ਓਂਟਾਰੀਓ ਦੇ ਹਾਈਵੇਜ਼ ‘ਤੇ ਦਿਸੇਗਾ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਫੈਲਾਉਂਦਾ ਟਰੇਲਰ

ਓਂਟਾਰੀਓ ਦੇ 400 ਲੜੀ ਦੇ ਹਾਈਵੇਜ਼ ਮਨੁੱਖੀ ਤਸਕਰੀ ਲਈ ਬਦਨਾਮ ਹਨ, ਪਰ ਹੁਣ ਇਨ੍ਹਾਂ ਰਸਤਿਆਂ ‘ਤੇ ਇੱਕ ਨਵਾਂ ਟਰੇਲਰ ਮੱਦਦ ਦਾ ਸੰਦੇਸ਼ ਦੇਣ ਲਈ ਚੱਲੇਗਾ।

ਵੂਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ ਦੇ ਟਰੇਲਰ ਆਲੇ-ਦੁਆਲੇ ਖੜ੍ਹੇ ਪਤਵੰਤੇ ਜੋ ਕਿ ਸ਼ਾਰਪ ਟਰਾਂਸਪੋਰਟੇਸ਼ਨ ਦੀ ਸਾਂਝੀਦਾਰੀ ਨਾਲ ਸੜਕ ‘ਤੇ ਉਤਰ ਰਿਹਾ ਹੈ। (ਤਸਵੀਰ : ਜੌਨ ਜੀ. ਸਮਿੱਥ)

ਵੂਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ  ਨੇ ਸ਼ਾਰਪ ਟਰਾਂਸਪੋਰਟੇਸ਼ਨ ਨਾਲ ਭਾਈਵਾਲੀ ‘ਚ ਅੱਜ ਇੱਕ ਨਵੇਂ ਟਰੇਲਰ ਦੀ ਘੁੰਡਚੁਕਾਈ ਕੀਤੀ ਜੋ ਕਿ ਇਸ ਗੱਲ ‘ਤੇ ਜ਼ੋਰ ਦੇ ਰਿਹਾ ਸੀ ਕਿ ਕੋਈ ਵੀ ਪੀੜਤ ਹੋ ਸਕਦਾ ਹੈ। ਇਸ ਨਾਲ ਸੰਬੰਧਤ ਇੱਕ ਸੋਸ਼ਲ ਮੀਡੀਆ ਹੈਸ਼ਟੈਗ #KnowHumanTrafficking, ਅਤੇ ਇੱਕ ਹੈਲਪਲਾਈਨ ਨੰਬਰ 1-833-900-1010 ਵੀ ਜਾਰੀ ਕੀਤਾ ਗਿਆ।

ਓਂਟਾਰੀਓ ਦੀ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਇਸ ਮੌਕੇ ਕਿਹਾ, ”ਮਨੁੱਖੀ ਤਸਕਰੀ ਘਨਾਉਣਾ ਕੰਮ ਹੈ ਅਤੇ ਇਹ ਸੋਚ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਦੀਆਂ ਪਹਿਲਾਂ ਸ਼ੁਰੂ ਕਰਨ ਦੀ ਜ਼ਰੂਰਤ ਹੈ, ਪਰ ਇਹ ਏਨੀਆਂ ਮਹੱਤਵਪੂਰਨ ਇਸ ਲਈ ਹਨ ਕਿਉਂਕਿ ਇਹ ਸੱਚਾਈ ਹੈ ਕਿ ਮਨੁੱਖੀ ਤਸਕਰੀ ਕੌਮਾਂਤਰੀ ਪੱਧਰ ‘ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਅਪਰਾਧਾਂ ‘ਚੋਂ ਇੱਕ ਹੈ। ਅਤੇ ਕਿਉਂਕਿ ਕੈਨੇਡਾ ‘ਚ ਇਸ ਤਰ੍ਹਾਂ ਦੇ ਸਾਹਮਣੇ ਆਏ ਮਾਮਲਿਆਂ ‘ਚੋਂ 2/3 ਓਂਟਾਰੀਓ ‘ਚ ਵਾਪਰ ਰਹੇ ਹਨ ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਇਸ ਮੁੱਦੇ ਵੱਲ ਵਿਸ਼ੇਸ਼ ਧਿਆਨ ਦੇਈਏ।”

ਉਨ੍ਹਾਂ ਅੱਗੇ ਕਿਹਾ, ”ਹਰ ਰੋਜ਼ ਮੁਜਰਮ ਸਾਡੇ ਬੱਚਿਆਂ ਅਤੇ ਸਾਡੇ ਨੌਜੁਆਨ ਲੋਕਾਂ ਨੂੰ ਜਿਨਸੀ ਸੋਸ਼ਣ ਲਈ ਆਪਣਾ ਸ਼ਿਕਾਰ ਬਣਾ ਰਹੇ ਹਨ- ਇਹ ਇੱਕ ਅਜਿਹਾ ਜੁਰਮ ਹੈ ਜਿਸ ਨਾਲ ਉਹ ਸੁਰੱਖਿਆ, ਇੱਜ਼ਤ ਤੇ ਜੁਆਨੀ ਮਾਣਨ ਤੋਂ ਵਾਂਝੇ ਹੋ ਜਾਂਦੇ ਹਨ। ਨੌਜੁਆਨ ਔਰਤਾਂ ਅਤੇ ਕੁੜੀਆਂ ਵਿਸ਼ੇਸ਼ ਕਰ ਕੇ ਇਸ ਖ਼ਤਰੇ ਦੀਆਂ ਸ਼ਿਕਾਰ ਹਨ, ਮੁੱਖ ਤੌਰ ‘ਤੇ ਮੂਲ ਵਾਸੀ ਭਾਈਚਾਰਿਆਂ ਅਤੇ ਦੇਖਭਾਲ ਪ੍ਰਾਪਤ ਨੌਜੁਆਨ।”

ਵੂਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ ਦੀ ਸੀ.ਈ.ਓ. ਸ਼ੈਲੀ ਯੂਵਨਿਲ-ਹੈਸ਼ ਨੇ ਕਿਹਾ ਕਿ ਇਸ ਟਰੇਲਰ ਦਾ ਮਿਸ਼ਨ ਲੋਕਾਂ ਨੂੰ ਆਪਣੇ ਨਾਲ ਜੋੜਨਾ ਅਤੇ ਜਾਗਰੂਕਤਾ ਫੈਲਾਉਣ ਬਾਰੇ ਪ੍ਰੋਵਿੰਸ ਦੀ ਰਣਨੀਤੀ ਨੂੰ ਮਜ਼ਬੂਤ ਕਰਨ ‘ਚ ਮੱਦਦ ਕਰਨਾ ਹੈ।

ਇਸ ਤੋਂ ਪਹਿਲਾਂ ਪ੍ਰੋਵਿੰਸ ਨੇ ਅਗਲੇ ਪੰਜ ਸਾਲਾਂ ਲਈ ਮਨੁੱਖੀ ਤਸਕਰੀ ਵਿਰੁਧ ਕਾਨੂੰਨ ਦੀ ਤਾਮੀਲ ‘ਚ ਮੱਦਦ ਕਰਨ, ਸਿਹਤ, ਸਿੱਖਿਆ ਅਤੇ ਪੀੜਤਾਂ ਲਈ ਮੱਦਦ ਲਈ 307 ਮਿਲੀਅਨ ਡਾਲਰ ਦੀ ਰਕਮ ਦੇਣ ਦਾ ਐਲਾਨ ਕੀਤਾ ਸੀ।

ਉਹ ਕਈ ਥਾਵਾਂ ‘ਤੇ ਇਸ ਵਿਸ਼ੇ ‘ਤੇ ਲੜੀਵਾਰ ਭਾਸ਼ਣ ਦੇਣ ਤੋਂ ਇਲਾਵਾ ਖ਼ੁਦ ਇਸ ਟਰੇਲਰ ਨੂੰ ਪੂਰੇ ਓਂਟਾਰੀਓ ‘ਚ ਡਰਾਈਵ ਕਰਨਗੇ।

ਯੂਵਨਿਲ-ਹੈਸ਼ ਸ਼ਾਰਪ ਟਰਾਂਸਪੋਰਟੇਸ਼ਨ ਦੇ ਉਸ ਟਰੇਲਰ ਨੂੰ ਵੀ ਚਲਾ ਰਹੀ ਸੀ ਜੋ ਕਿ ਸਮਾਜਕ ਦੂਰੀ ਦੀ ਮਹੱਤਤਾ ਦਾ ਪ੍ਰਚਾਰ ਕਰ ਰਿਹਾ ਸੀ। ਪਰ ਇਹ ਟਰੇਲਰ ਫ਼ਲੀਟ ਦੇ ਹੋਰਨਾਂ ਅਜਿਹੇ ਸੰਦੇਸ਼ ਦੇਣ ਵਾਲੇ ਟਰੇਲਰਾਂ ਤੋਂ ਸਿਆਹ ਹੈ। ਦੋਹਾਂ ਪਾਸਿਆਂ ‘ਤੇ ਕਾਲੇ ਰੰਗ ਕੀਤਾ ਹੋਇਆ ਹੈ ਜਿਨ੍ਹਾਂ ‘ਤੇ ਬੰਨੇ ਹੋਏ ਹੱਥ ਦਿਸ ਰਹੇ ਹਨ।

ਸ਼ਾਰਪ ਟਰਾਂਸਪੋਰਟੇਸ਼ਨ ਦੇ ਟਰੇਲਰ ਡਿਜ਼ਾਈਨ ਬਾਰੇ ਬੋਲਦਿਆਂ ਸ਼ੈਲੀ ਯੂਵਨਿਲ-ਹੈਸ਼ ਨੂੰ ਸੁਣਦੀ ਹੋਈ ਮੋਟਿਵ ਮੀਡੀਆ ਦੀ ਮਾਲਕ ਕੈਥੀ ਕਾਰਟਨ। (ਤਸਵੀਰ : ਜੌਨ ਜੀ. ਸਮਿੱਥ)

ਸ਼ਾਰਪ ਟਰਾਂਸਪੋਰਟੇਸ਼ਨ ਦੀ ਬੁਲਾਰਾ ਕਿੰਬਰਲੇ ਬਿਬੇਕ ਨੇ ਕਿਹਾ, ”ਇਹੀ ਸੰਦੇਸ਼ ਹੈ। ਮਨੁੱਖੀ ਤਸਕਰੀ ਕੋਈ ਚੰਗੀ ਗੱਲ ਨਹੀਂ। ਜਦੋਂ ਅਸੀਂ ਡਿਜ਼ਾਈਨ ਬਾਰੇ ਮੋਟਿਵ ਮੀਡੀਆ ਨਾਲ ਸਾਂਝੇਦਾਰੀ ਅਤੇ ਭਾਈਵਾਲੀ ਕੀਤੀ ਤਾਂ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਸੀ ਕਿ ਲੋਕਾਂ ਨੂੰ ਸਪੱਸ਼ਟ ਸੰਦੇਸ਼ ਜਾਵੇ। ਹੁਣ ਜਾਗਣ ਦਾ ਵੇਲਾ ਹੈ। ਇਹ ਸਾਰੇ ਪ੍ਰੋਵਿੰਸ ਅਤੇ ਸਾਡੇ ਘਰ ‘ਚ ਬਹੁਤ ਗੰਭੀਰ ਮੁੱਦਾ ਹੈ ਅਤੇ ਲੋਕਾਂ ਨੂੰ ਇਸ ‘ਚ ਸ਼ਾਮਲ ਕਰਨ, ਉਨ੍ਹਾਂ ਦੀਆਂ ਅੱਖਾਂ ਖ੍ਹਲ÷ ਣ ਅਤੇ ਕਾਰਵਾਈ ਕਰਨ ਦਾ ਇਹੀ ਵੇਲਾ ਹੈ। ਜੇਕਰ ਸਿੱਖਿਆ ਵੱਲ ਪਹਿਲਾ ਕਦਮ ਜਾਗਰੂਕਤਾ ਹੈ ਤਾਂ ਇਹ ਟਰੇਲਰ ਬਹੁਤ ਕੁੱਝ ਬੋਲਦਾ ਹੈ।”

ਵਾਟਰਲੂ ਦੇ ਰੀਜਨਲ ਪੁਲਿਸ ਮੁਖੀ ਬਰਾਇਨ ਲਾਰਕਿਨ ਨੇ ਉਨ੍ਹਾਂ ਪਲਾਂ ਬਾਰੇ ਗੱਲ ਕੀਤੀ ਜਦੋਂ ਯੂਵਨਿਲ-ਹੈਸ਼ ਨੇ ਪਹਿਲੀ ਵਾਰੀ ਉਨ੍ਹਾਂ ਨਾਲ ਇਸ ਸੰਦੇਸ਼ ਨੂੰ ਫੈਲਾਉਣ ਬਾਰੇ ਟਰੇਲਰ ਦੀ ਮੱਦਦ ਲੈਣ ਬਾਰੇ ਗੱਲ ਕੀਤੀ ਸੀ।

ਉਨ੍ਹਾਂ ਕਿਹਾ, ”ਇਸ ਪਿੱਛੇ ਆਮ ਜਿਹਾ ਭਲਾ ਕਰਨ ਦੀ ਗੱਲ ਹੈ ਕਿ ਨਾਗਰਿਕ ਤਬਦੀਲੀ ਲਿਆ ਸਕਦੇ ਹਨ। ਉਨ੍ਹਾਂ ਕਿਹਾ ਕਿ ਤਸਕਰੀ ਨੂੰ ਰੋਕਣ ਲਈ ਪੁਲਿਸ ਦਾ ਕੰਮ ਮੁੱਖ ਤੌਰ ‘ਤੇ 400-ਸੀਰੀਜ਼ ਹਾਈਵੇਜ਼ ਦੇ ਹੋਟਲਾਂ ਅਤੇ ਮੋਟਲਾਂ ਦੇ ਨੇੜੇ-ਤੇੜੇ ਕੇਂਦਰਿਤ ਰਹਿੰਦਾ ਹੈ।

”ਜੇਕਰ ਇਹ ਟਰੱਕ ਪੁਲਿਸ ਸਰਵਿਸ, ਪੀੜਤ ਸਰਵਿਸ ਲਾਈਨ ‘ਚ ਇੱਕ ਵੀ ਕਾਲ ਕਰਨ ‘ਚ ਮੱਦਦਗਾਰ ਸਾਬਤ ਹੁੰਦਾ ਹੈ, ਜੇਕਰ ਇਹ ਕਿਸੇ ਰੈਸਟ ਸਟਾਪ ‘ਤੇ ਪਾਰਕ ਹੁੰਦਾ ਹੈ… ਤੇ ਮਨੁੱਖੀ ਤਸਕਰੀ ਦੀ ਪੀੜਤ ਉਸ ਟਰੱਕ ਸਟਾਪ ‘ਤੇ ਹੈ ਅਤੇ ਉਹ ਇਸ ਨੰਬਰ ਨੂੰ ਵੇਖ ਲੈਂਦੀ ਹੈ ਤਾਂ ਇਹ ਉਸ ਲਈ ਉਮੀਦ ਦੀ ਇੱਕ ਕਿਰਨ ਬਣ ਜਾਵੇਗਾ। ਇਸ ਨਾਲ ਉਸ ਨੂੰ ਬਚਣ ਦਾ ਮੌਕਾ ਮਿਲ ਸਕਦਾ ਹੈ।”

ਮਲਰੋਨੀ ਨੇ roadtoday.com ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਨੁੱਖੀ ਤਸਕਰੀ ਬਾਰੇ ਜਾਗਰੂਕਤਾ ਵੱਧ ਰਹੀ ਹੈ, ਪਰ ਕਈ ਲੋਕ ਇਹ ਵੇਖ ਕੇ ਹੈਰਾਨ ਹੁੰਦੇ ਹਨ ਕਿ ਇਹ ਸਮੱਸਿਆ ਕਿੰਨੀ ਗੰਭੀਰ ਹੈ।

ਉਨ੍ਹਾਂ ਕਿਹਾ, ”ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਸਰਹੱਦਾਂ ਦੀ ਕੋਈ ਫ਼ਿਕਰ ਨਹੀਂ ਹੁੰਦੀ ਅਤੇ ਇਸ ਲਈ ਸਾਨੂੰ ਮਨੁੱਖੀ ਤਸਕਰੀ ਨੂੰ ਨੱਥ ਪਾਉਣ ਲਈ ਵਿਸ਼ੇਸ਼ ਕਰ ਕੇ ਹਾਈਵੇ ਲਾਂਘਿਆਂ ‘ਤੇ ਜਾਗਰੂਕਤਾ ਫੈਲਾਉਣਾ ਇਸ ਸਮੱਸਿਆ ਨੂੰ ਖ਼ਤਮ ਕਰਨ ਦਾ ਮਹੱਤਵਪੂਰਨ ਹਿੱਸਾ ਹੈ।”

”ਅਜਿਹੀ ਸੂਚਨਾ ਹੈ ਕਿ ਕੈਨੇਡਾ ‘ਚ ਕੁਲ ਮਨੁੱਖੀ ਤਸਕਰੀ ਦਾ 60% ਹਿੱਸਾ 400-ਲੜੀ ਦੇ ਹਾਈਵੇਜ਼ ‘ਤੇ ਵਾਪਰਦਾ ਹੈ। ਇਸੇ ਕਰਕੇ ਸਾਡੀ ਸਰਕਾਰ ਨਿਜੀ ਖੇਤਰ ਨਾਲ ਮਿਲ ਕੇ ਇਸ ਵਿਰੁੱਧ ਕਦਮ ਚੁੱਕ ਰਹੀ ਹੈ ਤਾਂ ਕਿ ਲੋਕਾਂ ‘ਚ ਜਾਗਰੂਕਤਾ ਫੈਲ ਸਕੇ ਅਤੇ ਟਰੱਕ ਜਾਂਚ ਸਟੇਸ਼ਨਾਂ, ਆਰਾਮ ਘਰਾਂ ਅਤੇ ਹਾਈਵੇ ਸਰਵਿਸ ਸੈਂਟਰਾਂ ਵਰਗੀਆਂ ਥਾਵਾਂ ‘ਤੇ ਸੁਰੱਖਿਆ ਬਿਹਤਰ ਕੀਤੀ ਜਾ ਸਕੇ।”