ਕੈਂਬਰਿਜ ‘ਚ ਲੌਬਲੋ ਦੀ ਸਾਈਟ ਬੰਦ ਹੋਣ ਨਾਲ 150 ਟਰੱਕ ਡਰਾਈਵਰਾਂ ਦੀ ਨੌਕਰੀ ਗਈ

ਕੈਂਬਰਿਜ ਸਾਈਟ ਦੇ ਬੰਦ ਹੋਣ ਦਾ ਅਸਰ 150 ਟਰੱਕ ਡਰਾਈਵਰਾਂ ‘ਤੇ ਪਵੇਗਾ। (ਤਸਵੀਰ: ਲੌਬਲੋ)

ਲੌਬਲੋ ਵੱਲੋਂ ਕੈਂਬਰਿਜ ‘ਚ ਆਪਣੀ ਆਵਾਜਾਈ ਸਾਈਟ ਬੰਦ ਕਰਨ ਦੇ ਫ਼ੈਸਲੇ ਮਗਰੋਂ ਇਸ ਦੇ ਯੂਨੀਅਨ ਅਧੀਨ 150 ਟਰੱਕ ਡਰਾਈਵਰ ਛੇਤੀ ਹੀ ਬੇਰੁਜ਼ਗਾਰ ਹੋ ਜਾਣਗੇ।

ਡਰਾਈਵਰਾਂ ਦੀ ਪ੍ਰਤੀਨਿਧਗੀ ਕਰਨ ਵਾਲੀ ਯੂਨੀਅਨ ਨੇ ਇਸ ਫ਼ੈਸਲੇ ਦੀ ਨਿੰਦਾ ਕਰਦਿਆਂ ਕੰਪਨੀ ‘ਤੇ ਲੋਕਾਂ ਦੀ ਬਜਾਏ ਪੈਸੇ ਨੂੰ ਪ੍ਰਮੁੱਖਤਾ ਦੇਣ ਦਾ ਦੋਸ਼ ਲਾਇਆ ਹੈ।

ਕੈਨੇਡਾ ਦੇ ਸਭ ਤੋਂ ਵੱਡੇ ਗਰੋਸਰ ਨੇ ਸਾਡੇ ਪ੍ਰਕਾਸ਼ਨ ਗਰੁੱਪ ਟੂਡੇਜ਼ ਟਰੱਕਿੰਗ ਨੂੰ ਕੀਤੀ ਇੱਕ ਈ-ਮੇਲ ‘ਚ ਕਿਹਾ, ”ਅਸੀਂ ਮੇਪਲ ਗਰੋਵ ਲੋਕੇਸ਼ਨ ‘ਤੇ ਆਪਣੀ ਕੰਪਨੀ ਵੱਲੋਂ ਚਲਾਈਆਂ ਜਾ ਰਹੀਆਂ ਆਵਾਜਾਈ ਦੀਆਂ ਕਾਰਵਾਈਆਂ ਨੂੰ 7 ਮਾਰਚ ਤੋਂ ਬੰਦ ਕਰਨ ਦਾ ਔਖਾ ਫ਼ੈਸਲਾ ਕੀਤਾ ਹੈ।”

ਕੰਪਨੀ ਦੀ ਬਾਹਰੀ ਸੰਚਾਰ ਦੀ ਸੀਨੀਅਰ ਡਾਇਰੈਕਟਰ ਕੈਥਰੀਨ ਥੋਮਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਲੌਬਲੋ ਦੀਆਂ ਜ਼ਿਆਦਾਤਰ ਆਵਾਜਾਈ ਕਾਰਵਾਈਆਂ ਤੀਜੀ ਧਿਰ ਵੱਲੋਂ ਅੰਜਾਮ ਦਿੱਤੀਆਂ ਜਾਂਦੀਆਂ ਹਨ।

ਬਿਆਨ ‘ਚ ਅੱਗੇ ਕਿਹਾ ਗਿਆ ਹੈ, ”ਸਾਨੂੰ ਲਗਦਾ ਹੈ ਕਿ ਇਸ ਮਾਮਲੇ ‘ਚ ਇਹੀ ਸਾਡੇ ਕਾਰੋਬਾਰ ਅਤੇ ਸਾਡੀਆਂ ਟੀਮਾਂ ਲਈ ਬਿਹਤਰ ਰਹੇਗਾ।”

ਯੂਨੀਅਨ ਨਾਰਾਜ਼

ਯੂ.ਐਫ਼.ਸੀ.ਡਬਲਿਊ., ਜੋ ਕਿ ਡਰਾਈਵਰਾਂ ਦੀ ਪ੍ਰਤੀਨਿਧਗੀ ਕਰਦੀ ਹੈ, ਇਸ ਫ਼ੈਸਲੇ ਤੋਂ ਖਫ਼ਾ ਹੈ।

ਯੂ.ਐਫ਼.ਸੀ.ਡਬਲਿਊ. ਦੇ ਕੈਨੇਡਾ ਲੋਕਲ  1006ਏ ਦੇ ਪ੍ਰਧਾਨ ਵੇਨ ਹੈਨਲੇ ਨੇ ਕਿਹਾ, ”ਲੌਬਲੋ ਦਾ ਇਹ ਬਿਆਨ ਕਿ ਸਾਈਟ  ਬੰਦ ਕਰਨਾ ‘ਸਾਡੇ ਕਾਰੋਬਾਰੀ ਲਈ ਬਿਹਤਰ ਰਹੇਗਾ’ ਤੋਂ ਪਤਾ ਲਗਦਾ ਹੈ ਕਿ ਉਹ, ਮਹਾਂਮਾਰੀ ਦੌਰਾਨ ਤਨਖ਼ਾਹਾਂ ਦੇਣ ਤੋਂ ਬਚਣ ਵਾਂਗ, ਉਨ੍ਹਾਂ ਨੂੰ ਸਫ਼ਲ ਬਣਾਉਣ ਵਾਲੇ ਕਾਮਿਆਂ ਤੋਂ ਜ਼ਿਆਦਾ ਤਰਜ਼ੀਹ ਮੁਨਾਫ਼ੇ ਨੂੰ ਦਿੰਦੇ ਹਨ।”

ਉਨ੍ਹਾਂ ਕਿਹਾ ਕਿ ਯੂਨੀਅਨ ਮੈਂਬਰਾਂ ਨੇ ਮਹਾਂਮਾਰੀ ਦੌਰਾਨ ਅੱਗੇ ਹੋ ਕੇ ਲੋਕਾਂ ਦੀ ਸੇਵਾ ਕੀਤੀ ਸੀ ਅਤੇ ਕਈ ਤਾਂ ਕੰਪਨੀ ਨਾਲ ਦਹਾਕਿਆਂ ਤੋਂ ਜੁੜੇ ਹੋਏ ਹਨ।

ਹੈਨਲੇ ਨੇ ਕਿਹਾ, ”ਕੰਪਨੀ ਵੱਲੋਂ ਅਚਾਨਕ ਕੀਤੇ ਇਸ ਐਲਾਨ ਤੋਂ ਅਸੀਂ ਨਿਰਾਸ਼ ਹਾਂ ਜੋ ਕਿ ਸਾਡੇ ਮੈਂਬਰਾਂ ਨੂੰ ਨੌਕਰੀ ਜਾਣ ਅਤੇ ਬੇਰੁਜ਼ਗਾਰੀ ਦੇ ਝਟਕੇ ਨੂੰ ਸਹਿਣ ਕਰਨ ਲਈ ਬਹੁਤ ਘੱਟ ਸਮਾਂ ਦਿੰਦਾ ਹੈ। ਅਸੀਂ ਇਹ ਯਕੀਨੀ ਕਰਨ ਲਈ ਸਖ਼ਤ ਮਿਹਨਤ ਕਰਾਂਗੇ ਕਿ ਮੈਂਬਰਾਂ ਨੂੰ ਕੁੱਝ ਹੋਰ ਸਮਾਂ, ਪੈਨਸ਼ਨ ਅਤੇ ਲਾਭ ਮਿਲਣ ਜਿਵੇਂ ਕਿ ਉਨ੍ਹਾਂ ਦੇ ਯੂਨੀਅਨ ਸਮਝੌਤੇ ‘ਚ ਦੱਸਿਆ ਗਿਆ ਹੈ।”

ਆਪਣੇ ਬਿਆਨ ‘ਚ, ਥੋਮਸ ਨੇ ਯਕੀਨ ਦਿਵਾਇਆ ਕਿ ਕੰਪਨੀ ਵਰਕਰਾਂ ਨਾਲ ਈਮਾਨਦਾਰੀ ਅਤੇ ਮਾਣ ਵਰਤੇਗੀ ਅਤੇ ਉਨ੍ਹਾਂ ਨੂੰ ਬਿਹਤਰ ਸੇਵਰੇਂਸ ਅਤੇ ਛੇਤੀ ਸੇਵਾਮੁਕਤੀ ਦੀ ਚੋਣ ਪੇਸ਼ ਕਰੇਗੀ।

ਉਨ੍ਹਾਂ ਕਿਹਾ ਕਿ ਕੈਂਬਰਿਜ ਦੇ ਵਰਕਰਾਂ ਨੂੰ ਸਥਾਨਕ ਟਰੱਕਿੰਗ ਕੰਪਨੀਆਂ ਕੋਲ ਆਊਟਸੋਰਸ ਕਰ ਦਿੱਤਾ ਜਾਵੇਗਾ।

”ਸਾਫ਼ ਤੌਰ ‘ਤੇ ਕਿਹਾ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਥਾਨਕ ਟਰੱਕਰਸ ਲਈ ਇਸ ਸਾਈਟ ‘ਤੇ ਕੰਮ ਘਟ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਅਸੀਂ ਇਸ ਕੰਮ ਨੂੰ ਟਰੱਕਿੰਗ ਕੰਪਨੀਆਂ ਨੂੰ ਸਪੁਰਦ ਕਰ ਦੇਵਾਂਗੇ।”