ਟਰੱਕਿੰਗ ਨੌਕਰੀਆਂ ’ਚ ਔਰਤਾਂ, ਹੋਰਨਾਂ ਸਮੂਹਾਂ ਨੂੰ ਸਿਖਲਾਈ ਦੇਣ ਲਈ ਓਂਟਾਰੀਓ ਨੇ ਸ਼ੁਰੂ ਕੀਤਾ ਨਵਾਂ ਪ੍ਰੋਗਰਾਮ

ਟਰੱਕਿੰਗ ਉਦਯੋਗ ’ਚ ਕੈਰੀਅਰ ਬਣਾਉਣ ਲਈ ਓਂਟਾਰੀਓ ਸਰਕਾਰ ਵਾਟਰਲੂ ਖੇਤਰ ’ਚ ਘੱਟ ਪ੍ਰਤੀਨਿਧਗੀ ਵਾਲੇ ਗਰੁੱਪਾਂ ਦੀਆਂ 30 ਔਰਤਾਂ ਅਤੇ ਵਿਅਕਤੀਆਂ ਲਈ 600,000 ਡਾਲਰ ਦੇ ਨਿਵੇਸ਼ ਰਾਹੀਂ ਇੱਕ ਸਿਖਲਾਈ ਪ੍ਰਾਜੈਕਟ ਸ਼ੁਰੂ ਕਰ ਰਹੀ ਹੈ।

ਪ੍ਰੋਗਰਾਮ ’ਚ ਹਿੱਸਾ ਲੈਣ ਵਾਲਿਆਂ ਨੂੰ ਏ.ਜ਼ੈੱਡ. ਡਰਾਈਵਰ ਦਾ ਲਾਇਸੰਸ ਮਿਲੇਗਾ। (ਤਸਵੀਰ: ਆਈਸਟਾਕ)

14 ਹਫ਼ਤਿਆਂ ਦੀ ਸਿਖਲਾਈ ਵਰਕਫ਼ੋਰਸ ਪਲਾਨਿੰਗ ਬੋਰਡ ਆਫ਼ ਵਾਟਰਲੂ ਵੇਲਿੰਗਟਨ ਡਫ਼ਰੇਨ ਅਤੇ ਵਿਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ ਵੱਲੋਂ ਦਿੱਤੀ ਜਾਵੇਗੀ, ਜੋ ਕਿ ਉਮੀਦਵਾਰਾਂ ਦੀਆਂ ਸਾਫ਼ਟ ਅਤੇ ਤਕਨੀਕੀ ਮੁਹਾਰਤਾਂ ਨੂੰ ਬਿਹਤਰ ਕਰਨ ’ਤੇ ਧਿਆਨ ਦੇਵੇਗਾ।

ਇਹ ਪ੍ਰੋਗਰਾਮ ਲੋਕਾਂ ਨੂੰ ਅਰਥਪੂਰਨ, ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਲੱਭਣ ਲਈ ਜ਼ਿਆਦਾ ਮੌਕੇ ਦੇਵੇਗਾ, ਅਤੇ ਖੇਤਰ ਦੇ ਟਰੱਕਿੰਗ ਸੈਕਟਰ ’ਚ ਕਾਮਿਆਂ ਦੀ ਕਮੀ ਨੂੰ ਵੀ ਦੂਰ ਕਰੇਗਾ।

ਕਿਰਤ, ਸਿਖਲਾਈ ਅਤੇ ਮੁਹਾਰਤ ਵਿਕਾਸ ਮੰਤਰੀ ਮੋਂਟੀ ਮੈਕਨੌਟਨ ਨੇ ਕਿਹਾ, ‘‘ਸਾਡੀ ਸਰਕਾਰ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ ਤਾਂ ਕਿ ਜੋ ਵੀ ਵਿਅਕਤੀ ਕੰਮ ਕਰਨ ਦਾ ਇੱਛਾਵਾਨ ਹੈ ਉਸ ਨੂੰ ਸਿਖਲਾਈ ਮਿਲ ਸਕੇ ਤਾਂ ਕਿ ਉਹ ਹੁਣੇ ਆਪਣਾ ਕਰੀਅਰ ਸਥਾਪਤ ਕਰ ਸਕੇ। ਇਹ ਪ੍ਰਾਜੈਕਟ ਔਰਤਾਂ, ਨੌਜੁਆਨਾਂ, ਮੂਲ ਵਾਸੀ ਲੋਕਾਂ ਅਤੇ ਘੱਟ ਪ੍ਰਤੀਨਿਧਗੀ ਵਾਲੇ ਸਮੂਹਾਂ ਨੂੰ ਮੁਫ਼ਤ ਅਤੇ ਅੱਜਕਲ ਦੀ੍ਹ ਮੰਗ ’ਚ ਸਿਖਲਾਈ ਨਾਲ ਜੋੜੇਗਾ ਤਾਂ ਕਿ ਉਹ ਵਾਟਰਲੂ ਖੇਤਰ ’ਚ ਲਾਇਸੰਸਸ਼ੁਦਾ ਟਰੱਕ ਡਰਾਈਵਰ ਬਣ ਸਕਣ। ਇਹ ਪ੍ਰੋਵਿੰਸ ’ਚ ਜ਼ਰੂਰੀ ਸੇਵਾਵਾਂ ਦੀ ਮੱਦਦ ਕਰਨ ਲਈ ਵਚਨਬੱਧਤਾ ਦੀ ਸਿਰਫ਼ ਇੱਕ ਉਦਾਹਰਣ ਹੈ।’’

ਉਮੀਦਵਾਰਾਂ ਨੂੰ ਆਪਣਾ ਏ.ਜ਼ੈੱਡ. ਡਰਾਈਵਰ ਦਾ ਲਾਇਸੰਸ ਪ੍ਰਾਪਤ ਹੋਵੇਗਾ, ਜੋ ਕਿ ਓਂਟਾਰੀਓ ’ਚ ਕਮਰਸ਼ੀਅਲ ਡਰਾਈਵਰ ਬਣਨ ਲਈ ਲੋੜੀਂਦਾ ਹੈ। ਨਾਲ ਹੀ ਉਨ੍ਹਾਂ ਨੂੰ ਸਰਟੀਫ਼ੀਕੇਟ ਵੀ ਮਿਲੇਗਾ ਜੋ ਰੁਜ਼ਗਾਰਦਾਤਾਵਾਂ ਨੂੰ ਦਰਸਾਏਗਾ ਕਿ ਉਨ੍ਹਾਂ ਨੇ ਸਿਖਲਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਲਿਆ ਹੈ। ਪ੍ਰੋਗਰਾਮ ਦੇ ਯੋਗ ਉਮੀਦਵਾਰਾਂ ਲਈ ਬੱਚਿਆਂ ਦੀ ਦੇਖਭਾਲ ਅਤੇ ਸੁਪੋਰਟ ਵੀ ਮੁਹੱਈਆ ਕਰਵਾਈ ਜਾਵੇਗੀ।

ਬੱਚਿਆਂ ਅਤੇ ਔਰਤਾਂ ਦੇ ਮੁੱਦਿਆਂ ਬਾਰੇ ਐਸੋਸੀਏਟ ਮੰਤਰੀ ਜਿੱਲ ਡਨਲੋਪ ਨੇ ਕਿਹਾ, ‘‘ਅਸੀਂ ਵਚਨ ਲੈ ਲਿਆ ਹੈ ਕਿ ਔਰਤਾਂ ਨੂੰ ਓਂਟਾਰੀਓ ਦੀ ਆਰਥਕ ਰਿਕਵਰੀ ਦੌਰਾਨ ਪਿੱਛੇ ਨਹੀਂ ਛੱਡਿਆ ਜਾਵੇਗਾ।’’ ਸਟੈਟੇਸਟਿਕਸ ਕੈਨੇਡਾ, ਲੇਬਰ ਫ਼ੋਰਸ ਸਰਵੇ ਅਨੁਸਾਰ 2019 ’ਚ ਅੰਦਾਜ਼ਾ 6,300 ਔਰਤਾਂ ਨੇ ਓਂਟਾਰੀਓ ’ਚ ਟਰੱਕ ਡਰਾਈਵਰਾਂ ਵਜੋਂ ਕੰਮ ਕੀਤਾ।

ਵਿਮੈਨਜ਼ ਟਰੱਕਿੰਗ ਫ਼ੈਡਰੇਸ਼ਨ ਆਫ਼ ਕੈਨੇਡਾ ਦੇ ਸੀ.ਈ.ਓ. ਸ਼ੈਲੀ ਯੂਵਨਿਲ-ਹੈਸ਼ ਨੇ ਕਿਹਾ, ‘‘ਇਹ ਪ੍ਰਾਜੈਕਟ ਬਹੁਤ ਉਤਸ਼ਾਹਜਨਕ ਹੈ ਜੋ ਕਿ ਟਰੱਕਿੰਗ ਉਦਯੋਗ ’ਚ ਪੇਸ਼ੇਵਰ ਟਰੱਕ ਡਰਾਈਵਰਾਂ ਲਈ ਮਾਹਰ ਕਾਮਿਆਂ ਦੀ ਜ਼ਰੂਰਤ ਨੂੰ ਪੂਰਾ ਕਰੇਗਾ।’’

ਪਹਿਲਾ ਦਸਤਾ ਸਿਖਲਾਈ 3 ਮਈ ਨੂੰ ਸ਼ੁਰੂ ਕਰ ਦੇਵੇਗਾ। ਭਵਿੱਖ ’ਚ ਸਿਖਲਾਈ ਲਈ ਬਿਨੈ ਕਰਨ ਦੇ ਇੱਛੁਕ ਵਰਕਫ਼ੋਰਸ ਪਲਾਨਿੰਗ ਬੋਰਡ ਆਫ਼ ਵਾਟਰਲੂ ਵੇਲਿੰਗਟਨ ਡਫ਼ਰੇਨ ਨਾਲ ਸੰਪਰਕ ਕਰ ਸਕਦੇ ਹਨ। ਕੋਵਿਡ-19 ਮਹਾਂਮਾਰੀ ਦਰਮਿਆਨ, ਸਿਖਲਾਈ ਵਰਚੂਅਲ ਅਤੇ ਵਿਅਕਤੀਗਤ ਦੋਵੇਂ ਤਰ੍ਹਾਂ ਦਾ ਮਿਸ਼ਰਣ ਹੋਵੇਗਾ। ਸਿਖਲਾਈ ’ਚ ਡਿਲੀਵਰੀ/ਪਿਕਅੱਪ ਸਾਈਟਾਂ ਅਤੇ ਕੋਵਿਡ-19 ਦੌਰਾਨ ਸਰਹੱਦ ਪਾਰ ਕਰਨ ਸਮੇਂ ਸਾਵਧਾਨੀਆਂ ਸਮੇਤ ਆਨ-ਦ-ਰੋਡ ਟਰਾਂਸਪੋਰਟ ਲਈ ਸੁਰੱਖਿਆ ਉਪਕਰਨ ਸ਼ਾਮਲ ਹੋਣਗੇ।