ਟਰੱਕਿੰਗ ਐਚ.ਆਰ. ਵੇਜ ਸਬਸਿਡੀ ਪ੍ਰੋਗਰਾਮ ਨੇ ਐਰੋ ਲੋਜਿਸਟਿਕਸ ਦੀ ਨਿਰੰਤਰ ਸੁਧਾਰ ’ਚ ਕੀਤੀ ਮੱਦਦ

ਟਰੱਕਿੰਗ ਅਤੇ ਲੋਜਿਸਟਿਕਸ ਸੈਕਟਰ ਵਿੱਚ ਲੇਬਰ ਦੀ ਘਾਟ ਨੇ ਕਈ ਰੁਜ਼ਗਾਰਦਾਤਾਵਾਂ ਨੂੰ ਭਰਤੀ ਦੀ ਰਣਨੀਤੀ ਵਜੋਂ ਬੋਨਸ ਦੇਣ ਦਾ ਰਿਵਾਜ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਹੈ। ਪਰ ਜੇ ਪਾਸਾ ਪਲਟ ਜਾਵੇ ਤਾਂ ਕੀ ਹੋਵੇਗਾ? ਜੇ ਵਿਦਿਆਰਥੀਆਂ ਜਾਂ ਨੌਜੁਆਨ ਕਾਮਿਆਂ ਨੂੰ ਨੌਕਰੀ ’ਤੇ ਰੱਖਣ ਵਾਲੇ ਰੁਜ਼ਗਾਰਦਾਤਾਵਾਂ ਨੂੰ ਹੀ ਬੋਨਸ ਜਾਂ ਪ੍ਰੋਤਸਾਹਨ ਮਿਲਣ ਤਾਂ ਕੀ ਹੋਵੇਗਾ?

ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈੱਸਵੇ ਰਾਹੀਂ ਐਰੋ ਲੋਜਿਸਟਿਕਸ ਨੂੰ ਇਹੀ ਗੱਲ ਪਤਾ ਲੱਗੀ ਜਦੋਂ ਉਨ੍ਹਾਂ ਨੇ ਇੱਕ ਵਿਦਿਆਰਥੀ ਨੂੰ ਨੌਕਰੀ ’ਤੇ ਰੱਖਿਆ, ਅਤੇ ਸਟੂਡੈਂਟ ਵਰਕ ਪਲੇਸਮੈਂਟ ਪ੍ਰੋਗਰਾਮ (ਐਸ.ਡਬਲਿਊ.ਪੀ.ਪੀ.) ਰਾਹੀਂ ਉਸ ਵਿਦਿਆਰਥੀ ਦੀ ਤਨਖਾਹ ਦੇ 75% (7,500 ਡਾਲਰ ਤੱਕ) ਦੇ ਬਰਾਬਰ ਸਬਸਿਡੀ ਪ੍ਰਾਪਤ ਕਰਨ ਦੇ ਯੋਗ ਬਣੇ।

ਐਰੋ ਲੋਜਿਸਟਿਕਸ ਦੇ ਪ੍ਰਾਜੈਕਟ ਅਤੇ ਲੋਜਿਸਟਿਕਸ ਮੈਨੇਜਰ ਮੈਕਲੀਨ ਕਰੂਥਰਸ ਨੇ ਕਿਹਾ, ‘‘ਮੈਂ ਆਪਣੇ ਐਚ.ਆਰ. ਲੋਕਾਂ ਨੂੰ ਇਹ ਦੇਖਣ ਲਈ ਕਿਹਾ ਸੀ ਕਿ ਕੀ ਕੋਈ ਅਜਿਹੇ ਪ੍ਰੋਗਰਾਮ ਹਨ ਜੋ ਸਾਡੇ ਕੰਮ ਨਾਲ ਮੇਲ ਖਾਂਦੇ ਹੋਣ ਅਤੇ ਉਹੀ ਸਨ ਜਿਨ੍ਹਾਂ ਨੇ ਇਹ ਪ੍ਰੋਗਰਾਮ ਲੱਭਿਆ ਹੈ।’’

ਐਰੋ ਵਿਖੇ ਖਾਸ ਤੌਰ ’ਤੇ ਰੁਝੇਵੇਂ ਭਰੇ ਸਮੇਂ ਦੌਰਾਨ, ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਨੂੰ ਵੇਅਰਹਾਊਸ ਲੋਜਿਸਟਿਕਸ ਵਿੱਚ ਮੱਦਦ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟਰੱਕਿੰਗ ਐਚ.ਆਰ. ਕੈਨੇਡਾ (ਟੀ.ਐਚ.ਆਰ.ਸੀ.) ਤੋਂ ਵਿੱਤੀ ਸਹਾਇਤਾ ਨੇ ਯਕੀਨੀ ਤੌਰ ’ਤੇ ਕਰੂਥਰਸ ਨੂੰ ਉੱਚ ਪ੍ਰਬੰਧਨ ਲਈ ਵਾਧੂ ਸਟਾਫ ਦੀ ਭਰਤੀ ਕਰਨ ਦੇ ਵਿਚਾਰ ਨੂੰ ‘ਅਪਨਾਉਣ’ ’ਚ ਮੱਦਦ ਕੀਤੀ।

ਕਰੂਥਰਸ, ਜੋ ਕਿ ਆਪਣੇ ਕਰੀਅਰ ਦੀ ਸ਼ੁਰੂਆਤ ’ਚ ਖ਼ੁਦ ਇੱਕ ਕੋ-ਆਪ ਵਿਦਿਆਰਥੀ ਸਨ, ਇੱਕ ਨੌਜਵਾਨ ਕਰਮਚਾਰੀ ਨੂੰ ਉਦਯੋਗ ਵਿੱਚ ਪੇਸ਼ ਕਰਨ ਦੇ ਮੌਕੇ ਤੋਂ ਉਤਸ਼ਾਹਿਤ ਸਨ। ਉਹ ਯਾਦ ਕਰਦਿਆਂ ਕਹਿੰਦੇ ਹਨ, ‘‘ਮੈਂ ਖੁਦ ਵੀ ਕਦੇ ਇੰਡਸਟਰੀ ਵਿੱਚ ਇੱਕ ਨੌਜੁਆਨ ਸੀ। ਮੈਂ ਵੀ ਇਸੇ ਤਰ੍ਹਾਂ ਦੇ ਵਿਦਿਆਰਥੀ ਪ੍ਰੋਗਰਾਮ ਵਿੱਚੋਂ ਲੰਘਿਆ ਜਿਸ ਰਾਹੀਂ ਮੈਨੂੰ ਨੌਕਰੀ ’ਤੇ ਰੱਖਿਆ ਗਿਆ।’’

ਜੈੱਫ਼ ਡੁਆਂਗ ਨਾਂ ਦੇ ਜਿਸ ਨੌਜਵਾਨ ਨੂੰ ਉਸਨੇ ਕੈਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਰਾਹੀਂ ਭਰਤੀ ਕੀਤਾ, ਉਹ 26 ਸਾਲਾਂ ਦਾ ਹੈ ਅਤੇ ਐਡਮਿੰਟਨ ਦੀ ਮੈਕਈਵਨ ਯੂਨੀਵਰਸਿਟੀ ਵਿਖੇ ਸਪਲਾਈ ਚੇਨ ਮੈਨੇਜਮੈਂਟ ਵਿੱਚ ਮੇਜਰ ਦੇ ਨਾਲ ਕਾਮਰਸ ਵਿੱਚ ਬੈਚਲਰ ਦੀ ਡਿਗਰੀ ਹਾਸਲ ਕਰਨ ਵਾਲਾ ਹੈ।

ਡੁਆਂਗ ਆਪਣੇ ਪਲੇਸਮੈਂਟ ਅਨੁਭਵ ਬਾਰੇ ਕਹਿੰਦਾ ਹੈ, ‘‘ਮੇਰਾ ਮੁੱਖ ਕੰਮ ਇਹ ਯਕੀਨੀ ਬਣਾਉਣਾ ਸੀ ਕਿ ਕੰਟੇਨਰ ਇੱਕ ਖਾਸ ਸਮੇਂ ’ਤੇ ਪਹੁੰਚ ਰਹੇ ਸਨ ਅਤੇ ਨਾਲ ਹੀ ਵੇਅਰਹਾਊਸ ਨੂੰ ਵਿਵਸਥਿਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਸੀ ਕਿ ਉਤਪਾਦ ਲੋੜੀਂਦੇ ਸਮੇਂ ’ਤੇ ਹੀ ਜਾ ਰਹੇ ਹਨ।’’

ਹਰ ਸਮੇਂ ਬਿਹਤਰ ਬਣਨ ਦੀ ਕੋਸ਼ਿਸ਼

ਕਰੂਥਰਸ ਨੂੰ ਆਪਣੇ ਕੰਮ ਲਈ ਡੂਆਂਗ ਦੀ ਵਿਸ਼ਲੇਸ਼ਣਾਤਮਕ ਪਹੁੰਚ ਪਸੰਦ ਹੈ। ਉਨ੍ਹਾਂ ਕਿਹਾ, ‘‘ਅਸੀਂ ਹਮੇਸ਼ਾ ਨਿਰੰਤਰ ਸੁਧਾਰ ’ਤੇ ਹੋਰ ਕੰਮ ਕਰ ਸਕਦੇ ਹਾਂ ਅਤੇ, ਭਾਵੇਂ ਅਸੀਂ ਹੁਣ ਚੰਗਾ ਕਰ ਰਹੇ ਹਾਂ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹੋਰ ਬਿਹਤਰ ਨਹੀਂ ਕਰ ਸਕਦੇ।’’

ਡੂਆਂਗ ਨੇ ਕੰਪਨੀ ਦੇ ਕੰਮਕਾਜ ਦੇ ਕੁਝ ਪਹਿਲੂਆਂ ਨੂੰ ਸੁਧਾਰਨ ਵਿੱਚ ਯੋਗਦਾਨ ਪਾਇਆ ਅਤੇ ਅੰਸ਼ਕ ਤਨਖਾਹ ਸਬਸਿਡੀ ਇੱਕ ਵਾਧੂ ਬੋਨਸ ਸੀ।  ਐਰੋ ਵਿਖੇ ਇਹ ਨੌਜਵਾਨ ਆਪਣੇ ਸਮੇਂ ਬਾਰੇ ਕਹਿੰਦਾ ਹੈ, ‘‘ਮੇਰੀ ਕੋ-ਆਪ ਇੰਟਰਨਸ਼ਿਪ ਦੇ ਅੰਤ ਤੱਕ, ਮੈਂ ਵੇਅਰਹਾਊਸ ਕਾਰਵਾਈਆਂ ’ਚ ਕੁਝ ਸੰਚਾਰ ਦੇ ਨਾਲ-ਨਾਲ ਇੰਵੈਂਟਰੀ ਦੀ ਸ਼ੁੱਧਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ ਦੇ ਕਾਬਲ ਬਣਿਆ।’’

ਇਸ ਤਰ੍ਹਾਂ ਗ੍ਰੈਜੂਏਟ ਹੋਣ ਤੋਂ ਪਹਿਲਾਂ ਕੰਮ ਦਾ ਤਜ਼ਰਬਾ ਪ੍ਰਾਪਤ ਕਰਨਾ ਅਤੇ ਭਵਿੱਖ ਦੇ ਰੁਜ਼ਗਾਰਦਾਤਾਵਾਂ ਲਈ ਹੋਰ ਵੀ ਆਕਰਸ਼ਕ ਬਣਨਾ ਡੁਆਂਗ ਦੀ ਯੋਜਨਾ ਦਾ ਹਿੱਸਾ ਸੀ ਜਦੋਂ ਉਹ ਐਸ.ਡਬਲਿਊ.ਪੀ.ਪੀ. ਵਿੱਚ ਸ਼ਾਮਲ ਹੋਇਆ ਸੀ।  ਕਰੂਥਰਸ ਦੇ ਅਨੁਸਾਰ, ਇਹ ਇੱਕ ਹਰ ਹਾਲਤ ’ਚ ਜਿੱਤ ਦੀ ਸਥਿਤੀ ਸੀ। ਉਨ੍ਹਾਂ ਕਿਹਾ, ‘‘ਇਹ ਦੋਵੇਂ ਤਰੀਕਿਆਂ ਨਾਲ ਕੰਮ ਕਰਦਾ ਸੀ। ਅਸੀਂ ਇੱਕ ਵਿਦਿਆਰਥੀ ਨੂੰ ਇੱਕ ਮੌਕਾ ਦੇ ਰਹੇ ਸੀ ਅਤੇ ਸਾਨੂੰ ਕੋਈ ਅਜਿਹਾ ਵਿਅਕਤੀ ਮਿਲ ਰਿਹਾ ਸੀ ਜੋ ਅਸੀਂ ਉਸ ਕੰਟਰੈਕਟ ਵਰਕ ਰਾਹੀਂ ਅੱਠ ਮਹੀਨਿਆਂ ਲਈ ਨੌਕਰੀ ’ਤੇ ਰੱਖ ਸਕਦੇ ਹਾਂ ਅਤੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਾਂ। ਜਦੋਂ ਮੈਂ ਸਿਰਫ ਆਪਣੀ ਡਿਵੀਜ਼ਨ ਨੂੰ ਵੇਖਦਾ ਹਾਂ, ਤਾਂ ਇਸ ਨੇ ਯਕੀਨੀ ਤੌਰ ’ਤੇ ਸਮੁੱਚੀ ਹੇਠਲੇ ਕਤਾਰ ’ਚ ਮੱਦਦ ਕੀਤੀ ਹੈ।’’

ਕਰੂਥਰਸ ਨੇ ਡੁਆਂਗ ਨੂੰ ਵੇਅਰਹਾਊਸ ਦੇ ਕੰਮਕਾਜ ਨੂੰ ਜ਼ਮੀਨੀ ਪੱਧਰ ਤੋਂ ਸਮਝਣ ਵਿੱਚ ਮੱਦਦ ਕੀਤੀ ਅਤੇ ਉਸਨੂੰ ਸਿਖਾਇਆ ਕਿ ਫੋਰਕਲਿਫਟ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਸੂਪਰਵਾਈਜ਼ਿੰਗ ਦੇ ਅਗਲੇ ਪੱਧਰ ’ਤੇ ਲਿਜਾਣ ਦੌਰਾਨ ਕੀ ਕਰਨਾ ਪੈਂਦਾ ਹੈ।

ਕਰੂਥਰਸ ਕਹਿੰਦੇ ਹਨ, ‘‘ਤੁਹਾਨੂੰ ਨਿਸ਼ਚਿਤ ਤੌਰ ’ਤੇ ਇਹ ਸੰਤੁਲਨ ਬਣਾਉਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਦੇ ਆਮ ਕੰਮ ਮਿਲਣ ਜਿੱਥੇ ਉਹ ਆਪਣੀ ਭੂਮਿਕਾ ਨਿਭਾ ਸਕਣ, ਅਜਿਹੇ ਕਾਰਜ ਕਰਨ ਜੋ ਕਾਰੋਬਾਰ ਨੂੰ ਰੋਜ਼ਾਨਾ ਦੇ ਅਧਾਰ ’ਤੇ ਚਲਾਉਣ ਵਿੱਚ ਮੱਦਦ ਕਰਦੇ ਹਨ ਅਤੇ ਕਾਰੋਬਾਰ ਨੂੰ ਜਾਰੀ ਰੱਖਣ ਦੇ ਨਾਲ-ਨਾਲ ਨਵੀਂਆਂ ਵਾਪਰਨ ਵਾਲੀਆਂ ਚੀਜ਼ਾਂ ’ਚ ਵਿਕਾਸ ਕਰਨ ਦੇ ਤਰੀਕੇ ਵੀ ਲੱਭਦੇ ਰਹਿਣ।’’

ਅਤੇ ਡੂਆਂਗ ਨੇ ਸਿੱਖਿਆ ਕਿ ਟਰੱਕਿੰਗ ਤੇ ਲੋਜਿਸਟਿਕਸ ਸੈਕਟਰ ਵਿੱਚ ਹਰ ਸਮੇਂ ਨਵੀਆਂ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹਨ। ਇਹ ਯੂਨੀਵਰਸਿਟੀ ਵਿੱਚ ਉਸ ਦੀਆਂ ਕਿਤਾਬਾਂ ਵਿੱਚ ਨਹੀਂ ਸੀ। ਉਹ ਅਚਨਚੇਤੀ ਯੋਜਨਾਵਾਂ ਤਿਆਰ ਰੱਖਣ ਅਤੇ ਲਗਾਤਾਰ ਹਾਲਾਤ ਦੇ ਅਨੁਕੂਲ ਹੋਣ ਦੀ ਜ਼ਰੂਰਤ ਬਾਰੇ ਕਹਿੰਦਾ ਹੈ, ‘‘ਤੁਸੀਂ ਅਸਲ ਵਿੱਚ ਹਰ ਚੀਜ਼ ਦੀ ਯੋਜਨਾ ਨਹੀਂ ਬਣਾ ਸਕਦੇ ਕਿਉਂਕਿ ਦਿਨ ਦੇ ਅੰਤ ਵਿੱਚ, ਜਦੋਂ ਤੁਸੀਂ ਟਰੱਕਾਂ ਨਾਲ ਕੰਮ ਕਰ ਰਹੇ ਹੋਵੋਗੇ ਤਾਂ ਅਜਿਹੀਆਂ ਚੀਜ਼ਾਂ ਹੋਣਗੀਆਂ ਜੋ ਅਕਸਰ ਗ਼ਲਤ ਹੁੰਦੀਆਂ ਰਹਿਣਗੀਆਂ।’’

2019 ਵਿੱਚ ਚੀਨ ਵਿੱਚ ਯਾਤਰਾ ਦੌਰਾਨ ਲੋਜਿਸਟਿਕਸ ਵਿੱਚ ਉਸਦੀ ਸ਼ੁਰੂਆਤੀ ਦਿਲਚਸਪੀ ਵਿਕਸਿਤ ਹੋਈ, ਜਦੋਂ ਉਹ ਯੀਵੂ ਨਾਮਕ ਇੱਕ ਵਪਾਰਕ ਸ਼ਹਿਰ ਦਾ ਦੌਰਾ ਕਰ ਰਿਹਾ ਸੀ। ਡੁਆਂਗ ਯਾਦ ਕਰਦਿਆਂ ਕਹਿੰਦਾ ਹੈ, ‘‘ਮੈਂ ਉੱਥੇ ਮੌਜੂਦ ਵਸਤੂਆਂ ਅਤੇ ਉਤਪਾਦਾਂ ਦੀ ਮਾਤਰਾ ਤੋਂ ਮੰਤਰਮੁਗਧ ਹੋ ਗਿਆ ਸੀ। ਮੈਂ ਇਹ ਸਮਝਣਾ ਚਾਹੁੰਦਾ ਸੀ ਕਿ ਇਹ ਸਭ ਕਿਵੇਂ ਕੰਮ ਕਰਦਾ ਹੈ।’’

ਐਰੋ ਨੇ ਉਸੇ ਸਮਝ ਵਿਚ ਯੋਗਦਾਨ ਪਾਇਆ। ਕਰੂਥਰਸ ਦਾ ਕਹਿਣਾ ਹੈ ਕਿ ਉਸਨੇ ਅਤੇ ਡੂਆਂਗ ਨੇ ਪੂਰੀ ਸਪਲਾਈ ਚੇਨ ਵਾਤਾਵਰਣ ਦੇ ਵਿਕਾਸ ਬਾਰੇ ਬਹੁਤ ਦਿਲਚਸਪ ਵਿਚਾਰ ਵਟਾਂਦਰੇ ਕੀਤੇ ਸਨ। ਇੰਟਰਨ ਦੀਆਂ ਅੱਖਾਂ ’ਚ ਦੇਖੇ ਜਾ ਸਕਣ ਵਾਲੇ ਜੋਸ਼ ਦਾ ਹਵਾਲਾ ਦਿੰਦੇ ਹੋਏ ਕਰੂਥਰਸ ਨੇ ਕਿਹਾ, ‘‘ਮੇਰਾ ਅੰਦਾਜ਼ਾ ਹੈ ਕਿ ਕਿ ਸਿਰਫ਼ ਇਸ ਬਾਰੇ ਗੱਲਬਾਤ ਕਰਨਾ, ਸਭ ਤੋਂ ਵੱਧ ਫਲਦਾਇਕ ਚੀਜ਼ ਹੋ ਨਿੱਬੜੀ ਸੀ।’’

ਹਾਲਾਂਕਿ ਇਹ ਪਹਿਲੀ ਵਾਰ ਸੀ ਜਦੋਂ ਐਰੋ ਨੇ ਅਜਿਹੀ ਪਹਿਲਕਦਮੀ ਰਾਹੀਂ ਇੱਕ ਨੌਜਵਾਨ ਵਰਕਰ ਨੂੰ ਭਰਤੀ ਕੀਤਾ ਸੀ, ਇਹ ਸ਼ਾਇਦ ਆਖਰੀ ਨਹੀਂ ਹੋਵੇਗਾ। ਕਰੂਥਰਸ ਨੇ ਕਰੀਅਰ ਐਕਸਪ੍ਰੈੱਸਵੇ ਪ੍ਰੋਗਰਾਮ ਨੂੰ ਦੁਬਾਰਾ ਵਰਤਣ ਬਾਰੇ ਕਿਹਾ, ‘‘ਜੇਕਰ ਮੌਕਾ ਹੈ, ਯਕੀਨੀ ਤੌਰ ’ਤੇ ਅਸੀਂ ਅਜਿਹਾ ਕਰਾਂਗੇ।’’

ਸਟੂਡੈਂਟ ਵਰਕ ਪਲੇਸਮੈਂਟ ਪ੍ਰੋਗਰਾਮ ਬਾਰੇ ਹੋਰ ਜਾਣਨ ਲਈ, ਅਤੇ ਤੁਸੀਂ ਵੀ ਇਸ ਮੌਕੇ ਤੋਂ ਕਿਵੇਂ ਲਾਭ ਲੈ ਸਕਦੇ ਹੋ, ਕਿਰਪਾ ਕਰਕੇ THRC Career Expressway ’ਤੇ ਜਾਓ ਜਾਂ theteam@truckinghr.com  ਈ-ਮੇਲ ਕਰੋ।

ਟਰੱਕਿੰਗ ਐਚ.ਆਰ. ਕੈਨੇਡਾ ਵੱਲੋਂ