ਕਿਊਬੈੱਕ 18 ਸਾਲ ਦੇ ਟਰੱਕ ਡਰਾਈਵਰਾਂ ਨੂੰ ਲਾਇਸੰਸ ਦੇਣਾ ਜਾਰੀ ਰੱਖੇਗਾ
18 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਟਰੱਕ ਡਰਾਈਵਰਾਂ ਦਾ ਲਾਇਸੰਸ ਦੇਣ ਵਾਲਾ ਕਿਊਬੈੱਕ ਦਾ ਇੱਕ ਪ੍ਰੋਗਰਾਮ 10 ਦਸੰਬਰ ਨੂੰ ਪ੍ਰੋਵਿੰਸ ਦੇ ਟਰੱਕ ਡਰਾਈਵਰ ਸਿਖਲਾਈ ਢਾਂਚੇ ਦਾ ਪੱਕਾ ਹਿੱਸਾ ਬਣ ਜਾਵੇਗਾ।
ਇਸ ਪਾਈਲਟ ਪ੍ਰਾਜੈਕਟ ਨੂੰ ਪੀ.ਈ.ਏ.ਸੀ.ਵੀ.ਐਲ. (ਹੈਵੀ ਵਹੀਕਲ ਚਲਾਉਣ ਲਈ ਸਮਰਿੱਧ ਪਹੁੰਚ ਪ੍ਰੋਗਰਾਮ) ਵਜੋਂ ਜਾਣਿਆ ਜਾਂਦਾ ਹੈ ਜਿਸ ਅਧੀਨ 19 ਸਾਲ ਤੋਂ ਘੱਟ ਉਮਰ ਦੇ ਸਿਖਾਂਦਰੂਆਂ ਨੂੰ ਸ਼੍ਰੇਣੀ 1 ਲਾਇਸੰਸ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਦੋਂ ਉਹ ਸੰਬੰਧਤ ਇੰਟਰਨਸ਼ਿਪ ਪ੍ਰੋਗਰਾਮ ਪੂਰਾ ਕਰਦੇ ਹਨ।

ਇਸ ਅਧੀਨ 2016 ਤੋਂ ਅਪ੍ਰੈਲ 2020 ਵਿਚਕਾਰ 300 ਨੌਜੁਆਨ ਟਰੱਕ ਡਰਾਈਵਰਾਂ ਨੂੰ ਸਿਖਲਾਈ ਦਿੱਤੀ ਗਈ।
ਇਸੇ ਤਰ੍ਹਾਂ ਦੇ ਇੱਕ ਪ੍ਰਾਜੈਕਟ ਨੂੰ 2014 ‘ਚ ਵੀ ਮੁਕੰਮਲ ਕੀਤਾ ਗਿਆ ਸੀ।
ਤਾਜ਼ਾ ਪਾਈਲਟ ਪ੍ਰਾਜੈਕਟਾਂ ਅਧੀਨ ਸਿਖਲਾਈ ਪ੍ਰਾਪਤ ਕਰ ਰਹੇ 10 ਸਿਖਾਂਦਰੂ ਆਪਣੀ ਇੰਟਰਨਸ਼ਿਪ ਨੂੰ ਬੇਰੋਕ ਪੂਰਾ ਕਰ ਸਕਦੇ ਹਨ।
ਆਉਣ ਵਾਲੇ ਮਹੀਨਿਆਂ ‘ਚ ਸੀ.ਐਫ਼.ਟੀ.ਆਰ. ਅਤੇ ਸੀ.ਐਫ਼.ਟੀ.ਸੀ. ਸਿਖਲਾਈ ਸਕੂਲਾਂ ‘ਚ ਮੌਜੂਦਾ ਉਮੀਦਵਾਰਾਂ ਨੂੰ ਮੌਕੇ ਦੇਣ ਲਈ ਕਦਮ ਚੁੱਕੇ ਜਾਣਗੇ।
ਕਿਊਬੈੱਕ ਟਰੱਕਿੰਗ ਐਸੋਸੀਏਸ਼ਨ ਦੇ ਨੋਰਮੈਂਡ ਬੋਰਕ ਨੇ ਕਿਹਾ, ”ਇਹ ਸਾਡੇ ਲਈ ਬਹੁਤ ਵੱਡੀ ਖ਼ਬਰ ਹੈ।”
ਉਨ੍ਹਾਂ ਕਿਹਾ ਕਿ ਇਹ ਐਲਾਨ ਐਸੋਸੀਏਸ਼ਨ ਦੀਆਂ ਉਮੀਦਾਂ ਤੋਂ ਵੱਧ ਕੇ ਹੈ।
”ਪ੍ਰੋਗਰਾਮ ਅਜੇ ਵੀ ਚਲ ਰਿਹਾ ਹੈ। ਸਾਡਾ ਕੰਮ ਘਟਣ ਵਾਲਾ ਨਹੀ ਅਤੇ ਇਹ ਬਹੁਤ ਵੱਡਾ ਲਾਭ ਹੈ।”
ਬੋਰਕ ਨੇ ਕਿਹਾ, ”ਹੁਣ ਤੋਂ ਸਾਰਾ ਕੁੱਝ ਖੁੱਲ੍ਹਾ ਹੈ। ਹੁਣ ਵੱਧ ਤੋਂ ਵੱਧ ਰਜਿਸਟਰੇਸ਼ਨ ਦੀ ਪਾਬੰਦੀ ਨਹੀਂ ਰਹਿ ਗਈ ਹੈ ਅਤੇ ਇਹ ਸਭ ਕੁਝ ਹੁਣ ਮੰਗ ‘ਤੇ ਨਿਰਭਰ ਕਰੇਗਾ।”
ਇਹ ਪ੍ਰੋਗਰਾਮ ਪ੍ਰੋਵਿੰਸ ‘ਚ ਸਿਖਲਾਈ ਪ੍ਰਾਪਤ ਟਰੱਕ ਡਰਾਈਵਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਲਿਆਂਦਾ ਗਿਆ ਸੀ, ਇਸ ਨਾਲ ਸਿਖਾਂਦਰੂਆਂ ਨੂੰ ਟਰੱਕਿੰਗ ‘ਚ ਆਪਣਾ ਕਰੀਅਰ ਬਣਾਉਣ ਦਾ ਮੌਕਾ ਮਿਲਦਾ ਸੀ, ਇਸ ਤੋਂ ਪਹਿਲਾਂ ਕਿ ਉਹ ਕਿਸੇ ਹੋਰ ਪੇਸ਼ੇ ਨੂੰ ਅਪਣਾ ਲੈਣ।