ਓਂਟਾਰੀਓ ਨੇ ਉਤਸਰਜਨ, ਟੋਇੰਗ ‘ਤੇ ਸ਼ਿਕੰਜਾ ਕੱਸਣ ਵੱਲ ਕਦਮ ਵਧਾਏ

ਓਂਟਾਰੀਓ 2022 ਦੇ ਸ਼ੁਰੂ ‘ਚ ਉਤਸਰਜਨ ਦੀ ਜਾਂਚ ਲਈ ਨਵੇਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਕਾਨੂੰਨਾਂ ‘ਚ ਕਈ ਸੋਧਾਂ ‘ਤੇ ਇਸ ਵੇਲੇ ਕੰਮ ਚਲ ਰਿਹਾ ਹੈ।

ਸੂਬੇ ਨੇ ਆਪਣੇ ਮਿਆਦੀ ਗੱਡੀ ਜਾਂਚ ਪ੍ਰੋਗਰਾਮ ਨੂੰ ਅਪਡੇਟ ਕਰ ਕੇ ਸੁਰੱਖਿਆ ਅਤੇ ਉਤਸਰਜਨ ਸੰਬੰਧੀ ਜਾਂਚਾਂ ਨੂੰ ਵੀ ਸ਼ਾਮਲ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ- ਜੋ ਕਿ ਉਨ੍ਹਾਂ ਵਿਅਕਤੀਆਂ ‘ਤੇ ਸ਼ਿਕੰਜਾ ਕੱਸਣ ਦੀਆਂ ਵਿਸਤ੍ਰਿਤ ਕੋਸ਼ਿਸ਼ਾਂ ਦਾ ਹਿੱਸਾ ਹੈ ਜੋ ਕਿ ਐਗਜ਼ਾਸਟ ਅਤੇ ਉਤਸਰਜਨ ਸਿਸਟਮ ਨਾਲ ਛੇੜਛਾੜ ਕਰਦੇ ਹਨ।

ਓਂਟਾਰੀਓ ਦੇ ਆਵਾਜਾਈ ਮਹਿਕਮੇ ਦੇ ਸੀਨੀਅਰ ਵਹੀਕਲ ਸਟੈਂਡਰਡ ਇੰਜੀਨੀਅਰ ਜੋਅ ਲਿੰਚ ਨੇ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਦੀ ਆਨਲਾਈਨ ਕਾਨਫ਼ਰੰਸ ਦੌਰਾਨ ਇੱਕ ਪੇਸ਼ਕਾਰੀ ਦਿੰਦਿਆਂ ਕਿਹਾ, ”ਇਹ ਪੁਰਾਣੇ ਵੇਲਿਆਂ ਦੀ ਡਰਾਈਵ ਕਲੀਨ ਵਾਂਗ ਹੈ ਪਰ ਇਹ ਕਮਰਸ਼ੀਅਲ ਗੱਡੀਆਂ ‘ਤੇ ਜ਼ਿਆਦਾ ਕੇਂਦਰਤ ਹੋਵੇਗਾ।”

ਇਸ ਨਾਲ ਸੰਬੰਧਤ ਸਲਾਹ-ਮਸ਼ਵਰਾ ਪਿਛਲੇ ਮਹੀਨੇ ਹੀ ਉਦਯੋਗ ਦੇ ਹਿੱਤਧਾਰਕਾਂ ਨਾਲ ਸ਼ੁਰੂ ਹੋ ਗਿਆ ਸੀ, ਜੋ ਕਿ ਕਾਨੂੰਨਾਂ ਨੂੰ ਅੰਤਮ ਰੂਪ ਦੇਣ ਦੇ ਆਖ਼ਰੀ ਪੜਾਅ ਦੀ ਨਿਸ਼ਾਨੀ ਹਨ।

ਆਨ-ਰੋਡ ਪ੍ਰੋਗਰਾਮ ਰੈਗੂਲੇਸ਼ਨ ਅਗਲੇ ਸਾਲ ਦੀ ਸ਼ੁਰੂਆਤ ‘ਚ ਰੈਗੂਲੇਟਰੀ ਰਜਿਸਟਰੀ ਅਤੇ ਵਾਤਾਵਰਣ ਰਜਿਸਟਰੀ ‘ਚ ਦਰਜ ਕਰ ਦਿੱਤੇ ਜਾਣਗੇ, ਜਦਕਿ ਪ੍ਰੋਗਰਾਮ ਡਿਲੀਵਰੀ ਨਾਲ ਸੰਬੰਧਤ ਕਾਨੂੰਨ 2021 ਦੇ ਅਖ਼ੀਰ ਜਾਂ 2022 ਦੀ ਸ਼ੁਰੂਆਤ ‘ਚ ਸਾਹਮਣੇ ਆਉਣਗੇ।

ਸੜਕ ‘ਤੇ ਵਾਤਾਵਰਣ ਮਾਨਕਾਂ ਨੂੰ ਲਾਗੂ ਕਰਨ ਲਈ ਕਾਨੂੰਨ ਲਿਆਉਣ ਦੀ ਮਿਤੀ 1 ਜੁਲਾਈ ਹੋਵੇਗੀ, ਜਦਕਿ ਪ੍ਰੋਗਰਾਮ ਡਿਲੀਵਰੀ ਨਾਲ ਸੰਬੰਧਤ ਰੈਗੂਲੇਸ਼ਨਜ਼ 1 ਜਨਵਰੀ ਜਾਂ 1 ਜੁਲਾਈ, 2022 ਨੂੰ ਲਾਗੂ ਕੀਤੇ ਜਾਣਗੇ।

ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ 2021 ਦੇ ਅੱਧ ‘ਚ ਵਾਤਾਵਰਣ, ਕੰਜ਼ਰਵੇਸ਼ਨ ਅਤੇ ਪਾਰਕਸ ਮੰਤਰਾਲੇ ਤੋਂ ਬਦਲ ਕੇ ਆਵਾਜਾਈ ਮੰਤਰਲੇ ਕੋਲ ਆ ਜਾਵੇਗੀ, ਅਤੇ ਇਸ ਨੂੰ 2022 ਤਕ ਮੁਕੰਮਲ ਕਰ ਲਿਆ ਜਾਵੇਗਾ ਜਦੋਂ ਕਿ ਪ੍ਰੋਗਰਾਮ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ।

ਟੋਇੰਗ ਰੈਗੂਲੇਸ਼ਨ

ਪਰ ਸੂਬੇ ਦਾ ਕਾਨੂੰਨੀ ਚਾਬੁਕ ਉਤਸਰਜਨ ਨਾਲ ਛੇੜਛਾੜ ਕਰਨ ਵਾਲਿਆਂ ਵਿਰੁੱਧ ਹੀ ਨਹੀਂ ਚੱਲੇਗਾ।

ਇੱਕ ਨਵੀਂ ਓਂਟਾਰੀਓ ਟਾਸਕ ਫ਼ੋਰਸ ਵੀ ਸੂਬੇ ਦੇ ਟੋਇੰਗ ਉਦਯੋਗ ਦੇ ਕੰਮਦਾਜ ‘ਚ ਸਮੱਸਿਆਵਾਂ ਨੂੰ ਨੱਥ ਪਾਉਣ ਵੱਲ ਵੱਧ ਰਹੀ ਹੈ। ਵਿਸ਼ੇਸ਼ ਕਰ ਕੇ ”ਅਨੈਤਿਕ ਤੱਤਾਂ” ‘ਤੇ ਸ਼ਿਕੰਜਾ ਕੱਸਣ ਲਈ ਜੋ ਕਿ ਜ਼ਰੂਰਤ ਤੋਂ ਵੱਧ ਕੀਮਤਾਂ ਵਸੂਲ ਕਰਦੇ ਹਨ ਅਤੇ ਕਾਰੋਬਾਰ ਚੋਰੀ ਕਰਨ ਲਈ ਡਰਾਉਣ-ਧਮਕਾਉਣ ਤੋਂ ਵੀ ਪਿੱਛੇ ਨਹੀਂ ਹਟਦੇ।

ਇਨ੍ਹਾਂ ਆਪਰੇਟਰਾਂ ਨੂੰ ਰੈਗੂਲੇਟ ਕਰਨ ਲਈ ਇਹ ਪਹਿਲੀ ਕੋਸ਼ਿਸ਼ ਨਹੀਂ ਹੈ। ਪ੍ਰੋਵਿੰਸ ਦੀਆਂ 1,600 ਟੋਅ ਟਰੱਕ ਕੰਪਨੀਆਂ ਅਤੇ ਲਗਭਗ 3,000 ਟੋਅ ਟਰੱਕ ਆਪਰੇਟਰਾਂ ਨੂੰ ਹੁਣ ਕਮਰਸ਼ੀਅਲ ਵਹੀਕਲ ਆਪਰੇਟਰਜ਼ ਰਜਿਸਟ੍ਰੇਸ਼ਨਜ਼ (ਸੀ.ਵੀ.ਓ.ਆਰ.) ਰਾਹੀਂ ਰੈਗੂਲੇਟ ਕੀਤਾ ਜਾ ਰਿਹਾ ਹੈ, ਜਿਸ ਨਾਲ ਉਹ ਕੈਰੀਅਰ ਸੇਫ਼ਟੀ ਨੀਤੀਆਂ ਦੇ ਪੱਧਰ ‘ਤੇ ਆ ਗਏ ਹਨ।

ਪਰ ਟਾਸਕ ਫ਼ੋਰਸ ਅਪਰਾਧਕ ਗਤੀਵਿਧੀਆਂ, ਹਿੰਸਾ ਅਤੇ ਬੀਮਾ ਧੋਖਾਧੜੀ ‘ਚ ਵੱਡੇ ਵਾਧੇ ਦੀਆਂ ਖ਼ਬਰਾਂ ਤੋਂ ਫ਼ਿਕਰਮੰਦ ਹੈ, ਨਾਲ ਹੀ ਜਿਸ ਤਰੀਕੇ ਨਾਲ ਟੋਅ ਟਰੱਕ ਡਰਾਈਵਰ ਜਿਸ ਰਫ਼ਤਾਰ ਨਾਲ ਹਾਦਸੇ ਵਾਲੀ ਥਾਂ ਵੱਲ ਆਪਣੇ ਲਈ ਕੰਮ ਲੱਭਣ ਵਾਸਤੇ ਭੱਜਦੇ ਹਨ।

ਨਿਯਮਤ ਸਿਖਲਾਈ ਜ਼ਰੂਰਤਾਂ ਦੀ ਕਮੀ ਦੀਆਂ ਆਪਣੀਆਂ ਅਲੱਗ ਹੀ ਸਮੱਸਿਆਵਾਂ ਹਨ।