ਪੀ.ਐਮ.ਟੀ.ਸੀ. ਨੇ ਵੈਕਸੀਨ ਲਾਜ਼ਮੀ ਕਰਨ ਬਾਰੇ ਕਾਨੂੰਨ ਮੁਲਤਵੀ ਕਰਨ ਦੀ ਕੀਤੀ ਮੰਗ, ਟਰੱਕ ਡਰਾਈਵਰਾਂ ਦੀ ਵੈਕਸੀਨੇਸ਼ਨ ਦਰ ਘੱਟ ਹੋਣਾ ਦੱਸਿਆ ਕਾਰਨ

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਚਾਹੁੰਦਾ ਹੈ ਕਿ ਸਰਹੱਦਾਂ ਪਾਰ ਟਰੱਕ ਲੈ ਕੇ ਜਾਣ ਵਾਲੇ ਡਰਾਈਵਰਾਂ ਲਈ ਵੈਕਸੀਨ ਲੱਗੀ ਹੋਣਾ ਲਾਜ਼ਮੀ ਕਰਨ ਬਾਰੇ ਕਾਨੂੰਨ ਨੂੰ ਅਜੇ ਮੁਲਤਵੀ ਕਰ ਦਿੱਤਾ ਜਾਵੇ। ਕੌਂਸਲ ਨੇ ਕਿਹਾ ਹੈ ਕਿ ਉਸ ਦੇ ਇੱਕ ਅੰਦਰੂਨੀ ਸਰਵੇ ਅਨੁਸਾਰ ਅਜਿਹੇ ਡਰਾਈਵਰਾਂ ’ਚੋਂ ਸਿਰਫ਼ 67.3% ਹੀ ਪੂਰੀ ਤਰ੍ਹਾਂ ਵੈਕਸੀਨ ਪ੍ਰਾਪਤ ਕਰ ਸਕੇ ਹਨ।

(ਤਸਵੀਰ: ਆਈਸਟਾਕ)

ਸਰਵੇ ’ਚ ਨਿਚੋੜ ਵਜੋਂ ਕਿਹਾ ਗਿਆ ਹੈ ਕਿ 15 ਜਨਵਰੀ ਤੱਕ 74% ਡਰਾਈਵਰ ਵੈਕਸੀਨ ਪ੍ਰਾਪਤ ਕਰ ਲੈਣਗੇ। ਪਰ ਇਹ ਅੰਕੜਾ ਵੀ ਅੱਜ ਤੱਕ 12 ਸਾਲ ਤੋਂ ਜ਼ਿਆਦਾ ਉਮਰ ਦੇ ਕੈਨੇਡੀਅਨਾਂ ਦੇ 86% ਵੈਕਸੀਨੇਸ਼ਨ ਦੇ ਅੰਕੜੇ ਤੋਂ ਬਹੁਤ ਘੱਟ ਹੈ।

ਪੀ.ਐਮ.ਟੀ.ਸੀ. ਦੇ ਸਰਵੇ ’ਚ ਸ਼ਾਮਲ ਹੋਣ ਵਾਲੇ 35 ਕਰਾਸ-ਬਾਰਡਰ ਫ਼ਲੀਟਸ 6,123 ਟਰੱਕ ਡਰਾਈਵਰਾਂ ਦੀ ਪ੍ਰਤੀਨਿਧਗੀ ਕਰਦੇ ਹਨ, ਉਨ੍ਹਾਂ ਅਨੁਸਾਰ ਜੇਕਰ ਕਾਨੂੰਨ ਨੂੰ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਜਾਂਦਾ ਹੈ ਤਾਂ ਵੈਕਸੀਨੇਸ਼ਨ ਦਰ ਵੱਧ ਕੇ 80.7% ਹੋ ਜਾਵੇਗੀ।

ਕੈਨੇਡਾ ਨੇ ਸਰਹੱਦ ਪਾਰ ਜਾਣ ਵਾਲੇ ਟਰੱਕ ਡਰਾਈਵਰਾਂ ਲਈ ਵੈਕਸੀਨ ਲਾਜ਼ਮੀ ਕਰਨ ਵਾਲਾ ਕਾਨੂੰਨ ਲਾਗੂ ਦੀ ਮਿਤੀ 15 ਜਨਵਰੀ ਮਿੱਥੀ ਹੈ। ਅਮਰੀਕਾ ਨੇ ਵੀ ਇਸੇ ਤਰ੍ਹਾਂ ਦਾ ਕਾਨੂੰਨ ਲਾਗੂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਜੋ ਕਿ ਇਸ ਜਨਵਰੀ ਦੇ ਮਹੀਨੇ ’ਚ ਲਾਗੂ ਹੋ ਜਾਵੇਗਾ, ਅਤੇ ਮੀਡੀਆ ’ਚ ਆਈਆਂ ਕਈ ਖ਼ਬਰਾਂ ਅਨੁਸਾਰ ਇਹ ਮਿਤੀ 22 ਜਨਵਰੀ ਹੋਵੇਗੀ। TruckNews.com ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।

ਅੰਦਾਜ਼ਨ 120,000 ਕੈਨੇਡੀਅਨ ਟਰੱਕ ਡਰਾਈਵਰ ਸਰਹੱਦ ਪਾਰ ਰਸਤਿਆਂ ’ਤੇ ਜਾਂਦੇ ਹਨ, ਜਦਕਿ 40,000 ਅਮਰੀਕੀ ਲਾਇਸੰਸ ਪ੍ਰਾਪਤ ਟਰੱਕ ਡਰਾਈਵਰ ਅਜਿਹਾ ਕਰਦੇ ਹਨ।

ਜ਼ਰੂਰੀ ਕਾਮੇ ਹੋਣ ਕਰਕੇ, ਟਰੱਕ ਡਰਾਈਵਰਾਂ ਨੂੰ ਅਜੇ ਤੱਕ ਦੇਸ਼ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਵੈਕਸੀਨ ਲਾਉਣ ਦੀ ਸ਼ਰਤ ਤੋਂ ਮੁਕਤ ਰੱਖਿਆ ਗਿਆ ਹੈ। ਉਨ੍ਹਾਂ ਨੂੰ ਪਿਛਲੇ ਫ਼ੈਡਰਲ ਵੈਕਸੀਨ ਫ਼ੁਰਮਾਨਾਂ ਤੋਂ ਵੀ ਬਾਹਰ ਰੱਖਿਆ ਗਿਆ ਸੀ ਜੋ ਕਿ ਹਵਾਈ, ਰੇਲ ਅਤੇ ਮਰੀਨ ਖੇਤਰਾਂ ’ਤੇ ਲਾਗੂ ਹੁੰਦੇ ਹਨ।

ਪੀ.ਐਮ.ਟੀ.ਸੀ. ਦੇ ਪ੍ਰਧਾਨ ਮਾਈਕ ਮਿਲੀਅਨ ਨੇ 1 ਦਸੰਬਰ ਨੂੰ ਦੋਹਾਂ ਦੇਸ਼ਾਂ ਦੇ ਸਰਕਾਰੀ ਅਧਿਕਾਰੀਆਂ ਨੂੰ ਲਿਖੀ ਚਿੱਠੀ ’ਚ ਕਿਹਾ ਸੀ, ‘‘ਸਾਡੀ ਚਿੰਤਾ ਇਹ ਹੈ ਕਿ ਇਹ ਨੀਤੀ ਸਰਹੱਦ ਦੇ ਦੋਵੇਂ ਪਾਸੇ ਪਹਿਲਾਂ ਹੀ ਘੱਟ ਕਿਰਤ ਬਲ ਦੀ ਹੋਰ ਕਮੀ ਪੈਦਾ ਕਰ ਦੇਵੇਗੀ।’’

ਉਨ੍ਹਾਂ ਕਿਹਾ, ‘‘ਪੀ.ਐਮ.ਟੀ.ਸੀ. ਬੋਰਡ ਲੋਕਾਂ ਨੂੰ ਵੈਕਸੀਨ ਲਾਉਣ ਦੀ ਪੂਰੀ ਹਮਾਇਤ ਕਰਦਾ ਹੈ। ਅਸੀਂ ਵਿਗਿਆਨ ਅਤੇ ਮੈਡੀਕਲ ਮਾਹਰਾਂ ’ਚ ਯਕੀਨ ਰੱਖਦੇ ਹਾਂ ਕਿ ਵੈਕਸੀਨੇਸ਼ਨ ਹੀ ਇਸ ਮਹਾਂਮਾਰੀ ਤੋਂ ਬਾਹਰ ਆਉਣ ਦਾ ਬਿਹਤਰੀਨ ਰਸਤਾ ਹੈ।’’

‘‘ਭਾਵੇਂ ਅਸੀਂ ਕਿੰਨਾ ਵੀ ਹੱਲਾਸ਼ੇਰੀ ਦੇ ਲਈਏ, ਵੱਸੋਂ ਦਾ ਕੁੱਝ ਹਿੱਸਾ ਪੂਰੀ ਤਰ੍ਹਾਂ ਵੈਕਸੀਨ ਪ੍ਰਾਪਤ ਨਹੀਂ ਕਰ ਸਕੇਗਾ। ਭਾਵੇਂ ਇਹ ਮੰਦਭਾਗੀ ਗੱਲ ਹੈ, ਪਰ ਇਹੀ ਅਸਲੀਅਤ ਹੈ।’’

ਸਰਵੇ ’ਚ ਸ਼ਾਮਲ ਸਿਰਫ਼ ਅੱਠ ਫ਼ਲੀਟਸ ਕੋਲ ਹੀ ਵੈਕਸੀਨ ਫ਼ੁਰਮਾਨ ਸੀ ਜਾਂ 15 ਜਨਵਰੀ ਤੱਕ ਉਹ ਵੈਕਸੀਨ ਪ੍ਰਾਪਤ ਕਰ ਸਕਦੇ ਸਨ।

ਟਰੱਕ ਉਦਯੋਗ ਨੂੰ ਛੱਡ ਰਹੇ ਡਰਾਈਵਰ

ਸਰਵੇ ਦੇ ਨਤੀਜਿਆਂ ਦੇ ਆਧਾਰ ’ਤੇ, ਪੀ.ਐਮ.ਟੀ.ਸੀ. ਨੂੰ ਉਮੀਦ ਹੈ ਕਿ 31,200 ਡਰਾਈਵਰ ਸਰਹੱਦ ਨਾਲ ਸੰਬੰਧਤ ਵੈਕਸੀਨ ਕਾਨੂੰਨ ਕਰਕੇ ਟਰੱਕਿੰਗ ਉਦਯੋਗ ਨੂੰ ਛੱਡ ਜਾਣਗੇ। ਪਰ ਜੇਕਰ ਆਖ਼ਰੀ ਮਿਤੀ ਨੂੰ ਵਧਾ ਕੇ 15 ਅਪ੍ਰੈਲ ਕਰ ਦਿੱਤਾ ਜਾਵੇ ਤਾਂ ਇਹ ਗਿਣਤੀ 22,800 ਰਹਿ ਜਾਵੇਗੀ।

ਟਰਕਿੰਗ ਐਚ.ਆਰ. ਨੇ ਦੱਸਿਆ ਹੈ ਕਿ ਕੈਨੇਡਾ ’ਚ ਟਰੱਕ ਡਰਾਈਵਰਾਂ ਦੀਆਂ 18,000 ਖ਼ਾਲੀ ਆਸਾਮੀਆਂ ਹਨ।

ਜਿਨ੍ਹਾਂ ਛੇ ਘਰੇਲੂ ਫ਼ਲੀਟਸ ਨੇ ਪੀ.ਐਮ.ਟੀ.ਸੀ. ਦੇ ਸਰਵੇ ’ਚ ਹਿੱਸਾ ਲਿਆ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ 81.6% ਡਰਾਈਵਰ ਪੂਰੀ ਤਰ੍ਹਾਂ ਵੈਕਸੀਨ ਪ੍ਰਾਪਤ ਹਨ, ਅਤੇ ਇੱਕ ਹੋਰ ਦੀ 15 ਜਨਵਰੀ ਤੱਕ ਵੈਕਸੀਨ ਮੈਨਡੇਟ ਪ੍ਰਾਪਤ ਕਰ ਲੈਣ ਦੀ ਯੋਜਨਾ ਹੈ।

ਮਿਲੀਅਨ ਨੇ ਕਿਹਾ, ‘‘ਡਰਾਈਵਰ ਆਪਣੀ ਨੌਕਰੀ ਦੀ ਕਿਸਮ ਕਰਕੇ ਜ਼ਿਆਦਾਤਰ ਸਮਾਂ ਇਕੱਲੇ ਹੀ ਰਹਿੰਦੇ ਹਨ। ਇਸ ਤੋਂ ਇਲਾਵਾ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਆਵਾਜਾਈ ਉਦਯੋਗ ਨੇ ਕਈ ਨਿਯਮ ਸਮੂਹ ਬਣਾਏ ਹਨ, ਤਾਂ ਕਿ ਉਨ੍ਹਾਂ ਦੇ ਕਿਰਤਬਲ ਦੀ ਸੁਰੱਖਿਆ ਯਕੀਨੀ ਹੋ ਸਕੇ, ਅਤੇ ਇਸ ਦੇ ਨਤੀਜੇ ਵਜੋਂ, ਡਰਾਈਵਰਾਂ ਕਰ ਕੇ ਕੋਵਿਡ-19 ਬਹੁਤ ਘੱਟ ਫੈਲਿਆ ਹੈ।

‘‘ਜੇਕਰ ਇਸ ਵੇਲੇ ਦੋਹਾਂ ’ਚੋਂ ਕੋਈ ਵੀ ਦੇਸ਼ ਜ਼ਰੂਰੀ ਕਾਮਿਆਂ ਲਈ ਸਰਹੱਦੀ ਵੈਕਸੀਨੇਸ਼ਨ ਫ਼ੁਰਮਾਨ ਲਾਗੂ ਕਰਨ ’ਤੇ ਮੁੜਵਿਚਾਰ ਨਹੀਂ ਕਰਨਾ ਚਾਹੁੰਦਾ ਤਾਂ ਸਾਨੂੰ ਟਰੱਕ ਡਰਾਈਵਰਾਂ ਲਈ ਇਹ ਲਾਗੂ ਕਰਨਾ ਮੁਲਤਵੀ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਸਾਨੂੰ ਇਸ ਗੱਲ ’ਤੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਵੈਕਸੀਨੇਸ਼ਨ ਦਾ ਸਬੂਤ ਵਿਖਾਉਣ ਲਈ ਸਰਹੱਦ ’ਤੇ ਡਰਾਈਵਰਾਂ ਲਈ ਨਿਯਮ ਸਮੂਹ ਕੀ ਹੋਣਗੇ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਅਸੀਂ ਸਰਹੱਦ ’ਤੇ ਗੱਡੀਆਂ ਦੀ ਆਵਾਜਾਈ ਨੂੰ ਜੂੰ ਦੀ ਤੋਰ ਨਾ ਤੋਰੀਏ। ਸਾਨੂੰ ਅਜਿਹੇ ਡਰਾਈਵਰਾਂ ਲਈ ਵੀ ਫ਼ਾਲਤੂ ਸਮਾਂ ਦੇਣਾ ਚਾਹੀਦਾ ਹੈ ਜੋ ਮੁੜਵਿਚਾਰ ਕਰ ਕੇ ਖ਼ੁਦ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨਾ ਚਾਹੁੰਦੇ ਹਨ।’’

ਪੀ.ਐਮ.ਟੀ.ਸੀ. ਦੀ ਸਥਿਤੀ ਵੀ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦੇ ਵਰਗੀ ਹੈ। ਜਦਕਿ ਸੀ.ਟੀ.ਏ. ਦਾ ਕਹਿਣਾ ਹੈ ਕਿ ਕਈ ਟਰੱਕਿੰਗ ਕੰਪਨੀਆਂ ’ਚ ਵੈਕਸੀਨੇਸ਼ਨ ਦੀ ਦਰ 85-90% ਹੈ, ਪਰ ਉਸ ਨੇ ਵੇਖਿਆ ਹੈ ਕਿ ਕਈ ਕੈਰੀਅਰਾਂ ’ਚ ਇਸ ਆਧਾਰ ’ਤੇ ਇਹ ਦਰ ਬਹੁਤ ਘੱਟ ਹੈ ਕਿ ਉਹ ਕਿੱਥੇ ਸਥਿਤ ਹਨ।