ਇੱਕ ਵਿਕਸਤ ਹੋ ਰਹੇ ਉਦਯੋਗ ’ਚ ਟਰੱਕਿੰਗ ਦਾ ਬਦਲ ਰਿਹਾ ਰੂਪ

ਬਰੈਂਪਟਨ, ਓਂਟਾਰੀਓ ਵਿਖੇ 27 ਜੁਲਾਈ ਨੂੰ ਹੋਈ ਟਰੱਕ ਟਰੇਨਿੰਗ ਸਕੂਲਜ਼ ਐਸੋਸੀਏਸ਼ਨ ਆਫ਼ ਓਂਟਾਰੀਓ ਦੀ ਛੇਵੀਂ ਸਾਲਾਨਾ ਕਾਨਫ਼ਰੰਸ ’ਚ ਟਰੱਕਿੰਗ ਉਦਯੋਗ ਦਾ ਬਦਲ ਰਿਹਾ ਰੂਪ ਭਖਵਾਂ ਮੁੱਦਾ ਬਣਿਆ ਰਿਹਾ ਅਤੇ ਨਾਲ ਗਿੱਗ ਆਰਥਿਕਤਾ, ਲੋੜੀਂਦੀ ਕਾਨੂੰਨ ਤਾਮੀਲੀ ਅਤੇ ਸਿਸਟਮ ’ਚ ਚੋਰ ਮੋਰੀਆਂ ਨੂੰ ਭਰਨ ਦੀ ਮੰਗ ’ਤੇ ਵੀ ਚਰਚਾ ਹੋਈ।

Picture of Mike McCarron and Manan Gupta
ਬਰੈਂਪਟਨ, ਓਂਟਾਰੀਓ ’ਚ ਟਰੱਕ ਟਰੇਨਿੰਗ ਸਕੂਲਜ਼ ਐਸੋਸੀਏਸ਼ਨ ਆਫ਼ ਓਂਟਾਰੀਓ ਦੀ ਛੇਵੀਂ ਸਾਲਾਨਾ ਕਾਨਫ਼ਰੰਸ ’ਚ ਚਰਚਾ ਦੌਰਾਨ ਮਾਈਕ ਮੈਕੈਰੋਨ, ਖੱਬੇ ਪਾਸੇ, ਅਤੇ ਮਨਨ ਗੁਪਤਾ। ਤਸਵੀਰ: ਲੀਓ ਬਾਰੋਸ

ਉਦਯੋਗਪਤੀ ਅਤੇ ਟੂਡੇਜ਼ ਟਰੱਕਿੰਗ ਦੇ ਕਾਲਮਨਵੀਸ ਮਾਇਕ ਮੈਕੈਰੋਨ, ਜਿਨ੍ਹਾਂ ਕੋਲ ਉਦਯੋਗ ਦਾ 39 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ, ਨੇ ਕਿਹਾ ਟਰੱਕਿੰਗ ਉਦਯੋਗ ਦੋ ਵੱਖੋ-ਵੱਖ ਮੁਕਾਬਲੇਬਾਜ਼ ਕਾਰੋਬਾਰ ਹਨ।

ਇੱਕ ਪਾਸੇ ਪੁਰਾਣੇ ਕੈਰੀਅਰ ਹਨ – ਕੈਨੇਡੀਅਨ ਪਰਿਵਾਰਾਂ ਵੱਲੋਂ ਸਥਾਪਤ ਪੁਰਾਣੀਆਂ ਕੰਪਨੀਆਂ ਜੋ ਕਿ ਪੀੜ੍ਹੀ-ਦਰ-ਪੀੜ੍ਹੀ ਟਰੱਕਰ ਹਨ – ਅਤੇ ਦੂਜੇ ਪਾਸੇ ਨਵੇਂ ਖਿਡਾਰੀ ਹਨ, ਜਿਨ੍ਹਾਂ ਦੀ ਮਲਕੀਅਤ ਪ੍ਰਵਾਸੀਆਂ ਅਤੇ ਇਸ ਉਦਯੋਗ ’ਚ ਕਦਮ ਰੱਖਣ ਵਾਲੇ ਨਵੇਂ ਲੋਕਾਂ ਕੋਲ ਹੈ।

ਈਵੈਂਟ ਵਿਖੇ ਇੱਕ ਸੈਸ਼ਨ ਦੌਰਾਨ, ਮੈਕੈਰੋਨ ਨੇ ਕਿਹਾ ਕਿ ਪੁਰਾਣੇ ਕੈਰੀਅਰ ਤੇਜ਼ੀ ਨਾਲ ਘੱਟ ਹੁੰਦੇ ਜਾ ਰਹੇ ਹਨ ਕਿਉਂਕਿ ਨਵੇਂ ਕੈਰੀਅਰ ਸਟਾਰਟ-ਅੱਪਸ ਮੈਦਾਨ ’ਚ ਕਦਮ ਰੱਖ ਰਹੇ ਹਨ। 2021 ’ਚ, ਕੈਨੇਡਾ ਅੰਦਰ 40 ਪੁਰਾਣੇ ਕੈਰੀਅਰ ਵਿਕ ਗਏ।

ਜ਼ਿਆਦਾਤਰ ਪੁਰਾਣੇ ਕੈਰੀਅਰ ਗ੍ਰਾਹਕਾਂ ਲਈ ਲੋਡ ਢੋਂਦੇ ਹਨ, ਉਹ ਕਾਰੋਬਾਰ ਲਈ 3ਪੀ.ਐਲ. ਅਤੇ 4ਪੀ.ਐਲ. ਆਪਰੇਟਰਾਂ ਵਿਰੁੱਧ ਮੁਕਾਬਲਾ ਕਰਦੇ ਹਨ। ਨਵੇਂ ਫ਼ਲੀਟ ਬਰੋਕਰਾਂ ਦਾ ਲੋਡ ਲੈ ਕੇ ਜਾਂਦੇ ਹਨ ਅਤੇ ਕਾਰੋਬਾਰ ਲਈ ਇੱਕ-ਦੂਜੇ ਵਿਰੁੱਧ ਮੁਕਾਬਲੇਬਾਜ਼ੀ ਕਰਦੇ ਹਨ। ਮੈਕੈਰੋਨ ਨੇ ਕਿਹਾ ਕਿ ਜ਼ਿਆਦਾਤਰ ਪੁਰਾਣੇ ਕੈਰੀਅਰਾਂ ਕੋਲ ਫ਼ਰੇਟ ਬਰੋਕਰੇਜ ਡਿਵੀਜ਼ਨ ਹਨ ਜੋ ਕਿ ਨਵੇਂ ਕੈਰੀਅਰਾਂ ਦਾ ਪ੍ਰਯੋਗ ਕਰਦੇ ਹਨ।

ਦਾਗ਼ਦਾਰ ਸੁਰੱਖਿਆ ਰਿਕਾਰਡ
ਮੈਕੈਰੋਨ ਨੇ ਕਿਹਾ ਕਿ ਜਿੱਥੇ ਪੁਰਾਣੇ ਕੈਰੀਅਰ ਸੜਕ ’ਤੇ ਸਭ ਤੋਂ ਸੁਰੱਖਿਅਤ ਹਨ ਅਤੇ ਜ਼ਿਆਦਾਤਰ ਡਰਾਈਵਰਾਂ ਨੂੰ ਕੈਨੇਡਾ ਰੈਵੀਨਿਊ ਏਜੰਸੀ ਦੀਆਂ ਜ਼ਰੂਰਤਾਂ ਮੁਤਾਬਕ ਅਦਾਇਗੀ ਕਰਦੇ ਹਨ, ਉੱਥੇ ਅੰਕੜਿਆਂ ਅਨੁਸਾਰ ਨਵੇਂ ਕੈਰੀਅਰਾਂ ਦੇ ਸੁਰੱਖਿਆ ਰਿਕਾਰਡ ਦਾਗ਼ਦਾਰ ਹੁੰਦੇ ਹਨ, ਅਤੇ ਇਹ ਅਜਿਹੇ ਡਰਾਈਵਿੰਗ ਸਕੂਲਾਂ ਨਾਲ ਜੁੜੇ ਹੁੰਦੇ ਹਨ ਜੋ ਉਮੀਦਵਾਰਾਂ ਨੂੰ ਟੈਸਟ ਪਾਸ ਕਰਨ ਲਈ ਸਿਖਲਾਈ ਦਿੰਦੇ ਹਨ, ਨਾ ਕਿ ਸੁਰੱਖਿਅਤ ਰਹਿਣ ਲਈ।

ਨਿਊਕਾਮ ਸਾਊਥ ਏਸ਼ੀਅਨ ਮੀਡੀਆ ਕੰਪਨੀ ਦੇ ਜਨਰਲ ਮੈਨੇਜਰ ਅਤੇ ਪ੍ਰਕਾਸ਼ਕ ਮਨਨ ਗੁਪਤਾ ਨੇ ਕਿਹਾ ਕਿ ਦਾਗ਼ਦਾਰ ਕੈਰੀਅਰ ਹਰ ਪਾਸੇ ਵੇਖੇ ਜਾ ਸਕਦੇ ਹਨ। ਨਵੇਂ ਉਦਯੋਗਪਤੀ ਜ਼ੋਖ਼ਮ ਚੁੱਕਣ ਲਈ ਤਿਆਰ ਹਨ ਅਤੇ ਸਫ਼ਲਤਾ ਪ੍ਰਾਪਤ ਕਰਨ ਲਈ ਸ਼ਾਰਟਕੱਟ ਮਾਰਨ ਦੀ ਇੱਛਾ ਰੱਖਣ ਵਾਲੇ ਵੀ ਹਨ। ਉਨ੍ਹਾਂ ਕਿਹਾ ਕਿ ਇਸ ਸਭ ਦੀ ਨਿਗਰਾਨੀ ਨਾਕਾਫ਼ੀ ਹੈ ਅਤੇ ਤਾਮੀਲੀ ਦੀ ਕਮੀ ਹੈ।

ਗਿੱਗ ਆਰਥਿਕਤਾ ਕਰਕੇ ਟਰੱਕਿੰਗ ਉਦਯੋਗ ਨਜ਼ਰਾਂ ’ਚ ਹੈ, ਜਿੱਥੇ ਡਰਾਈਵਰ ਠੇਕੇਦਾਰਾਂ ਵਜੋਂ ਭੁਗਤਾਨ ਚਾਹੁੰਦੇ ਹਨ। ਗੁਪਤਾ ਨੇ ਕਿਹਾ, ‘‘ਗਿੱਗ ਆਰਥਿਕਤਾ ਕਿਤੇ ਨਹੀਂ ਜਾ ਰਹੀ। ਜੇ ਕੁੱਝ ਗਲਤ ਵਾਪਰ ਰਿਹਾ ਹੈ ਤਾਂ ਇਸ ਦਾ ਮਤਲਬ ਕਿ ਕੋਈ ਤਾਂ ਹੈ ਜੋ ਇਸ ਨੂੰ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਸਿਸਟਮ ਵਿਚ ਚੋਰ ਮੋਰੀਆਂ ਹਨ ਅਤੇ ਲੋਕ ਇਸ ਦੀ ਦੁਰਵਰਤੋ ਕਰ ਰਹੇ ਹਨ।

‘‘ਜੇਕਰ ਸਰਕਾਰ ਅਤੇ ਕਾਨੂੰਨ ਤਾਮੀਲੀ ਏਜੰਸੀਆਂ ਨੂੰ ਇਸ ਦਾ ਪਤਾ ਹੈ, ਤਾਂ ਉਹ ਇਨ੍ਹਾਂ ਨੂੰ ਬੰਦ ਕਿਉਂ ਨਹੀਂ ਕਰ ਰਹੀਆਂ? ਜੇਕਰ ਉਹ ਇਸ ਨੂੰ ਬੰਦ ਨਹੀਂ ਕਰ ਰਹੀਆਂ ਹਨ, ਤਾਂ ਕਸੂਰ ਕਿਸ ਦਾ ਹੈ, ਤੁਸੀਂ ਪ੍ਰਯੋਗਕਰਤਾਵਾਂ ਨੂੰ ਦੋਸ਼ ਕਿਉਂ ਦੇ ਰਹੋ ਹੋ ਅਤੇ ਕਾਨੂੰਨ ਤਾਮੀਲੀ ਜਾਂ ਨੀਤੀ ਨਿਰਮਾਤਾਵਾਂ ਬਾਰੇ ਕਿਉਂ ਨਹੀਂ ਬੋਲ ਰਹੇ?’’

ਪੁਰਾਣੇ ਕੈਰੀਅਰ ਡਰਾਈਵਰਾਂ ਦੀ ਭਰਤੀ ਅਤੇ ਮੁਕਾਬਲੇਬਾਜ਼ਾਂ ਤੋਂ ਡਰਾਈਵਰ ਖੋਹ ਲੈਣ ਲਈ ਸੰਘਰਸ਼ ਕਰ ਰਹੇ ਹਨ, ਮੈਕੈਰੋਨ ਨੇ ਕਿਹਾ ਕਿ ਨਵੇਂ ਕੈਰੀਅਰ ਆਪਣੇ ਭਾਈਚਾਰਿਆਂ ’ਚੋਂ ਹੀ ਲੋਕਾਂ ਨੂੰ ਆਕਰਸ਼ਿਤ ਕਰੀ ਜਾ ਰਹੇ ਹਨ।

ਪ੍ਰਵਾਸੀ ਭਰ ਰਹੇ ਨੇ ਖ਼ਾਲੀ ਥਾਵਾਂ
ਗੁਪਤਾ ਨੇ ਕਿਹਾ ਕਿ ਕੈਨੇਡਾ ’ਚ ਜਨਮੇ ਮਿਲੇਨੀਅਲਸ ਪੀੜ੍ਹੀ ਦੇ ਲੋਕ ਉਦਯੋਗ ਤੋਂ ਪਾਸਾ ਵੱਟ ਰਹੇ ਹਨ ਅਤੇ ਨਵੇਂ ਪ੍ਰਵਾਸੀ ਇਨ੍ਹਾਂ ਖ਼ਾਲੀ ਥਾਵਾਂ ਨੂੰ ਭਰ ਰਹੇ ਹਨ। ਹਰ ਸਾਲ ਕੈਨੇਡਾ ਆ ਰਹੇ ਸੈਂਕੜੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਕੇ ਇਸ ਉਦਯੋਗ ’ਚ ਦਾਖ਼ਲ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇੱਥੇ ਸਫ਼ਲ ਹੋਣ ਦਾ ਮੌਕਾ ਦਿਸਦਾ ਹੈ।

ਉਨ੍ਹਾਂ ਕਿਹਾ ਕਿ ਇਹ ਉਦਯੋਗ ਏਨਾ ਮਸ਼ਹੂਰ ਹੈ ਕਿ ਜੀ.ਟੀ.ਏ. ਦੇ ਰੀਜਨ ਆਫ਼ ਪੀਲ ’ਚ ਲਗਭਗ 100 ਡਰਾਈਵਰ ਸਿਖਲਾਈ ਸਕੂਲ ਹਨ।

ਮੈਕੈਰੋਨ ਨੇ ਟਰੱਕ ਸਿਖਲਾਈ ਸਕੂਲਾਂ ਦੇ ਨਾਂ ’ਤੇ ਘਪਲੇ ਕਰਨ ਵਾਲਿਆਂ ਬਾਰੇ ਵੀ ਚਰਚਾ ਕੀਤੀ ਜੋ ਕਿ ਪ੍ਰਵਾਸੀਆਂ ਦੀ ਬਦਨਾਮੀ ਕਰ ਰਹੇ ਹਨ, ਜਿੱਥੇ ‘ਕੋਈ ਵੀ ਟਰੱਕ ਦਾ ਲਾਇਸੰਸ ਪ੍ਰਾਪਤ ਕਰ ਕੇ ਅਗਲੇ ਦਿਨ ਟਰੇਨਰ ਬਣ ਸਕਦਾ ਹੈ।’

ਕਾਨੂੰਨ ਤਾਮੀਲੀ ਦੀ ਕਮੀ
ਗੁਪਤਾ ਨੇ ਕਿਹਾ ਕਿ ਇਹ ਅਜਿਹੇ ਸਿਸਟਮ ਦਾ ਉਤਪਾਦ ਹੈ ਜੋ ਅਜਿਹਾ ਹੋਣ ਦੀ ਇਜਾਜ਼ਤ ਦੇ ਰਿਹਾ ਹੈ। ਉਨ੍ਹਾਂ ਨੇ ਕਾਲਜ ਅਤੇ ਯੂਨੀਵਰਸਿਟੀਆਂ ਦੇ ਮੰਤਰਾਲੇ ਨੂੰ ਮੰਗ ਕੀਤੀ ਕਿ ਉਹ ਵੱਧ ਇੰਸਪੈਕਟਰ ਭਰਤੀ ਕਰਨ ਅਤੇ ਵੱਧ ਜਾਂਚਾਂ ਕਰਨ। ‘‘ਉਹ ਪ੍ਰਾਈਵੇਟ ਕਰੀਅਰ ਕਾਲਜਾਂ ਵਜੋਂ ਚੱਲ ਰਹੇ ਵੱਧ ਟਰੱਕ ਡਰਾਈਵਿੰਗ ਸਕੂਲਾਂ ਦੀ ਇਜਾਜ਼ਤ ਕਿਉਂ ਦੇ ਰਹੇ ਹਨ। ਉਨ੍ਹਾਂ ਨੂੰ ਮਾੜੇ ਸਕੂਲਾਂ ਬਾਰੇ ਲੋਕਾਂ ਨੂੰ ਦੱਸ ਕੇ ਉਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।’’

ਮੈਕੈਰੋਨ ਨੇ ਕਿਹਾ ਕਿ ਦਾਗ਼ਦਾਰ ਸਕੂਲਾਂ ਵੱਲੋਂ ਸਿਖਲਾਈ ਪ੍ਰਾਪਤ ਡਰਾਈਵਰ, ਜੋ ਸੜਕ ’ਤੇ ਨਹੀਂ ਹੋਣਾ ਚਾਹੀਦਾ ਸੀ, ਉਹ ਕਿਸੇ ਦੀ ਜਾਨ ਲੈ ਸਕਦਾ ਹੈ। ਅੰਕੜੇ ਚੌਕਸ ਕਰਨ ਵਾਲੇ ਹਨ। ਪਿਛਲੇ ਪੰਜ ਸਾਲਾਂ ’ਚ ਟਰੱਕ ਹਾਦਸਿਆਂ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ 2% ਅਤੇ ਹਰ 100,000 ਮੀਲਾਂ ’ਤੇ ਹੋਣ ਵਾਲੇ ਹਾਦਸਿਆਂ ਦੀ ਗਿਣਤੀ 4% ਵਧੀ ਹੈ ਅਤੇ ਟੱਕਰਾਂ ’ਚ ਹੋਏ ਜ਼ਖ਼ਮੀਆਂ ਦੀ ਗਿਣਤੀ 6% ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਨਵੇਂ ਕੈਰੀਅਰਾਂ ਅਤੇ ਟਰੇਨਿੰਗ ਸਕੂਲ ਘਪਲਿਆਂ ਦੀ ਗਿਣਤੀ ਵਧਣ ਨਾਲ ਹੀ ਵਧੀ ਹੈ।

ਗੁਪਤਾ ਨੇ ਮੰਨਿਆ ਕਿ ਹਾਈਵੇ ਸੁਰੱਖਿਆ ਨੰਬਰ ਚੌਕਸ ਕਰ ਦੇਣ ਵਾਲੇ ਹਨ ਅਤੇ ਉਨ੍ਹਾਂ ਨੇ ਓ.ਪੀ.ਪੀ. ਅੰਕੜਿਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਉਜਾਗਰ ਕੀਤਾ ਕਿ ਕਮਰਸ਼ੀਅਲ ਮੋਟਰ ਵਹੀਕਲ ਟੱਕਰਾਂ ’ਚ ਸਾਲ ਦਰ ਸਾਲ 40% ਦਾ ਵਾਧਾ ਦਰਜ ਕੀਤਾ ਗਿਆ।

ਅੰਕੜੇ ਸਾਂਝੇ ਕਰਨਾ
ਪਰ, ਉਨ੍ਹਾਂ ਕਿਹਾ, ਇਸ ’ਚ ਸ਼ਾਮਲ ਕੈਰੀਅਰਾਂ ਦਾ ਪਤਾ ਨਹੀਂ ਹੈ। ਉਨ੍ਹਾਂ ਨੇ ਬੀਮਾ ਕੰਪਨੀਆਂ ਨੂੰ ਸੱਚਾਈ ਬਿਆਨ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘ਟੱਕਰਾਂ ’ਚ ਸ਼ਾਮਲ ਟਰੱਕਾਂ ਦਾ ਕਿਸੇ ਨੇ ਤਾਂ ਬੀਮਾ ਕੀਤਾ ਹੋਵੇਗਾ।’’

ਗੁਪਤਾ ਨੇ ਕਾਨਫ਼ਰੰਸ ’ਚ ਸਿਆਸਤਦਾਨਾਂ ਦੇ ਨਾ ਪਹੁੰਚਣ ਦੀ ਵੀ ਨਿਖੇਧੀ ਕੀਤੀ। ‘‘ਉਨ੍ਹਾਂ ਨੂੰ ਇੱਥੇ ਹੋਣਾ ਚਾਹੀਦਾ ਸੀ, ਉਨ੍ਹਾਂ ਨਾਲ ਅੰਕੜੇ ਸਾਂਝੇ ਕੀਤੇ ਜਾਣੇ ਚਾਹੀਦੇ ਹਨ।’’ ਉਨ੍ਹਾਂ ਕਿਹਾ ਕਿ ਨੀਤੀਘਾੜਿਆਂ ਨੂੰ ਤੱਥ ਵੇਖ ਲੈਣੇ ਚਾਹੀਦੇ ਹਨ, ਨਹੀਂ ਤਾਂ ਇਸ ਦਾ ਹੱਲ ਨਹੀਂ ਲੱਭਿਆ ਸਕੇਗਾ।

ਭਵਿੱਖ ਵੱਲ ਵੇਖਦਿਆਂ ਗੁਪਤਾ ਨੇ ਕਿਹਾ ਕਿ ਅਗਲੇ 10 ਸਾਲਾਂ ’ਚ, ਨਵੇਂ ਪ੍ਰਵਾਸੀਆਂ ਦੀ ਆਮਦ ਜਾਰੀ ਰਹੇਗੀ, ਅਤੇ ਉਦਯੋਗ ਦੀ ਨੈਤਿਕਤਾ ਨੂੰ ਕਾਇਮ ਰੱਖਣ ਲਈ ਸਰੋਤਾਂ ਦੀ ਜ਼ਰੂਰਤ ਹੈ, ਨਹੀਂ ਤਾਂ ਬਦਲਾਅ ਨਹੀਂ ਹੋ ਸਕਦਾ।
ਮੈਕੈਰੋਨ ਨੇ ਕਿਹਾ ਕਿ ਜੋ ਕਾਰੋਬਾਰ ਵਧਣਾ-ਫੁੱਲਣਾ ਚਾਹੁੰਦੇ ਹਨ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਬਦਲਦੇ ਰਹਿਣਾ ਚਾਹੀਦਾ ਹੈ। ਮੁੱਦੇ ਉਹੀ ਰਹਿਣਗੇ, ਪਰ ਅੱਗੇ ਵਧਣ ਲਈ ਉਦਯੋਗ ਦੇ ਸਰੂਪ ’ਚ ਬਹੁਤ ਤਬਦੀਲੀ ਹੋਣੀ ਚਾਹੀਦੀ ਹੈ।

ਲੀਓ ਬਾਰੋਸ ਵੱਲੋਂ