚਾਹੀਦਾ ਹੈ ਜੋ ਈ.ਐਸ.ਡੀ.ਸੀ. ਥੋਪ ਸਕਦਾ ਹੈ ਅਤੇ ਉਨ੍ਹਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਵਰਕਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਤਨਖ਼ਾਹਾਂ ਅਤੇ ਲਾਭ ਵੰਡਣ। ਇਨ੍ਹਾਂ ਦਾ ਅੱਗੇ ਵੀ ਆਡਿਟ ਹੁੰਦਾ ਰਹਿਣਾ ਚਾਹੀਦਾ ਹੈ।’’

ਗਰੁੱਪਾਂ ਨੇ ਈ.ਐਸ.ਡੀ.ਸੀ. ਅਤੇ ਸੀ.ਆਰ.ਏ. ਨੂੰ ਵੱਡੇ ਉਲੰਘਣਕਰਤਾਵਾਂ ਦੇ ਨਾਮ ਵੀ ਜਾਰੀ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ, ‘‘ਟੀਮਸਟਰਸ ਕੈਨੇਡਾ ਅਤੇ ਸੀ.ਟੀ.ਏ. ਫ਼ੈਡਰਲ ਸਰਕਾਰ ਅਤੇ ਪ੍ਰੋਵਿੰਸਾਂ ਨਾਲ ਵੀ ਮਿਲ ਕੇ ਕੰਮ ਕਰਨਾ ਚਾਹੇਗਾ ਤਾਂ ਕਿ ਜਨਤਕ ਜਾਗਰੂਕਤਾ ਮੁਹਿੰਮ ਰਾਹੀਂ ਡਰਾਈਵਰਾਂ ਨੂੰ ਕੁਵਰਗੀਕ੍ਰਿਤ ਕੀਤੇ ਜਾਣ ਵਿਰੁੱਧ ਜਾਗਰੂਕ ਕੀਤਾ ਜਾ ਸਕੇ, ਇਸ ਘਪਲੇ ’ਚ ਸ਼ਾਮਲ ਹੋਣ ਦੇ ਨਤੀਜਿਆਂ ਬਾਰੇ ਦੱਸਿਆ ਜਾ ਸਕੇ, ਅਤੇ ਜੇਕਰ ਉਨ੍ਹਾਂ ਨੂੰ ਰੁਜ਼ਗਾਰਦਾਤਾਵਾਂ ਵੱਲੋਂ ਇਸ ਕੰਮ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਕੋਲ ਮੌਜੂਦ ਕਾਨੂੰਨੀ/ਸਰਕਾਰੀ ਮੱਦਦ ਦੇ ਵਿਕਲਪਾਂ ਬਾਰੇ ਜਾਣਕਾਰੀ ਮਿਲ ਸਕੇ।’’

ਹੋਰ ਸਿਫ਼ਾਰਸ਼ਾਂ ’ਚ ਡਰਾਈਵਰ ਇੰਕ. ਕਾਰੋਬਾਰਾਂ ਨੂੰ ਸਰਕਾਰੀ ਅਤੇ ਕਰਾਊਨ ਠੇਕਿਆਂ ਤੋਂ ਬਾਹਰ ਕਰਨਾ, ਨਾਲ ਹੀ ਸਰਕਾਰੀ ਅਗਵਾਈ ਵਾਲੀ ਇਮੀਗਰੇਸ਼ਨ ਅਤੇ ਸਿਖਲਾਈ ਸਪੋਰਟ ਪ੍ਰੋਗਰਾਮਾਂ ਤੋਂ ਵੀ ਬਾਹਰ ਕਰਨਾ ਸ਼ਾਮਲ ਹੈ।

ਮੰਗੀ ਗਈ ਕਾਰਵਾਈ ਫ਼ੈਡਰਲ ਏਜੰਸੀਆਂ ਤੋਂ ਵੀ ਅੱਗੇ ਜਾਂਦੀ ਹੈ।

ਗਰੁੱਪਾਂ ਨੇ ਕਿਹਾ, ‘‘ਫ਼ੈਡਰਲ ਅਪਰਾਧਾਂ ਦੀ ਪਛਾਣ ਕੀਤੇ ਜਾਣ ’ਤੇ, ਈ.ਐਸ.ਡੀ.ਸੀ. ਨੂੰ ਆਪਣੇ-ਆਪ ਸੰਬੰਧਤ ਪ੍ਰੋਵਿੰਸ਼ੀਅਲ ਵਰਕਰਜ਼ ਕੰਪਨਸੇਸ਼ਨ ਬੋਰਡਸ (ਡਬਲਿਊ.ਸੀ.ਬੀ.) ਨੂੰ ਉਲੰਘਣਾਵਾਂ ਬਾਰੇ ਸੂਚਨਾ ਦੇਣੀ ਹੋਵੇਗੀ। ਦੂਜੇ ਪਾਸੇ, ਈ.ਐਸ.ਡੀ.ਸੀ. ਅਤੇ ਸੀ.ਆਰ.ਏ. ਨੂੰ ਪ੍ਰੋਵਿੰਸ਼ੀਅਲ ਅਥਾਰਟੀਆਂ ਕੋਲੋਂ ਆਡਿਟ ਨਤੀਜੇ ਪ੍ਰਾਪਤ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਡਰਾਈਵਰ ਇੰਕ. ਕੁਵਰਗੀਕਰਨ ਦੀ ਪਛਾਣ ਕੀਤੀ ਹੈ।’’

‘‘ਇਸੇ ਤਰ੍ਹਾਂ ਜਦੋਂ ਕੋਈ ਵੱਡੀ ਉਲੰਘਣਾ ਮਿਲਦੀ ਹੈ ਤਾਂ ਈ.ਐਸ.ਡੀ.ਸੀ. ਨੂੰ ਸੁਰੱਖਿਆ ਫ਼ਿਟਨੈੱਸ ਸਰਟੀਫ਼ਿਕੇਟ ਲਈ ਜ਼ਿੰਮੇਵਾਰ ਪ੍ਰੋਵਿੰਸ਼ੀਅਲ/ਟੈਰੇਟੋਰੀਅਲ ਟਰਾਂਸਪੋਰਟੇਸ਼ਨ ਅਧਿਕਾਰੀਆਂ ਨੂੰ ਵੀ ਸੂਚਿਤ ਕਰਨਾ ਹੋਵੇਗਾ ਅਤੇ ਕੈਰੀਅਰ ਦੀ ਨਿਗਰਾਨੀ ਕਰਨੀ ਹੋਵੇਗੀ ਤਾਂ ਕਿ ਇਹ ਪਛਾਣ ਕੀਤੀ ਜਾ ਸਕੇ ਕਿ ਕੀ ਉਲੰਘਣਕਰਤਾ ਕੈਰੀਅਰ ਸੰਬੰਧਤ ਪ੍ਰੋਵਿੰਸ਼ੀਅਲ ਸ਼ਾਸਨ ਪ੍ਰਣਾਲੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ ਜਾਂ ਨਹੀਂ, ਢੁਕਵੇਂ ਕਮਰਸ਼ੀਅਲ ਵਹੀਕਲ ਬੀਮਾ ਕਰ ਰਹੇ ਹਨ ਜਾਂ ਨਹੀਂ, ਅਤੇ ਨਿਗਰਾਨੀ ਤੋਂ ਬਚਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ।’’

ਉਨ੍ਹਾਂ ਨੇ ਅਥਾਰਟੀਆਂ ਨੂੰ ਸੇਫ਼ਟੀ ਫ਼ਿਟਨੈੱਸ ਸਰਟੀਫ਼ਿਕੇਟ ਵੀ ਰੱਦ ਕਰਨ ਅਤੇ ਡਰਾਈਵਰ ਇੰਕ. ਕਾਰੋਬਾਰਾਂ ਦੀਆਂ ਕਾਰਵਾਈਆਂ ਬੰਦ ਕਰਨ ਦੀ ਮੰਗ ਵੀ ਕੀਤੀ।

‘‘ਮੁੱਖ ਕੈਰੀਅਰ ਮਲਕੀਅਤ ਹੇਠ ਕੰਮ ਕਰਨ ਵਾਲੀਆਂ ਸਾਰੀਆਂ ਸੰਬੰਧਤ ਕੰਪਨੀਆਂ ਦੇ ਸੁਰੱਖਿਆ ਸਰਟੀਫ਼ਿਕੇਟ ਵੀ ਰੱਦ ਕਰ ਦਿੱਤੇ ਜਾਣਗੇ, ਅਤੇ ਉਨ੍ਹਾਂ ਦੇ ਨਾਵਾਂ ਨੂੰ ਜਨਤਕ ਕੀਤਾ ਜਾਵੇਗਾ।’’