ਪੀਲ ਨੇ ਪਾਰਕਿੰਗ ਦੀਆਂ ਥਾਵਾਂ ਵਧਾਉਣ ਲਈ ਰਚਨਾਤਮਕ ਤਰੀਕਿਆਂ ਦਾ ਕੀਤਾ ਅਧਿਐਨ

Avatar photo

ਓਂਟਾਰੀਓ ਦੇ ਟਰੱਕਿੰਗ ਕੇਂਦਰ ’ਚ ਵੱਡੇ ਟਰੱਕਾਂ ਲਈ ਪਾਰਕਿੰਗ ਦੀਆਂ ਥਾਵਾਂ ਦੀ ਕਮੀ ਦਾ ਹੱਲ ਕੱਢਣ ਲਈ ਰੀਜਨ ਆਫ਼ ਪੀਲ ਨਵੇਂ ਤਰੀਕੇ ਲੱਭ ਰਿਹਾ ਹੈ।

ਸਲਾਹਾਂ ’ਚ ਇੱਕ ਕੇਂਦਰੀ ਬਹੁਮੰਜ਼ਿਲਾ ਪਾਰਕਿੰਗ ਸਹੂਲਤ ਪ੍ਰਦਾਨ ਕਰਨਾ, ਹਾਈਡ੍ਰੋ ਕੋਰੀਡੋਰ ਅਤੇ ਰਾਤ ਸਮੇਂ ਪ੍ਰਾਈਵੇਟ ਲਾਟਸ ਦਾ ਕਮਰਸ਼ੀਅਲ ਗੱਡੀਆਂ ਲਈ ਪ੍ਰਯੋਗ ਵੀ ਸ਼ਾਮਲ ਹੈ।

ਜ਼ਮੀਨ ਦੀਆਂ ਵਧਦੀਆਂ ਕੀਮਤਾਂ ਅਤੇ ਵੱਸੋਂ ਵਾਲੇ ਸ਼ਹਿਰੀ ਇਲਾਕਿਆਂ ’ਚ ਇਸ ਦੀ ਮੌਜੂਦਗੀ ਪ੍ਰਮੁੱਖ ਰੇੜਕਾ ਬਣਿਆ ਹੋਇਆ ਹੈ। ਵੱਡੀ ਗਿਣਤੀ ’ਚ ਓਨਰ-ਆਪਰੇਟਰ ਵੀ ਵਾਧੂ ਮੁੱਦਾ ਹਨ ਜੋ ਕਿ ਕੰਮ ਤੋਂ ਬਾਅਦ ਆਪਣੇ ਟਰੱਕਾਂ ਨੂੰ ਘਰ ਲੈ ਕੇ ਜਾਣਾ ਚਾਹੁੰਦੇ ਹਨ।

ਰੀਜਨ ਦੇ ਵਸਤਾਂ ਦੀ ਆਵਾਜਾਈ ਬਾਰੇ ਟਾਸਕ ਫ਼ੋਰਸ ਵਿਖੇ ਬੁਲਾਰਿਆਂ ਨੇ ਪਿੱਛੇ ਜਿਹੇ ਹੋਈ ਵਰਚੂਅਲ ਮੀਟਿੰਗ ’ਚ ਇਨ੍ਹਾਂ ਮੁੱਦਿਆਂ ਨੂੰ ਉਭਾਰਿਆ ਅਤੇ ਹੱਲ ਪੇਸ਼ ਕੀਤੇ।

ਪੀਲ ਰੀਜਨ ਦੇ ਪੁਲਿਸ ਸੇਵਾ ਬੋਰਡ ਦੇ ਐਲ ਬੋਹਟਨ ਨੇ ਕਿਹਾ ਕਿ ਖੇਤਰ ’ਚ ਹਜ਼ਾਰਾਂ ਓਨਰ-ਆਪਰੇਟਰ ਹਨ ਅਤੇ ਬਹੁਤੇ ਦੱਖਣ ਏਸ਼ੀਆਈ ਭਾਈਚਾਰੇ ਦੇ ਨਵੇਂ ਕੈਨੇਡੀਅਨ ਹਨ।

ਮਿਸੀਸਾਗਾ ਅਤੇ ਬਰੈਂਪਟਨ ’ਚ ਘਰ ਆਮ ਤੌਰ ’ਤੇ ਛੋਟੀਆਂ ਜ਼ਮੀਨਾਂ ’ਤੇ ਬਣੇ ਹੋਏ ਹਨ। ਓਨਰ-ਆਪਰੇਟਰ ਕੈਲੇਡਨ ਵੱਲ ਜਾ ਰਹੇ ਹਨ ਜਿੱਥੇ ਘਰ ਵੱਡੀਆਂ ਜ਼ਮੀਨਾਂ ’ਤੇ ਮਿਲ ਜਾਂਦੇ ਹਨ ਅਤੇ ਉੱਥੇ ਉਹ ਆਪਣੇ ਟਰੈਕਟਰ ਨੂੰ ਪਾਰਕ ਕਰ ਸਕਦੇ ਹਨ। ਪਰ ਸ਼ਹਿਰ ਦੇ ਕਾਨੂੰਨ ਕਮਰਸ਼ੀਅਲ ਗੱਡੀਆਂ ਨੂੰ ਰਿਹਾਇਸ਼ੀ ਇਲਾਕਿਆਂ ’ਚ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਉਨ੍ਹਾਂ ਨੇ ਜ਼ੋਨ ਤਬਦੀਲੀਆਂ ਅਤੇ ਪ੍ਰਾਈਵੇਟ-ਪਬਲਿਕ ਹੱਲਾਂ ਦਾ ਸੁਝਾਅ ਦਿੱਤਾ।

ਕੈਲੇਡਨ ਅਤੇ ਬਰੈਂਪਟਨ ਨੂੰ ਵੰਡਣ ਵਾਲੀ ਮੇਅਫ਼ੀਲਡ ਰੋਡ ਤੋਂ ਬਹੁਤ ਜ਼ਿਆਦਾ ਟਰੱਕ ਟ੍ਰੈਫ਼ਿਕ ਲੰਘਦੀ ਹੈ।  ਤਸਵੀਰ : ਲੀਓ ਬਾਰੋਸ

ਕੈਲੇਡਨ ਦੇ ਮੇਅਰ ਐਲਨ ਥੋਂਪਸਨ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਹਾਈਡ੍ਰੋ ਕੋਰੀਡੋਰ ’ਤੇ ਸਥਿਤ ਜ਼ਮੀਨ ਨੂੰ ਇਸ ਮੰਤਵ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਬੋਹਟਨ ਨੇ ਕਿਹਾ ਕਿ ਹਾਈਡ੍ਰੋ ਕੰਪਨੀਆਂ ਨੂੰ ਇਹ ਸੁਝਾਅ ਪਸੰਦ ਆਵੇਗਾ ਅਤੇ ਉਹ ਇਸ ਤੋਂ ਪੈਦਾ ਹੋਣ ਵਾਲੀ ਆਮਦਨ ਤੋਂ ਲਾਭ ਕਮਾਉਣਗੀਆਂ। ਪਰ ਉਨ੍ਹਾਂ ਕਿਹਾ ਕਿ ਉਹ ਪੱਕੀਆਂ ਉਸਾਰੀਆਂ ਨਹੀਂ ਚਾਹੁੰਦੇ ਹਨ।

ਰੀਜਨ ਆਫ਼ ਪੀਲ ਦੇ ਚੇਅਰਮੈਨ ਨਾਨਦੋ ਇਆਨਿਕਾ ਨੇ ਕਿਹਾ ਕਿ ਹਾਈਡ੍ਰੋ ਕੋਰੀਡੋਰ ਅਜਿਹੇ ਇਲਾਕੇ ’ਚ ਹਨ ਜਿਸ ਨੇੜੇ ਕਿਸੇ ਦਾ ਘਰ ਨਹੀਂ ਪੈਂਦਾ ਅਤੇ ਨਾ ਹੀ ਇਹ ਕਿਸੇ ਹਾਈਵੇ ਨੇੜੇ ਹਨ। ਇਸ ਲਈ ਇਹ ਹੱਲ ਹੋ ਸਕਦੇ ਹਨ।

ਰੀਜਨ ਦੇ ਆਵਾਜਾਈ ਦੇ ਡਾਇਰੈਕਟਰ ਟੈਰੀ ਰਿਕੇਟਸ ਨੇ ਕਿਹਾ ਕਿ ਓਂਟਾਰੀਓ ਦੀਆਂ 36% ਟਰੱਕ ਟਰਿੱਪਸ ਰੀਜਨ ’ਚ ਸ਼ੁਰੂ ਜਾਂ ਖ਼ਤਮ ਹੁੰਦੀਆਂ ਹਨ, ਜੋ ਕਿ ਹਰ ਹਫ਼ਤੇ 10.8 ਬਿਲੀਅਨ ਡਾਲਰ ਦਾ ਸਾਮਾਨ ਢੋਂਦੀਆਂ ਹਨ।

ਟਾਊਨ ਦੇ ਮਿਊਂਸੀਪਲ ਕਾਨੂੰਨ ਤਾਮੀਲੀ ਮੈਨੇਜਰ ਜੌਨ ਡੀਕੋਰਸੀ ਨੇ ਸੂਚਿਤ ਕੀਤਾ ਕਿ ਕੈਲੇਡਨ ’ਚ 1,000 ਏਕੜ ਦੀ ਜ਼ਮੀਨ ਨੂੰ ਗ਼ੈਰਕਾਨੂੰਨੀ ਲਾਟਸ ’ਚ ਬਦਲ ਦਿੱਤਾ ਗਿਆ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਮੇਅਫ਼ੀਲਡ ਰੋਡ ਕੋਰੀਡੋਰ ਦੇ ਨੇੜੇ ਹਨ।

ਪਾਰਕਿੰਗ ਲਾਟ ਬਣਾਉਣ ਲਈ ਕਿਸੇ ਹੋਰ ਥਾਂ ਦੀ ਮਿੱਟੀ ਨੂੰ ਇੱਥੇ ਸੁੱਟਿਆ ਜਾ ਰਿਹਾ ਹੈ, ਜੋ ਕਿ ਇੱਥੋਂ ਦੇ ਵਾਤਾਵਰਣ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਇੱਥੇ ਵਸਦੇ ਲੋਕ ਵੀ ਟਰੱਕਾਂ ਦੇ ਸ਼ੋਰ ਅਤੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹਨ। ਕੁੱਝ ਪਾਰਕਿੰਗ ਲਾਟਸ ’ਚ ਅਜਿਹੀਆਂ ਲਾਈਟਾਂ ਹਨ ਜਿਨ੍ਹਾਂ ਦੀ ਰੌਸ਼ਨੀ ਉਨ੍ਹਾਂ ਦੇ ਘਰਾਂ ’ਚ ਆਉਂਦੀ ਰਹਿੰਦੀ ਹੈ।

ਡੀਕੋਰਸੀ ਨੇ ਕਿਹਾ ਕਿ ਟਾਊਨ ਜ਼ਮੀਨ ਮਾਲਕਾਂ ਵਿਰੁੱਧ ਕਾਰਵਾਈ ਕਰ ਰਿਹਾ ਹੈ ਪਰ ਟਰੱਕ ਮਾਲਕਾਂ ਵਿਰੁੱਧ ਨਹੀਂ ਲੇਕਿਨ ਇਸ ਨਾਲ ਟਰੱਕਰਸ ਵੀ ਪ੍ਰਭਾਵਤ ਹੋ ਰਹੇ ਹਨ।

ਯੌਰਕ ਯੂਨੀਵਰਸਿਟੀ ਦੇ ਡਾ. ਪੀਟਰ ਪਾਰਕ ਨੇ ਸਲਾਹ ਦਿੱਤੀ ਕਿ ਕਿਉਂਕਿ ਜ਼ਮੀਨਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਨਿਜੀ ਖੇਤਰ ਦੀਆਂ ਖ਼ਾਲੀ ਥਾਵਾਂ, ਜਿਵੇਂ ਵਾਲਮਾਰਟ ਅਤੇ ਕੋਸਕੋ ਪਾਰਕਿੰਗ ਲਾਟਸ ਨੂੰ ਰਾਤ ਸਮੇਂ ਪ੍ਰਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਮੁਹੱਈਆ ਕਰਵਾਉਣਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਨੀਤੀ ਯੋਜਨਾਕਾਰ ਮਲਿਕ ਮਜੀਦ ਨੇ ਕਿਹਾ ਕਿ ਟਰੱਕ ਪਾਰਕਿੰਗ ਬਾਰੇ ਬਰੈਂਪਟਨ ਸਿਟੀ ਵੱਲੋਂ ਕੀਤੇ ਇੱਕ ਸਰਵੇ ਨੂੰ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ, ਪਰ ਇਸ ਨੇ ਇਹ ਜ਼ਾਹਰ ਕਰ ਦਿੱਤਾ ਕਿ ਹਫ਼ਤੇ ਪੰਜੇ ਕੰਮ ਵਾਲੇ ਦਿਨਾਂ ਦੌਰਾਨ ਸ਼ਾਮ 7 ਵਜੇ ਅਤੇ ਅੱਧੀ ਰਾਤ ਦਰਮਿਆਨ ਪਾਰਕਿੰਗ ਦੀ ਥਾਂ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ।

ਤਸਵੀਰ : ਲੀਓ ਬਾਰੋਸ

ਸਿਟੀ ਅਜਿਹੀਆਂ ਬਿਹਤਰੀਨ ਕਾਰਜਪ੍ਰਣਾਲੀਆਂ ਨੂੰ ਲੱਭ ਰਿਹਾ ਸੀ ਜਿਨ੍ਹਾਂ ’ਚ ਸਾਂਝੇ ਲਾਟਸ, ਉਦਯੋਗਿਕ ਆਨ-ਸਟ੍ਰੀਟ ਅਤੇ ਆਫ਼-ਸਟ੍ਰੀਟ ਪਾਰਕਿੰਗ, ਬਰਾਊਨਫ਼ੀਲਡ ਮੁੜਵਿਕਾਸ, ਵੱਡੀਆਂ ਥਾਵਾਂ ਦਾ ਭੀੜ ਨਾ ਹੋਣ ਸਮੇਂ ਪ੍ਰਯੋਗ, ਅਤੇ ਲੋਜਿਸਟਿਕਸ ਮੈਨੇਜਮੈਂਟ ਸ਼ਾਮਲ ਹੈ ਜਿਨ੍ਹਾਂ ’ਚ ਫ਼ਰੇਟ ਟਰਾਂਸਪੋਰਟੇਸ਼ਨ ਯੋਜਨਾਵਾਂ, ਏਕੀਕਰਨ ਕੇਂਦਰ ਅਤੇ ਆਫ਼-ਪੀਕ ਡਿਲੀਵਰੀ ਬਦਲ ਸ਼ਾਮਲ ਹਨ।

ਪਿਊਰੋਲੇਟਰ ਵਿਖੇ ਖੋਜ ਅਤੇ ਵਿਕਾਸ ਮਾਹਰ ਕ੍ਰਿਸਚੀਅਨ ਕੋਟੂਅਰ ਨੇ ਕਿਹਾ ਕਿ ਈ-ਕਾਮਰਸ ’ਚ ਵੱਡੇ ਵਾਧੇ ਨਾਲ ਕੰਪਨੀ ਹਜ਼ਾਰਾਂ ਡਰਾਈਵਰਾਂ ਨੂੰ ਕੰਮ ’ਤੇ ਰੱਖ ਰਹੀ ਹੈ।

ਇੱਕ ਕੋਰੀਅਰ ਦਿਨ ’ਚ 120 ਤੋਂ 140 ਥਾਵਾਂ ’ਤੇ ਰੁਕਦਾ ਹੈ। ਪਾਰਕਿੰਗ ਲਈ ਥਾਂ ਲੱਭਣਾ ਡਿਲੀਵਰੀ ਦੇ ਸਮੇਂ ਨੂੰ ਜ਼ਿਆਦਾ ਕਰਦਾ ਹੈ ਅਤੇ ਘੱਟ ਗ੍ਰਾਹਕਾਂ ਨੂੰ ਸੇਵਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਉਨ੍ਹਾਂ ਨੂੰ ਵਾਧੂ ਗੱਡੀਆਂ ਕੰਮ ’ਚ ਲਾਉਣੀਆਂ ਪੈਂਦੀਆਂ ਹਨ।

ਇਹ ਪ੍ਰਮੁੱਖ ਡਿਲੀਵਰੀ ਕੰਪਨੀ ਸ਼ਹਿਰੀ ਇਲਾਕਿਆਂ ’ਚ ਮਿੰਨੀ ਟਰਮੀਨਲ ਕੇਂਦਰਾਂ, ਮੋਬਾਇਲ ਸਟੋਰੇਜ ਇਕਾਈਆਂ ਅਤੇ ਇਲੈਕਟਿ੍ਰਕ ਗੱਡੀਆਂ ਨਾਲ ਇਸ ਸਮੱਸਿਆ ਦਾ ਹੱਲ ਕਢ ਰਹੀ ਹੈ।

ਇੱਕ ਭਾਈਵਾਲ ਨੇ ਬਹੁਮੰਜ਼ਿਲਾ ਕੇਂਦਰੀ ਪਾਰਕਿੰਗ ਸਹੂਲਤ ਬਣਾਉਣ ਦੀ ਸਲਾਹ ਦਿੱਤੀ। ਇਆਨਿਕਾ ਨੇ ਕਿਹਾ ਕਿ ਇੱਕ ਬਹੁਮੰਤਵੀ ਸੁਝਾਅ ਹੀ ਇਸ ਸਮੱਸਿਆ ਦਾ ਹੱਲ ਕਰ ਸਕਦਾ ਹੈ।  ਉਨ੍ਹਾਂ ਕਿਹਾ ਕਿ ਟਰਾਂਸਪੋਰਟੇਸ਼ਨ ਕੋਈ ਦਿਲਖਿੱਚਵਾਂ ਕੰਮ ਨਹੀਂ ਹੈ, ਪਰ ਲਾਈਟ-ਰੇਲ ਨੈੱਟਵਰਕ ਟਮਾਟਰਾਂ ਦੀ ਡਿਲੀਵਰੀ ਨਹੀਂ ਕਰ ਸਕਦਾ।

ਰੀਜਨ ਆਫ਼ ਪੀਲ ਦੀਆਂ ਸੜਕਾਂ ’ਤੇ ਟਰੱਕ ਰੋਜ਼ 8.6 ਮਿਲੀਅਨ ਕਿੱਲੋਮੀਟਰ ਦਾ ਸਫ਼ਰ ਕਰਦੇ ਹਨ। ਉਨ੍ਹਾਂ ਨੇ ਅਖ਼ੀਰ ਪਾਰਕਿੰਗ ਕਰਨੀ ਹੁੰਦੀ ਹੈ। ਇਸ ਦਾ ਹੱਲ ਲੱਭਣਾ ਅਤੇ ਲਾਗੂ ਕਰਨਾ ਉਦਯੋਗ ਅਤੇ ਵੱਸੋਂ ਲਈ ਲਾਭਦਾਇਕ ਹੋਵੇਗਾ ਜੋ ਕਿ ਇਸ ਦੀਆਂ ਸੇਵਾਵਾਂ ਦਾ ਲਾਭ ਲੈਂਦੀ ਹੈ।

ਲੀਓ ਬਾਰੋਸ ਵੱਲੋਂ