ਕੋਵਿਡ ਮਗਰੋਂ ਫ਼ਲੀਟਸ ਨੂੰ ਕਾਰੋਬਾਰ ‘ਚ ਤੇਜ਼ੀ ਦੀ ਉਮੀਦ

ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਮੂਧੇ ਮੂੰਹ ਡਿੱਗਣ ਤੋਂ ਕੁੱਝ ਮਹੀਨੇ ਬਾਅਦ ਹੀ ਕੈਨੇਡਾ ਦੀ ਟਰੱਕਿੰਗ ਰਾਜਧਾਨੀ ‘ਚ ਫ਼ਲੀਟਸ ਨੂੰ ਆਉਣ ਵਾਲੇ ਸਮੇਂ ‘ਚ ਆਪਣੇ ਕਾਰੋਬਾਰ ‘ਚ ਤੇਜ਼ੀ ਫੜਨ ਦੀ ਉਮੀਦ ਹੈ, ਭਾਵੇਂ ਕੋਵਿਡ-19 ਸੰਕਟ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਲਈ ਅਜੇ ਉਨ੍ਹਾਂ ਨੂੰ ਲੰਮਾ ਪੈਂਡਾ ਤੈਅ ਕਰਨਾ ਪਵੇਗਾ।

ਵਿਕ ਗੁਪਤਾ, ਰੋਡੀਜ਼ ਗਰੁੱਪ ਦੇ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ, ਬਿਜ਼ਨੈਸ ਡਿਵੈਲਪਮੈਂਟ

ਪੀਲ ਖੇਤਰ ‘ਚ ਅਧਾਰਤ ਇੱਕ ਕੈਰੀਅਰ ਰੋਡੀਜ਼ ਗਰੁੱਪ ਦੇ ਕਾਰਜਕਾਰੀ ਵਾਇਸ-ਪ੍ਰੈਜ਼ੀਡੈਂਟ ਵਿਕ ਗੁਪਤਾ ਨੇ ਕਿਹਾ, ”ਸਾਨੂੰ ਇਸ ਬਾਰੇ ਬਿਲਕੁਲ ਵੀ ਕੋਈ ਖ਼ਿਆਲ ਨਹੀਂ ਸੀ ਕਿ ਕੋਵਿਡ-19 ਇਸ ਤਰ੍ਹਾਂ ਸਾਡੇ ਲਈ ਬਿਪਤਾ ਬਣ ਜਾਵੇਗਾ।”

ਗੁਪਤਾ ਨੇ ਕਿਹਾ ਕਿ ਮਹਾਂਮਾਰੀ ਦੇ ਸ਼ੁਰੂਆਤੀ ਦੌਰ ‘ਚ ਰੋਡੀਜ਼ ਦਾ ਕਾਰੋਬਾਰ 15% ਤੋਂ 20% ਤਕ ਘੱਟ ਗਿਆ। ਇਸ ਕਮੀ ਨੂੰ ਉਨ੍ਹਾਂ ਨੇ ”ਮਾਮੂਲੀ” ਦੱਸਿਆ।

”ਸਾਡੇ ਬਹੁਤੇ ਗ੍ਰਾਹਕ ਭੋਜਨ ਅਤੇ ਪੀਣਯੋਗ ਪਦਾਰਥਾਂ ‘ਚ ਕਾਰੋਬਾਰ ਕਰਦੇ ਹਨ, ਇਸ ਲਈ ਅਸੀਂ ਆਪਣਾ ਕਾਰੋਬਾਰ ਚਲਦਾ ਰੱਖਣ ‘ਚ ਸਮਰੱਥ ਰਹੇ।”

ਪੀਸ ਟਰਾਂਸਪੋਰਟੇਸ਼ਨ ਅਤੇ ਲੋਡ ਸਲਿਊਸ਼ਨਜ਼ ਇੰਕ. ਵੀ ਕੋਵਿਡ-19 ਅਤੇ ਇਸ ਤੋਂ ਬਾਅਦ ਦੇ ਸਮੇਂ ਲਈ ਤਿਆਰ ਨਹੀਂ ਸੀ।

ਬਿਸ਼ਾਰਤ ਅਹਿਮਦ, ਸੀ.ਈ.ਓ., ਪੀਸ ਟਰਾਂਸਪੋਰਟੇਸ਼ਨ

ਪੀਸ ਟਰਾਂਸਪੋਰਟੇਸ਼ਨ ਦੇ ਸੀ.ਈ.ਓ. ਬਿਸ਼ਾਰਤ ਅਹਿਮਦ ਨੇ ਕਿਹਾ, ”ਸਾਡੀ ਕੰਪਨੀ ਕੋਲ ਕੰਮਕਾਜ ‘ਤੇ ਸੱਟਾਂ ਲੱਗਣ, ਅੱਗ ਜਾਂ ਕੁਦਰਤੀ ਬਿਪਤਾ ਵਰਗੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੀ ਯੋਜਨਾ ਸੀ, ਪਰ ਕੋਵਿਡ-19 ਨੇ ਸ਼ਾਇਦ ਸਾਨੂੰ ਸਾਰਿਆਂ ਨੂੰ ਝਕਾਨੀ ਦੇ ਦਿੱਤੀ।”

ਓਂਟਾਰੀਓ ਅਤੇ ਅਮਰੀਕਾ ਵਿਚਕਾਰ ਤਾਜ਼ੇ ਫਲ, ਸਬਜ਼ੀਆਂ ਅਤੇ ਰੈਫ਼ਰੀਜਿਰੇਟਿਡ ਹੋਏ ਪਦਾਰਥਾਂ ਦੀ ਆਵਾਜਾਈ ਕਰਨ ਵਾਲੀ ਕੰਪਨੀ ਸਾਹਮਣੇ ਚੁਨੌਤੀ ਫ਼ੈਕਟਰੀਆਂ ਬੰਦ ਹੋਣਾ ਨਹੀਂ ਬਲਕਿ ਕੁੱਝ ਹੋਰ ਸੀ।

ਉਨ੍ਹਾਂ ਕਿਹਾ, ”ਡਰਾਈਵਰ ਸਰਹੱਦ ਪਾਰ ਕਰ ਕੇ ਅਮਰੀਕਾ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਉਥੇ ਇਸ ਮਹਾਂਮਾਰੀ ਕਰਕੇ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਸਨ। ਇਸ ਦੀ ਬਜਾਏ ਉਨ੍ਹਾਂ ਨੇ ਘਰ ਰਹਿ ਕੇ ਸਰਕਾਰੀ ਲਾਭ ਲਈ ਬਿਨੈ ਕਰਨਾ ਚੰਗਾ ਸਮਝਿਆ।”

ਰਣਦੀਪ ਸੰਧੂ, ਲੋਡ ਸਲਿਊਸ਼ਨਜ਼ ਇੰਕ. ਦੇ ਪ੍ਰੈਜ਼ੀਡੈਂਟ

ਐਲ.ਐਸ.ਆਈ. ਵਰਲਡ ਦੇ ਇੱਕ ਡਿਵੀਜ਼ਨ, ਲੋਡ ਸਲਿਊਸ਼ਨਜ਼ ਦੇ ਪ੍ਰੈਜ਼ੀਡੈਂਟ ਰਣਦੀਪ ਸੰਧੂ ਸ਼ੁਰੂਆਤੀ ਦਿਨਾਂ ‘ਚ ਪੈਦਾ ‘ਉਲਝਣ’ ਨੂੰ ਯਾਦ ਕਰਦੇ ਹਨ।

ਉਨ੍ਹਾਂ ਕਿਹਾ ਕਿ ਕੰਪਨੀ ਨੇ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ।

ਸੰਧੂ ਨੇ ਕਿਹਾ ਕਿ ਅਪ੍ਰੈਲ ਅਤੇ ਮਈ ਦੇ ਮਹੀਨੇ ‘ਚ ਲੋਡ ਸਲਿਊਸ਼ਨਜ਼ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋਈ, ਪਰ ਸਾਨੂੰ ਆਪਣੇ ਡਰਾਈਵਰਾਂ ਨੂੰ ਨੌਕਰੀ ਤੋਂ ਕੱਢਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਉਹ ਵੀ ਕੰਮ ਨਹੀਂ ਕਰਨਾ ਚਾਹੁੰਦੇ ਸਨ।”

 

ਹਾਲਾਤ ਸੁਧਰੇ

ਤਿੰਨੇ ਫ਼ਲੀਟਸ ਦੇ ਮੁਖੀਆਂ ਨੇ ਕਿਹਾ ਕਿ ਓਂਟਾਰੀਓ ਅਤੇ ਹੋਰ ਸੂਬਿਆਂ ਦੇ ਖੁੱਲ੍ਹਣ ਮਗਰੋਂ ਕਾਰੋਬਾਰ ਨੇ ਜ਼ੋਰ ਫੜ ਲਿਆ ਹੈ।

ਹੋਰਨਾਂ ਹਿਤਧਾਰਕਾਂ ਵੱਲੋਂ ਕੀਤੇ ਵਿਸ਼ਲੇਸ਼ਣ ਅਨੁਸਾਰ ਮੁਲਾਂਕਣ ਸਥਿਰ ਹੈ। ਉਦਾਹਰਣ ਵੱਜੋਂ, ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਲੇਬਰ ਫ਼ੋਰਸ ਸਰਵੇਖਣ ‘ਚ ਦੱਸਿਆ ਗਿਆ ਹੈ ਕਿ ਜੁਲਾਈ ‘ਚ ਡਰਾਈਵਰਾਂ ਦੀ ਭਰਤੀ 7% ਵਧੀ ਹੈ, ਜੋ ਕਿ ਉਮੀਦ ਤੋਂ ਬਹੁਤ ਜ਼ਿਆਦਾ ਹੈ।

ਪੂਰੇ ਕੈਨੇਡਾ ‘ਚ ਕੈਰੀਅਰਸ ਵੱਲੋਂ ਡਰਾਈਵਰਾਂ ਦੀ ਮੰਗ ‘ਚ ਵਾਧਾ ਵੀ ਵੇਖਣ ਨੂੰ ਮਿਲਿਆ ਹੈ, ਵਿਸ਼ੇਸ਼ ਕਰ ਕੇ ਸਰਹੱਦ ਪਾਰ ਜਾਣ ਵਾਲੇ ਟਰੱਕਰਸ ਲਈ।

ਅਤੇ ਸਤੰਬਰ ਮਹੀਨੇ ਦੀ ਸ਼ੁਰੂਆਤ ‘ਚ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏੇ.) ਨੇ ਕਿਹਾ ਕਿ 31 ਅਗਸਤ-6 ਸਤੰਬਰ ਵਿਚਕਾਰ ਦੇਸ਼ ਅੰਦਰ ਦਾਖ਼ਲ ਹੋਣ ਵਾਲੇ ਟਰੱਕ ਡਰਾਈਵਰਾਂ ਦੀ ਗਿਣਤੀ 7,500 ਵੱਧ ਕੇ 110,507 ਹੋ ਗਈ, ਜੋ ਕਿ ਪਿਛਲੇ ਸਾਲ ਇਸੇ ਸਮੇਂ ਮੁਕਾਬਲੇ 7% ਵੱਧ ਹੈ।

ਪੀਸ ਟਰਾਂਸਪੋਰਟੇਸ਼ਨ ਦੇ ਅਹਿਮਦ ਨੇ ਕਿਹਾ, ”ਹਾਂ, ਅਸੀਂ ਅਮਰੀਕਾ ਜਾਣ ਵਾਲੇ ਟਰੱਕਾਂ ਲਈ ਜ਼ਰੂਰਤ ਅਨੁਸਾਰ ਡਰਾਈਵਰਾਂ ਦੀ ਭਰਤੀ ਕਰ ਰਹੇ ਹਾਂ।”

ਲੋਡ ਸਲਿਊਸ਼ਨਜ਼ ਵੀ ਭਰਤੀਆਂ ਕਰ ਰਿਹਾ ਹੈ।

ਰੋਡੀਜ਼ ਦੀ ਗੱਲ ਕਰੀਏ ਤਾਂ ਇਸ ਨੇ ਭਰਤੀਆਂ ਕਦੇ ਬੰਦ ਹੀ ਨਹੀਂ ਕੀਤੀਆਂ ਸਨ, ਜਦੋਂ ਮਹਾਂਮਾਰੀ ਆਪਣੇ ਸਿਖਰ ‘ਤੇ ਸੀ ਉਦੋਂ ਵੀ ਨਹੀਂ।

ਗੁਪਤਾ ਨੇ ਕਿਹਾ, ”ਅਸਲ ‘ਚ ਮਹਾਂਮਾਰੀ ਦੌਰਾਨ ਅਸੀਂ 15 ਤੋਂ ਜ਼ਿਆਦਾ ਡਰਾਈਵਰਾਂ ਦੀ ਭਰਤੀ ਕੀਤੀ।”

ਕਈ ਹੋਰ ਕੈਰੀਅਰਸ ਵਾਂਗ, ਇਨ੍ਹਾਂ ਤਿੰਨ ਫ਼ਲੀਟਸ ਨੇ ਸਰਕਾਰ ਵੱਲੋਂ ਮੱਦਦ ਲਈ ਕੋਈ ਅਪੀਲ ਨਹੀਂ ਕੀਤੀ।

ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਕੰਪਨੀਆਂ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਿਊ.ਐਸ.) ਲਈ ਬਿਨੈ ਕਰਨ ਦੇ ਯੋਗ ਹਨ, ਜਿਸ ਨੇ ਜੂਨ-ਜੁਲਾਈ ਮਹੀਨੇ ‘ਚ ਇਸ ਖੇਤਰ ਦੇ 59,000 ਵਰਕਰਾਂ ਦੀ ਮੱਦਦ ਕੀਤੀ।

ਇਹ ਮਈ-ਜੂਨ ਦੇ 135,000 ਅਤੇ ਅਪ੍ਰੈਲ-ਮਈ ਦੇ 170,000 ਅੰਕੜੇ ਤੋਂ ਬਹੁਤ ਘੱਟ ਹੈ।

 

ਸੁਨਹਿਰਾ ਭਵਿੱਖ

ਗੁਪਤਾ ਕਾਰੋਬਾਰ ‘ਚ ਤੇਜ਼ੀ ਆਉਣ ਬਾਰੇ ਆਸਵੰਦ ਹਨ ਕਿਉਂਕਿ ਉਨ੍ਹਾਂ ਨੂੰ ਉਦਯੋਗ ‘ਚ ਸਾਕਾਰਾਤਮਕ ਹਲਚਲ ਵੇਖਣ ਨੂੰ ਮਿਲ ਰਹੀ ਹੈ।

ਉਨ੍ਹਾਂ ਕਿਹਾ, ”ਰੋਡੀਜ਼ ਦਾ ਟੀਚਾ ਆਪਣੀ ਪੂਰੀ ਤਾਕਤ ਨਾਲ ਵਾਪਸੀ ਕਰਨ ਅਤੇ ਗੁਆਚਿਆ ਕਾਰੋਬਾਰ ਮੁੜ ਪ੍ਰਾਪਤ ਕਰਨਾ ਹੈ। ਅਸੀਂ ਇਸ ਟੀਚੇ ‘ਤੇ ਧਿਆਨ ਕੇਂਦਰਤ ਕਰ ਕੇ ਕੰਮ ਦੇ ਨਵੇਂ ਮੌਕੇ ਸਿਰਜਾਂਗੇ।”

ਸੰਧੂ ਨੂੰ ਵੀ ਲਗਦਾ ਹੈ ਕਿ ਭਵਿੱਖ ਰੌਸ਼ਨ ਹੈ, ਘੱਟ ਤੋਂ ਘੱਟ ਆਉਣ ਵਾਲੇ ਕੁੱਝ ਸਮੇਂ ਲਈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ‘ਤੇ ਕਾਰੋਬਾਰ ਲਿਜਾਣ ਲਈ ਘੱਟ ਤੋਂ ਘੱਟ ਇੱਕ ਸਾਲ ਲਗ ਸਕਦਾ ਹੈ।

ਹਾਲਾਂਕਿ ਸੰਧੂ ਨਵੇਂ ਨਿਵੇਸ਼ ਕਰਨ ਲਈ ਉਦਯੋਗ ਦੇ ਪੂਰੀ ਤਰ੍ਹਾਂ ਸੰਕਟ ਤੋਂ ਬਾਹਰ ਨਿਕਲਣ ਦੀ ਉਡੀਕ ਨਹੀਂ ਕਰ ਰਹੇ ਹਨ, ਉਨ੍ਹਾਂ ਅਨੁਸਾਰ ਨਿਵੇਸ਼ ਡਰਾਈਵਰ ਦੇ ਜੀਵਨ ਜੀਣ ਦੇ ਢੰਗ ‘ਤੇ ਵੱਡਾ ਸਾਕਾਰਾਤਮਕ ਅਸਰ ਪਾਵੇਗਾ।

ਉਨ੍ਹਾਂ ਕਿਹਾ ਕਿ ਲੋਡ ਸਲਿਊਸ਼ਨਜ਼ ਦਾ ਨਿਸ਼ਾਨਾ ਨਵੀਨਤਮ ਸਹੂਲਤਾਂ ਨਾਲ ਲੈਸ, ਰਣਨੀਤਕ ਥਾਂਵਾਂ ‘ਤੇ ਸਥਿਤ ਟਰਮੀਨਲ ਬਣਾਉਣ ਦਾ ਹੈ ਜਿਸ ਨਾਲ ਫ਼ਰੇਟ ਦੀ ਬੇਰੋਕ ਆਵਾਜਾਈ ਹੋ ਸਕੇ ਅਤੇ ਡਰਾਈਵਰ ਬਿਹਤਰ ਮਹਿਸੂਸ ਕਰਨ।

ਹੋਰਨਾਂ ਯੋਜਨਾਵਾਂ ‘ਚ ਅਨੁਕੂਲ ਕਾਰੋਬਾਰੀ ਮਾਡਲ ਸ਼ਾਮਲ ਹੈ ਜਿਸ ਨਾਲ ਡਰਾਈਵਰ ਆਪਣੇ ਪ੍ਰਵਾਰਾਂ ਨਾਲ ਜ਼ਿਆਦਾ ਸਮਾਂ ਬਤੀਤ ਕਰ ਸਕਣ।

ਬਿਸ਼ਾਰਤ ਨੂੰ ਲਗਦਾ ਹੈ ਕਿ ਕੋਵਿਡ-19 ਦੀ ਵੈਕਸੀਨ ਮੁਹੱਈਆ ਹੋਣ ‘ਤੇ ਬਹੁਤ ਕੁੱਝ ਨਿਰਭਰ ਕਰੇਗਾ।

ਉਨ੍ਹਾਂ ਕਿਹਾ, ”ਸਾਨੂੰ ਲਗਦਾ ਹੈ ਕਿ ਜਦੋਂ ਇੱਕ ਵਾਰੀ ਵੈਕਸੀਨ ਮੁਹੱਈਆ ਹੋ ਗਈ ਤਾਂ ਟਰੱਕਿੰਗ ਉਦਯੋਗ ਆਪਣੀ ਪੂਰੀ ਸਮਰਥਾ ਨਾਲ ਕੰਮ ਕਰੇਗਾ।”

ਬਿਸ਼ਾਰਤ ਨੇ ਮੌਜੂਦਾ ਫ਼ਰੇਟ ਦੀਆਂ ਕੀਮਤਾਂ ‘ਚ ਸਖ਼ਤ ਮੁਕਾਬਲੇਬਾਜ਼ੀ ‘ਤੇ ਵੀ ਚਿੰਤਾ ਪ੍ਰਗਟ ਕੀਤੀ।

”ਕੀਮਤਾਂ ਏਨੀਆਂ ਕੁ ਹੋਣੀਆਂ ਚਾਹੀਦੀਆਂ ਹਨ ਕਿ ਇਸ ਉਦਯੋਗ ‘ਚ ਹੋਂਦ ਬਚਾਈ ਜਾ ਸਕੇ।”

 

ਸਾਇਬਰ ਸੁਰੱਖਿਆ

ਕੋਵਿਡ-19 ਕਰ ਕੇ ਸਾਇਬਰ ਹਮਲਿਆਂ ‘ਚ ਵੀ ਵਾਧਾ ਹੋਇਆ ਹੈ।

ਟਰੱਕਿੰਗ ਕੰਪਨੀ ਟੀ.ਐਫ਼.ਆਈ. ਇੰਟਰਨੈਸ਼ਨਲ ਦੀ ਸਹਿਭਾਗੀ ਕੈਨਪਾਰ ਐਕਸਪ੍ਰੈੱਸ ‘ਤੇ ਪਿੱਛੇ ਜਿਹੇ ਫ਼ਿਰੌਤੀ ਮੰਗਣ ਵਾਲਿਆਂ ਨੇ ਸਾਇਬਰ ਹਮਲਾ ਕੀਤਾ ਸੀ, ਜਿਸ ਤੋਂ ਪਤਾ ਲਗਦਾ ਹੈ ਕਿ ਹੈਕਿੰਗ ਤੋਂ ਕੋਈ ਵੀ ਕੰਪਨੀ ਬਚੀ ਹੋਈ ਨਹੀਂ ਹੈ। ਸਾਇਬਰ ਸੁਰੱਖਿਆ ਮਾਹਰਾਂ ਨੇ ਫ਼ਲੀਟਸ ਨੂੰ ਅਪੀਲ ਕੀਤੀ ਹੈ ਕਿ ਉਹ ਸਰਗਰਮੀ ਵਿਖਾਉਂਦਿਆਂ ਸਾਇਬਰ ਘਟਨਾ ਬਾਰੇ ਜਾਣਕਾਰੀ ਦੇਣ ਦੀ ਯੋਜਨਾ ਬਣਾਉਣ ਤਾਂ ਕਿ ਕਿਸੇ ਮਹਿੰਗੀ ਹੈਰਾਨੀ ਤੋਂ ਬਚਿਆ ਜਾ ਸਕੇ।

ਸੰਧੂ ਨੇ ਕਿਹਾ ਕਿ ਲੋਡ ਸਲਿਊਸ਼ਨਜ਼ ਕੋਲ ਬਿਹਤਰੀਨ ਆਈ.ਟੀ. ਟੀਮ ਹੈ ਜੋ ਕਿ ਇਸ ਦੇ ਸਰਵਰਾਂ ਦੀ ਸੁਰੱਖਿਆ ਕਰ ਰਹੀ ਹੈ।

ਪੀਸ ਵੀ ਅਹਿਤਿਆਤ ਵਰਤ ਰਿਹਾ ਹੈ।

”ਅਸੀਂ ਲਗਾਤਾਰ ਆਪਣੇ ਵੈੱਬ-ਅਧਾਰਤ ਟੈਲੀਮੈਟਿਕਸ ਜਿਵੇਂ ਈ.ਐਲ.ਡੀ. ਦੀ ਨਿਗਰਾਨੀ ਅਤੇ ਦੇਖ-ਰੇਖ ਕਰ ਰਹੇ ਹਾਂ, ਲਾਈਵ ਟਰੈਕਿੰਗ ਸਾਫ਼ਟਵੇਅਰ ਅਤੇ ਕੈਮਰੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਾਰਾ ਕੁੱਝ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ।”

ਗੁਪਤਾ ਨੇ ਕਿਹਾ ਕਿ ਰੋਡੀਜ਼ ਕੋਲ ਕਿਸੇ ਘਟਨਾ ਦੇ ਵਾਪਰਨ ‘ਤੇ ਭਾਵੇਂ ਕੋਈ ਪ੍ਰਤੀਕਿਰਿਆ ਯੋਜਨਾ ਨਹੀਂ ਹੈ, ਪਰ ਇਸ ਕੋਲ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ।

 

ਅਬਦੁਲ ਲਤੀਫ਼ ਵੱਲੋਂ