ਟਰੱਕਿੰਗ ਸਟਾਰਟਅੱਪਸ ਲਈ ਲਾਜ਼ਮੀ ਸਿਖਲਾਈ ਲਾਗੂ ਕਰੇਗਾ ਮੇਨੀਟੋਬਾ

ਸਾਲ ਦੇ ਅੰਤ ਤੱਕ ਮੇਨੀਟੋਬਾ ’ਚ ਨਵੇਂ ਟਰੱਕਿੰਗ ਕੰਪਨੀ ਮਾਲਕਾਂ ਲਈ ਇਕ ਹਫ਼ਤੇ, 40-ਘੰਟਿਆਂ ਦੇ ਲਾਜ਼ਮੀ ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਣਾ ਲਾਜ਼ਮੀ ਹੋ ਜਾਵੇਗਾ।

ਇਹ ਟਰੱਕਿੰਗ ਕੰਪਨੀ ਦੇ ਮਾਲਕਾਂ ਲਈ ਐਮ. ਈ.ਐਲ.ਟੀ. (ਲਾਜ਼ਮੀ ਦਾਖ਼ਲਾ ਪੱਧਰੀ ਸਿਖਲਾਈ) ਵਰਗਾ ਹੀ ਹੈ। ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ (ਐਮ.ਟੀ.ਏ.) ਦੇ ਕਾਰਜਕਾਰੀ ਡਾਇਰੈਕਟਰ ਏਰੋਨ ਡੋਲੀਨਿਊਕ ਨੇ ਕਿਹਾ ਕਿ ਇਹ ਪ੍ਰੋਗਰਾਮ ਉਦਯੋਗ ਲਈ ਇੱਕ ਜਿੱਤ ਵਰਗਾ ਹੈ ਜੋ ਕਿ ਇਸ ਪੇਸ਼ੇ ਨੂੰ ਅਪਨਾਉਣ ਵਾਲਿਆਂ ਲਈ ਮਿਆਰ ਉੱਚੇ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।

(ਤਸਵੀਰ: ਆਈਸਟਾਕ)

TruckNews.com ਨਾਲ ਇੱਕ ਇੰਟਰਵਿਊ ’ਚ ਡੋਲੀਨਿਊਕ ਨੇ ਕਿਹਾ, ‘‘ਸਾਡੇ ਮੈਂਬਰ ਲੰਮੇ ਸਮੇਂ ਤੋਂ ਮਹਿਸੂਸ ਕਰ ਰਹੇ ਸਨ ਕਿ ਮੇਨੀਟੋਬਾ ਅਤੇ ਸੱਚ ਕਹੀਏ ਤਾਂ ਪੂਰੇ ਕੈਨੇਡਾ ’ਚ ਟਰੱਕਿੰਗ ਕੰਪਨੀ ਸ਼ੁਰੂ ਕਰਨ ਲਈ ਨਿਯਮ ਸਖ਼ਤ ਹੋਣੇ ਚਾਹੀਦੇ ਹਨ। ਸਾਡੇ ਮੈਂਬਰਾਂ ਦਾ ਮੰਨਣਾ ਹੈ ਕਿ ਕੁੱਝ ਸ਼ੁਰੂਆਤੀ ਸਿੱਖਿਆ ਉਦਯੋਗ ਅਤੇ ਸਮਾਜ ਲਈ ਬਿਹਤਰ ਸਾਬਤ ਹੋਵੇਗੀ।’’

ਇਸ ਪ੍ਰੋਗਰਾਮ ਦੀ ਜ਼ਰੂਰਤ ਪ੍ਰੋਵਿੰਸ ਦੇ ਮੋਟਰ ਕਰੀਅਰ ਡਿਵੀਜ਼ਨ ਬਾਰੇ 2019 ਦੀ ਆਡੀਟਰ ਜਨਰਲ ਦੀ ਰਿਪੋਰਟ ਤੋਂ ਬਾਅਦ ਮਹਿਸੂਸ ਕੀਤੀ ਗਈ, ਜਿਸ ’ਚ ਉਦਯੋਗ ਅੰਦਰ ਦਾਖ਼ਲ ਹੋਣ ਵਾਲਿਆਂ ਲਈ ਜ਼ਿਆਦਾ ਸਖ਼ਤ ਸਿਖਲਾਈ ਜ਼ਰੂਰਤਾਂ ਦੀ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ। ਐਮ.ਟੀ.ਏ. ਨੇ ਇਸ ਮੌਕੇ ਦਾ ਫ਼ਾਇਦਾ ਲਿਆ ਅਤੇ ਨਵੇਂ ਟਰੱਕਿੰਗ ਕੰਪਨੀ ਮਾਲਕਾਂ ਨੂੰ ਸਿਖਲਾਈ ਦੇਣ ਦਾ ਸੁਝਾਅ ਦਿੱਤਾ, ਜੋ ਕਿ ਪਹਿਲਾਂ ਵੀ ਇਸ ਦੀ ਸਿਫ਼ਾਰਸ਼ ਕਰਦੀ ਰਹੀ ਸੀ ਅਤੇ ਹੁਣ ਉਸ ਨੂੰ ਲੱਗਾ ਕਿ ਸਰਕਾਰ ਇਸ ਦੀ ਮਨਜ਼ੂਰੀ ਦੇ ਦੇਵੇਗੀ।

ਉਦਯੋਗ ਦੇ ਹਿੱਤਧਾਰਕਾਂ ਨਾਲ ਕੰਮ ਕਰਦਿਆਂ, ਐਮ.ਟੀ.ਏ. ਨੇ ਇੱਕ ਪਾਠਕ੍ਰਮ ਤਿਆਰ ਕਰ ਲਿਆ ਹੈ। ਇਸ ’ਚ ਫ਼ਲੀਟ ਸੁਰੱਖਿਆ ਬਾਰੇ ਮੁਢਲੀਆਂ ਗੱਲਾਂ, ਆਡਿਟ, ਠੇਕੇ ਅਤੇ ਸਮਝੌਤੇ, ਓਨਰ-ਆਪਰੇਟਰਾਂ ਨਾਲ ਕੰਮ ਕਰਨਾ, ਰਿਕਾਰਡ ਮੈਨੇਜਮੈਂਟ,  ਲੈਜਿਸਲੇਸ਼ਨ, ਰਾਸ਼ਟਰੀ ਸੁਰੱਖਿਆ ਕੋਡ ਜ਼ਰੂਰਤਾਂ, ਸੇਵਾ ਦੇ ਘੰਟੇ, ਮੁਰੰਮਤ, ਭਾਰ ਅਤੇ ਮਾਪ ਅਤੇ ਹੋਰ ਜ਼ਰੂਰੀ ਗੱਲਾਂ ਸਮੇਤ ਸਾਰਾ ਕੁੱਝ ਸ਼ਾਮਲ ਹੈ।

ਡੋਲੀਨਿਊਕ ਨੇ ਦੱਸਿਆ, ‘‘ਇਸ ਕੋਰਸ ਦਾ ਇੱਕ ਮੰਤਵ ਇਹ ਹੈ ਕਿ ਇਹ ਕੈਰੀਅਰਸ ਨੂੰ ਸੁਰੱਖਿਆ ਯੋਜਨਾ ਤਿਆਰ ਕਰਨ ਦਾ ਤਰੀਕਾ ਦੱਸਦਾ ਹੈ।’’ ਇਸ ਨੂੰ ਲਾਗੂ ਕਰਨ ’ਤੇ, ਮੇਨੀਟੋਬਾ ਪ੍ਰੋਵਿੰਸ ’ਚ ਸੁਰੱਖਿਆ ਫ਼ਿਟਨੈੱਸ ਸਰਟੀਫ਼ਿਕੇਟ ਚਾਹੁਣ ਵਾਲੇ ਹਰ ਕਿਸੇ ਨੂੰ ਸਿਖਲਾਈ ਪ੍ਰਾਪਤ ਕਰਨੀ ਪਵੇਗੀ। ਇਸ ਦਾ ਲਾਭ ਆਪਣੇ ਮੁਲਾਜ਼ਮਾਂ ਨੂੰ ਸਿਖਲਾਈ ਦੇਣਾ ਚਾਹੁਣ ਵਾਲੇ ਮੌਜੂਦਾ ਫ਼ਲੀਟਸ ਵੀ ਪ੍ਰਾਪਤ ਕਰ ਸਕਣਗੇ। ਕੋਰਸ ਨੂੰ ਵਿਅਕਤੀਗਤ ਰੂਪ ’ਚ ਅਤੇ ਰਿਮੋਟ ਤਰੀਕੇ ਨਾਲ ਵੀ ਪੇਸ਼ ਕੀਤਾ ਜਾਵੇਗਾ।

ਡੋਲੀਨਿਊਕ ਨੇ ਕਿਹਾ, ‘‘ਸਾਡੇ ਮੈਂਬਰ ਇਸ ਬਾਰੇ ਉਤਸ਼ਾਹਿਤ ਹਨ। ਸਾਨੂੰ ਲਗਦਾ ਹੈ ਕਿ ਅਸੀਂ ਸਹੀ ਰਾਹ ’ਤੇ ਤੁਰ ਰਹੇ ਹਾਂ ਅਤੇ ਇਸ ਨਾਲ ਫ਼ਲੀਟ ਵੀ ਆਪਣੀ ਸ਼ੁਰੂਆਤ ਤੋਂ ਹੀ ਸਹੀ ਰਾਹ ’ਤੇ ਪੈ ਸਕਣਗੇ।’’ ਜੀ.ਐਲ. ਟਰਾਂਸਪੋਰਟ ਕੰਸਲਟਿੰਗ ਦੇ ਰਿੱਕ ਗੈਲਰ ਨੇ ਪ੍ਰੋਗਰਾਮ ਦਾ ਸਵਾਗਤ ਕੀਤਾ ਹੈ ਅਤੇ ਉਹ ਪਾਠਕ੍ਰਮ ਦੀ ਤਿਆਰੀ ਦੀ ਪ੍ਰਕਿਰਿਆ ’ਚ ਵੀ ਸ਼ਾਮਲ ਸਨ।

ਉਨ੍ਹਾਂ ਕਿਹਾ, ‘‘ਇਸ ਪ੍ਰੋਗਰਾਮ ਦਾ ਮਹੱਤਵ ਇਹ ਹੈ ਕਿ ਨਵੇਂ ਕੈਰੀਅਰਸ ਕੋਲ ਹੁਣ ਭਰੋਸੇਯੋਗ ਸਰੋਤ ਹੋਣਗੇ ਕਿ ਉਨ੍ਹਾਂ ਨੇ ਕੀ ਕਰਨਾ ਹੈ। ਪਹਿਲਾਂ ਇਹ ਮੰਨ ਲਿਆ ਜਾਂਦਾ ਸੀ ਕਿ ਕੈਰੀਅਰਸ ਕਾਨੂੰਨ ਦੀ ਤਾਮੀਲ ਕਰਨਗੇ ਅਤੇ ਸੁਰੱਖਿਆ ਪ੍ਰੋਗਰਾਮ ਲਾਗੂ ਕਰਨਗੇ, ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦਾ ਸੀ ਕਿ ਇਸ ਦਾ ਅਸਲ ਮਤਲਬ ਕੀ ਹੈ। ਇਹ ਪ੍ਰੋਗਰਾਮ ਪਰਦਾ ਚੁੱਕਦਾ ਹੈ ਅਤੇ ਉਨ੍ਹਾਂ ਤੋਂ ਕੀਤੀਆਂ ਜਾਂਦੀਆਂ ਉਮੀਦਾਂ ਅਤੇ ਇਨ੍ਹਾਂ ਦੀ ਪਾਲਣਾ ਕਰਨ ਦਾ ਤਰੀਕਾ ਵੀ ਦੱਸਦਾ ਹੈ।’’

ਉਨ੍ਹਾਂ ਨੂੰ ਉਮੀਦ ਹੈ ਕਿ ਰੈਗੂਲੇਟਡ ਗੱਡੀਆਂ  ਦੇ ਮਾਲਕ ਹੋਣ ਨਾਤੇ ਉਮੀਦਵਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਿਹਤਰ ਤਰੀਕੇ ਨਾਲ ਜਾਣੂ ਹੋਣਗੇ, ਨਾਲ ਹੀ ਉਨ੍ਹਾਂ ਨੂੰ ਇਸ ਚੀਜ਼ ਦੀ ਬਿਹਤਰ ਜਾਣਕਾਰੀ ਮਿਲੇਗੀ ਕਿ ਉਨ੍ਹਾਂ ਨੂੰ ਲੋੜੀਂਦੀ ਸੂਚਨਾ ਕਿੱਥੋਂ ਮਿਲ ਸਕਦੀ ਹੈ। ਉਨ੍ਹਾਂ ਨੂੰ ਇਹ ਵੀ ਉਮੀਦ ਹੈ ਕਿ ਉਹ ਇਹ ਸਿੱਖਣਗੇ ਕਿ ‘‘ਆਪਣੇ ਕਾਰੋਬਾਰ ’ਚ ਸੁਰੱਖਿਆ ਦਾ ਸਭਿਆਚਾਰ ਕਿਸ ਤਰ੍ਹਾਂ ਸਥਾਪਤ ਕਰੀਏ ਅਤੇ ਉਨ੍ਹਾਂ ਦੇ ਕਾਰੋਬਾਰ ’ਚ ਸਫ਼ਲਤਾ ਲਈ ਫ਼ਲੀਟ ਦੀ ਸੁਰੱਖਿਆ ਕਿਉਂ ਮਹੱਤਵਪੂਰਨ ਹੈ। ਇਹ ਸ਼ੁਰੂਆਤ ਤੋਂ ਹੀ ਸਫ਼ਲ ਹੋਣ ਦੇ ਤਰੀਕੇ ਦੱਸਦਾ ਹੈ, ਜੋ ਕਿ ਮੌਜੂਦਾ ਸਮੇਂ ’ਚ ਆਪਣੀਆਂ ਗ਼ਲਤੀਆਂ ਤੋਂ ਸਿੱਖ ਕੇ ਬਿਹਤਰ ਕਰਨ ਦੀ ਸੋਚ ਤੋਂ ਬਿਲਕੁਲ ਉਲਟ ਹੈ।’’