ਓਂਟਾਰੀਓ ’ਚ ਸੀ.ਐਮ.ਵੀ. ਨਾਲ ਸੰਬੰਧਤ ਜਾਨਲੇਵਾ ਹਾਦਸਿਆਂ ਦੀ ਗਿਣਤੀ 40% ਵਧੀ

ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਨੇ ਕਮਰਸ਼ੀਅਲ ਮੋਟਰ ਵਹੀਕਲ (ਸੀ.ਐਮ.ਵੀ.) ਨਾਲ ਸੰਬੰਧਤ ਜਾਨਲੇਵਾ ਹਾਦਸਿਆਂ ’ਚ ਵੱਡਾ ਵਾਧਾ ਦਰਜ ਕੀਤਾ ਹੈ – ਜੋ ਕਿ ਇਸ ਗੱਲ ਦਾ ਸੂਚਕ ਹੈ ਕਿ ਬਹੁਤ ਸਾਰੇ ਡਰਾਈਵਰ ਇਸ ਤਰ੍ਹਾਂ ਦੇ ਹਾਦਸਿਆਂ ਨਾਲ ਜੁੜੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।

1 ਜਨਵਰੀ ਤੋਂ 30 ਜੂਨ, 2021 ਤਕ, ਓ.ਪੀ.ਪੀ. ਨੇ 32 ਜਾਨਲੇਵਾ ਹਾਦਸਿਆਂ ਨੂੰ ਦਰਜ ਕੀਤਾ ਜਿਨ੍ਹਾਂ ’ਚ ਸੀ.ਐਮ.ਵੀ. ਸ਼ਾਮਲ ਸਨ, ਜਦਕਿ ਪਿਛਲੇ ਸਾਲ ਅਜਿਹੇ ਹਾਦਸਿਆਂ ਦੀ ਗਿਣਤੀ 23 ਸੀ।

2021 ਦੇ ਦੂਜੇ ਅੱਧ ’ਚ ਦਾਖ਼ਲ ਹੋਣ ਤਕ 2,956 ਸੀ.ਐਮ.ਵੀ. ਹਾਦਸੇ ਹੋ ਚੁੱਕੇ ਹਨ, ਜੋ ਕਿ 2020 ਤੋਂ 9% ਵੱਧ ਹਨ ਅਤੇ ਇਸ ਸਾਲ ਓ.ਪੀ.ਪੀ. ਦੀ ਗਸ਼ਤ ਹੇਠ ਸੜਕਾਂ ’ਤੇ ਕੁੱਲ ਹਾਦਸਿਆਂ ਦਾ 13% ਹਿੱਸਾ ਹਨ।

ਸੀ.ਐਮ.ਵੀ. ਆਪਰੇਟਰਾਂ ਅਤੇ ਡਰਾਈਵਰਾਂ ਸਮੇਤ ਗੱਡੀ ਚਲਾਉਣ ’ਚ ਸ਼ਾਮਲ ਹੋਰ ਲੋਕਾਂ ਵੱਲੋਂ ਗ਼ਲਤ ਤਰੀਕੇ ਨਾਲ ਲੇਨ ਬਦਲਣਾ, ਬਹੁਤ ਨੇੜੇ ਹੋ ਕੇ ਚਲਣਾ, ਤੇਜ਼ ਗਤੀ ਅਤੇ ਡਰਾਈਵਰ ਦਾ ਧਿਆਨ ਭਟਕਣਾ ਇਸ ਸਾਲ ਦੇ ਵੱਡੇ ਟਰੱਕ-ਸੰਬੰਧਤ ਹਾਦਸਿਆਂ ਦੇ ਪ੍ਰਮੁੱਖ ਕਾਰਨ ਰਹੇ।

ਓ.ਪੀ.ਪੀ. ਨੇ ਕਿਹਾ ਕਿ 78% ਸੀ.ਐਮ.ਵੀ. ਹਾਦਸੇ ਪ੍ਰੋਵਿੰਸ਼ੀਅਲ ਹਾਈਵੇਜ਼ ’ਤੇ ਵਾਪਰੇ।

ਸੀ.ਐਮ.ਵੀ. ਦਾ ਭਾਰ 60,000 ਕਿੱਲੋਗ੍ਰਾਮ ਤੋਂ ਵੀ ਵੱਧ ਹੋ ਸਕਦਾ ਹੈ ਅਤੇ 80 ਤੋਂ 105 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ’ਤੇ ਇਹ ਵੱਡੀ ਮਾਤਰਾ ’ਚ ਵੇਗ ਅਤੇ ਊਰਜਾ ਪੈਦਾ ਕਰਦਾ ਹੈ, ਜਿਸ ਨਾਲ ਹਾਦਸੇ ’ਚ ਸ਼ਾਮਲ ਹੋਣ ’ਤੇ ਹੋਰਨਾਂ ਗੱਡੀਆਂ ਮੁਕਾਬਲੇ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ।

11 ਜੁਲਾਈ ਤੋਂ 17 ਜੁਲਾਈ ਵਿਚਕਾਰ ਇੱਕ ਹਫ਼ਤੇ ਦੀ ਆਪਰੇਸ਼ਨ ਸੁਰੱਖਿਅਤ ਡਰਾਈਵਰ ਮੁਹਿੰਮ ਦੌਰਾਨ ਓ.ਪੀ.ਪੀ. ਅਫ਼ਸਰ ਸੀ.ਐਮ.ਵੀ. ਆਪਰੇਟਰਾਂ ਅਤੇ ਹੋਰਨਾਂ ਡਰਾਈਵਰਾਂ ਲਈ ਇਨਫ਼ੋਰਸਮੈਂਟ ਅਤੇ ਵਿੱਦਿਅਕ ਗਤੀਵਿਧੀਆਂ ਚਲਾਉਣਗੇ ਅਤੇ ਇਨ੍ਹਾਂ ਗੱਡੀਆਂ ਅੰਦਰ ਅਤੇ ਆਲੇ-ਦੁਆਲੇ ਖ਼ਤਰਨਾਕ ਵਤੀਰੇ ’ਚ ਸ਼ਾਮਲ ਮੋਟਰ ਚਾਲਕਾਂ ਵਿਰੁੱਧ ਬਿਲਕੁਲ ਨਾ ਸਹਿਣ ਦੀ ਨੀਤੀ ਅਪਨਾਉਣਗੇ। ਟਰਾਂਸਪੋਰਟੇਸ਼ਨ ਮੰਤਰਾਲੇ ਨਾਲ ਭਾਈਵਾਲੀ ’ਚ ਸੀ.ਐਮ.ਵੀ. ਜਾਂਚ-ਪੜਤਾਲ ਕੀਤੀ ਜਾਵੇਗੀ।

ਆਪਰੇਸ਼ਨ ਸੁਰੱਖਿਅਤ ਡਰਾਈਵਰ ਦੀ ਅਗਵਾਈ ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਵੱਲੋਂ ਕੀਤੀ ਜਾਵੇਗੀ, ਜਿਸ ਅਧੀਨ ਪੂਰੇ ਉੱਤਰੀ ਅਮਰੀਕਾ ’ਚ ਇਨਫ਼ੋਰਸਮੈਂਟ ਅਤੇ ਵਿੱਦਿਅਕ ਪਹਿਲਾਂ ਵਿੱਢੀਆਂ ਜਾਣਗੀਆਂ। ਮੁਹਿੰਮ ਦਾ ਉਦੇਸ਼ ਸੀ.ਐਮ.ਵੀ. ਅਤੇ ਗ਼ੈਰ-ਕਮਰਸ਼ੀਅਲ ਵਹੀਕਲ ਡਰਾਈਵਰ ਸੁਰੱਖਿਆ ਨੂੰ ਬਿਹਤਰ ਕਰਨਾ ਹੈ।