ਟਰੱਕਾਂ ਦੀਆਂ ਟੱਕਰਾਂ ਬਣਿਆ ਚਿੰਤਾ ਦਾ ਕਾਰਨ
ਪਿਛਲੇ ਇੱਕ ਦਹਾਕੇ ‘ਚ ਓਂਟਾਰੀਓ ਨੇ ਸੜਕ ਸੁਰੱਖਿਆ ਦੇ ਮਾਮਲੇ ‘ਚ ਬਿਹਤਰੀਨ ਤਰੱਕੀ ਕੀਤੀ ਹੈ, ਪਰ ਫਿਰ ਵੀ ਪੰਜ ਪ੍ਰਮੁੱਖ ਸਮੱਸਿਆਵਾਂ ਦੀ ਸੂਚੀ ‘ਚ ਵੱਡੇ ਟਰੱਕਾਂ ਦੀਆਂ ਟੱਕਰਾਂ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।

ਓਂਟਾਰੀਓ ਆਵਾਜਾਈ ਮੰਤਰਾਲੇ ਦੇ ਸੁਰੱਖਿਆ ਖੋਜ ਸਲਾਹਕਾਰ ਮਾਈਕਲ ਮੈਕਗਰੈਥ ਨੇ ਫ਼ਲੀਟ ਸੇਫ਼ਟੀ ਕੌਂਸਲ (ਐਫ਼.ਐਸ.ਸੀ.) ਦੀ ਪ੍ਰੋਵਿੰਸ਼ੀਅਲ ਮੀਟਿੰਗ ‘ਚ ਕਿਹਾ ਕਿ ਸੜਕੀ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਦੇ ਵੱਡੇ ਕਾਰਨਾਂ ‘ਚ ਪੈਦਲ ਚੱਲਣ ਵਾਲੇ, ਵੱਡੇ ਟਰੱਕ, ਨਸ਼ੇ ‘ਚ ਡਰਾਈਵਿੰਗ, ਬੈਲਟ ਤੋਂ ਬਗ਼ੈਰ ਗੱਡੀ ‘ਚ ਬੈਠੇ ਲੋਕ ਅਤੇ ਤੇਜ਼ ਗਤੀ ਸ਼ਾਮਲ ਹਨ।
ਮੈਕਗਰੈਥ ਵੱਲੋਂ ਮੀਟਿੰਗ ‘ਚ ਪੇਸ਼ ਕੀਤੀ ਓਂਟਾਰੀਓ ਸੜਕ ਸੁਰੱਖਿਆ ਸਾਲਾਨਾ ਰੀਪੋਰਟ (ਓ.ਆਰ.ਐਸ.ਏ.ਆਰ.) ਅਨੁਸਾਰ ਇਸ ਬਾਰੇ ਸਟੀਕ ਪ੍ਰਾਪਤ ਅੰਕੜਿਆਂ ਵਾਲੇ ਆਖ਼ਰੀ ਸਾਲ 2017 ਦੌਰਾਨ ਵੱਡੇ ਟਰੱਕਾਂ ਦੀਆਂ ਟੱਕਰਾਂ ਕਰਕੇ 141 ਮੌਤਾਂ ਹੋਈਆਂ, ਜੋ ਕਿ ਸੜਕੀ ਹਾਦਸਿਆਂ ‘ਚ ਹੋਈਆਂ ਕੁਲ ਮੌਤਾਂ ਦਾ 23% ਹਿੱਸਾ ਸੀ।
2018 ਲਈ ਸ਼ੁਰੂਆਤੀ ਰੀਪੋਰਟ ਦਰਸਾਉਂਦੀ ਹੈ ਕਿ ਮੌਤਾਂ ਦੀ ਗਿਣਤੀ ਘੱਟ ਕੇ 95 ਹੋ ਗਈ, ਜਾਂ ਕੁੱਲ ਮੌਤਾਂ ਦਾ 15.5% ਹੈ। ਇਹ ਅੰਕੜਾ 2019 ‘ਚ ਇੱਕ ਵਾਰੀ ਫਿਰ ਵੱਧ ਕੇ 126 ਜਾਂ ਕੁੱਲ ਮੌਤਾਂ ਦਾ 23% ਹੋ ਗਿਆ।
ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਦੀ ਜੁਲਾਈ ਮਹੀਨੇ ਦੀ ਰੀਪੋਰਟ ਅਨੁਸਾਰ ਸਿਰਫ਼ ਓ.ਪੀ.ਪੀ. ਦੀ ਗਸ਼ਤ ਵਾਲੇ ਇਲਾਕਿਆਂ ‘ਚ ਹੀ 8,432 ਵੱਡੇ ਟਰੱਕਾਂ ਦੀਆਂ ਟੱਕਰਾਂ ਹੋਈਆਂ ਸਨ ਜਿਨ੍ਹਾਂ ‘ਚ 96 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਪਿਛਲੇ 20 ਸਾਲਾਂ ਦੌਰਾਨ ਇਹ ਕਮਰਸ਼ੀਅਲ ਗੱਡੀਆਂ ਦੀਆਂ ਟੱਕਰਾਂ ਦਾ ਸਭ ਤੋਂ ਵੱਡਾ ਅੰਕੜਾ ਸੀ।
ਮੈਕਗਰੈਥ ਨੇ ਕਿਹਾ, ”ਓ.ਆਰ.ਐਸ.ਏ.ਆਰ. ਅੰਕੜਿਆਂ ਨੂੰ ਬਣਾਉਣ ‘ਚ ਏਨਾ ਸਮਾਂ ਇਸ ਲਈ ਲਗਦਾ ਹੈ ਕਿਉਂਕਿ ਅਸੀਂ ਹਰ ਮੌਤ ਦੇ ਮਾਮਲੇ ਨੂੰ ਹਰ ਸਾਲ ਕੋਰੋਨਰ ਦੇ ਦਫ਼ਤਰ ਰੀਕਾਰਡ ਨਾਲ ਮਿਲਾ ਕੇ ਸਮੀਖਿਆ ਕਰਦੇ ਹਾਂ। ਅਤੇ ਇਹ ਸਮੀਖਿਆ ਸਾਨੂੰ ਟੱਕਰ ‘ਚ ਮਾਰੇ ਗਏ ਲੋਕਾਂ ਦੀ ਮੌਤ ਦੇ ਕਾਰਨ ਦੀ ਵਿਸਤ੍ਰਿਤ ਜਾਣਕਾਰੀ ਦਿੰਦਾ ਹੈ।”
ਕੀ ਗ਼ਲਤੀ ਟਰੱਕਾਂ ਦੀ ਹੈ?

ਮੀਟਿੰਗ ‘ਚ ਹਾਜ਼ਰੀਨਾਂ ‘ਚੋਂ ਇੱਕ ਨੇ ਸਵਾਲ ਕੀਤਾ ਕਿ ਕੀ ਏਨੀਆਂ ਸਾਰੀਆਂ ਟੱਕਰਾਂ ਦਾ ਕਾਰਨ ਸਿਰਫ਼ ਟਰੱਕਾਂ ਨੂੰ ਦੇਣਾ ਸਹੀ ਹੈ ਜਦਕਿ ਇਨ੍ਹਾਂ ‘ਚੋਂ ਬਹੁਤ ਸਾਰਿਆਂ ਦਾ ਕਾਰਨ ਯਾਤਰੀ ਗੱਡੀਆਂ ਹੁੰਦਾ ਹੈ।
ਐਲਿਸਟਨ, ਓਂਟਾਰੀਓ ਦੇ ਪਾਲ ਕੁਏਲ ਟਰਾਂਸਪੋਰਟ ਵਿਖੇ ਆਪਰੇਸ਼ਨ ਮੈਨੇਜਰ ਲੀਏਨ ਕੁਏਲ ਨੇ ਕਿਹਾ ਕਿ ਜਦੋਂ ਟੱਕਰਾਂ ਨੂੰ ‘ਵੱਡੀਆਂ ਟਰੱਕ ਟੱਕਰਾਂ’ ਗਰਦਾਨਿਆ ਜਾਂਦਾ ਹੈ ਤਾਂ ਉਦਯੋਗ ਨੂੰ ਇਸ ਤੋਂ ਤਕਲੀਫ਼ ਹੁੰਦੀ ਹੈ।
ਉਨ੍ਹਾਂ ਕਿਹਾ, ”ਜਦੋਂ ਸਾਨੂੰ ਇਸ ਲਈ ਇੱਕੋ-ਇੱਕ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਹੈ, ਜਦਕਿ ਟਰੱਕਾਂ ਦੁਆਲੇ ਸੁਰੱਖਿਅਤ ਤਰੀਕੇ ਨਾਲ ਚੱਲਣ ਬਾਰੇ ਸਿੱਖਿਆ ਸ਼ਾਇਦ ਇੱਕ ਵੱਡਾ ਕਾਰਕ ਹੈ ਜਿਸ ਨਾਲ ਇਨ੍ਹਾਂ ਅੰਕੜਿਆਂ ‘ਚ ਕਮੀ ਆ ਸਕਦੀ ਹੈ।”
ਮੈਕਗਰੈਥ ਨੇ ਜਵਾਬ ‘ਚ ਕਿਹਾ ਕਿ ਜਦੋਂ ਉਨ੍ਹਾਂ ਨੇ ਸਿਖਰਲੇ ਪੰਜ ਖੇਤਰਾਂ ਬਾਰੇ ਗੱਲ ਕੀਤੀ ਸੀ ਤਾਂ ਉਹ ਕਿਸੇ ਨੂੰ ਦੋਸ਼ ਨਹੀਂ ਦੇ ਰਹੇ ਸਨ।
ਉਨ੍ਹਾਂ ਕਿਹਾ, ਅਕਸਰ ਟੱਕਰ ਦਾ ਕਾਰਨ ਵੱਡੇ ਟਰੱਕ ਦਾ ਡਰਾਈਵਰ ਨਹੀਂ ਹੁੰਦਾ। ਉਨ੍ਹਾਂ ਮੰਨਿਆ ਕਿ ਟਰੱਕਾਂ ਦੁਆਲੇ ਚੱਲਣ ਬਾਰੇ ਆਮ ਲੋਕਾਂ ਨੂੰ ਸਿੱਖਿਅਤ ਕਰਨਾ ਮਹੱਤਵਪੂਰਨ ਹੈ।
ਅਮਰੀਕਾ ‘ਚ ਪਿਛਲੇ ਸੱਤ ਸਾਲਾਂ ਦੌਰਾਨ ਵੱਖੋ-ਵੱਖ ਅਧਿਐਨਾਂ ‘ਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਟਰੱਕਾਂ ਦੀਆਂ ਟੱਕਰਾਂ ਅਸਲ ‘ਚ ਕਾਰਾਂ ਕਰਕੇ ਹੁੰਦੀਆਂ ਹਨ।
ਮੈਕਗਰੈਥ ਨੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ (ਐਮ.ਈ.ਐਲ.ਟੀ.) ਪ੍ਰੋਗਰਾਮ ਬਾਰੇ ਵੀ ਬੋਲਿਆ, ਜਿਸ ਨੂੰ ਜੁਲਾਈ 2017 ‘ਚ ਓਂਟਾਰੀਓ ‘ਚ ਲਿਆਂਦਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਐਮ.ਈ.ਐਲ.ਟੀ. ਲਿਆਉਣ ਨਾਲ ਡਰਾਈਵਰਾਂ ਦੇ ਵਤੀਰੇ ‘ਤੇ ਕੋਈ ਅਸਰ ਪਿਆ ਸੀ ਜਾਂ ਨਹੀਂ।
ਓਂਟਾਰੀਓ ਹੁਣ ਸੁਰੱਖਿਅਤ ਹੈ
ਓਂਟਾਰੀਓ ‘ਚ ਲਾਇਸੰਸ ਪ੍ਰਾਪਤ ਡਰਾਈਵਰਾਂ ਦੀ ਗਿਣਤੀ 2008 ਤੋਂ 2017 ਦਰਮਿਆਨ 10 ਲੱਖ ਵੱਧ ਗਈ ਹੈ। ਪ੍ਰੋਵਿੰਸ ‘ਚ ਹੁਣ 1 ਕਰੋੜ ਤੋਂ ਵੱਧ ਡਰਾਈਵਰ ਹਨ।

ਮੈਕਗਰੈਥ ਨੇ ਕਿਹਾ ਕਿ ਡਰਾਈਵਰਾਂ ਦੀ ਗਿਣਤੀ ‘ਚ ਵਾਧੇ ਅਤੇ ਗੱਡੀਆਂ ਦੀ ਗਿਣਤੀ ਵੱਧਣ ਦੇ ਬਾਵਜੂਦ ਹਾਦਸਿਆਂ ‘ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ 10 ਸਾਲਾਂ ‘ਚ ਲਗਭਗ ਸਥਿਰ ਰਹੀ ਹੈ।
ਇਸ ਦਾ ਮਤਲਬ ਹੈ ਕਿ ਓਂਟਾਰੀਓ ਦੇਸ਼ ਅਤੇ ਦੁਨੀਆਂ ਦੇ ਹੋਰਨਾਂ ਹਿੱਸਿਆਂ ਤੋਂ ਬਿਹਤਰ ਰਿਹਾ। ਪ੍ਰੋਵਿੰਸ 20 ਸਾਲਾਂ ਤੋਂ ਲਗਾਤਾਰ ਉੱਤਰੀ ਅਮਰੀਕਾ ਦੇ ਸਭ ਤੋਂ ਸੁਰੱਖਿਅਤ ਸਥਾਨਾਂ ‘ਚ ਸ਼ਾਮਲ ਰਿਹਾ ਹੈ।
ਕੌਮਾਂਤਰੀ ਪੱਧਰ ‘ਤੇ ਸੜਕ ਸੁਰੱਖਿਆ ਦੇ ਮਾਮਲੇ ‘ਚ ਓਂਟਾਰੀਓ ਪਹਿਲੀਆਂ 10 ਸਭ ਤੋਂ ਸੁਰੱਖਿਅਤ ਥਾਵਾਂ ‘ਚ ਸ਼ਾਮਲ ਹੈ।
ਮੈਕਗਰੈਥ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸੂਚੀ ਦੇ ਸਿਖਰ ‘ਤੇ ਮੌਜੂਦ ਕੁੱਝ ਦੇਸ਼ ਜਿਵੇਂ ਨਾਰਵੇ, ਸਵੀਡਨ ਅਤੇ ਡੈਨਮਾਰਕ ਨੇ ਕਈ ਦਹਾਕੇ ਪਹਿਲਾਂ ਜੋ ਸੁਰੱਖਿਆ ਮਾਪਦੰਡ ਅਪਣਾਏ ਹਨ ਉਹ ਓਂਟਾਰੀਓ ਨੇ ਪਿਛਲੇ ਕੁੱਝ ਸਾਲਾਂ ‘ਚ ਲਾਗੂ ਕੀਤੇ ਹਨ।
ਉਨ੍ਹਾਂ ਕਿਹਾ, ”ਇਸ ਲਈ ਅਸੀਂ ਅਗਲੇ ਕੁੱਝ ਸਾਲਾਂ ‘ਚ ਇਨ੍ਹਾਂ ਰੁਝਾਨਾਂ ‘ਤੇ ਧਿਆਨ ਰੱਖਾਂਗੇ ਅਤੇ ਵੇਖਾਂਗੇ ਕਿ ਕੀ ਇਨ੍ਹਾਂ ‘ਚੋਂ ਕੁੱਝ ਨੀਤੀਆਂ ਦਾ ਉਹੀ ਅਸਰ ਹੋਇਆ ਜੋ ਸਕੈਂਡੇਨੇਵੀਅਨ ਦੇਸ਼ਾਂ ‘ਚ ਵੇਖਣ ਨੂੰ ਮਿਲਿਆ ਹੈ।”
ਨਸ਼ਿਆਂ ਕਰਕੇ ਟੱਕਰਾਂ

ਮੈਕਗਰੈਥ ਅਤੇ ਉਨ੍ਹਾਂ ਦੀ ਟੀਮ ਇਸ ਬਾਰੇ ਵੀ ਨਜ਼ਰ ਰੱਖ ਰਹੀ ਹੈ ਕਿ 2018 ‘ਚ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਡਰਾਈਵਿੰਗ ‘ਤੇ ਕਿਸ ਤਰ੍ਹਾਂ ਅਸਰ ਪਵੇਗਾ।
ਇੱਥੇ ਉਨ੍ਹਾਂ ਨੂੰ ਕੁੱਝ ਦਿਲਚਸਪ ਵੇਖਣ ਨੂੰ ਮਿਲਿਆ।
2015 ‘ਚ 50 ਅਤੇ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ‘ਚ ਨਸ਼ਿਆਂ ਕਰਕੇ ਟੱਕਰਾਂ 16% ਤੋਂ ਘੱਟ ਸਨ।
ਪਰ 2017 ‘ਚ ਇਹ ਅੰਕੜਾ ਦੁੱਗਣਾ ਹੋ ਕੇ 30% ਹੋ ਗਿਆ।
ਮੈਕਗਰੈਥ ਨੇ ਕਿਹਾ, ”ਇਹ ਦਿਲਚਸਪ ਜਿਹਾ ਹੈ, ਵਿਸ਼ੇਸ਼ ਕਰ ਕੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਨਜ਼ਰੀਏ ਤੋਂ, ਕਿਉਂਕਿ ਆਮ ਤੌਰ ‘ਤੇ ਇਹ ਸੋਚ ਹੈ ਕਿ ਨਸ਼ਿਆਂ ਕਰਕੇ ਟੱਕਰਾਂ ਜ਼ਿਆਦਾਤਰ ਨੌਜੁਆਨ ਡਰਾਈਵਰਾਂ ਜਾਂ ਨੌਜੁਆਨ ਲੋਕਾਂ ਕਰਕੇ ਹੁੰਦੀਆਂ ਹਨ।”