ਅਲਬਰਟਾ ’ਚ ਪਲੈਟੂਨਿੰਗ ਟਰੱਕ ਕਰ ਰਹੇ ਹਨ ਅੰਕੜੇ ਇਕੱਠੇ

ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏੇ.) ਨੇ ਇੱਕ ਆਨਲਾਈਨ ਪੋਸਟ ’ਚ ਕਿਹਾ ਹੈ ਕਿ ਅਲਬਰਟਾ ’ਚ ਟਰੱਕਾਂ ਦੀ ਪਲੈਟੂਨਿੰਗ ਬਾਰੇ ਅੰਕੜੇ ਇਕੱਠੇ ਕਰਨ ਦਾ ਕੰਮ ਚਲ ਰਿਹਾ ਹੈ।

ਏ.ਐਮ.ਟੀ.ਏ. ਨੇ ਕੋਆਪਰੇਟਿਵ ਟਰੱਕ ਪਲੈਟੂਨਿੰਗ ਸਿਸਟਮ (ਸੀ.ਟੀ.ਪੀ.ਐਸ.) ਦੇ ਟਰਾਇਲ ਫ਼ੇਜ਼ ਦਾ ਸਤੰਬਰ 2021 ’ਚ ਆਗਾਜ਼ ਇਹ ਵੇਖਣ ਲਈ ਕੀਤਾ ਸੀ ਕਿ ਪੀਟਰਬਿਲਟ 579 ਦੀ ਇੱਕ ਇਲੈਕਟ੍ਰਾਨਿਕ ਤੌਰ ’ਤੇ ਬਣਾਈ ਜੋੜੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਵਿਖਾਉਂਦੀ ਹੈ। ਹੁਣ ਧਿਆਨ ਸੜਕ ’ਤੇ ਅੰਕੜੇ ਇਕੱਠੇ ਕਰਨ, ਮਨੁੱਖੀ ਕਾਰਕ, ਅਤੇ ਫ਼ਿਊਲ ਬੱਚਤ ਵੱਲ ਹੈ।

ਡੇਜ਼ੀ ਅਤੇ ਲਿੱਲੀ ਵਜੋਂ ਪੁਕਾਰੇ ਜਾਂਦੇ ਦੋ ਟਰੱਕਾਂ ਨੂੰ ਬਾਇਜ਼ਨ ਟਰਾਂਸਪੋਰਟ ਦੇ ਡਰਾਈਵਰ ਚਲਾ ਰਹੇ ਹਨ। ਇਸ ਹੇਠ ਡਰਾਈਵਰ ਅਸਿਸਟੈਂਸ ਸਿਸਟਮ, ਪਰੋਂਟੋ ਏ.ਆਈ. ਕੋ-ਪਾਇਲਟ ਨਾਲ ਟਰੈਕਟਰ-ਟਰੇਲਰਾਂ ਨੂੰ ਇੱਕ-ਦੂਜੇ ਪਿੱਛੇ ਚੱਲਣ ਦੀ ਦੂਰੀ ਘੱਟ ਕਰਨ ’ਚ ਮੱਦਦ ਮਿਲਦੀ ਹੈ ਤਾਂ ਕਿ ਹਵਾ ਦਾ ਪੈਣ ਵਾਲਾ ਦਬਾਅ ਘੱਟ ਹੋ ਸਕੇ ਅਤੇ ਫ਼ਿਊਲ ਦੀ ਬਚਤ ਵੱਧ ਸਕੇ। ਪਿੱਛੇ ਚੱਲਣ ਵਾਲੀ ਗੱਡੀ ਵੀ ਅੱਗੇ ਚੱਲਣ ਵਾਲੀ ਗੱਡੀ ਨਾਲ ਹੀ ਬਰੇਕ ਲਾਉਂਦੀ ਹੈ ਅਤੇ ਗਤੀ ਫੜਦੀ ਹੈ।

ਇਸ ਤੋਂ ਪਹਿਲਾਂ ਦੇ ਟੈਸਟ ਦੇ ਆਧਾਰ ’ਤੇ, ਨਾਰਥ ਅਮੈਰੀਕਨ ਕੌਂਸਲ ਫ਼ਾਰ ਫ਼ਰੇਟ ਐਫ਼ੀਸ਼ੀਐਂਸੀ (ਐਨ.ਏ.ਸੀ.ਐਫ਼.ਈ.) ਨੇ ਮੰਨਿਆ ਕਿ 40-50 ਫ਼ੁੱਟ ਦੀ ਦੂਰੀ ’ਤੇ ਚੱਲਣ ਵਾਲੇ ਦੋਵੇਂ ਟਰੱਕਾਂ ’ਚ ਫ਼ਿਊਲ ਦੀ ਬੱਚਤ 4% ਦੇ ਲਗਭਗ ਹੁੰਦੀ ਹੈ। ਅਜਿਹੇ ਪਲੈਟੂਨਿੰਗ ਟੈਸਟ ’ਚ ਪਿੱਛੇ ਚੱਲਣ ਵਾਲੇ ਟਰੱਕ ਦੀ ਫ਼ਿਊਲ ਖਪਤ 10% ਘੱਟ ਹੁੰਦੀ ਹੈ।

ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ 65,000 ਪਾਊਂਡ ਭਾਰ ਵਾਲੇ ਤਿੰਨ ਟਰੈਕਟਰ-ਟਰੇਲਰਾਂ ਦੀ ਪਲੈਟੂਨਿੰਗ ਕਰਨ ਨਾਲ ਫ਼ਿਊਲ ਬੱਚਤ ’ਚ 6% ਦਾ ਵਾਧਾ ਸੰਭਵ ਹੈ, ਜਦੋਂ ਇਹ ਗੱਡੀਆਂ ਇੱਕ-ਦੂਜੀ ਤੋਂ 57 ਫ਼ੁੱਟ ਦੇ ਫ਼ਾਸਲੇ ’ਤੇ ਹਾਈਵੇ ਸਪੀਡ ’ਤੇ ਚੱਲ ਰਹੀਆਂ ਹੋਣ। ਬਲੇਨਵਿਲ, ਕਿਊਬੈੱਕ ’ਚ ਇਸ ਤੋਂ ਪਹਿਲਾਂ ਹੋਏ ਟੈਸਟਾਂ ’ਚ ਨਿਯੰਤਰਿਤ ਹਾਲਾਤ ਅਧੀਨ ਫ਼ਿਊਲ ਬੱਚਤ 14.2% ਰਹੀ।

ਅਲਬਰਟਾ ਪ੍ਰਾਜੈਕਟ ਲਈ ਗੱਡੀਆਂ ਦੇ ਟਰਾਇਲ ਕੁਈਨ ਐਲੀਜ਼ਾਬੈੱਥ 2 ਹਾਈਵੇ ’ਤੇ ਕੈਲਗਰੀ ਅਤੇ ਐਡਮਿੰਟਨ ਵਿਚਕਾਰ ਅਪ੍ਰੈਲ 2022 ਤੱਕ ਹੋਣਗੇ।