ਓਂਟਾਰੀਓ ਡੰਪ ਟਰੱਕ ਡਰਾਈਵਰਾਂ ਨੇ ਉੱਚ ਦਰਾਂ ਪ੍ਰਾਪਤ ਕਰਨ ਮਗਰੋਂ ਛੇ ਹਫ਼ਤਿਆਂ ਦੀ ਹੜਤਾਲ ਕੀਤੀ ਖ਼ਤਮ
ਗ੍ਰੇਟਰ ਟੋਰਾਂਟੋ ਖੇਤਰ ਦੇ ਡੰਪ ਟਰੱਕ ਡਰਾਈਵਰਾਂ ਨੇ ਆਪਣੀ ਛੇ ਹਫ਼ਤਿਆਂ ਤੱਕ ਚੱਲੀ ਹੜਤਾਲ 1 ਮਈ ਨੂੰ ਖ਼ਤਮ ਕਰ ਦਿੱਤੀ ਹੈ।
ਪ੍ਰੈੱਸ ਨੂੰ ਜਾਰੀ ਇੱਕ ਬਿਆਨ ਅਨੁਸਾਰ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਅਤੇ ਪ੍ਰਮੁੱਖ ਹਿੱਤਧਾਰਕਾਂ ਨੇ ਵੱਡੇ ਪੱਧਰ ’ਤੇ ਖੁਦਾਈ ਲਈ ਪ੍ਰਤੀ ਘੰਟਾ ਆਧਾਰ ’ਤੇ ਉੱਚ ਦਰ, ਅਤੇ ਘੱਟੋ-ਘੱਟ ਮਾਨਕ ਸਮਝੌਤਾ ਸਥਾਪਤ ਕਰਨ ਦੀ ਵਚਨਬੱਧਤਾ ਨੂੰ ਮਨਜ਼ੂਰ ਕਰ ਲਿਆ ਹੈ।

ਓ.ਡੀ.ਟੀ.ਏ. ਦੇ ਸੀਨੀਅਰ ਸਲਾਹਕਾਰ ਬੌਬ ਪੁਨੀਆ ਨੇ ਕਿਹਾ, ‘‘ਇਹ ਸਾਡੇ ਉਦਯੋਗ ਲਈ ਇੱਕ ਇਤਿਹਾਸਕ ਅਤੇ ਅਤਿ-ਉੱਤਮ ਖ਼ਬਰ ਹੈ ਜੋ ਕਿ ਇਹ ਯਕੀਨੀ ਕਰੇਗੀ ਕਿ ਓਨਰ-ਆਪਰੇਟਰਾਂ ਨੂੰ ਅਖ਼ੀਰ ਉਹ ਮਾਣ ਅਤੇ ਇੱਜ਼ਤ ਮਿਲੇਗੀ ਜਿਸ ਦੇ ਉਹ ਹੱਕਦਾਰ ਹਨ।’’
ਹੜਤਾਲ ਮਾਰਚ ਦੌਰਾਨ ਉਸ ਵੇਲੇ ਹਿੰਸਕ ਹੋ ਗਈ ਸੀ ਜਦੋਂ ਆਪਣੇ ਓ.ਡੀ.ਟੀ.ਏ. ਦੇ ਮੈਂਬਰ ਸਾਥੀਆਂ ਨਾਲ ਪ੍ਰਦਰਸ਼ਨ ਕਰ ਰਹੇ ਇੱਕ ਡਰਾਈਵਰ ਨੂੰ ਵੋਅਨ, ਓਂਟਾਰੀਓ ’ਚ ਸਥਿਤ ਉਸਾਰੀ ਹੇਠ ਜਗ੍ਹਾ ’ਤੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਪੁਲਿਸ ਅਨੁਸਾਰ ਸ਼ੱਕੀ ਹਿਰਾਸਤ ’ਚ ਹੈ।
ਇਸ ਹਫ਼ਤੇ ਦੀ ਸ਼ੁਰੂਆਤ ’ਚ ਬੈਠਕਾਂ ਤੋਂ ਬਾਅਦ, ਪ੍ਰਮੁੱਖ ਹਿੱਤਧਾਰਕਾਂ ਨੇ ਓ.ਡੀ.ਟੀ.ਏ. ਨਾਲ ਮਿਲ ਕੇ ਘੱਟੋ-ਘੱਟ ਮਾਨਕ ਸਮਝੌਤਾ ਵਿਕਸਤ ਕਰਨ ਲਈ ਕੰਮ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਸੀ, ਜੋ ਕਿ ਪਖਾਨਿਆਂ, ਲਾਜ਼ਮੀ ਬ੍ਰੇਕਾਂ, ਉਚਿਤ ਹਰਜ਼ਾਨਾ, ਟਰੱਕਾਂ ਦੀ ਓਵਰਲੋਡਿੰਗ, ਅਤੇ ਸਿਹਤ ਤੇ ਸੁਰੱਖਿਆ ਮੁੱਦਿਆਂ ਵਰਗੀਆਂ ਚਿੰਤਾਵਾਂ ਨੂੰ ਦੂਰ ਕਰੇਗਾ।
ਸਮਝੌਤੇ ’ਤੇ ਕੰਮ ਕਰਨ ਲਈ ਬੈਠਕਾਂ ਨੂੰ ਮੁੜ ਸੂਚੀਬੱਧ ਕਰ ਦਿੱਤਾ ਗਿਆ ਹੈ।