ਕੈਨੇਡਾ ਦਾ ਪਹਿਲਾ ਸਰਟੀਫ਼ਾਈਡ ਈ.ਐਲ.ਡੀ. ਬਣਿਆ ਹੱਚ ਕੁਨੈਕਟ

ਟਰਾਂਸਪੋਰਟ ਕੈਨੇਡਾ ਨੇ ਫ਼ੈਡਰਲ ਪੱਧਰ ’ਤੇ ਰੈਗੂਲੇਟਡ ਕੈਰੀਅਰਾਂ ਲਈ ਕਾਨੂੰਨ ’ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਪਹਿਲੇ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਨੂੰ ਸਰਟੀਫ਼ਾਈਡ ਕਰ ਦਿੱਤਾ ਹੈ।

(ਤਸਵੀਰ: ਆਈਸਟਾਕ)

ਐਫ਼.ਪੀ. ਇੰਨੋਵੇਸ਼ਨਜ਼ ਵੱਲੋਂ ਕੀਤੇ ਜਾਣ ਵਾਲੇ ਤੀਜੀ ਧਿਰ ਸਰਟੀਫ਼ੀਕੇਸ਼ਨ ਟੈਸਟ ਨੂੰ ਹੱਚ ਕੁਨੈਕਟ ਈ.ਐਲ.ਡੀ. ਨੇ ਪਾਸ ਕਰ ਲਿਆ ਹੈ। ਐਫ਼.ਪੀ. ਇੰਨੋਵੇਸ਼ਨਜ਼ ਤਿੰਨ ਸਰਟੀਫ਼ੀਕੇਸ਼ਨ ਸੰਸਥਾਵਾਂ ’ਚੋਂ ਇੱਕ ਹੈ ਜੋ ਕਿ ਇਹ ਪੁਖਤਾ ਕਰਦੀ ਹੈ ਕਿ ਕੀ ਹਰ ਈ.ਐਲ.ਡੀ. ਤਕਨੀਕੀ ਮਾਨਕਾਂ ਨੂੰ ਪੂਰਾ ਕਰਦੀ ਹੈ ਜਾਂ ਨਹੀਂ।

ਹੱਚ ਕੁਨੈਕਟ ਈ.ਐਲ.ਡੀ. ਹੁਣ ਕੈਨੇਡਾ ਦੇ ਈ.ਐਲ.ਡੀ. ਕਾਨੂੰਨ ’ਤੇ ਖਰੀ ਉਤਰਨ ਬਾਰੇ ਸਰਟੀਫ਼ਾਈਡ ਹੈ। (ਤਸਵੀਰ: ਹੱਚ ਸਿਸਟਮਜ਼)

ਅਮਰੀਕਾ ’ਚ ਜਿੱਥੇ ਸਪਲਾਈਕਰਤਾ ਆਪਣੇ ਉਪਕਰਨਾਂ ਨੂੰ ਖ਼ੁਦ ਹੀ ਪ੍ਰਮਾਣਤ ਕਰਦੇ ਹਨ ਉੱਥੇ ਕੈਨੇਡਾ ’ਚ ਉਪਕਰਨਾਂ ਨੂੰ ਐਲਾਨੀਆਂ ਗਈਆਂ ਤੀਜੀ ਧਿਰ ਦੀਆਂ ਪ੍ਰਯੋਗਸ਼ਾਲਾਵਾਂ ’ਚ ਪ੍ਰਮਾਣਤ ਕਰਨ ਦੀ ਜ਼ਰੂਰਤ ਹੁੰਦੀ ਹੈ। ਸਾਰੇ ਸਰਟੀਫ਼ਾਈਡ ਉਪਕਰਨਾਂ ਨੂੰ ਟਰਾਂਸਪੋਰਟ ਕੈਨੇਡਾ ਦੇ ਵੈੱਬ ਪੇਜ ’ਤੇ ਸੂਚੀਬੱਧ ਕੀਤਾ ਜਾਵੇਗਾ।

ਤੀਜੀ ਧਿਰ ਸਰਟੀਫ਼ੀਕੇਸ਼ਨ ਦੀ ਪ੍ਰਕਿਰਿਆ ਇਹ ਯਕੀਨੀ ਕਰਨ ਲਈ ਲਿਆਂਦੀ ਗਈ ਸੀ ਕਿ ਸੇਵਾ ਦੇ ਘੰਟੇ ਅੰਕੜਿਆਂ ਨਾਲ ਕਿਸੇ ਕਿਸਮ ਦੀ ਛੇੜਛਾੜ ਨਾ ਹੋ ਸਕੇ। ਕਮਰਸ਼ੀਅਲ ਡਰਾਈਵਰ ਤਕਨਾਲੋਜੀ ਅਤੇ ਸੀ.ਐਸ.ਏ. ਗਰੁੱਪ ਦੋ ਹੋਰ ਸਰਟੀਫ਼ਾਇੰਗ ਸੰਸਥਾਵਾਂ ਹਨ।

ਹੱਚ ਸਿਸਟਮਜ਼ ਦੇ ਚੀਫ਼ ਟੈਕਨੀਕਲ ਅਫ਼ਸਰ ਗੈਰੀ ਧਾਲੀਵਾਲ ਨੇ ਇੱਕ ਸੰਬੰਧਤ ਪ੍ਰੈੱਸ ਬਿਆਨ ’ਚ ਕਿਹਾ, ‘‘ਸਾਡਾ ਮੁੱਖ ਮੰਤਵ ਹਮੇਸ਼ਾ ਤੋਂ ਖੋਜ ਅਤੇ ਵਿਕਾਸ, ਨਵੀਂਆਂ ਕਾਢਾਂ ਅਤੇ ਕਾਨੂੰਨ ਦੀ ਪਾਲਣਾ ਰਿਹਾ ਹੈ।’’

ਹੱਚ ਸਿਸਟਮਜ਼ ਐਬਟਸਫ਼ੋਰਡ, ਬੀ.ਸੀ. ’ਚ ਸਥਿਤ ਹੈ।

ਹੱਚ ਸਿਸਟਮਜ਼ ਦੇ ਸੀ.ਈ.ਓ. ਮਨਵੀਰ ਘੁੰਮਣ ਨੇ ਕਿਹਾ, ‘‘ਮੈਨੂੰ ਹੱਚ ਵਿਖੇ ਆਪਣੀ ਟੀਮ ’ਤੇ ਹਮੇਸ਼ਾ ਤੋਂ ਯਕੀਨ ਸੀ, ਜਿਸ ਨੇ  ਐਫ਼.ਪੀ. ਇਨੋਵੇਸ਼ਨਜ਼ ਨਾਲ ਮਿਲ ਕੇ ਪੂਰੀ ਪ੍ਰਕਿਰਿਆ ਨੂੰ ਜਾਇਜ਼ ਅਤੇ ਸਫ਼ਲ ਤਰੀਕੇ ਨਾਲ ਨੇਪਰੇ ਚਾੜਿ੍ਹਆ।’’

ਸਰਟੀਫ਼ਾਈਡ ਈ.ਐਲ.ਡੀ. ਦੀ ਵਿਆਖਿਆ ਹਾਰਡ-ਵਾਇਰਡ ਪੇਸ਼ਕਸ਼ ਵਜੋਂ ਕੀਤੀ ਗਈ ਹੈ ਜੋ ਕਿ ਕੈਰੀਅਰ ਨੂੰ ਆਪਣੀ ਖ਼ੁਦ ਦੀ ਟੈਬਲੇਟ ਜਾਂ ਸਮਾਰਟਫ਼ੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ ਹਨ।

ਕੰਪਨੀ ਨੇ ਕਿਹਾ ਕਿ ਕੈਰੀਅਰਾਂ ਨੂੰ ਅਜੇ ਵੀ ਈ.ਐਲ.ਡੀ. ਖ਼ਰੀਦਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

12 ਜੂਨ, 2022 ਤਕ ਈ.ਐਲ.ਡੀ. ਕਾਨੂੰਨ ਲਾਗੂ ਕਰਨ ਦੀ ਸਮਾਂ ਸੀਮਾ ਦਾ ਹਵਾਲਾ ਦਿੰਦਿਆਂ ਹੱਚ ਦੇ ਸੇਲਜ਼ ਅਤੇ ਮਾਰਕੀਟਿੰਗ ਮੁਖੀ ਵਿਸ਼ਾਲ ਸ਼ਰਮਾ ਨੇ ਕਿਹਾ, ‘‘ਚਿੱਪ ਦੀ ਕਮੀ ਕਰਕੇ ਪੂਰੀ ਦੁਨੀਆਂ ’ਚ ਉਤਪਾਦਨ ਰੁਕਿਆ ਹੋਇਆ ਹੈ, ਜਿਸ ਨਾਲ ਟੈਲੀਮੈਟਿਕਸ ਉਦਯੋਗ ਵੀ ਪ੍ਰਭਾਵਤ ਹੋਇਆ ਹੈ।’’

‘‘ਸ਼ਾਇਦ ਅਸੀਂ ਸਾਰੇ ਆਰਡਰ ਸਮੇਂ ਸਿਰ ਪੂਰੇ ਨਾ ਕਰ ਸਕੀਏ। ਮੈਂ ਕੈਰੀਅਰਸ ਨੂੰ ਸਮਾਂ ਸੀਮਾ ਖ਼ਤਮ ਹੋਣ ਤੋਂ ਪਹਿਲਾਂ ਹੀ ਤੀਜੀ ਧਿਰ ਵੱਲੋਂ ਸਰਟੀਫ਼ਾਈਡ ਈ.ਐਲ.ਡੀ. ਖ਼ਰੀਦਣ ਬਾਰੇ ਯੋਜਨਾ ਬਣਾਉਣ ਦੀ ਬੇਨਤੀ ਕਰਾਂਗਾ।’’

ਫ਼ੈਡਰਲੀ ਰੈਗੂਲੇਟਡ ਕੈਰੀਅਰਸ ’ਤੇ ਕਾਨੂੰਨ ਇਸ ਸਾਲ 12 ਜੂਨ ਨੂੰ ਲਾਗੂ ਹੋ ਗਿਆ ਸੀ, ਪਰ ਕੈਨੇਡੀਅਨ ਅਧਿਕਾਰ ਖੇਤਰ ਅਜੇ ਤਕ ਨਵੇਂ ਨਿਯਮਾਂ ਨੂੰ ਲਾਗੂ ਨਹੀਂ ਕਰ ਰਹੇ ਹਨ, ਕਿਉਂਕਿ ਅਜੇ ਤਕ ਬਾਜ਼ਾਰ ’ਚ ਸਰਟੀਫ਼ਾਈਡ ਉਪਕਰਨਾਂ ਦੀ ਕਮੀ ਹੈ।