12 ਦਸੰਬਰ ਨੂੰ ਖੁੱਲ੍ਹਣਗੀਆਂ ਗ੍ਰੀਨ ਫ਼ਰੇਟ ਫ਼ੰਡਿੰਗ ਲਈ ਅਰਜ਼ੀਆਂ

ਫ਼ੈਡਰਲ ਸਰਕਾਰ ਅਜਿਹੇ ਪ੍ਰੋਗਰਾਮ ਲਿਆਉਣ ਜਾ ਰਹੀ ਹੈ ਜੋ ਕਿ ਫ਼ਿਊਲ ਖਪਤ ਨੂੰ ਬਿਹਤਰ ਕਰਨ, ਉਤਸਰਜਨ ਘੱਟ ਕਰਨ, ਅਤੇ ਸਿਫ਼ਰ-ਉਤਸਰਜਨ ਗੱਡੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਫ਼ੰਡਾਂ ਦੀ ਪੇਸ਼ਕਸ਼ ਕਰਨਗੇ।

ਵਿਅਕਤੀਗਤ ਫ਼ਲੀਟ ਬਹੁਤ ਛੇਤੀ 200 ਮਿਲੀਅਨ ਗ੍ਰੀਨ ਫ਼ਰੇਟ ਪ੍ਰੋਗਰਾਮ ਦੇ ਹਿੱਸੇ ਵਜੋਂ ਫ਼ਿਊਲ ਖਪਤ ਅਤੇ ਜੀ.ਐਚ.ਜੀ. ਉਤਸਰਜਨ ਘੱਟ ਕਰਨ ਵਾਲੇ ਅਸੈਸਮੈਂਟ ਅਤੇ ਰੈਟਰੋਫ਼ਿੱਟ ’ਚ ਮੱਦਦ ਕਰਨ ਲਈ 250,000 ਡਾਲਰ ਤੱਕ ਦੇ ਪ੍ਰਸਤਾਵ ਜਮ੍ਹਾਂ ਕਰਵਾਉਣ ’ਚ ਸਮਰੱਥ ਹੋਣਗੇ।

ਇਸ ਤੋਂ ਪਹਿਲਾਂ ਗ੍ਰੀਨ ਫ਼ਰੇਟ ਅਸੈਸਮੈਂਟ ਪ੍ਰੋਗਰਾਮ, ਹੇਠ 3.4 ਮਿਲੀਅਨ ਡਾਲਰ ਇਸੇ ਤਰ੍ਹਾਂ ਦੇ ਪ੍ਰਾਜੈਕਟਾਂ ’ਚ 2012 ਅਤੇ 2022 ਵਿਚਕਾਰ ਨਿਵੇਸ਼ ਕੀਤੇ ਗਏ ਸਨ।

ਪੇਸ਼ਕਸ਼ਾਂ ਲਈ ਦੂਜਾ ਸੱਦਾ ਸਿਫ਼ਰ-ਉਤਸਰਜਨ ਵਹੀਕਲ ਜਾਗਰੂਕਤਾ ਪਹਿਲ (ਜ਼ੈੱਡ.ਈ.ਵੀ.ਏ.ਆਈ.) ਦੇ ਨਵੇਂ ਮੀਡੀਅਮ- ਅਤੇ ਹੈਵੀ-ਡਿਊਟੀ ਸਟ੍ਰੀਮ ਰਾਹੀਂ ਜਾਗਰੂਕਤਾ ਅਤੇ ਵਿੱਦਿਅਕ ਪ੍ਰਾਜੈਕਟਾਂ ’ਤੇ ਕੇਂਦਰਤ ਹੋਵੇਗੀ।

ਪੇਸ਼ਕਸ਼ਾਂ ਲਈ ਦੋਵੇਂ ਸੱਦੇ 12 ਦਸੰਬਰ ਨੂੰ ਕੁਦਰਤੀ ਸਰੋਤ ਕੈਨੇਡਾ ਦੀ ਵੈੱਬਸਾਈਟ ’ਤੇ ਖੁੱਲ੍ਹਣਗੇ।

(ਤਸਵੀਰ: ਆਈਸਟਾਕ)

ਇਹ ਕੰਮ ਮੀਡੀਅਮ- ਅਤੇ ਹੈਵੀ-ਡਿਊਟੀ ਸਿਫ਼ਰ ਉਤਸਰਜਨ ਗੱਡੀਆਂ ਲਈ ਵਿੱਤੀ ਮੱਦਦ ਦੇ ਆਲੇ-ਦੁਆਲੇ ਘੁੰਮਦਾ ਹੈ, ਜਿਸ ਦਾ ਟੀਚਾ 2026 ’ਚ ਹਰ ਸਾਲ ਉਤਸਰਜਨ ਨੂੰ 200,000 ਟਨ ਘੱਟ ਕਰ ਕੇ ਇਸ ਨੂੰ 2030 ਤੱਕ 3 ਮਿਲੀਅਨ ਟਨ ਪ੍ਰਤੀ ਸਾਲ ਕਰਨਾ ਹੈ।

ਜਿੱਥੇ ਵੀ ਸੰਭਵ ਹੋਵੇ, ਕੈਨੇਡਾ ਅੰਦਰ ਵਿਕਣ ਵਾਲੀਆਂ ਸਾਰੀਆਂ ਗੱਡੀਆਂ ਨੂੰ 2040 ਤੱਕ ਸਿਫ਼ਰ-ਉਤਸਰਜਨ ਬਣਾਇਆ ਜਾਣਾ ਲਾਜ਼ਮੀ ਹੋਵੇਗਾ।

ਆਵਾਜਾਈ ਮੰਤਰੀ ਓਮਰ ਐਲਗਾਬਰਾ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘‘ਆਪਣੀ ਮਹੱਤਵਪੂਰਨ ਸਪਲਾਈ ਚੇਨ ਨੂੰ ਕਾਇਮ ਰੱਖ ਕੇ ਅਤੇ ਕੈਨੇਡੀਅਨ ਲੋਕਾਂ ਨੂੰ ਲੋੜੀਂਦੇ ਉਤਪਾਦ ਸਮੇਂ ਸਿਰ ਪਹੁੰਚਾ ਕੇ ਕੈਨੇਡਾ ਸਰਕਾਰ ਫ਼ਲੀਟ ਪੱਧਰੀ ਹੱਲ ’ਚ ਨਿਵੇਸ਼ ਕਰਨ ਨਾਲ ਟਰੱਕਰਸ ਨੂੰ ਉਤਸਰਜਨ ਘੱਟ ਕਰਨ ’ਚ ਮੱਦਦ ਕਰ ਰਹੀ ਹੈ।’’

‘‘ਭਾਵੇਂ ਉਹ ਖਪਤਕਾਰ ਹੋਣ ਜਾਂ ਟਰੱਕ ਡਰਾਈਵਰ, ਪੂਰੇ ਕੈਨੇਡਾ ’ਚ ਲੋਕ ਸਵੱਛ ਵਿਕਲਪਾਂ ਨੂੰ ਅਪਣਾ ਰਹੇ ਹਨ ਜੋ ਕਿ ਪੰਪ ’ਤੇ ਉਨ੍ਹਾਂ ਦੇ ਪੈਸੇ ਦੀ ਬੱਚਤ ਵੀ ਕਰਦੇ ਹਨ।’’

ਮਿਸੀਸਾਗਾ-ਸਟ੍ਰੀਟਸਵਿਲੇ ਦੇ ਐਮ.ਪੀ. ਰਿਚੀ ਵਾਲਡੇਜ਼ ਨੇ ਕਿਹਾ, ‘‘ਅੱਜ ਦਾ ਐਲਾਨ ਇਹ ਯਕੀਨੀ ਕਰੇਗਾ ਕਿ ਸਾਡੀ ਸਪਲਾਈ ਚੇਨ ਨੂੰ ਚਲਦਾ ਰੱਖਣ ਵਾਲੇ ਲੋਕ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਸਾਡੀ ਲੜਾਈ ’ਚ ਮੂਹਰੇ ਹੋ ਕੇ ਲੜ ਰਹੇ ਹਨ।’’