ਐਲੀਸਨ ਨੇ ਨਵੀਨਤਮ ਤਕਨੀਕਾਂ ਨਾਲ ਲੈਸ ਜਾਂਚ ਸਹੂਲਤ ਖੋਲ੍ਹੀ

ਐਲੀਸਨ ਟਰਾਂਸਮਿਸ਼ਨ ਨੇ ਆਪਣੇ ਨਵੇ ਖੁੱਲ੍ਹੇ ਵਹੀਕਲ ਇਨਵਾਇਰਨਮੈਂਟ ਟੈਸਟ (ਵੀ.ਈ.ਟੀ.) ਕੇਂਦਰ ‘ਚ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਕਿ ਇਸ ਨੂੰ ਇੱਕੋ ਥਾਂ ‘ਤੇ ਅਸਲ ਵਰਗੇ ਅਤੇ ਅੱਤ ਹਾਲਾਤ ‘ਚ ਗੱਡੀ ਦੀ ਜਾਂਚ ਕਰਨ ਦਾ ਮੌਕਾ ਦਿੰਦਾ ਹੈ।

ਐਲੀਸਨ ਟਰਾਂਸਮਿਸ਼ਨ ਵਿਖੇ ਪ੍ਰੋਡਕਟ ਇੰਜੀਨੀਅਰਿੰਗ ਅਤੇ ਪ੍ਰੋਗਰਾਮ ਮੈਨੇਜਮੈਂਟ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਰੈਂਡੀ ਕਰਕ ਨੇ ਕਿਹਾ, ”ਇਹ ਫ਼ੈਸਿਲਿਟੀ ਨਵੀਂਆਂ ਉਤਪਾਦ ਵਿਕਾਸ ਤਕਨੀਕਾਂ ਨੂੰ ਉੱਨਤ ਬਣਾਉਣ ਅਤੇ ਉਤਪਾਦ ਨੂੰ ਬਾਜ਼ਾਰ ਤਕ ਪਹੁੰਚਾਉਣ ਦਾ ਸਮਾਂ ਘੱਟ ਕਰਨ ਲਈ ਸਾਡੀ ਵਚਨਬੱਧਤਾ ਦਾ ਸਬੂਤ ਹੈ। ਵੀ.ਈ.ਟੀ. ਕੇਂਦਰ ਰਵਾਇਤੀ, ਬਦਲਵੇਂ ਅਤੇ ਇਲੈਕਟ੍ਰਿਕ ਗੱਡੀਆਂ ਦੇ ਤੇਜ਼ੀ ਨਾਲ ਵਿਕਾਸ ਦੀ ਸਹੂਲਤ ਦੇਵੇਗਾ, ਜਿਸ ਨਾਲ ਐਲੀਸਨ ਅਤੇ ਸਾਡੇ ਗ੍ਰਾਹਕਾਂ ਨੂੰ ਅਗਲੀ ਪੀੜ੍ਹੀ ਦੀ ਖੋਜ ਅਤੇ ਸਾਂਝੇਦਾਰੀ ਦਾ ਜ਼ਿਆਦਾ ਸਮਰੱਥ ਅਤੇ ਅਸਰਦਾਰ ਜ਼ਰੀਆ ਮਿਲੇਗਾ।”

ਇਹ ਫ਼ੈਸਿਲਿਟੀ 60,000 ਵਰਗ-ਫ਼ੁੱਟ ਖੇਤਰ ‘ਚ ਫੈਲੀ ਹੋਈ ਹੈ ਅਤੇ ਇਸ ‘ਚ ਇੱਕ ਹੋਟ ਸੋਕ ਚੈਂਬਰ, ਕੋਲਡ ਸੋਕ ਚੈਂਬਰ ਅਤੇ ਦੋ ਚੈਸੀ ਡਾਇਨ-ਇਕੁਇਪਡ ਵਾਤਾਵਰਣ ਚੈਂਬਰ ਹਨ ਜੋ ਕਿ ਕਈ ਤਰ੍ਹਾਂ ਦੇ ਕੰਮ ਕਰਨ ਦੇ ਸਥਾਨਾਂ ਦਾ ਵਾਤਾਵਰਣ ਤਿਆਰ ਕਰ ਸਕਦੇ ਹਨ। ਇਸ ‘ਚ ਤਾਪਮਾਨ ਨੂੰ -54 ਫ਼ਾਰਨਹੀਟ ਤੋਂ 125 ਫ਼ਾਰਨਹੀਟ ਤਕ ਲਿਜਾਇਆ ਜਾ ਸਕਦਾ ਹੈ ਅਤੇ 18,000 ਫ਼ੁੱਟ ਉਚਾਈ ਦੇ ਵਾਤਾਵਰਣ ਨੂੰ ਸਿਰਜਿਆ ਜਾ ਸਕਦਾ ਹੈ।

ਇਸ ‘ਚ ਜ਼ਿਆਦਾਤਰ ਕਮਰਸ਼ੀਅਲ ਹਾਈਵੇ ‘ਤੇ ਅਤੇ ਹਾਈਵੇ ਤੋਂ ਪਰੇ ਚੱਲਣ ਵਾਲੀਆਂ ਗੱਡੀਆਂ ਨੂੰ ਜਾਂਚ ਲਈ ਲਿਆਂਦਾ ਜਾ ਸਕਦਾ ਹੈ ਅਤੇ ਇੱਥੇ ਰਵਾਇਤੀ ਪਾਵਰਟਰੇਨ ਤੇ ਨਾਲ ਹੀ ਬਦਲਵੇਂ ਫ਼ਿਊਲ ਪਾਵਰਟਰੇਨ ਦੀ ਪਰਖ ਕੀਤੀ ਜਾ ਸਕਦੀ ਹੈ, ਜਿਨ੍ਹਾਂ ‘ਚ ਪੂਰੀ ਤਰ੍ਹਾਂ ਇਲੈਕਟ੍ਰਿਕ ਅਤੇ ਹਾਈਡਰੋਜਨ ਫ਼ਿਊਲ ਸੈੱਲ ਸ਼ਾਮਲ ਹਨ। ਇਹ ਇੰਡੀਆਨਾਪੋਲਿਸ ‘ਚ ਸਥਿਤ ਐਲੀਸਨ ਦੇ ਗਲੋਬਲ ਹੈੱਡਕੁਆਰਟਰ ‘ਚ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਅਮਰੀਕਾ ਮਿਡਵੈਸਟ ‘ਚ ਆਪਣੇ ਤਰ੍ਹਾਂ ਦੀ ਪਹਿਲੀ ਸਹੂਲਤ ਹੈ।

ਐਲੀਸਨ ਟਰਾਂਸਮਿਸ਼ਨ ਲਈ ਉੱਤਰੀ ਅਮਰੀਕੀ ਸੇਲਜ਼ ਦੇ ਵਾਇਸ-ਪ੍ਰੈਜ਼ੀਡੈਂਟ ਰੋਹਨ ਬਰੂਆ ਨੇ ਕਿਹਾ, ”ਇਸ ਫ਼ੈਸਿਲਿਟੀ ਨੂੰ ਪਾ ਕੇ ਅਸੀਂ ਬਹੁਤ ਉਤਸ਼ਾਹਿਤ ਹਾਂ ਜੋ ਕਿ ਸਾਡੇ ਗ੍ਰਾਹਕਾਂ ਅਤੇ ਪਾਰਟਨਰਾਂ ਨੂੰ ਇੱਕ ਹੀ ਥਾਂ ‘ਤੇ ਵੱਖੋ-ਵੱਖ ਤਰ੍ਹਾਂ ਦੇ ਵਾਤਾਵਰਣ ਦੀ ਨਕਲ ਤਿਆਰ ਕਰ ਕੇ ਪੂਰੀ ਗੱਡੀ ਦੀ ਜਾਂਚ ਕਰਨ ਦੀ ਬਿਹਤਰ ਸਮਰੱਥਾ ਦੇਵੇਗੀ। ਇਸ ਨਾਲ ਬਾਜ਼ਾਰ ‘ਚ ਨਵੀਆਂ ਤਕਨੀਕਾਂ ਨਾਲ ਲੈਸ ਨਵੀਆਂ ਗੱਡੀਆਂ ਜ਼ਿਆਦਾ ਤੇਜ਼ੀ ਅਤੇ ਬਿਹਤਰ ਸਮਰੱਥ ਤਰੀਕੇ ਨਾਲ ਲਿਆਂਦੀਆਂ ਜਾ ਸਕਣਗੀਆਂ। ਸਾਡੇ ਉਦਯੋਗ ਵਿਚਲੇ ਖਿਡਾਰੀਆਂ ਲਈ ਇਹ ਮੁਕਾਬਲੇਬਾਜ਼ੀ ‘ਚ ਅੱਗੇ ਰਹਿਣ ਦਾ ਤਰੀਕਾ ਸਾਬਤ ਹੋਵੇਗਾ, ਕਿਉਂਕਿ ਨਵੀਂਆਂ ਖੋਜਾਂ ਹੀ ਉਦਯੋਗ ਅੱਗੇ ਲੈ ਕੇ ਜਾਂਦੀਆਂ ਹਨ।”