ਨੌਰਥ ਡਕੋਟਾ ਨੇ ਮੇਨੀਟੋਬਾ ਦੇ 1,000 ਤੋਂ ਵੱਧ ਟਰੱਕਰਾਂ ਨੂੰ ਦਿੱਤੀ ਵੈਕਸੀਨ

ਅਪ੍ਰੈਲ ’ਚ ਨੌਰਥ ਡਕੋਟਾ ਵੱਲੋਂ ਐਲਾਨ ਕੀਤੀ ਗਈ ਕੋਵਿਡ-19 ਵੈਕਸੀਨ ਪਹਿਲ ਦੇ ਹਿੱਸੇ ਵਜੋਂ ਮੇਨੀਟੋਬਾ ਦੇ 1,000 ਤੋਂ ਵੱਧ ਟਰੱਕ ਡਰਾਈਵਰਾਂ ਨੂੰ ਹੁਣ ਤਕ ਵੈਕਸੀਨ ਦਿੱਤੀ ਜਾ ਚੁੱਕੀ ਹੈ।

ਸਸਕੈਚਵਨ ਅਤੇ ਮੇਨੀਟੋਬਾ ਟਰੱਕਰਸ ਨੂੰ ਡਰੇਟਨ, ਨੌਰਥ ਡਕੋਟਾ ਨੇੜੇ ਸਥਿਤ ਆਰਾਮ ਘਰ ’ਚ ਵੈਕਸੀਨ ਦਿੱਤੀ ਜਾ ਰਹੀ ਹੈ। (ਤਸਵੀਰ: ਨੌਰਥ ਡਕੋਟਾ ਸਿਹਤ ਵਿਭਾਗ)

ਮੇਨੀਟੋਬਾ ਦੇ ਆਰਥਕ ਵਿਕਾਸ ਅਤੇ ਨੌਕਰੀਆਂ ਬਾਰੇ ਮੰਤਰੀ ਰਾਲਫ਼ ਇਸ਼ਲਰ ਨੇ ਪਿਛਲੇ ਹਫ਼ਤੇ ਕਿਹਾ ਸੀ, ‘‘ਇਹ ਮੰਗ ਸਾਡੇ ਦੱਖਣ ’ਚ ਸਥਿਤ ਗੁਆਂਢੀਆਂ ਨਾਲ ਇਸ ਸੰਯੁਕਤ ਪਹਿਲ ਦੀ ਮਹੱਤਤਾ ਨੂੰ ਦਰਸਾਉਂਦੀ ਹੈ।’’

ਜ਼ਰੂਰੀ ਕਾਮੇ ਕਰਾਸ-ਬਾਰਡਰ ਵੈਕਸੀਨੇਸ਼ਨ ਪਹਿਲ ਹੇਠ ਪਹਿਲੀ ਕਲੀਨਿਕ 21 ਅਪ੍ਰੈਲ ਨੂੰ ਡਰੇਟਨ ਨੇੜੇ ਇੰਟਰਸਟੇਟ 29 ’ਤੇ ਉੱਤਰ ਵਾਲੇ ਪਾਸੇ ਸਥਿਤ ਆਰਾਮ ਘਰ ’ਚ ਖੋਲ੍ਹੀ ਗਈ ਸੀ।

ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ ਨੇ ਵੈਕਸੀਨ ਪਾਉਣਯੋਗ ਵਿਅਕਤੀਆਂ ਦੇ ਤਾਲਮੇਲ ’ਚ ਮੱਦਦ ਕੀਤੀ ਸੀ।

ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ (ਐਮ.ਟੀ.ਏ.) ਦੇ ਕਾਰਜਕਾਰੀ ਡਾਇਰੈਕਟਰ ਟੈਰੀ ਸ਼ਾ ਨੇ ਕਿਹਾ, ‘‘ਇਸ ਮਹਾਂਮਾਰੀ ਦੌਰਾਨ, ਮੇਨੀਟੋਬਾ ਟਰੱਕ ਡਰਾਈਵਰਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਸੜਕ ’ਤੇ ਰਹਿਣਾ ਪਵੇਗਾ ਤਾਂ ਕਿ ਉਹ ਆਪਣੇ ਸਾਥੀ ਮੇਨੀਟੋਬਾ ਵਾਸੀਆਂ ਨੂੰ ਉਨ੍ਹਾਂ ਵਸਤਾਂ ਦੀ ਸਪਲਾਈ ਦੇ ਸਕਣ ਜਿਸ ਨਾਲ ਉਹ ਖ਼ੁਦ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਏਕਾਂਤਵਾਸ ’ਚ ਆਰਾਮ ਨਾਲ ਰਹਿ ਸਕਣ। ਇਹ ਸਾਰਾ ਕੁੱਝ ਮੇਨੀਟੋਬਾ ਅਤੇ ਸਾਡੇ ਟਰੱਕਿੰਗ ਭਾਈਚਾਰੇ ਦੇ ਸਹਿਯੋਗ ਤੋਂ ਬਗ਼ੈਰ ਨਹੀਂ ਕੀਤਾ ਜਾ ਸਕਦਾ ਸੀ, ਨਾ ਹੀ ਇਹ ਨੌਰਥ ਡਕੋਟਾ ਦੀ ਮੱਦਦ ਤੋਂ ਬਗ਼ੈਰ ਹੋ ਸਕਦਾ ਸੀ।’’

ਆਈ-94 ’ਤੇ ਹਰ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਕਲੀਨਿਕਾਂ ਅਜੇ ਵੀ 11:30 ਵਜੇ ਤੋਂ ਸ਼ਾਮ 6 ਵਜੇ ਤਕ ਚਲ ਰਹੀਆਂ ਹਨ। ਇੱਕ ਹੋਰ ਕਲੀਨਿਕ ਆਈ-29 ’ਤੇ ਡਰੇਟਨ ਆਰਾਮ ਘਰ ’ਚ ਹਰ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਚਲਦੀ ਹੈ।

ਐਮ.ਟੀ.ਏ. ਨੇ ਕਿਹਾ ਕਿ ਜੂਨ ਦੌਰਾਨ ਵੀ ਇਹੀ ਥਾਂ ਅਤੇ ਸਮਾਂ ਜਾਰੀ ਰਹੇਗਾ।