ਪਰਾਈਡ ਗਰੁੱਪ ਨੇ ਵਰਕਹੋਰਸ ਦੀਆਂ 6,000 ਤੋਂ ਵੱਧ ਇਲੈਕਟ੍ਰਿਕ ਗੱਡੀਆਂ ਲਈ ਆਰਡਰ ਦਿੱਤਾ

(ਤਸਵੀਰ : ਵਰਕਹੋਰਸ ਗਰੁੱਪ)

ਪਰਾਈਡ ਗਰੁੱਪ ਨੇ ਵਰਕਹੋਰਸ ਗਰੁੱਪ ਤੋਂ 6,320 ਸੀ-ਸੀਰੀਜ਼ ਇਲੈਕਟ੍ਰਿਕ ਡਿਲੀਵਰੀ ਗੱਡੀਆਂ ਲਈ ਆਰਡਰ ਕੀਤਾ ਹੈ, ਜੋ ਕਿ ਇਸ ਦਾ ਇਤਿਹਾਸ ‘ਚ ਹੁਣ ਤਕ ਦਾ ਗੱਡੀਆਂ ਦੀ ਖ਼ਰੀਦ ਲਈ ਸਭ ਤੋਂ ਵੱਡਾ ਆਰਡਰ ਹੈ।

ਸੀ-1000 ਅਤੇ ਸੀ-650 ਮਾਡਲ ਪਰਾਈਡ ਦੇ ਇਲੈਕਟ੍ਰਿਕ ਖੇਤਰ ‘ਚ ਕਦਮ ਨੂੰ ਹੋਰ ਅੱਗੇ ਲੈ ਕੇ ਵਧਾਉਣਗੇ ਅਤੇ ਅਮਰੀਕਾ ਤੇ ਕੈਨੇਡਾ ‘ਚ ਇਸ ਦੇ ਲਾਸਟ ਮਾਈਲ ਡਿਲੀਵਰੀ ਦੀਆਂ ਸੇਵਾਵਾਂ ਦੇਣ ਵਾਲੀਆਂ ਗੱਡੀਆਂ ਦੀ ਗਿਣਤੀ ਵਧਾਉਣਗੇ। ਵਰਕਹੋਰਸ ਨੇ ਐਲਾਨ ਕੀਤਾ ਹੈ ਕਿ ਸ਼ੁਰੂਆਤੀ ਡਿਲੀਵਰੀਆਂ ਜੁਲਾਈ 2021 ਤਕ ਸ਼ੁਰੂ ਹੋਣਗੀਆਂ ਅਤੇ 2026 ਤਕ ਚਲਦੀਆਂ ਰਹਿਣਗੀਆਂ।

ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਦੇ ਸੀ.ਈ.ਓ. ਸੈਮ ਜੌਹਲ ਨੇ ਕਿਹਾ, ”ਪਰਾਈਡ ਨਵੀਂ ਪਾਰਟਨਰਸ਼ਿਪ ਸਥਾਪਤ ਕਰਨ ‘ਤੇ ਬਹੁਤ ਖ਼ੁਸ਼ ਹੈ, ਜੋ ਕਿ ਸਾਡੇ ਮੌਜੂਦਾ ਉਤਪਾਦ ਪੇਸ਼ਕਸ਼ਾਂ ‘ਚ ਲਾਸਟ ਮਾਈਲ ਡਿਲੀਵਰੀ ਵਾਲੀਆਂ ਗੱਡੀਆਂ ਦੀ ਗਿਣਤੀ ਵਧਾਏਗਾ। ਅਸੀਂ ਆਪਣੀਆਂ ਸਾਰੀਆਂ ਲੋਕੇਸ਼ਨਾਂ ‘ਤੇ ਜਨਤਕ ਚਾਰਜਿੰਗ ਸਟੇਸ਼ਨ ਦੇ ਨਾਲ ਈ.ਵੀ. ਸਰਵਿਸ, ਓ.ਈ.ਐਮ. ਵਾਰੰਟੀ ਅਤੇ ਸਾਰੇ ਪ੍ਰਮੁੱਖ ਉੱਤਰੀ ਅਮਰੀਕੀ ਹਾਈਵੇਜ਼ ‘ਤੇ ਪਾਰਟਸ ਮੁਹੱਈਆ ਕਰਵਾਉਣ ਲਈ ਮੁਢਲੇ ਢਾਂਚੇ ‘ਤੇ ਕੰਮ ਕਰ ਰਹੇ ਹਾਂ।”

ਵਰਕਹੋਰਸ ਦੇ ਸੀ.ਈ.ਓ. ਡੁਆਨ ਹਿਊਜ਼ ਨੇ ਕਿਹਾ, ”ਪਰਾਈਡ ਨਾਲ ਸਾਡਾ ਸਮਝੌਤਾ ਹੁਣ ਤਕ ਦਾ ਸਾਡਾ ਸਭ ਤੋਂ ਵੱਡਾ ਸਮਝੌਤਾ ਹੈ ਅਤੇ ਪਹਿਲੀ ਵਾਰੀ ਸਾਡਾ ਵਿਕਰੀ ਚੈਨਲ ਕੌਮਾਂਤਰੀ ਪੱਧਰ ‘ਤੇ ਜਾ ਕੇ ਕੈਨੇਡਾ ਤਕ ਪਹੁੰਚ ਗਿਆ ਹੈ।”