ਟੋਰਾਂਟੋ ਡੰਪ ਟਰੱਕ ਪ੍ਰਦਰਸ਼ਨ ਠੁੱਸ ਹੋਏ

ਵੱਡੀ ਗਿਣਤੀ ‘ਚ ਡੰਪ ਟਰੱਕ ਡਰਾਈਵਰਾਂ ਨੇ ਵੀਰਵਾਰ ਦੀ ਸਵੇਰ ਮਹਾਂਮਾਰੀ ਕਰਕੇ ਲੱਗੇ ਲਾਕਡਾਊਨ ਦੀ ਪ੍ਰਵਾਹ ਨਾ ਕਰਦਿਆਂ ਕੁਈਨਜ਼ ਪਾਰਕ ਪੁੱਜ ਕੇ ਪ੍ਰਦਰਸ਼ਨ ਕੀਤਾ। (ਤਸਵੀਰ: ਓ.ਡੀ.ਟੀ.ਏ.)

ਭਾਰ ਅਤੇ ਲੰਬਾਈ-ਚੌੜਾਈ ਬਾਬਤ ਤਬਦੀਲੀਆਂ ਵਿਰੁੱਧ ਵੱਡੀ ਗਿਣਤੀ ‘ਚ ਡੰਪ ਟਰੱਕ ਡਰਾਈਵਰਾਂ ਨੇ ਵੀਰਵਾਰ ਦੀ ਸਵੇਰ ਮਹਾਂਮਾਰੀ ਕਰਕੇ ਲੱਗੇ ਲਾਕਡਾਊਨ ਵਿਚਕਾਰ ਕੁਈਨਜ਼ ਪਾਰਕ ਪੁੱਜ ਕੇ ਪ੍ਰਦਰਸ਼ਨ ਕੀਤਾ, ਪਰ ਪ੍ਰੋਵਿੰਸ ਨਵੇਂ ਕਾਨੂੰਨਾਂ ਨੂੰ ਅਗਲੇ ਸਾਲ ਦੇ ਪਹਿਲੇ ਦਿਨ ਤੋਂ ਲਾਗੂ ਕਰਨ ਦੇ ਫ਼ੈਸਲੇ ‘ਤੇ ਪੱਕਾ ਰਿਹਾ।

ਵਿਵਾਦ ਦਾ ਕੇਂਦਰ ਓਂਟਾਰੀਓ ਰੈਗੂਲੇਸ਼ਨ 413/05: ਸੁਰੱਖਿਅਤ, ਉਤਪਾਦਕ, ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਗੱਡੀਆਂ ਦਾ ਭਾਰ ਅਤੇ ਲੰਬਾਈ-ਚੌੜਾਈ ਹੈ।

ਐਸ.ਪੀ.ਆਈ.ਐਫ਼. ਸੰਰਚਨਾ ਹੇਠ ਵੱਧ ਭਾਰ ਲੱਦਣ ਦੀ ਇਜਾਜ਼ਤ ਦਿੱਤੀ ਗਈ ਹੈ, ਜਦਕਿ ਗ਼ੈਰ-ਐਸ.ਪੀ.ਆਈ.ਐਫ਼. ਗੱਡੀਆਂ ਘੱਟ ਭਾਰ ‘ਤੇ ਚੱਲ ਸਕਣਗੀਆਂ।

ਪ੍ਰਦਰਸ਼ਨ ਕਰਵਾਉਣ ਵਾਲੇ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਦਾ ਕਹਿਣਾ ਹੈ ਕਿ ਇਸ ਰੈਗੂਲੇਸ਼ਨ ਕਰਕੇ ਗ਼ਲਤ ਤਰੀਕੇ ਨਾਲ ਸਾਰੀ ਜ਼ਿੰਮੇਵਾਰੀ ਡੰਪ ਟਰੱਕ ਆਪਰੇਟਰਾਂ ‘ਤੇ ਪਾ ਦਿੱਤੀ ਗਈ ਹੈ ਕਿ ਉਹ ਆਪਣੇ ਟਰੱਕਾਂ ‘ਤੇ ਪੁਰਾਣੇ ਸਟੀਅਰ ਐਕਸਲ ਅਤੇ ਭਾਰ ਵੰਡ ਸਿਸਟਮ ਫ਼ਿੱਟ ਕਰਨ।

ਓਂਟਾਰੀਓ ਆਵਾਜਾਈ ਮੰਤਰਾਲੇ (ਐਮ.ਟੀ.ਓ.) ਤੋਂ ਗਰੁੱਪ ਕੁੱਝ ਛੋਟਾਂ ਮੰਗ ਰਿਹਾ ਹੈ ਤਾਂ ਕਿ ਸਾਰੇ ਟ੍ਰਾਈਐਕਸਲ ਡੰਪ ਟਰੱਕ ਗੱਡੀ ਦੇ ਪੂਰੇ ਜੀਵਨਕਾਲ ਦੌਰਾਨ ਐਸ.ਪੀ.ਆਈ.ਐਫ਼. ਸੰਬੰਧਤ ਪਾਬੰਦੀਆਂ ਤੋਂ ਬਗ਼ੈਰ ਵੀ ਪੂਰਾ ਭਾਰ ਲੈ ਕੇ ਚੱਲ ਸਕਣ।

ਮੰਤਰਾਲਾ ਪਿੱਛੇ ਹਟਿਆ

ਪ੍ਰੋਵਿੰਸ ਨੇ ਕਿਹਾ ਕਿ ਉਹ ਸੁਰੱਖਿਆ ‘ਤੇ ਕੋਈ ਸਮਝੌਤਾ ਨਹੀਂ ਕਰਨਗੇ। (ਸਕ੍ਰੀਨ ਗਰੈਬ)

ਜਦੋਂ ਪ੍ਰਦਰਸ਼ਨਕਰਤਾ ਕੁਈਨਜ਼ ਪਾਰਕ ਤੋਂ ਚਲੇ ਗਏ ਤਾਂ ਮੰਤਰਾਲੇ ਨੇ ਮੰਗ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਉਸ ਦੀ ਜ਼ਿੰਮੇਵਾਰੀ ਓਂਟਾਰੀਓ ਦੀ ਆਵਾਜਾਈ ਨੂੰ ਸੁਰੱਖਿਅਤ ਅਤੇ ਭਰੋਸੇਯੋਗ ਰਖਣਾ ਹੈ।

ਸਾਡੇ ਗਰੁੱਪ ਦੇ ਪ੍ਰਕਾਸ਼ਨ ਟੂਡੇਜ਼ ਟਰੱਕਿੰਗ ਨੂੰ ਇੱਕ ਈ-ਮੇਲ ‘ਚ ਐਮ.ਟੀ.ਓ. ਨੇ ਕਿਹਾ, ”ਅਸੀਂ ਕੈਰੀਅਰਸ ਤੋਂ ਉਮੀਦ ਕਰਦੇ ਹਾਂ ਕਿ ਉਹ ਕਿਸੇ ਵੀ ਅਜਿਹੇ ਕਾਨੂੰਨ ਦੀ ਪਾਲਣਾ ਕਰਨ ਜੋ ਕਿ ਇਹ ਯਕੀਨੀ ਕਰਦਾ ਹੈ ਕਿ ਮਹੱਤਵਪੂਰਨ ਮੁਢਲਾ ਢਾਂਚਾ ਸੁਰੱਖਿਅਤ ਰਹੇਗਾ।”

ਮੰਤਰਾਲੇ ਨੇ ਕਿਹਾ ਕਿ ਕੈਰੀਅਰਸ ਕੋਲ ਕਾਨੂੰਨ ਦੀ ਪਾਲਣਾ ਯਕੀਨੀ ਕਰਨ ਲਈ 10 ਸਾਲਾਂ ਦਾ ਸਮਾਂ ਸੀ। ਮੰਤਰਾਲੇ ਅਨੁਸਾਰ ਜਦੋਂ ਰੈਗੂਲੇਸ਼ਨ ਜੁਲਾਈ 2011 ‘ਚ ਅਮਲ ਹੇਠ ਆਇਆ ਤਾਂ ਉਦੋਂ ਤੋਂ ਹੁਣ ਤਕ ਕਾਫ਼ੀ ਸਮਾਂ ਬੀਤ ਚੁੱਕਾ ਹੈ।

ਇਹ ਸਮਾਂ ਸੀਮਾ 31 ਦਸੰਬਰ ਨੂੰ ਖ਼ਤਮ ਹੋ ਰਹੀ ਹੈ।

ਐਮ.ਟੀ.ਓ. ਨੇ ਕਿਹਾ ਕਿ ਜਿਨ੍ਹਾਂ ਕੈਰੀਅਰਸ ਕੋਲ 15 ਸਾਲ ਜਾਂ ਉਸ ਤੋਂ ਪੁਰਾਣੇ ਟਰੱਕ ਹਨ ਉਹ 1 ਜਨਵਰੀ ਤੋਂ ਬਾਅਦ ਰੈਗੂਲੇਸ਼ਨ ਦੀ ਤਾਮੀਲ ਨਹੀਂ ਕਰ ਸਕਣਗੇ, ਪਰ ਉਹ ਫਿਰ ਵੀ ਘੱਟ ਭਾਰ ਨਾਲ ਚੱਲ ਸਕਣਗੇ।

ਮੰਤਰਾਲੇ ਨੇ ਕਿਹਾ, ”ਜੇਕਰ ਕਿਸੇ ਆਪਰੇਟਰ ਦਾ ਟਰੱਕ 2011 ਤੋਂ ਪਹਿਲਾਂ ਬਣਿਆ ਸੀ ਅਤੇ ਅਜੇ ਤਕ 15 ਸਾਲ ਪੁਰਾਣਾ ਨਹੀਂ ਹੋਇਆ ਤਾਂ ਇਹ ਪੁਰਾਣੇ ਭਾਰ ਦੇ ਨਿਯਮ ਹੇਠ ਚੱਲ ਸਕੇਗਾ, ਜਦੋਂ ਤਕ ਕਿ ਇਹ ਆਪਣੀ ਉਮਰ ਦੇ 15 ਸਾਲ ਪੂਰੇ ਨਹੀਂ ਕਰ ਲੈਂਦਾ।”

ਮੰਤਰਾਲੇ ਅਨੁਸਾਰ ਇਸ ਬਾਰੇ ਪਰਮਿਟ ਐਮ.ਟੀ.ਓ. ਦੀ ਪਰਮਿਟ ਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਐਮ.ਟੀ.ਓ. ਨੇ ਅੱਗੇ ਕਿਹਾ ਕਿ ਉਸ ਨੇ ਰੈਗੂਲੇਸ਼ਨ ਨੂੰ ਜੁਲਾਈ 2011 ‘ਚ ਲਾਗੂ ਕਰਨ ਤੋਂ ਪਹਿਲਾਂ ਉਦਯੋਗ ਨਾਲ ਲੰਮੀ ਵਿਚਾਰ-ਚਰਚਾ ਕੀਤੀ ਸੀ।

”ਸਾਨੂੰ ਖ਼ੁਸ਼ੀ ਹੈ ਕਿ ਜ਼ਿਆਦਾਤਰ ਟਰੱਕਿੰਗ ਉਦਯੋਗ ਐਸ.ਪੀ.ਆਈ.ਐਫ਼. ਨਿਯਮਾਂ ਦਾ ਹਮਾਇਤੀ ਰਿਹਾ ਹੈ, ਜਿਨ੍ਹਾਂ ‘ਚ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.), ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਅਤੇ ਕੈਨੇਡੀਅਨ ਟਰਾਂਸਪੋਰਟੇਸ਼ਨ ਇਕੁਇਪਮੈਂਟ ਐਸੋਸੀਏਸ਼ਨ (ਸੀ.ਈ.ਟੀ.ਏ.) ਸ਼ਾਮਲ ਹਨ।

.ਟੀ.ਏ. ਤੋਂ ਮਿਲੀ ਹਮਾਇਤ

ਓ.ਟੀ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਸਟੀਫ਼ਨ ਲੈਸਕੋਅਸਕੀ ਨੇ ਕਿਹਾ ਕਿ ਐਸੋਸੀਏਸ਼ਨ ਐਸ.ਪੀ.ਆਈ.ਐਫ਼. ਦੇ ਮਾਮਲੇ ‘ਤੇ ਪੂਰੀ ਤਰ੍ਹਾਂ ਸਰਕਾਰ ਦੀ ਹਮਾਇਤ ਕਰਦੀ ਹੈ।

ਉੁਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਤੋਂ ਕਮਰਸ਼ੀਅਲ ਟਰੱਕਾਂ ਦੇ ਵੱਖੋ-ਵੱਖ ਗਰੁੱਪਾਂ ਨੂੰ ਇਸ ਨਿਯਮ ਦੇ ਲਾਗੂ ਹੋਣ ‘ਤੇ ਵਿਸ਼ੇਸ਼ ਛੋਟ ਦਿੱਤੀ ਜਾਂਦੀ ਰਹੀ ਹੈ।

ਉਨ੍ਹਾਂ ਕਿਹਾ, ”2011 ‘ਚ ਕੀਤੇ ਐਲਾਨ ਅਨੁਸਾਰ ਗੱਡੀਆਂ ਦੇ ਆਖ਼ਰੀ ਪੜਾਅ ਨੂੰ ਪੁਰਾਣਾ ਐਲਾਨ ਦਿੱਤਾ ਗਿਆ ਹੈ ਜਿਨ੍ਹਾਂ ‘ਚ ਡੰਪ ਟਰੱਕ ਸ਼ਾਮਲ ਹਨ, ਇਹ ਹੋਰਨਾਂ ਸਾਰੀਆਂ ਕਮਰਸ਼ੀਅਲ ਗੱਡੀਆਂ ਨਾਲ ਕੀਤੇ ਗਏ ਸਲੂਕ ਅਨੁਸਾਰ ਹੀ ਹੈ।”

ਲੈਸਕੋਅਸਕੀ ਨੇ ਕਿਹਾ ਕਿ ਸੂਬੇ ‘ਚ ਹੋਰ ਸਾਰੇ ਟਰੱਕ ਵੀ ਜਾਂ ਤਾਂ ਐਸ.ਪੀ.ਆਈ.ਐਫ਼. ‘ਚ ਪਹੁੰਚ ਚੁੱਕੇ ਹਨ ਜਾਂ ਅਜਿਹਾ ਕਰਨ ਦੀ ਆਖ਼ਰੀ ਪ੍ਰਕਿਰਿਆ ‘ਚ ਹਨ।

ਉਨ੍ਹਾਂ ਕਿਹਾ, ”ਜੋ ਟਰੱਕ ਐਸ.ਪੀ.ਆਈ.ਐਫ਼. ਮਾਨਕਾਂ ਨੂੰ ਪੂਰਾ ਨਹੀਂ ਕਰਦੇ ਹਨ ਉਨ੍ਹਾਂ ਨੂੰ ਘੱਟ ਭਾਰ ਲੱਦਣ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਉਹ ਸੁਰੱਖਿਅਤ ਰਹਿਣ ਅਤੇ ਓਂਟਾਰੀਓ ਦੇ ਮੁਢਲੇ ਢਾਂਚੇ ਦਾ ਨਿਵੇਸ਼ ਸੁਰੱਖਿਅਤ ਰਹੇ।”

”ਇਹੀ ਜਨਤਾ ਦੀ ਸੁਰੱਖਿਆ ਅਤੇ ਸਾਢੇ ਮੁਢਲੇ ਢਾਂਚੇ ‘ਚ ਨਿਵੇਸ਼ ਨੂੰ ਸੁਰੱਖਿਅਤ ਰੱਖਣ ਲਈ ਸਹੀ ਰਹੇਗਾ।”

ਪੀ.ਐਮ.ਟੀ.ਸੀ. ਵੀ ਹਮਾਇਤ ‘ਚ ਆਇਆ

ਪੀ.ਐਮ.ਟੀ.ਸੀ. ਦੇ ਪ੍ਰੈਜ਼ੀਡੈਂਟ ਮਾਈਕ ਮਿਲੀਅਨ ਨੇ ਪ੍ਰੋਵਿੰਸ ਨੂੰ ਅਪੀਲ ਕੀਤੀ ਕਿ ਉਹ ਐਸ.ਪੀ.ਆਈ.ਐਫ਼. ਸਮਾਂ ਸੀਮਾ ‘ਤੇ ਟਿਕੇ ਰਹਿਣ।

ਮਿਲੀਅਨ ਨੇ ਕਿਹਾ, ”ਜੋ ਲਾਗੂ ਹੋਣ ਜਾ ਰਹੇ ਰੈਗੂਲੇਸ਼ਨ ਦੀ ਅਣਦੇਖੀ ਕਰਦੇ ਹਨ ਅਤੇ ਆਪਣੀ ਜ਼ਿੰਮੇਵਾਰੀ ਨੂੰ ਅਣਗੌਲਿਆ ਕਰਦੇ ਹਨ ਉਨ੍ਹਾਂ ਦੀਆਂ ਮੰਗਾਂ ਨੂੰ ਆਖ਼ਰੀ ਸਮੇਂ ‘ਤੇ ਨਹੀਂ ਮੰਨਣਾ ਚਾਹੀਦਾ। ਅਜਿਹਾ ਕਰਨਾ ਉਨ੍ਹਾਂ ਨੂੰ ਸਜ਼ਾ ਦੇਣ ਵਰਗਾ ਹੋਵੇਗਾ ਜਿਨ੍ਹਾਂ ਨੇ ਨਿਯਮਾਂ ਦੀ ਪਾਲਣਾ ਯਕੀਨੀ ਕਰਨ ਲਈ ਕਦਮ ਚੁੱਕੇ ਸਨ।

ਕੋਈ ਮੰਤਵ ਨਹੀਂ, ਕੋਈ ਆਧਾਰ ਨਹੀਂ

ਓਂਟਾਰੀਓ ਸੇਫ਼ਟੀ ਲੀਗ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਬਰਾਇਨ ਪੈਟਰਸਨ ਵੀ ਪ੍ਰਦਰਸ਼ਨ ਵਾਲੀ ਥਾਂ ‘ਤੇ ਸਨ, ਉਨ੍ਹਾਂ ਨੇ ਵੀ ਇਸ ਮੁੱਦੇ ‘ਤੇ ਮੰਤਰਾਲੇ ਦੀ ਹਮਾਇਤ ਕੀਤੀ।

ਉਨ੍ਹਾਂ ਰੈਗੂਲੇਸ਼ਨ ਬਾਰੇ ਕਿਹਾ, ”ਸੁਰੱਖਿਆ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੰਜੀਨੀਅਰਿੰਗ, ਤਕਨਾਲੋਜੀ ਅਤੇ ਸੁਰੱਖਿਆ ਨੂੰ ਇਕੱਠਾ ਕੀਤਾ ਗਿਆ ਹੈ।”

ਪੈਟਰਸਨ ਨੇ ਕਿਹਾ ਕਿ ਡੰਪ ਟਰੱਕ ਆਪਰੇਟਰਾਂ ਕੋਲ ਤਿਆਰ ਰਹਿਣ ਲਈ 10 ਸਾਲਾਂ ਦਾ ਸਮਾਂ ਸੀ।

ਓ.ਡੀ.ਟੀ.ਏ. ਦੀ ਵਿਸਤਾਰ ਦੀ ਮੰਗ ਬਾਰੇ ਉਨ੍ਹਾਂ ਕਿਹਾ, ”ਤੁਸੀਂ ਅਜਿਹੇ ਪੁਰਾਣੇ ਉਪਕਰਨ ਨੂੰ ਪ੍ਰਯੋਗ ਕਰਨ ਦੀ ਇਜਾਜ਼ਤ ਮੰਗ ਰਹੇ ਹੋ ਜੋ ਕਿ ਹੁਣ ਕਾਨੂੰਨਾਂ ਦੀ ਤਾਮੀਲ ਨਹੀਂ ਕਰਦਾ।”

ਪੈਟਰਸਨ ਨੇ ਕਿਹਾ ਕਿ ਇਸ ਪ੍ਰਦਰਸ਼ਨ ਦਾ ਕੋਈ ਮੰਤਵ ਨਹੀਂ ਸੀ ਅਤੇ ਨਾ ਹੀ ਕੋਈ ਆਧਾਰ ਸੀ।

”ਇਸ ਨੂੰ ਪ੍ਰੀਮੀਅਰ ਵੱਲੋਂ ਬੰਦ ਕਰਨਾ ਬਣਦਾ ਸੀ, ਜੋ ਉਨ੍ਹਾਂ ਨੇ ਕੀਤਾ।”

ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਰੈਟਰੋਫ਼ੀਟਿੰਗ ਦੇ ਫ਼ੈਸਲੇ ਨਾਲ ਓਂਟਾਰੀਓ ‘ਚ ਟ੍ਰਾਈਐਕਸਲ ਡੰਪ ਟਰੱਕਾਂ ਦੀ ਕਮੀ ਹੋ ਜਾਵੇਗੀ।

ਓ.ਡੀ.ਟੀ.ਏ. ਨੇ ਕਿਹਾ, ”ਇਹ ਪਾਬੰਦੀਆਂ ਉਸਾਰੀ ਕੰਮਾਂ ‘ਚ ਹੋਰ ਦੇਰੀ ਕਰਨਗੀਆਂ, ਜਿਸ ਨਾਲ ਪੂਰੇ ਸੂਬੇ ‘ਚ ਪ੍ਰਮੁੱਖ ਮੁਢਲਾ ਢਾਂਚਾ ਪ੍ਰਾਜੈਕਟਾਂ ‘ਤੇ ਅਸਰ ਪਵੇਗਾ।”

ਗਰੁੱਪ ਨੇ ਇਹ ਵੀ ਕਿਹਾ ਕਿ ਰੈਟਰੋਫ਼ੀਟਿੰਗ ‘ਤੇ 40,000 ਡਾਲਰ ਦੀ ਲਾਗਤ ਆਵੇਗੀ ਅਤੇ ਨਵਾਂ ਡੰਪ ਟਰੱਕ 250,000 ਤੋਂ 320,000 ਡਾਲਰ ਦੇ ਦਰਮਿਆਨ ਮਿਲਦਾ ਹੈ।

ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਐਸ.ਪੀ.ਆਈ.ਐਫ਼. ਇਹ ਯਕੀਨੀ ਕਰੇਗਾ ਕਿ ਓਂਟਾਰੀਓ ਦੀਆਂ ਸੜਕਾਂ ‘ਤੇ ਚੱਲਣ ਵਾਲੇ ਟਰੱਕ ਉੱਤਰੀ ਅਮਰੀਕਾ ਦੇ ਸਰਬੋਤਮ ਸੁਰੱਖਿਆ ਮਾਨਕਾਂ ਨੂੰ ਪੂਰਾ ਕਰਦੇ ਹੋਣ ਜਿਸ ਨਾਲ ਸਰਕਾਰ ਨੂੰ ਮੁਢਲਾ ਢਾਂਚੇ ‘ਤੇ ਖ਼ਰਚੇ ‘ਚ 450 ਮਿਲੀਅਨ ਡਾਲਰ ਦੀ ਬਚਤ ਹੋਵੇਗੀ।