ਕਿਊਬੈੱਕ ‘ਚ ਬੈਟਰੀ ਪਲਾਂਟ ਲਾਵੇਗੀ ਲਾਇਅਨ ਇਲੈਕਟ੍ਰਿਕ

ਲਾਇਅਨ ਇਲੈਕਟ੍ਰਿਕ ਨੇ ਐਲਾਨ ਕੀਤਾ ਹੈ ਕਿ ਉਹ ਕਿਊਬੈੱਕ ‘ਚ ਬੈਟਰੀ ਨਿਰਮਾਣ ਪਲਾਂਟ ਅਤੇ ਖੋਜ ਕੇਂਦਰ ਸਥਾਪਤ ਕਰੇਗੀ।
ਸਪੱਸ਼ਟ ਥਾਂ ਦਾ ਐਲਾਨ ਅਜੇ ਤਕ ਨਹੀਂ ਕੀਤਾ ਗਿਆ ਹੈ, ਪਰ ਕੰਪਨੀ ਨੇ ਕਿਹਾ ਹੈ ਕਿ ਉਹ ਅਗਲੇ ਕੁੱਝ ਮਹੀਨਿਆਂ ਤਕ ਉਸਾਰੀ ਦੀ ਸ਼ੁਰੂਆਤ ਕਰ ਦੇਵੇਗੀ। ਇਸ ਫ਼ੈਸਿਲਿਟੀ ‘ਚ ਲਾਇਅਨ 185 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਅਤੇ ਇਸ ਨੂੰ ਫ਼ੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਤੋਂ 100 ਮਿਲੀਅਨ ਡਾਲਰ ਦੀ ਮੱਦਦ ਮਿਲ ਚੁੱਕੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਪਲਾਂਟ ਦੀ ਉਸਾਰੀ ਨਾਲ ਇਸ ਦੀ ਨਿਰਮਾਣ ਲਾਗਤ ਘੱਟ ਹੋ ਜਾਵੇਗੀ ਅਤੇ ਇਸ ਨੂੰ ਸਪਲਾਈ ਚੇਨ ‘ਤੇ ਬਿਹਤਰ ਕੰਟਰੋਲ ਮਿਲ ਸਕੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਐਲਾਨ ‘ਚ ਹਿੱਸਾ ਲਿਆ।
ਟਰੂਡੋ ਨੇ ਕਿਹਾ, ”ਅੱਜ ਦੇ ਐਲਾਨ ਨਾਲ, ਅਸੀਂ ਆਪਣੇ ਕੈਨੇਡੀਅਨ ਕਾਰੋਬਾਰਾਂ ਦੀ ਹਮਾਇਤ, ਖੋਜ ‘ਚ ਨਿਵੇਸ਼ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਵੱਲ ਕਦਮ ਚੁੱਕਣਾ ਜਾਰੀ ਰੱਖ ਰਹੇ ਹਾਂ। ਇਹ ਲਾਇਅਨ ਇਲੈਕਟ੍ਰਿਕ ਵਰਗੀਆਂ ਕੰਪਨੀਆਂ ਕਰਕੇ ਹੀ ਹੈ ਕਿ ਅਸੀਂ ਮੁਕਾਬਲੇਬਾਜ਼ ਵਿਕਾਸ ਆਰਥਿਕਤਾ ਵੱਲ ਚਲਦੇ ਜਾ ਰਹੇ ਹਾਂ।”
ਲਾਇਅਨ ਨੇ ਕਿਹਾ ਕਿ ਪਲਾਂਟ ਦੀ ਉਤਪਾਦਨ ਸਮਰਥਾ 5 ਗੀਗਾਵਾਟ-ਘੰਟਾ ਬੈਟਰੀ ਸਟੋਰੇਜ ਹੋਵੇਗੀ, ਜਿਸ ਨਾਲ ਇਹ 14,000 ਮੀਡੀਅਮ- ਅਤੇ ਹੈਵੀ-ਡਿਊਟੀ ਗੱਡੀਆਂ ਨੂੰ ਹਰ ਸਾਲ ਸਪਲਾਈ ਕਰ ਸਕੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫ਼ੈਕਟਰੀ ਉੱਚ ਪੱਧਰ ‘ਤੇ ਆਟੋਮੇਟਡ ਹੋਵੇਗੀ ਅਤੇ ਹਰ 11 ਸਕਿੰਟਾਂ ਬਾਅਦ ਇੱਕ ਬੈਟਰੀ ਮਾਡਿਊਲ ਬਣਾਏਗੀ, ਜਦਕਿ ਪੰਜ ਮਿੰਟਾਂ ‘ਚ ਪੂਰੀ ਬੈਟਰੀ ਬਣ ਜਾਵੇਗੀ।
ਇਸ ਨਾਲ ਹੀ ਲਾਇਅਨ ਇਲੈਕਟ੍ਰਿਕ ਮੀਡੀਅਮ- ਅਤੇ ਹੈਵੀ-ਡਿਊਟੀ ਗੱਡੀਆਂ ਲਈ ਆਪਣੇ ਬੈਟਰੀ ਪੈਕ ਬਣਾਉਣ ਵਾਲੀ ਪਹਿਲੀ ਕੈਨੇਡੀਅਨ ਨਿਰਮਾਤਾ ਬਣ ਜਾਵੇਗੀ। ਖੋਜ ਕੇਂਦਰ ਬੈਟਰੀ ਦੀ ਖੋਜ ਅਤੇ ਵਿਕਾਸ ‘ਤੇ ਕੇਂਦਰਿਤ ਹੋਣਗੇ। ਕੰਪਨੀ ਦਾ ਟੀਚਾ ਸਾਈਟ ‘ਤੇ 135 ਨੌਕਰੀਆਂ ਪੈਦਾ ਕਰਨ ਦਾ ਹੈ।
ਲਾਇਅਨ ਇਲੈਕਟ੍ਰਿਕ ਦੇ ਸੀ.ਈ.ਓ. ਅਤੇ ਸੰਸਥਾਪਕ ਮਾਰਕ ਬੇਡਾਰਡ ਨੇ ਕਿਹਾ, ”ਕਿਊਬੈੱਕ ਅਤੇ ਕੈਨੇਡਾ ਦੀ ਆਵਾਜਾਈ ਦੇ ਬਿਜਲਈਕਰਨ ‘ਚ ਲਾਇਅਨ ਇੱਕ ਮਹੱਤਵਪੂਰਨ ਖਿਡਾਰੀ ਹੈ। ਇਹ ਫ਼ੈਕਟਰੀ ਲਾਇਅਨ ਨੂੰ ਇਲੈਕਟ੍ਰਿਕ ਗੱਡੀਆਂ ਦੀ ਸਪਲਾਈ ਚੇਨ ‘ਚ ਮੁਢਲਾ ਰੋਲ ਨਿਭਾਉਣ ਦੀ ਇਜਾਜ਼ਤ ਦੇਵੇਗਾ। ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਦਿੱਤੀ ਗਈ ਵਿੱਤੀ ਮੱਦਦ ਨਾਲ ਅਸੀਂ ਉਹ ਚੀਜ਼ ਕੈਨੇਡਾ ‘ਚ ਨਿਰਮਾਣ ਕਰਨ ਦੇ ਸਮਰੱਥ ਹੋ ਜਾਵਾਂਗੇ ਜੋ ਕਿ ਪਹਿਲਾਂ ਅਸੀਂ ਆਯਾਤ ਕਰਦੇ ਸੀ। ਲਾਇਅਨ, ਕਿਊਬੈੱਕ ਅਤੇ ਕੈਨੇਡਾ ਨੂੰ ਇਸ ਤੋਂ ਆਰਥਕ ਅਤੇ ਵਾਤਾਵਰਣ ਮੋਰਚਿਆਂ ‘ਤੇ ਲਾਭ ਹੋਵੇਗਾ, ਜਿਸ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ ‘ਤੇ ਵੀ ਪਵੇਗਾ।”