ਪਿਊਰੋਲੇਟਰ ਨੇ ਵੈਨਕੂਵਰ ’ਚ ਇਲੈਕਟਿ੍ਰਕ ਟਰੱਕਾਂ, ਕਾਰਗੋ ਬਾਈਕ ਦਾ ਪ੍ਰਯੋਗ ਸ਼ੁਰੂ ਕੀਤਾ
ਪਿਊਰੋਲੇਟਰ ਨੇ ਵੈਨਕੂਵਰ ’ਚ ਇਲੈਕਟਿ੍ਰਕ ਡਿਲੀਵਰੀ ਟਰੱਕਾਂ ਅਤੇ ਕਾਰਗੋ ਬਾਈਕ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹ ਦੇਸ਼ ਅੰਦਰ ਪੂਰੀ ਤਰ੍ਹਾਂ ਇਲੈਕਟਿ੍ਰਕ ਡਿਲੀਵਰੀ ਗੱਡੀਆਂ ਦਾ ਪ੍ਰਯੋਗ ਕਰਨ ਵਾਲਾ ਪਹਿਲਾ ਕੋਰੀਅਰ ਹੈ।

18-ਫ਼ੁੱਟ ਦੇ ਡਿਲੀਵਰੀ ਟਰੱਕਾਂ ’ਚ ਫ਼ੋਰਡ ਐਫ਼-59 ਮਾਡਲ ਸ਼ਾਮਲ ਹਨ ਜੋ ਕਿ ਮੋਟਿਵ ਪਾਵਰ ਸਿਸਟਮ ਦੇ ਇਲੈਕਟਿ੍ਰਕ ਪਾਵਰ ਇੰਟੈਲੀਜੈਂਟ ਚੈਸਿਸ ਰਾਹੀਂ ਇਲੈਕਟ੍ਰੀਫ਼ਾਈਡ ਹਨ।
ਪਿਊਰੋਲੇਟਰ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਜੌਨ ਫ਼ਰਗਿਊਸਨ ਨੇ ਕਿਹਾ, ‘‘ਪਿਊਰੋਲੇਟਰ ਵਿਖੇ ਅਸੀਂ ਸ਼ਹਿਰੀ ਵਿਕਾਸ ਨਾਲ ਪੈਦਾ ਹੁੰਦੀਆਂ ਨਵੀਂਆਂ ਸਮੱਸਿਆਵਾਂ, ਈ-ਕਾਮਰਸ ’ਚ ਵਾਧੇ ਅਤੇ ਘਰਾਂ ’ਚ ਸਾਮਾਨ ਪਹੁੰਚਾਉਣ ਦੀ ਗਿਣਤੀ ’ਚ ਵਾਧੇ ਦਾ ਸਿਆਣਪ ਭਰੇ ਅਤੇ ਟਿਕਾਊ ਹੱਲ ਅਪਨਾਉਣ ਲਈ ਸਮਰਪਿਤ ਹਾਂ। ਸਾਡੇ ਮੁਢਲੇ ਢਾਂਚੇ ਅਤੇ ਫ਼ਲੀਟ ਦਾ ਰੂਪ ਬਦਲਣਾ ਸਾਡੀ ਤਰੱਕੀ ਅਤੇ ਖੋਜ ਰਣਨੀਤੀ ਅਤੇ ਵਾਤਾਵਰਣ ’ਤੇ ਪੈਣ ਵਾਲੇ ਅਸਰ ਨੂੰ ਘੱਟ ਕਰਨ ਦਾ ਪ੍ਰਮੁੱਖ ਹਿੱਸਾ ਹੈ।’’
ਪਿਊਰੋਲੇਟਰ ਨੇ ਕਿਹਾ ਕਿ ਮਹਾਂਮਾਰੀ ਤੋਂ ਲੈ ਕੇ ਉਸ ਦੀਆਂ ਰਿਹਾਇਸ਼ੀ ਡਿਲੀਵਰੀਆਂ ’ਚ ਲਗਭਗ 50% ਵਾਧਾ ਹੋਇਆ ਹੈ। ਇਸ ਦੇ ਇਲੈਕਟਿ੍ਰਕ ਟਰੱਕ ਗ੍ਰੀਨਹਾਊਸ ਉਤਸਰਜਨ ਨੂੰ ਪ੍ਰਤੀ ਸਾਲ 24 ਮੀਟਿ੍ਰਕ ਟਨ ਪ੍ਰਤੀ ਗੱਡੀ ਘੱਟ ਕਰਨਗੇ।
ਮੋਟਿਵ ਦੇ ਚੇਅਰਮੈਨ ਅਤੇ ਸੀ.ਈ.ਓ. ਮੈਟ ਓ’ਲੈਰੀ ਨੇ ਕਿਹਾ, ‘‘ਪਿਊਰੋਲੇਟਰ ਦੇ ਫ਼ਲੀਟ ’ਚ ਪੂਰੀ ਤਰ੍ਹਾਂ ਇਲੈਕਟਿ੍ਰਕ ਗੱਡੀਆਂ ਨੂੰ ਲਿਆਉਣਾ ਜੀ.ਐਚ.ਜੀ. ਗੈਸਾਂ ਦੇ ਉਤਸਰਜਨ ਨੂੰ ਘਟਾਉਣ ਦੇ ਮਾਮਲੇ ’ਚ ਮਹੱਤਵਪੂਰਨ ਕਦਮ ਹੈ ਅਤੇ ਇਹ ਫ਼ਲੀਟਸ ਨੂੰ ਫੌਸਿਲ ਫ਼ਿਊਲ ਤੋਂ ਮੁਕਤ ਕਰਨ ਦੇ ਸਾਡੇ ਮਿਸ਼ਨ ’ਚ ਵੀ ਮੱਦਦ ਕਰਦਾ ਹੈ। ਅਸੀਂ ਸੰਗਠਨ ਵੱਲੋਂ ਨਵੀਂਆਂ ਅਤੇ ਟਿਕਾਊ ਤਕਨਾਲੋਜੀਆਂ ਨੂੰ ਲਾਗੂ ਕਰਨ ਬਾਰੇ ਸੰਗਠਨ ਦੀ ਵਚਨਬੱਧਤਾ ਦੀ ਤਾਰੀਫ਼ ਕਰਦੇ ਹਾਂ ਅਤੇ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਦੇ ਫ਼ਲੀਟ ਦੇ ਆਧੁਨੀਕੀਕਰਨ ਅਤੇ ਪੂਰੇ ਕੈਨੇਡਾ ’ਚ ਡਿਲੀਵਰੀ ਸਲਿਊਸ਼ਨਜ਼ ਦੇਣ ਲਈ ਆਸਵੰਦ ਹਾਂ।’’
ਪਿਊਰੋਲੇਟਰ ਦਾ ਟੀਚਾ 2050 ਤਕ ਸਿਫ਼ਰ ਉਤਸਰਜਨ ਕਰਨ ਦਾ ਹੈ, ਅਤੇ ਇਸ ਲਈ ਉਹ ਹੋਰ ਜ਼ਿਆਦਾ ਈ-ਬਾਈਕਸ, ਘੱਟ ਗਤੀ ਵਾਲੀਆਂ ਇਲੈਕਟਿ੍ਰਕ ਗੱਡੀਆਂ ਅਤੇ 18-ਫ਼ੁੱਟ ਦੇ ਆਲ-ਇਲੈਕਟਿ੍ਰਕ ਡਿਲੀਵਰੀ ਟਰੱਕ ਖ਼ਰੀਦੇਗਾ।