ਕਲੀਨ ਬੀ.ਸੀ. ਐਚ.ਡੀ.ਵੀ.ਈ. ਪ੍ਰੋਗਰਾਮ ਲਈ ਬਿਨੈ ਕਰਨ ਦੀ ਮਿਤੀ 30 ਸਤੰਬਰ ਤੱਕ ਵਧੀ

ਕੰਪਨੀਆਂ ਕੋਲ ਹੁਣ ਕਲੀਨ ਬੀ.ਸੀ. ਹੈਵੀ-ਡਿਊਟੀ ਵਹੀਕਲ ਐਫ਼ੀਸ਼ੀਐਂਸੀ (ਐਚ.ਡੀ.ਵੀ.ਈ.) ਪ੍ਰੋਗਰਾਮ ’ਚ ਬਿਨੈ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਹੋਵੇਗਾ।

eco-friendly truck

ਇਹ ਪ੍ਰੋਗਰਾਮ ਯੋਗ ਕੈਰੀਅਰਾਂ ਨੂੰ ਫ਼ਿਊਲ ਦੀ ਬੱਚਤ ਕਰਨ ਵਾਲੀਆਂ ਤਕਨਾਲੋਜੀਆਂ ਖ਼ਰੀਦਣ ਅਤੇ ਇੰਸਟਾਲ ਕਰਨ ’ਚ ਵਿੱਤੀ ਮੱਦਦ ਪ੍ਰਦਾਨ ਕਰਦਾ ਹੈ।

ਬੀ.ਸੀ. ਟਰੱਕਿੰਗ ਐਸਸੀਏਸ਼ਨ (ਬੀ.ਸੀ.ਟੀ.ਏ.) ਦੇ ਪ੍ਰਸ਼ਾਸਨ ਹੇਠ ਚਲ ਰਿਹਾ ਇਹ ਪ੍ਰੋਗਰਾਮ ਇੱਕ ਮੁਫ਼ਤ, ਆਨਲਾਈਨ ਅੱਧੇ ਦਿਨ ਦਾ ਫ਼ਿਊਲ ਮੈਨੇਜਮੈਂਟ ਕੋਰਸ ਵੀ ਪੇਸ਼ ਕਰਦਾ ਹੈ ਜੋ ਕਿ ਫ਼ਿਊਲ ਦੀ ਬੱਚਤ ਕਰਨ ਵਾਲੇ ਵੱਖੋ-ਵੱਖ ਉਪਕਰਨਾਂ ਅਤੇ ਵਿਹਾਰਾਂ ਦੇ ਲਾਭਾਂ ਦਾ ਵੇਰਵਾ ਦਿੰਦਾ ਹੈ।

ਫ਼ਿਊਲ ਦੇ ਪ੍ਰਯੋਗ ਅਤੇ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ’ਚ ਕਮੀ ਨੂੰ ਦਰਸਾਉਂਦੇ ਦਸਤਾਵੇਜ਼ੀ ਸਬੂਤਾਂ ਵਾਲੇ ਯੋਗ ਉਪਕਰਨਾਂ ਲਈ ਪ੍ਰਤੀ ਗੱਡੀ 15,000 ਡਾਲਰ ਅਤੇ ਪ੍ਰਤੀ ਫ਼ਲੀਟ 100,000 ਡਾਲਰ ਤੱਕ ਦੀ ਵਿੱਤੀ ਮੱਦਦ ਮੌਜੂਦ ਹੈ। ਉਪਕਰਨਾਂ ’ਚ ਚੌੜੇ-ਆਧਾਰ ਵਾਲੇ ਸਿੰਗਲ ਟਾਇਰ, ਚੋਣਵੇਂ ਏਅਰੋਡਾਇਨਾਮਿਕ ਉਪਕਰਨ, ਅਤੇ ਇੰਜਣ ਜਾਂ ਫ਼ਿਊਲ ਸਿਸਟਮ ’ਚ ਸੁਧਾਰ ਸ਼ਾਮਲ ਹਨ।

ਬੀ.ਸੀ.ਟੀ.ਏ. ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਬਿਨੈ ਕਰ ਸਕਣ ਵਾਲੇ ਸਾਰੇ ਕੈਰੀਅਰ ਬੀ.ਸੀ. ਪ੍ਰੋਵਿੰਸ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਇਸ ਵਿੱਤੀ ਮੱਦਦ ਦਾ ਲਾਭ ਪ੍ਰਾਪਤ ਕਰਨ ਤਾਂ ਕਿ ਅਜਿਹੇ ਘੱਟ ਕਾਰਬਨ ਉਤਸਰਜਨ ਵਾਲੇ ਉਤਪਾਦ ਅਪਣਾਏ ਜਾ ਸਕਣ ਜੋ ਉਨ੍ਹਾਂ ਦੇ ਕੰਮਕਾਜ ’ਤੇ ਵੀ ਖਰੇ ਉਤਰਦੇ ਹੋਣ।