ਓਂਟਾਰੀਓ ਅੰਦਰ ਪੱਕੇ ਤੌਰ ‘ਤੇ 24 ਘੰਟੇ ਡਿਲੀਵਰੀ ਦੀ ਤਜਵੀਜ਼ ਵਾਲਾ ਕਾਨੂੰਨ ਪੇਸ਼

ਮੰਤਰੀ ਸਰਕਾਰੀਆ (ਸਰੋਤ: ਟਵਿੱਟਰ)

ਓਂਟਾਰੀਓ ‘ਚ ਤਜਵੀਜ਼ਸ਼ੁਦਾ ਕਾਨੂੰਨ ਕਾਰੋਬਾਰਾਂ ਨੂੰ 24 ਘੰਟੇ ਡਿਲੀਵਰੀ ਕਰਨ ਦਾ ਰਾਹ ਪੱਧਰਾ ਕਰੇਗਾ।

ਮੇਨ ਸਟ੍ਰੀਟ ਰਿਕਵਰੀ ਐਕਟ, 2020 ਨੂੰ ਛੋਟੇ ਉਦਯੋਗ ਅਤੇ ਲਾਲ ਫ਼ੀਤਾਸ਼ਾਹੀ ਘੱਟ ਕਰਨ ਬਾਰੇ ਐਸੋਸੀਏਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਪੇਸ਼ ਕੀਤਾ, ਜਿਸ ‘ਚ ਛੋਟੇ ਕਾਰੋਬਾਰਾਂ ਨੂੰ ਮੁੜਉਸਾਰਨ, ਮੁੜਨਿਵੇਸ਼ ਅਤੇ ਨੌਕਰੀਆਂ ਪੈਦਾ ਕਰਨ ਲਈ ਕਦਮ ਚੁੱਕੇ ਗਏ ਹਨ।

ਸਰਕਾਰੀਆ ਨੇ ਕਿਹਾ, ”ਛੋਟੇ ਕਾਰੋਬਾਰ ਓਂਟਾਰੀਓ ਦੀ ਆਰਥਿਕਤਾ ਦੀ ਰੀੜ÷  ਦੀ ਹੱਡੀ ਹਨ ਅਤੇ ਸਾਡੀ ਸਰਕਾਰ ਹਮੇਸ਼ਾ ਉਨ੍ਹਾਂ ਨਾਲ ਖੜ੍ਹੀ ਰਹੇਗੀ। ਛੋਟੇ ਕਾਰੋਬਾਰ ਦੇ ਮਾਲਕਾਂ, ਉਨ੍ਹਾਂ ਦੇ ਮੁਲਾਜ਼ਮਾਂ, ਸਥਾਨਕ ਲੀਡਰਾਂ ਅਤੇ ਪੂਰੇ ਓਂਟਾਰੀਓ ਦੇ ਅਰਥ ਸ਼ਾਸਤਰੀਆਂ ਨਾਲ 100 ਤੋਂ ਜ਼ਿਆਦਾ ਵਰਚੂਅਲ ਗੋਲ ਮੇਜ਼ ਬੈਠਕਾਂ ਦੌਰਾਨ ਮੈਂ ਆਪਣੇ ਕੰਨਾਂ ਨਾਲ ਸੁਣਿਆ ਹੈ ਕਿ ਕਿਸ ਤਰ੍ਹਾਂ ਛੋਟੇ ਕਾਰੋਬਾਰਾਂ ਨੇ ਅਸਾਧਾਰਨ ਕੁਰਬਾਨੀਆਂ ਕਰ ਕੇ ਆਪਣੇ ਮੁਲਾਜ਼ਮਾਂ ਨੂੰ ਸੁਰੱਖਿਅਤ, ਆਪਣੇ ਗਾਹਕਾਂ ਨੂੰ ਭਰੋਸੇ ‘ਚ ਅਤੇ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ਕਰੀ ਰੱਖਿਆ ਹੈ। ਸਾਡੀ ਸਰਕਾਰ ਮੇਨ ਸਟ੍ਰੀਟ ਕਾਰੋਬਾਰਾਂ ਨਾਲ ਖੜ੍ਹੀ ਹੋਈ ਹੈ ਅਤੇ ਅਸੀਂ ਉਨ੍ਹਾਂ ਦੀ ਰਿਕਵਰੀ ਅਤੇ ਨਵੀਂ ਸਫ਼ਲਤਾ ਪ੍ਰਤੀ ਵਚਨਬੱਧ ਹਾਂ। ਅਸੀਂ ਇਸ ਮਹਾਂਮਾਰੀ ਅਤੇ ਇਸ ਤੋਂ ਬਾਅਦ ਵੀ ਉਨ੍ਹਾਂ ਦੀ ਮੱਦਦ ਕਰਦੇ ਰਹਾਂਗੇ।”

(ਤਸਵੀਰ: ਆਈ-ਸਟਾਕ)

ਇਸ ਤਜਵੀਜ਼ ‘ਚ ਹੋਰਨਾਂ ਚੀਜ਼ਾਂ ਤੋਂ ਇਲਾਵਾ ਪ੍ਰਚੂਨ ਸਟੋਰਾਂ, ਰੇਸਤਰਾਂ ਅਤੇ ਵੰਡ ਸਹੂਲਤਾਂ ਵਰਗੇ ਕਾਰੋਬਾਰਾਂ ਨੂੰ 24/7 ਡਿਲੀਵਰੀਆਂ ਪ੍ਰਾਪਤ ਕਰਨ ਦੀ ਪੱਕੀ ਇਜਾਜ਼ਤ ਮਿਲ ਜਾਵੇਗੀ।

ਇਸ ਨਵੇਂ ਕਾਨੂੰਨ ਦਾ ਪੀਲ ਖੇਤਰ ਨੇ ਸਵਾਗਤ ਕੀਤਾ ਹੈ ਜੋ ਕਿ ਭੀੜ-ਭੜੱਕੇ ਵਾਲੇ ਸਮੇਂ ਨੂੰ ਛੱਡ ਕੇ ਡਿਲੀਵਰੀ ਕਰਨ ਦਾ ਤਜ਼ਰਬਾ ਕਰ ਰਿਹਾ ਹੈ।

ਪੀਲ ਗੁੱਡਸ ਮੂਵਮੈਂਟ ਟਾਸਕ ਫ਼ੋਰਸ ਦੇ ਚੇਅਰਮੈਨ ਨੈਂਡੋ ਇਆਨੀਕਾ ਨੇ ਕਿਹਾ, ”ਪੀਲ ਖੇਤਰ ਲੰਮੇ ਸਮੇਂ ਤੋਂ ਮੰਨਦਾ ਆ ਰਿਹਾ ਹੈ ਕਿ ਖੇਤਰੀ ਆਰਥਿਕਤਾ ਵਸਤਾਂ ਦੇ ਮਜ਼ਬੂਤ ਆਵਾਜਾਈ ਸਿਸਟਮ ‘ਤੇ ਨਿਰਭਰ ਕਰਦੀ ਹੈ। ਪੀਲ ਨੂੰ ਇਹ ਵੀ ਪਤਾ ਹੈ ਕਿ ਸਾਡੇ ਵਸਤਾਂ ਦੀ ਆਵਾਜਾਈ ਵਾਲੇ ਸਿਸਟਮ ‘ਤੇ ਕਾਫੀ ਦਬਾਅ ਹੈ ਅਤੇ ਕਮਿਊਨਿਟੀ ਨੂੰ ਵਸਤਾਂ ਅਤੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਾਰੋਬਾਰਾਂ ਨੂੰ ਲਗਾਤਾਰ ਵਧਦੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਜ਼ਰੂਰੀ ਵਸਤਾਂ ਦੀ ਸਮੇਂ ਸਿਰ ਪਹੁੰਚ ਯਕੀਨੀ ਹੋ ਸਕੇਗੀ, ਜਿਸ ਨਾਲ ਓਂਟਾਰੀਓ ਦੇ ਲੋਕਾਂ ਲਈ ਇਹ ਯਕੀਨੀ ਹੋਵੇਗਾ ਕਿ ਪੂਰੇ ਸੂਬੇ ਅੰਦਰ ਉਨ੍ਹਾਂ ਦੀਆਂ ਦਵਾਈਆਂ, ਸੂਪਰਮਾਰਕੀਟਾਂ ਅਤੇ ਹੋਰ ਪ੍ਰਚੂਨ ਦੁਕਾਨਾਂ ‘ਚ ਜ਼ਰੂਰੀ ਸਪਲਾਈ ਹਮੇਸ਼ਾ ਮੌਜੂਦ ਰਹੇਗੀ।”

ਕੈਲੇਡਨ ਦੇ ਮੇਅਰ ਐਲਨ ਥੋਂਪਸਨ ਨੇ ਕਿਹਾ, ”ਇਸ ਬਿੱਲ ਦਾ ਪਾਸ ਹੋਣਾ ਸਵਾਗਤਯੋਗ ਕਦਮ ਹੈ ਅਤੇ ਸਾਡੇ ਸਥਾਨਕ ਕਾਰੋਬਾਰਾਂ, ਵਾਤਾਵਰਣ ਅਤੇ ਪੂਰੇ ਗ੍ਰੇਟਰ ਟੋਰਾਂਟੋ ਹੈਮਿਲਟਨ ਖੇਤਰ ਦੇ ਵਾਸੀਆਂ ਲਈ ਵੱਡੀ ਜਿੱਤ ਸਾਬਤ ਹੋਵੇਗਾ। ਸਾਡੀ ਸਪਲਾਈ ਲੜੀ ਏਨੀ ਮਹੱਤਵਪੂਰਨ ਪਹਿਲਾਂ ਕਦੇ ਨਹੀਂ ਸੀ ਅਤੇ ਇਸ ਸਹੂਲਤ ਦੇ ਨਵੇਂ ਸਕਾਰਾਤਮਕ ਨਤੀਜੇ ਨਿਕਲਣਗੇ।”

ਪੀਲ ਖੇਤਰ ਦੀ ਯੂਨੀਵਰਸਿਟੀ ਆਫ਼ ਟੋਰਾਂਟੋ, ਐਲ.ਸੀ.ਬੀ.ਓ., ਲੋਬਲਾਅ ਅਤੇ ਵਾਲਮਾਰਟ ਕੈਨੇਡਾ ਨਾਲ ਆਫ਼-ਪੀਕ ਸਮੇਂ ਡਿਲੀਵਰੀ ਦੀ ਪਰਖ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਵਸਤਾਂ ਦੀ ਆਵਾਜਾਈ 18.1% ਬਿਹਤਰ ਹੋਈ ਹੈ ਅਤੇ ਸੰਘਣੇਪਣ ਨਾਲ ਸੰਬਧਤ ਉਤਸਰਜਨ 10.6-15% ਤਕ ਘਟਿਆ ਹੈ।

ਰਿਟੇਲ ਕੌਂਸਲ ਆਫ਼ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡਾਅੇਨ ਜੇ. ਬਰਾਈਸਬੋਇਸ ਨੇ ਕਿਹਾ, ”ਰੀਟੇਲ ਕੌਂਸਲ ਆਫ਼ ਕੈਨੇਡਾ ਦੇ ਮੈਂਬਰਾਂ ਨਾਲ ਪਿਛਲੇ 20 ਮਹੀਨਿਆਂ ਤੋਂ ਆਫ਼-ਪੀਕ ਡਿਲੀਵਰੀ ਦੀ ਪਰਖ ਰਾਹੀਂ ਸਪਲਾਈ ਚੇਨ ‘ਚ ਨਵੀਂ ਖੋਜ ਦੀ ਮਹੱਤਤਾ ਨੂੰ ਪਛਾਣਨ ‘ਚ ਪੀਲ ਖੇਤਰ ਲੀਡਰ ਰਿਹਾ ਹੈ। ਆਫ਼-ਪੀਕ ਡਿਲੀਵਰੀ ਨਾਲ ਓਂਟਾਰੀਓ ‘ਚ ਵਸਤਾਂ ਦੀ ਆਵਾਜਾਈ 18% ਵਧੇਗੀ ਜੋ ਕਿ ਰਿਟੇਲਰਾਂ ਅਤੇ ਰੇਸਤਰਾਂ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਇਨ੍ਹਾਂ ਚੁਨੌਤੀਪੂਰਨ ਸਮਿਆਂ ‘ਚ ਕਾਰਜਕੁਸ਼ਲ ਰਹਿਣ ਲਈ ਸੰਘਰਸ਼ ਕਰ ਰਹੇ ਹਨ।”