ਟੋਰਾਂਟੋ ਦੇ ਉੱਦਮੀ ਨੇ ਸੈਲਫ਼-ਡਰਾਈਵਿੰਗ ਟਰੱਕ ਸਟਾਰਟ-ਅੱਪ ਲਈ ਪੁਰਸਕਾਰ ਜਿੱਤਿਆ

ਰਾਘਵਿੰਦਰ ਸਹਿਦੇਵ

ਟੋਰਾਂਟੋ ਦੇ ਇੱਕ ਉੱਦਮੀ ਨੇ ਆਪਣੀ ਖ਼ੁਦਮੁਖਤਿਆਰ ਟਰੱਕਿੰਗ ਸਟਾਰਟ-ਅੱਪ, ਨਿਊਪੋਰਟ ਰੋਬੋਟਿਕਸ ਲਈ ਪੁਰਸਕਾਰ ਜਿੱਤਿਆ ਹੈ।

ਰਾਘਵਿੰਦਰ ਸਹਿਦੇਵ ਭਾਰਤ ਤੋਂ ਕੈਨੇਡਾ ਇੱਕ ਸਿਖਾਂਦਰੂ ਵੱਜੋਂ ਟੋਰਾਂਟੋ ਯੂਨੀਵਰਸਿਟੀ ‘ਚ ਆਏ ਸਨ। ਉਨ੍ਹਾਂ ਨੇ ਯੌਰਕ ਯੂਨੀਵਰਸਿਟੀ ‘ਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ਅਤੇ ਮਾਰਚ 2019 ‘ਚ ਨਿਊਪੋਰਟ ਦਾ ਆਗਾਜ਼ ਕੀਤਾ।

ਉਨ੍ਹਾਂ ਨੂੰ ਮਿਟਾਕਸ ਇਨਵਾਇਰਨਮੈਂਟਲ ਐਂਟਰਪਰੀਨਿਊਰ ਐਵਾਰਡ ਨਾਲ 2 ਸਤੰਬਰ ਨੂੰ ਵਰਚੂਅਲ ਐਵਾਰਡ ਸਮਾਗਮ ‘ਚ ਪੁਰਸਕਾਰ ਦਿੱਤਾ ਗਿਆ।

ਨਿਊਪੋਰਟ ਰੀਟੇਲਰ, ਮੈਨੂਫ਼ੈਕਚਰਰ ਅਤੇ ਲੋਜਿਸਟਿਕਸ ਕੰਪਨੀਆਂ ਲਈ ਮਿਡਲ ਮਾਈਲ ਦੂਰੀ ਨੂੰ ਬਗ਼ੈਰ ਕਿਸੇ ਡਰਾਈਵਰ ਤੋਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਮਿਡਲ ਮਾਈਲ ਦੂਰੀ ਆਮ ਤੌਰ ‘ਤੇ ਪੰਜ ਤੋਂ 20 ਕਿਲੋਮੀਟਰ ਤਕ ਹੁੰਦੀ ਹੈ ਅਤੇ ਅਕਸਰ ਉਦਯੋਗਿਕ ਖੇਤਰਾਂ ‘ਚ ਪ੍ਰਯੋਗ ਹੁੰਦੀ ਹੈ, ਜਿਸ ਵਲ ਧਿਆਨ ਦਿਵਾਉਂਦਿਆਂ ਸਹਿਦੇਵ ਨੇ ਕਿਹਾ, ”ਛੋਟੀਆਂ ਦੂਰੀਆਂ ਲਈ ਖ਼ੁਦਮੁਖਤਿਆਰ, ਬਗ਼ੈਰ ਡਰਾਈਵਰ ਤੋਂ ਚੱਲਣ ਵਾਲੇ ਟਰੱਕਾਂ ‘ਤੇ ਕੰਮ ਕਰਨ ਵਾਲੀ ਸਾਡੀ ਇੱਕੋ-ਇੱਕ ਕੰਪਨੀ ਹੈ। ਅਸੀਂ ਖ਼ੁਦਮੁਖਤਿਅਦਾਰ ਗੱਡੀਆਂ ਦੇ ਮਾਮਲੇ ‘ਚ ਕੈਨੇਡਾ ਨੂੰ ਦੁਨੀਆਂ ਦਾ ਮੋਢੀ ਦੇਸ਼ ਬਣਾਉਣਾ ਚਾਹੁੰਦੇ ਹਾਂ।”

ਨਿਊਪੋਰਟ ਦੀ ਤਕਨੀਕ ਕੰਪਨੀ ਦੇ ਹੀ ਨਵੀਨਤਮ ਨੈਵੀਗੇਸ਼ਨ ਸਿਸਟਮ ‘ਤੇ ਅਧਾਰਤ ਹੈ ਜੋ ਕਿ ਉੱਚ-ਤਕਨੀਕ ਨਾਲ ਸਜੇ ਸੈਂਸਰਾਂ ਅਤੇ ਕੰਟਰੋਲਸ ਨਾਲ ਲੈਸ ਹੈ ਅਤੇ ਇਸ ਨੂੰ ਰੋਬੋਟ ਸੇਵਾ (ਆਰ.ਏ.ਏ.ਐਸ.) ਮਾਡਲ ਦੇ ਆਧਾਰ ‘ਤੇ ਪੇਸ਼ ਕੀਤਾ ਜਾਵੇਗਾ। ਗ੍ਰਾਹਕਾਂ ਦੇ ਟਰੱਕਾਂ ਨੂੰ ਖ਼ੁਦਮੁਖਤਿਆਰ ਬਣਾ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਨਿਊਪੋਰਟ ਇੱਕ ਮਿੱਥੇ ਹੋਏ ਰਾਹ ‘ਤੇ ਚਲਾਉਂਦਾ ਹੈ। ਸਹਿਦੇਵ ਨੇ ਕਿਹਾ ਕਿ ਇਸ ਤਕਨੀਕ ਨਾਲ ਸਮਰਥਾ ਵਧੇਗੀ ਅਤੇ ਨਾਲ ਹੀ ਕੈਨੇਡਾ ‘ਤੇ ਟਰੱਕ ਡਰਾਈਵਰਾਂ ਦੀ ਕਮੀ ਦਾ ਬੋਝ ਵੀ ਘਟੇਗਾ।

ਤਸਵੀਰ : ਨਿਊਪੋਰਟ

ਸਹਿਦੇਵ ਨੇ ਕਿਹਾ, ”ਅਸੀਂ ਉਦਯੋਗ ਦੀ ਇਸ ਕਮੀ ਨੂੰ ਦੂਰ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਨਾਲ ਹੀ ਅਸੀਂ ਨਵੀਆਂ ਨੌਕਰੀਆਂ ਵੀ ਪੈਦਾ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਇਸ ਤਕਨੀਕ ਨੂੰ ਵੱਡੇ ਪੱਧਰ ‘ਤੇ ਲਾਗੂ ਕਰਨ ਲਈ ਉਨ੍ਹਾਂ ਦੀ ਕੰਪਨੀ ਓਵਰਸਾਈਟ ਅਫ਼ਸਰ, ਜਾਂਚ ਅਫ਼ਸਰ ਅਤੇ ਮਕੈਨਿਕਾਂ ਦੀ ਭਰਤੀ ਕਰੇਗੀ। ਉਨ੍ਹਾਂ ਕਿਹਾ, ”ਅਸੀਂ ਕੈਨੇਡਾ ‘ਚ ਬਨਾਉਟੀ ਬੁੱਧੀ ਪੇਸ਼ੇਵਰਾਂ ਨੂੰ ਨੌਕਰੀਆਂ ਦੇ ਕੇ ਹੁਨਰਮੰਦ ਲੋਕਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਰੁਝਾਨ ਨੂੰ ਰੋਕਾਂਗੇ।”

ਕੰਪਨੀ ਇਸ ਵੇਲੇ ਪਾਈਲਟ ਪ੍ਰਾਜੈਕਟ ਚਲਾ ਰਹੀ ਹੈ ਅਤੇ ਟਰਾਂਸਪੋਰਟ ਕੰਪਨੀਆਂ ਦੇ ਭਾਈਵਾਲਾਂ ਦੀ ਤਲਾਸ਼ ‘ਚ ਹੈ।