ਡਰਾਈਵਰ ਇੰਕ. ਕਾਰੋਬਾਰ ’ਚ ਵਾਧਾ ਦਰਸਾ ਰਹੇ ਨੇ ਅੰਕੜੇ : ਓ.ਟੀ.ਏ.

Avatar photo

ਓਂਟਾਰੀਓ ਦੇ ਪੀਲ ਅਤੇ ਹਾਲਟਨ ਖੇਤਰਾਂ ’ਚ ਬਗ਼ੈਰ ਮੁਲਾਜ਼ਮਾਂ ਤੋਂ ਚਲ ਰਹੇ ਟਰੱਕਿੰਗ ਕਾਰੋਬਾਰਾਂ ਦੀ ਗਿਣਤੀ ’ਚ ਵਾਧਾ ਵੇਖਣ ਨੂੰ ਮਿਲਿਆ ਹੈ – ਜੋ ਕਿ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਅਨੁਸਾਰ ਡਰਾਈਵਰ ਇੰਕ. ਫ਼ਲੀਟਸ ’ਚ ਹੋ ਰਹੇ ਵਾਧੇ ਦਾ ਸੰਕੇਤ ਹੈ। ਡਰਾਈਵਰ ਇੰਕ. ਹੇਠ ਮੁਲਾਜ਼ਮਾਂ ਨੂੰ ਵੀ ਆਜ਼ਾਦ ਠੇਕੇਦਾਰਾਂ ਵਜੋਂ ਵਰਗੀਕ੍ਰਿਤ ਕੀਤਾ ਜਾ ਰਿਹਾ ਹੈ।

ਇੱਕ ਲੋਕਲ ਲੇਬਰ ਮਾਰਕੀਟ ਪਲਾਨ ਅਨੁਸਾਰ ਪੀਲ ਹਾਲਟਨ ਕਾਰਜਬਲ ਵਿਕਾਸ ਗਰੁੱਪ ਟਰੱਕਿੰਗ ਉਦਯੋਗ ਨਾਲ ਸੰਬੰਧਤ ‘ਸਿਫ਼ਰ-ਮੁਲਾਜ਼ਮ’ ਕਾਰੋਬਾਰਾਂ ’ਚ 30% ਦਾ ਵਾਧਾ ਦਰਜ ਕਰ ਰਿਹਾ ਹੈ।

ਇਨ੍ਹਾਂ ’ਚੋਂ ਆਮ ਲੰਮੀ-ਦੂਰੀ ਦੀ ਟਰੱਕਿੰਗ ’ਚ ਜੂਨ 2021 ਦੌਰਾਨ 7,048 ਕਾਰੋਬਾਰ ਸ਼ਾਮਲ ਸਨ ਜਿਨ੍ਹਾਂ ਕੋਲ ਕੋਈ ਮੁਲਾਜ਼ਮ ਨਹੀਂ ਸੀ – ਇਹ ਜੂਨ 2019 ਦੇ 5,483 ਤੋਂ 28.5% ਵੱਧ ਹੈ। 2020 ’ਚ ਇਨ੍ਹਾਂ ਦੀ ਗਿਣਤੀ 5,879 ਸੀ।

ਸਰੋਤ : ਰੀਜਨ ਆਫ਼ ਪੀਲ

ਪੀਲ ਅਤੇ ਹਾਲਟਨ ਦੋਹਾਂ ਨੂੰ ਟਰੱਕਿੰਗ ਦਾ ਕੇਂਦਰ ਮੰਨਿਆ ਜਾਂਦਾ ਹੈ। ਪਿਛਲੇ ਸਾਲ ਜੂਨ ਮਹੀਨੇ ਦੌਰਾਨ ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਹੀ ਪ੍ਰਮੁੱਖ ਰੁਜ਼ਗਾਰਦਾਤਾ ਰਿਹਾ, ਜਿਸ ਅਧੀਨ 39,163 ਕਾਰੋਬਾਰ ਕੰਮ ਕਰ ਰਹੇ ਸਨ। ਹਾਲਟਨ ਰੀਜਨ ’ਚ ਇਹ 3,521 ਕਾਰੋਬਾਰਾਂ ਨਾਲ ਅੱਠਵੇਂ ਸਥਾਨ ’ਤੇ ਰਿਹਾ।

ਓ.ਟੀ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਸਟੀਫ਼ਨ ਲੈਸਕੋਅਸਕੀ ਨੇ ਇੱਕ ਬਿਆਨ ’ਚ ਕਿਹਾ, ‘‘ਜਿਵੇਂ ਕਿ ਉਦਯੋਗ ਨੂੰ ਪਤਾ ਹੈ, ਜਾਇਜ਼ ਓਨਰ-ਆਪਰੇਟਰ ਟਰੱਕਿੰਗ ਉਦਯੋਗ ਦੇ ਮਹੱਤਵਪੂਰਨ ਹਿੱਸੇ ਹਨ ਅਤੇ ਛੋਟੇ ਕਾਰੋਬਾਰਾਂ ਦੀ ਆਤਮਾ ਹਨ, ਜਿਸ ਕਰਕੇ ਟਰੱਕਿੰਗ ਉਦਯੋਗ ਦਾ ਵੱਡੇ ਪੱਧਰ ’ਤੇ ਵਿਕਾਸ ਵੇਖਣ ਨੂੰ ਮਿਲਿਆ ਹੈ। ਪਰ ਡਬਲਿਊ.ਐੱਸ.ਆਈ.ਬੀ., ਈ.ਐਸ.ਡੀ.ਸੀ. (ਰੁਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ) ਅਤੇ ਸੀ.ਆਰ.ਏ. (ਕੈਨੇਡਾ ਰੈਵੀਨਿਊ ਏਜੰਸੀ) ਵਰਗੀਆਂ ਢੁੱਕਵੀਆਂ ਤਾਮੀਲੀ ਸੰਸਥਾਵਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਇਸ ਗੱਲ ਦਾ ਸਪੱਸ਼ਟ ਸੰਕੇਤ ਹੋ ਸਕਦੀਆਂ ਹਨ ਕਿ ਡਰਾਈਵਰ ਇੰਕ. ਵਜੋਂ ਜਾਣਿਆ ਜਾਂਦਾ ਟੈਕਸ ਅਤੇ ਲੇਬਰ ਕੁਵਰਗੀਕਰਨ ਘਪਲਾ ਸਾਡੇ ਖੇਤਰ ’ਚ ਵੱਡੇ ਪੱਧਰ ’ਤੇ ਪੈਰ ਪਸਾਰ ਰਿਹਾ ਹੈ।’’

ਰੁਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ ਨੇ ਨਵੀਂਆਂ ਵਿਧਾਨਕ ਤਾਕਤਾਂ ਦਾ ਪ੍ਰਯੋਗ ਪ੍ਰਸ਼ਾਸਕੀ ਵਿੱਤੀ ਜੁਰਮਾਨੇ (ਏ.ਐਮ.ਪੀ.) ਲਾਉਣ ਅਤੇ ਰੁਜ਼ਗਾਰ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਰੁਜ਼ਗਾਰਦਾਤਾਵਾਂ ਦੇ ਨਾਂ ਜਨਤਕ ਕਰਨ ਦਾ ਐਲਾਨ ਕੀਤਾ ਹੈ।

ਜੁਰਮਾਨੇ ਦੀ ਰਕਮ ਮੁਲਾਜ਼ਮਾਂ ਦੀ ਗਿਣਤੀ ਅਤੇ ਫ਼ੈਡਰਲ ਪੱਧਰ ’ਤੇ ਰੈਗੂਲੇਟਰ ਫ਼ਲੀਟ ਦੀ ਕੁੱਲ ਸਾਲਾਨਾ ਆਮਦਨ ਦੇ ਆਧਾਰ ’ਤੇ 1,000 ਡਾਲਰ ਤੋਂ 12,000 ਡਾਲਰ ਤੱਕ ਹੋ ਸਕਦੀ ਹੈ।

ਓਂਟਾਰੀਓ ਦਾ ਵਰਕਪਲੇਸ ਸੇਫ਼ਟੀ ਅਤੇ ਬੀਮਾ ਬੋਰਡ (ਡਬਲਿਊ.ਐਸ.ਆਈ.ਬੀ.) ਕੁਵਰਗੀਕਰਨ ਵਿਰੁਧ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਕਰਨ ਵਾਲਿਆਂ ’ਚੋਂ ਇੱਕ ਹੈ, ਜਿਸ ਨੇ ਪ੍ਰੀਮੀਅਮ ਸਮਾਯੋਜਨਾਂ ’ਚ 1 ਮਿਲੀਅਨ ਡਾਲਰ ਦਾ ਬਿਨੈ ਕੀਤਾ ਹੈ।