ਡਬਲਿਊ.ਐਸ.ਆਈ.ਬੀ. ਪ੍ਰੀਮੀਅਮ ’ਚ 5.6% ਦੀ ਬੱਚਤ ਕਰ ਸਕਣਗੇ ਓਂਟਾਰੀਓ ਦੇ ਟਰੱਕਿੰਗ ਰੁਜ਼ਗਾਰਦਾਤਾ

ਓਂਟਾਰੀਓ ਦੇ ਵਰਕਪਲੇਸ ਸੇਫ਼ਟੀ ਐਂਡ ਇੰਸ਼ੋਰੈਂਸ ਬੋਰਡ (ਡਬਲਿਊ.ਐਸ.ਆਈ.ਬੀ.) ਅਗਲੇ ਸਾਲ ਆਪਣੀਆਂ ਦਰਾਂ ਨੂੰ 5.1% ਘੱਟ ਕਰ ਰਿਹਾ ਹੈ, ਜਿਸ ਨਾਲ ਟਰੱਕਿੰਗ ਰੁਜ਼ਗਾਰਦਾਤਾ ਹੋਰ ਜ਼ਿਆਦਾ ਬੱਚਤ ਪ੍ਰਾਪਤ ਕਰ ਸਕਣਗੇ।

ਸੰਗਠਨ ਨੇ ਦਾਅਵਾ ਕੀਤਾ ਕਿ 2021 ’ਚ ਦਰਾਂ ਨੂੰ ਸਥਿਰ ਰੱਖਣ ਤੋਂ ਬਾਅਦ ਇਸ ਕਦਮ ਨਾਲ ਕਾਰੋਬਾਰਾਂ ਨੂੰ ਮਹਾਂਮਾਰੀ ਦੇ ਅਸਰ ਤੋਂ ਨਿਜਾਤ ਪਾਉਣ ’ਚ ਮੱਦਦ ਮਿਲੇਗੀ। ਡਬਲਿਊ.ਐਸ.ਆਈ.ਬੀ. ਨੇ ਦਾਅਵਾ ਕੀਤਾ ਕਿ ਪ੍ਰੀਮੀਅਮ ’ਚ ਕਟੌਤੀ ਨਾਲ ਅਗਲੇ ਸਾਲ ਅਰਥਚਾਰੇ ’ਚ 168 ਮਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ।

ਔਸਤਨ ਦਰਾਂ 1.30 ਡਾਲਰ ਹੋਣਗੀਆਂ, ਜੋ ਕਿ ਪ੍ਰਤੀ 100 ਡਾਲਰ ਬੀਮਾਯੋਗ ਪੇਰੋਲ ’ਤੇ 1.37 ਡਾਲਰ ਤੋਂ ਘਟੀਆਂ ਹਨ। ਟਰੱਕਿੰਗ ਦੀ ਦਰ ਪਿਛਲੇ ਦੋ ਸਾਲਾਂ ’ਚ 4.27 ਡਾਲਰ ਤੋਂ 5.6% ਘੱਟ ਕੇ 4.03 ਡਾਲਰ ਹੋਵੇਗੀ।

ਡਬਲਿਊ.ਐਸ.ਆਈ.ਬੀ. ਦੀ ਚੇਅਰਵੂਮੈਨ ਐਲੀਜ਼ਾਬੈੱਥ ਵਿਟਮਰ ਨੇ ਕਿਹਾ, ‘‘ਇਨ੍ਹਾਂ ਮੁਸ਼ਕਲ ਸਮਿਆਂ ’ਚ ਸਾਡੀ ਮਜ਼ਬੂਤ ਕਾਰਗੁਜ਼ਾਰੀ ਨਾਲ ਸਾਨੂੰ ਓਂਟਾਰੀਓ ਦੇ ਕਾਰੋਬਾਰਾਂ ’ਤੇ ਦਬਾਅ ਘੱਟ ਕਰਨ ’ਚ ਮੱਦਦ ਮਿਲੇਗੀ, ਜਿਸ ਨਾਲ ਲੋਕਾਂ ਨੂੰ ਸੰਭਲਣ ਅਤੇ ਕੰਮ ’ਤੇ ਪਰਤਣ ਦਾ ਮੌਕਾ ਮਿਲੇਗਾ। ਪਿਛਲੇ ਛੇ ਸਾਲਾਂ ’ਚ ਇਹ ਪੰਜਵਾਂ ਮੌਕਾ ਹੈ ਜਦੋਂ ਅਸੀਂ ਪ੍ਰੀਮੀਅਮ ਦਰਾਂ ਨੂੰ ਘੱਟ ਕਰਨ ’ਚ ਕਾਮਯਾਬ ਰਹੇ ਹਾਂ, ਜਿਸ ਨਾਲ ਓਂਟਾਰੀਓ ਅਜਿਹਾ ਅਧਿਕਾਰ ਖੇਤਰ ਬਣ ਗਿਆ ਹੈ ਜੋ ਕਿ ਉੱਤਰੀ ਅਮਰੀਕਾ ਇੱਕ ਮੁਕਾਬਲੇਬਾਜ਼ ਲਾਗਤ ’ਤੇ ਸਭ ਤੋਂ ਜ਼ਿਆਦਾ ਲਾਭ ਦਿੰਦਾ ਹੈ।’’

ਡਬਲਿਊ.ਐਸ.ਆਈ.ਬੀ. ਨੇ ਇਹ ਵੀ ਕਿਹਾ ਕਿ ਉਹ 2022 ਦੇ ਸ਼ੁਰੂ ਤੋਂ ਕਾਰੋਬਾਰਾਂ ਨੂੰ ਲਾਗਇਨ ਕਰ ਕੇ ਵਿਸਤਿ੍ਰਤ ਦਾਅਵੇ ਸੂਚਨਾਵਾਂ ਨੂੰ ਵੇਖਣ ਦੀ ਇਜਾਜ਼ਤ ਦੇਵੇਗਾ।