ਟਰੱਕਾਂ ਦੇ ਓਵਰਪਾਸ ਨਾਲ ਟਕਰਾਉਣ ਮਗਰੋਂ ਬੀ.ਸੀ. ਨੇ ਇਨਫ਼ੋਰਸਮੈਂਟ ਵਧਾਈ

ਬੀ.ਸੀ. ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰਾਲੇ ਨੇ ਆਪਣੀਆਂ ਕਮਰਸ਼ੀਅਲ ਵਹੀਕਲ ਸੇਫ਼ਟੀ ਐਂਡ ਇਨਫ਼ੋਰਸਮੈਂਟ (ਸੀ.ਵੀ.ਐਸ.ਈ.) ਦੀਆਂ ਕਾਰਵਾਈਆਂ ਨੂੰ ਵਧਾ ਦਿੱਤਾ ਹੈ। ਇਸ ਦਾ ਮੰਤਵ ਕਮਰਸ਼ੀਅਲ ਵਹੀਕਲਾਂ ਦੇ ਓਵਰਪਾਸ ਨਾਲ ਟਕਰਾਉਣ ਦੀਆਂ ਘਟਨਾਵਾਂ ’ਚ ਵਾਧੇ ਤੋਂ ਬਾਅਦ ਟਰੱਕਾਂ ਦੀ ਉਚਾਈ ਦੀਆਂ ਪਾਬੰਦੀਆਂ ਲਾਗੂ ਕਰਵਾਉਣਾ ਹੈ।

ਪ੍ਰੋਵਿੰਸ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ’ਚ ਘੱਟ ਤੋਂ ਘੱਟ 7 ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿੱਥੇ ਨਿਯਮਾਂ ਤੋਂ ਵੱਧ ਉਚਾਈ ਵਾਲੇ ਲੋਡ ਲੈ ਕੇ ਜਾ ਰਹੇ ਟਰੱਕ ਓਵਰਹੈੱਡ ਬ੍ਰਿਜਾਂ ਨਾਲ ਜਾ ਟਕਰਾਏ। ਜੂਨ ਤੋਂ ਲੈ ਕੇ ਹੁਣ ਤੱਕ ਚਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿੱਥੇ ਵੱਧ ਉਚਾਈ ਵਾਲੇ ਲੋਡ ਲੈ ਕੇ ਜਾ ਰਹੇ ਕਮਰਸ਼ੀਅਲ ਟਰੱਕ ਬ੍ਰਿਟਿਸ਼ ਕੋਲੰਬੀਆ ਹਾਈਵੇਜ਼ ’ਤੇ ਸਥਿਤ ਓਵਰਪਾਸ ਨਾਲ ਜਾ ਟਕਰਾਏ।

Traffic flows under a bridge on Highway 1 in B.C.
ਬ੍ਰਿਟਿਸ਼ ਕੋਲੰਬੀਆ ਦੇ ਹਾਈਵੇ 1 ’ਤੇ ਜਾ ਰਿਹਾ ਟਰੈਫ਼ਿਕ। ਬ੍ਰਿਜ ਦੀ ਦਰਜ ਉਚਾਈ 4.40 ਮੀਟਰ (14.4 ਫ਼ੁੱਟ) ਹੈ। ਇੱਕ ਟਰੈਕਟਰ ਟਰੇਲਰ ਦੀ ਔਸਤ ਉਚਾਈ 4.15 ਮੀਟਰ (13.5 ਫ਼ੁੱਟ) ਹੁੰਦੀ ਹੈ। ਜਿੱਥੇ ਗੱਡੀਆਂ ਬ੍ਰਿਜ ਨਾਲ ਟਕਰਾਈਆਂ ਸਨ, ਉੱਥੇ ਨੁਕਸਾਨੀਆਂ ਥਾਵਾਂ ਨੂੰ ਕੀਤੀ ਮੁਰੰਮਤ ਸਾਫ਼ ਨਜ਼ਰ ਆ ਰਹੀ ਹੈ। (ਤਸਵੀਰ: ਸਪਲਾਈਡ)

ਜੂਨ ਦੀ ਸ਼ੁਰੂਆਤ ’ਚ, ਰਿਚਮੰਡ ਦੇ ਕੈਂਬੀ ਰੋਡ ਓਵਰਪਾਸ ਨਾਲ ਇੱਕ ਟਰੱਕ ਜਾ ਟਕਰਾਇਆ, ਜਿਸ ਕਰਕੇ ਹਾਈਵੇ 99 ਦਾ ਇੱਕ ਹਿੱਸਾ ਬੰਦ ਕਰਨਾ ਪਿਆ ਸੀ। ਇਸ ਤੋਂ ਦੋ ਹਫ਼ਤਿਆਂ ਬਾਅਦ ਐਕਸਕਾਵੇਟਰ ਖਿੱਚ ਕੇ ਜਾ ਰਿਹਾ ਇੱਕ ਡੰਪ ਟਰੱਕ ਲੈਂਗਲੀ ਦੇ ਹਾਈਵੇ 1 ’ਤੇ 232ਵੇਂ ਓਵਰਪਾਸ ਨਾਲ ਜਾ ਟਕਰਾਇਆ।

ਇਸ ਤੋਂ ਬਾਅਦ, ਇੱਕ ਐਕਸਕਾਵੇਟਰ ਲੈ ਕੇ ਜਾ ਰਹੇ ਫ਼ਲੈਟਬੈੱਡ ਟਰੱਕ ਨੇ ਸਰ੍ਰੀ ਦੇ ਹਾਈਵੇ 1 ’ਤੇ ਸਥਿਤ 192ਵੇਂ ਓਵਰਪਾਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ, ਜਿਸ ਕਰਕੇ ਦੋ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਜੁਲਾਈ ’ਚ ਵਾਪਰੀ ਤਾਜ਼ਾ ਘਟਨਾ ’ਚ ਇੱਕ ਚੈਰੀ-ਪਿੱਕਰ ਟਰੱਕ ਲੈਂਗਲੀ ਦੇ ਹਾਈਵੇ 1 ’ਤੇ ਸਥਿਤ ਗਲੋਵਰ ਰੋਡ ਓਵਰਪਾਸ ਨਾਲ ਜਾ ਟਕਰਾਇਆ। ਬ੍ਰਿਜ ’ਤੇ ਇਸ ਦੀ ਘੱਟ ਤੋਂ ਘੱਟ ਉਚਾਈ 4.46 ਮੀਟਰ ਦਰਸਾਉਣ ਵਾਲਾ ਚਿੰਨ੍ਹ ਵੀ ਲੱਗਾ ਹੋਇਆ ਸੀ।

ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰਾਲਾ ਦੇ ਜਨਤਕ ਮਾਮਲੇ ਅਫ਼ਸਰ ਬਰੈਨਨ ਕਲਾਰਕ ਨੇ ਕਿਹਾ ਕਿ ਵੱਧ ਉਚਾਈ ਅਤੇ ਵੱਧ ਲੋਡ ਲੈ ਕੇ ਜਾ ਰਹੇ ਕਮਰਸ਼ੀਅਲ ਵਹੀਕਲ ਡਰਾਈਵਰਾਂ ਨੂੰ ਪਰਮਿਟ ਪ੍ਰਾਪਤ ਕਰਨ ਦੀ ਜ਼ਰੂਰਤ ਹੁੰਦੀ ਹੈ।

ਕਲਾਰਕ ਦਾ ਕਹਿਣਾ ਹੈ ਕਿ ਕਮਰਸ਼ੀਅਲ ਵਹੀਕਲ ਆਪਰੇਟਰ ਇਹ ਯਕੀਨੀ ਕਰਨ ਲਈ ਜ਼ਿੰਮੇਵਾਰ ਹਨ ਕਿ ਉਨ੍ਹਾਂ ਵੱਲੋਂ ਲਿਜਾਏ ਜਾ ਰਹੇ ਲੋਡ ਉਨ੍ਹਾਂ ਨੂੰ ਜਾਰੀ ਪਰਮਿਟ ਦੀਆਂ ਨਿਯਮ ਅਤੇ ਸ਼ਰਤਾਂ ਪੂਰੀਆਂ ਕਰਦੇ ਹੋਣ ਅਤੇ ਉਹ ਪ੍ਰੋਵਿੰਸ ਦੇ ਪਰਮਿਟ ਕੇਂਦਰ ਵੱਲੋਂ ਜਾਰੀ ਰਸਤੇ ’ਤੇ ਹੀ ਜਾਣ। ਕਲਾਰਕ ਨੇ ਕਿਹਾ ਕਿ ਵੱਧ ਉਚਾਈ ਅਤੇ ਵੱਧ ਭਾਰ ਵਾਲੀਆਂ ਗੱਡੀਆਂ ਦੇ ਡਰਾਈਵਰ ਆਪਣੇ ਖ਼ੁਦ ਦੇ ਰਸਤੇ ਤੈਅ ਨਹੀਂ ਕਰ ਸਕਦੇ।

ਬਿ੍ਰਟਿਸ਼ ਕੋਲੰਬੀਆ ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡੇਵ ਅਰਲ ਨੇ ਕਿਹਾ ਕਿ ਜਦੋਂ ਵੀ ਅਜਿਹੀਆਂ ਘਟਨਾਵਾਂ ਲੜੀਵਾਰ ਵਾਪਰਨ ਲੱਗ ਜਾਂਦੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਸਾਡੇ ਸਿਸਟਮ ’ਚ ਹੀ ਸਮੱਸਿਆ ਹੈ, ਪਰ ਇਹ ਕੋਈ ਨਵੀਂ ਗੱਲ ਨਹੀਂ ਹੈ।

ਬ੍ਰਿਟਿਸ਼ ਕੋਲੰਬੀਆ ’ਚ ਰੋਜ਼ ਸੈਂਕੜੇ ਹੀ ਵੱਧ ਆਕਾਰ ਦੇ ਟਰੱਕ ਸੁਰੱਖਿਅਤ ਤਰੀਕੇ ਨਾਲ ਚਲਦੇ ਰਹਿੰਦੇ ਹਨ ਅਤੇ ਬਹੁਤ ਥੋੜ੍ਹੇ ਹੀ ਮੁਢਲੇ ਢਾਂਚੇ ਨਾਲ ਟੱਕਰਾਂ ਦੇ ਸ਼ਿਕਾਰ ਹੁੰਦੇ ਹਨ। ਅਰਲ ਨੇ ਸਵਾਲ ਕਰਦਿਆਂ ਕਿਹਾ, ‘‘ਕੀ ਕੈਰੀਅਰ ਨੇ ਪਰਮਿਟ ਹਾਸਲ ਕੀਤਾ ਸੀ? ਕੀ ਡਰਾਈਵਰ ਨੇ ਰੂਟ ਦੀ ਯੋਜਨਾਬੰਦੀ ਸਹੀ ਤਰੀਕੇ ਨਾਲ ਕੀਤੀ ਸੀ? ਕੀ ਲੋਡ ਨੂੰ ਸਹੀ ਤਰੀਕੇ ਨਾਲ ਮਾਪਿਆ ਗਿਆ ਸੀ? ਜਾਂ ਇਸ ’ਚ ਸ਼ਾਮਲ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਸਮਝੀ ਅਤੇ ਕਾਨੂੰਨ ਅਣਗੌਲਿਆਂ ਕਰਨ ਦਾ ਫ਼ੈਸਲਾ ਕਰ ਲਿਆ?’’

ਪ੍ਰੋਵਿੰਸ ’ਚ ਇੱਕ ਪੇਸ਼ੇਵਰ ਡਰਾਈਵਰਾਂ ਦੇ ਗਰੁੱਪ, ਵੈਸਟ ਕੋਸਟ ਟਰੱਕਿੰਗ ਐਸੋਸੀਏਸ਼ਨ, ਦੇ ਖ਼ਜ਼ਾਨਚੀ ਹਰਮੀਤ ਸਿੰਘ ਨਿੱਝਰ ਨੇ ਸਲਾਹ ਦਿੰਦਿਆਂ ਕਿਹਾ ਕਿ ਸੜਕ ਦੀ ਰੀਸਰਫ਼ੇਸਿੰਗ ਕਰਨ ਵੇਲੇ ਠੇਕੇਦਾਰ ਓਵਰਪਾਸ ਹੇਠਾਂ ਜ਼ਿਆਦਾ ਡੂੰਘਾ ਖੋਦ ਕੇ ਟਰੱਕਾਂ ਦੀ ਉਚਾਈ ਨੂੰ ਵਧਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਲੈਂਗਲੀ ’ਚ ਹਾਈਵੇ 1 ’ਤੇ ਓਵਰਪਾਸ 232 ਅਤੇ 264 ’ਤੇ ਐਗਜ਼ਿਟ ਉਚਾਈ ਇੱਕੋ ਜਿਹੀ ਲਿਖੀ ਹੋਈ ਹੈ ਪਰ ਫਿਰ ਵੀ ਕਰੇਨ ਲੈ ਕੇ ਜਾ ਰਿਹਾ ਕਮਰਸ਼ੀਅਲ ਵਹੀਕਲ ਇੱਕ ਹੇਠੋਂ ਲੰਘ ਜਾਂਦਾ ਹੈ ਅਤੇ ਦੂਜੇ ਨਾਲ ਟਕਰਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਨੀਵੇਂ ਮੁਢਲੇ ਢਾਂਚੇ ’ਚ ਡਰਾਈ ਵੈਨਾਂ ਬਹੁਤ ਥੋੜ੍ਹੀ ਵਿੱਥ ਨਾਲ ਲੰਘਦੀਆਂ ਹਨ।

ਲੈਂਗਲੀ ’ਚ ਸਰਾਭਾ ਡਰਾਈਵਿੰਗ ਸਕੂਲ ਦੇ ਮਾਲਕ ਅਤੇ ਇੰਸਟਰੱਕਟਰ ਅਮ੍ਰਿਤ ਗਰੇਵਾਲ ਨੇ ਕਿਹਾ ਕਿ ਆਮ ਤੌਰ ’ਤੇ ਆਮ ਆਕਾਰ ਵਾਲੇ ਲੋਡ ਲੈ ਕੇ ਜਾਣ ਵਾਲੇ ਟਰੱਕਰਸ ਨੂੰ ਕਦੇ-ਕਦਾਈਂ ਵੱਧ ਆਕਾਰ ਵਾਲੇ ਲੋਡ ਲੈ ਕੇ ਜਾਣ ਸਮੇਂ ਸੜਕ ’ਤੇ ਸੁਰੱਖਿਆ ਯਕੀਨੀ ਕਰਨ ਲਈ ਚੌਕਸ ਰਹਿਣ ਦੀ ਜ਼ਰੂਰਤ ਹੈ। ਉਹ ਆਪਣੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਸਮੇਂ ਰੂਟ ਦੀ ਯੋਜਨਾਬੰਦੀ ਦੇ ਮਹੱਤਵ ’ਤੇ ਜ਼ੋਰ ਦਿੰਦੇ ਹਨ।

ਇਨ੍ਹਾਂ ਟੱਕਰਾਂ ਤੋਂ ਬੀ.ਸੀ.ਟੀ.ਏ. ਬਹੁਤ ਪ੍ਰੇਸ਼ਾਨ ਹੈ। ਜ਼ਿਆਦਾਤਰ ਘਟਨਾਵਾਂ ’ਚ ਲੋਕ ਆਪਣੇ ਖ਼ੁਦ ਦੇ ਉਪਕਰਨ ਲੈ ਕੇ ਜਾ ਰਹੇ ਸਨ ਅਤੇ ਕਿਸੇ ਵੀ ਫ਼ਾਰ-ਹਾਇਅਰ ਕੈਰੀਅਰ ਦੀ ਸ਼ਮੂਲੀਅਤ ਨਹੀਂ ਸੀ। ਪਿੱਛੇ ਜਿਹੇ ਵਾਪਰੀਆਂ ਛੇ ਟੱਕਰਾਂ ’ਚੋਂ ਸਿਰਫ਼ ਇੱਕ ਹੀ ‘ਘੱਟ’ ਅਸਰ ਵਾਲੀ ਸੀ, ਬਾਕੀ ਸਾਰੀਆਂ ਸਿੱਧੀਆਂ ਟੱਕਰਾਂ ਸਨ। ਅਰਲ ਨੇ ਕਿਹਾ, ‘‘ਇਹ ਥੋੜ੍ਹਾ-ਬਹੁਤਾ ਫ਼ਰਕ ਨਹੀਂ ਸੀ। ਆਪਣੇ ਲੋਡ ਨੂੰ ਮਾਪੋ, ਰੂਟ ਦੀ ਯੋਜਨਾਬੰਦੀ ਕਰੋ।’’

ਉਨ੍ਹਾਂ ਕਿਹਾ ਕਿ ਮੰਤਰਾਲੇ ਨੂੰ ਆਪਣੀ ਜਾਂਚ ਬਾਰੇ ਸੂਚਨਾ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਹ ਯਕੀਨੀ ਹੋ ਸਕੇ ਕਿ ਰੈਗੂਲੇਟਰ ਇਸ ਸਮੱਸਿਆ ਦਾ ਹੱਲ ਲੱਭ ਰਹੇ ਹਨ।

ਕਲਾਰਕ ਨੇ ਕਿਹਾ ਕਿ ਮੰਤਰਾਲਾ ਇਸ ਵੇਲੇ ਇਹ ਵੇਖ ਰਿਹਾ ਹੈ ਕਿ ਹੋਰ ਕਿਸਮ ਦੀਆਂ ਕਮਰਸ਼ੀਅਲ ਵਹੀਕਲ ਘਟਨਾਵਾਂ ਬਾਰੇ ਜਨਤਾ ਨਾਲ ਸੂਚਨਾ ਕਿਸ ਤਰ੍ਹਾਂ ਸਾਂਝੀ ਕੀਤੀ ਜਾਵੇ।

ਮੰਤਰਾਲੇ ਨੇ ਬ੍ਰਿਟਿਸ਼ ਕੋਲੰਬੀਆ ਕੈਰੀਅਰਸ ਦੀ ਇੱਕ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਕਿਸੇ ਕਾਰਨ ਕਰਕੇ ਰੱਦ ਕਰ ਦਿੱਤਾ ਗਿਆ ਹੈ, ਅਤੇ ਸੁਰੱਖਿਆ ਦੀਆਂ ਗੰਭੀਰ ਉਲੰਘਣਾਵਾਂ ਸ਼ਾਮਲ ਹਨ। ਇਹ ਕਦਮ ਸੀ.ਵੀ.ਐਸ.ਈ. ਵੱਲੋਂ ਅਸੁਰੱਖਿਅਤ ਕੈਰੀਅਰਸ ਵਿਰੁੱਧ ਕੀਤੀਆਂ ਗਈਆਂ ਇਨਫ਼ੋਰਸਮੈਂਟ ਕਾਰਵਾਈਆਂ ਬਾਰੇ ਵਧੀ ਪਾਰਦਰਸ਼ਿਤਾ ਦੀ ਹਮਾਇਤ ’ਚ ਅਤੇ ਪ੍ਰੋਵਿੰਸ ’ਚ ਸੜਕਾਂ ਅਤੇ ਡਰਾਈਵਰਾਂ ਦੀ ਸੁਰੱਖਿਆ ਬਾਰੇ ਕੈਰੀਅਰਸ ਨੂੰ ਬਹੁਤ ਜ਼ਿਆਦਾ ਜ਼ਿੰਮੇਵਾਰੀ ਠਹਿਰਾਉਣ ਲਈ ਚੁੱਕਿਆ ਗਿਆ।

ਕਲਾਰਕ ਨੇ ਕਿਹਾ ਕਿ ਮੰਤਰਾਲੇ ਕੋਲ ਘੱਟ ਤੋਂ ਘੱਟ ਪੰਜ ਮੀਟਰ ਦੀ ਉਚਾਈ ਦਾ ਮਾਨਕ ਹੈ ਜੋ ਕਿ ਇਹ ਸਾਰੇ ਨਵੇਂ ਮੁਢਲੇ ਢਾਂਚਿਆਂ ਦੀ ਉਸਾਰੀ ਲਈ ਪ੍ਰਯੋਗ ਕਰਦੀ ਹੈ।