ਫ਼ਲੀਟਸ ਵੱਲੋਂ ‘ਰੀਕਾਰਡ ਪੱਧਰ ਨੇੜੇ’ ਟਰੱਕਾਂ ਦਾ ਆਰਡਰ ਕਰਨਾ ਜਾਰੀ

ਐਫ਼.ਟੀ.ਆਰ. ਵੱਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਅਨੁਸਾਰ ਫ਼ਰਵਰੀ ’ਚ ਵੀ ਸ਼੍ਰੇਣੀ 8 ਦੇ ਟਰੱਕਾਂ ਦੇ ਆਰਡਰਾਂ ’ਚ ਮਜ਼ਬੂਤੀ ਵੇਖਣ ਨੂੰ ਮਿਲੀ ਜਿਸ ਦੌਰਾਨ 44,000 ਇਕਾਈਆਂ ਲਈ ਬੁਕਿੰਗ ਦਰਜ ਕੀਤੀ ਗਈ।

ਇਹ ਜਨਵਰੀ ਤੋਂ 3% ਵੱਧ ਅਤੇ ਪਿਛਲੇ ਸਾਲ ਤੋਂ 209% ਵੱਧ ਹੈ। ਫ਼ਰਵਰੀ ਮਹੀਨੇ ਲਈ ਟਰੱਕ ਆਰਡਰ ਕਰਨ ਦੀ ਇਹ ਗਿਣਤੀ ਹੁਣ ਤਕ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਰਹੀ ਹੈ। ਪਿਛਲੇ 12 ਮਹੀਨਿਆਂ ਦੌਰਾਨ ਕੁੱਲ ਆਰਡਰ 338,000 ਇਕਾਈਆਂ ਰਹੇ।

ਐਫ਼.ਟੀ.ਆਰ. ਲਈ ਕਮਰਸ਼ੀਅਲ ਗੱਡੀਆਂ ਦੇ ਵਾਇਸ-ਪ੍ਰੈਜ਼ੀਡੈਂਟ ਡੌਨ ਏਕ ਨੇ ਕਿਹਾ, ‘‘ਟਰੱਕਾਂ ਲਈ ਮੰਗ ਬਹੁਤ ਜ਼ਿਆਦਾ ਵਧੀ ਹੋਈ ਹੈ। ਸਪਲਾਈ ਚੇਨ ’ਚ ਕਈ ਰੇੜਕੇ ਹਨ ਜਿਨ੍ਹਾਂ ’ਚ ਕੰਪਿਊਟਰ ਚਿੱਪਾਂ, ਵਾਇਰਿੰਗ ਅਤੇ ਕਈ ਕਲਪੁਰਜ਼ਿਆਂ ਦੇ ਮਿਲਣ ਦੀਆਂ ਸਮੱਸਿਆਵਾਂ ਸ਼ਾਮਲ ਹਨ। ਓ.ਈ.ਐਮ. ’ਤੇ ਵੱਧ ਤੋਂ ਵੱਧ ਗੱਡੀਆਂ ਛੇਤੀ ਤੋਂ ਛੇਤੀ ਡਿਲੀਵਰ ਕਰਨ ਦਾ ਭਾਰੀ ਦਬਾਅ ਹੈ।’’

‘‘ਤੰਗ ਸਮਰਥਾ ਕਰਕੇ ਸਪੌਟ ਦਰਾਂ ਪਹਿਲਾਂ ਹੀ ਵਧੇ ਹੋਏ ਪੱਧਰ ਤੋਂ ਹੋਰ ਜ਼ਿਆਦਾ ਵੱਧ ਗਈਆਂ ਹਨ। ਕੰਟਰੈਕਟ ਦਰਾਂ ਵੀ ਵੱਧ ਰਹੀਆਂ ਹਨ। ਇਸ ਲਈ ਫ਼ਲੀਟਸ ਕੋਲ ਖ਼ਰਚਣ ਲਈ ਕਾਫ਼ੀ ਪੈਸਾ ਆ ਗਿਆ ਹੈ। ਉਨ੍ਹਾਂ ਨੂੰ ਟਰੱਕਾਂ ਦੀ ਸਖ਼ਤ ਜ਼ਰੂਰਤ ਹੈ, ਇਸ ਲਈ ਉਹ ਰੀਕਾਰਡ ਪੱਧਰ ਦੇ ਨੇੜੇ ਆਰਡਰ ਕਰ ਰਹੇ ਹਨ।’’

ਏਕ ਨੇ ਕਿਹਾ, ‘‘ਇਸ ਵੇਲੇ ਸਪਲਾਈ ਚੇਨ ਏਨੀ ਖ਼ਰਾਬ ਹੋਈ ਪਈ ਹੈ ਕਿ ਕਈ ਕਲਪੁਰਜ਼ਿਆਂ ’ਤੇ ਅਸਰ ਪੈ ਰਿਹਾ ਹੈ, ਇਹ ਕਹਿਣਾ ਮੁਸ਼ਕਲ ਹੈ ਕਿ ਇਹ ਰੇੜਕਾ ਕਦੋਂ ਖ਼ਤਮ ਹੋਵੇਗਾ। ਵੈਕਸੀਨ ਨਾਲ ਕਲਪੁਰਜ਼ਾ ਨਿਰਮਾਤਾਵਾਂ ਨੂੰ ਜ਼ਿਆਦਾ ਕਾਮੇ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ। ਆਯਾਤ ਕੀਤੇ ਕਲਪੁਰਜ਼ਿਆਂ ਨੂੰ ਬੰਦਰਗਾਹ ’ਤੇ ਪ੍ਰਾਪਤ ਕਰਨ ’ਚ ਲੰਮੀ ਉਡੀਕ ਕਰਨੀ ਪੈ ਰਹੀ ਹੈ।’’

ਏ.ਸੀ.ਟੀ. ਰੀਸਰਚ ਦੀ ਸੂਚਨਾ ਅਨੁਸਾਰ 43,800 ਇਕਾਈਆਂ ਦੇ ਸ਼ੁਰੂਆਤੀ ਸ਼੍ਰੇਣੀ 8 ਆਰਡਰ ਮਿਲੇ ਹਨ ਅਤੇ ਸ਼੍ਰੇਣੀ 5-7 ਦੀਆਂ 25,400 ਇਕਾਈਆਂ ਦੇ ਆਰਡਰ ਮਿਲੇ ਹਨ। ਮੀਡੀਅਮ-ਡਿਊਟੀ ਟਰੱਕਾਂ ਲਈ ਆਰਡਰ ਜਨਵਰੀ ਤੋਂ 4% ਘੱਟ ਸਨ ਪਰ ਸਾਲ-ਦਰ-ਦਰ ਇਹ 12% ਵਧੇ।

ਏ.ਸੀ.ਟੀ. ਦੇ ਮੁਖੀ ਅਤੇ ਸੀਨੀਅਰ ਸਮੀਖਿਆਕਰਤਾ ਕੈਨੀ ਵੇਥ ਨੇ ਕਿਹਾ, ‘‘ਮਹਿੰਗਾਈ ਦੇ ਭਖੇ ਹੋਏ ਅੰਕੜਿਆਂ ਤੋਂ ਇਲਾਵਾ, ਮੌਜੂਦਾ ਆਰਥਕ ਜਾਣਕਾਰੀ ’ਚ ਕਾਫ਼ੀ ਦਿਲਚਸਪ ਗੱਲਾਂ ਵੇਖਣ ਨੂੰ ਮਿਲੀਆਂ ਹਨ ਜੋ ਦਰਸਾਉਂਦੀਆਂ ਹਨ ਕਿ ਆਰਥਕ ਗਤੀਵਿਧੀਆਂ ’ਚ ਵਿਸਤਾਰ ਹੋਇਆ ਹੈ।’’

‘‘ਜਿਵੇਂ ਕਿ ਮਹਾਂਮਾਰੀ ਦੇ ਦੌਰ ’ਚ ਵੇਖਣ ਨੂੰ ਮਿਲਿਆ ਸੀ, ਆਰਥਕ ਵਿਕਾਸ ਵਸਤ-ਉਤਪਾਦਨ ਖੇਤਰਾਂ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ। ਗ੍ਰਾਹਕਾਂ ਵੱਲੋਂ ਵਸਤਾਂ ’ਤੇ ਖ਼ਰਚਾ, ਭਖੀ ਹੋਈ ਹਾਊਸਿੰਗ ਮਾਰਕੀਟ, ਮੁੜ ਗਤੀ ਫੜ ਰਿਹਾ ਨਿਰਮਾਣ ਖੇਤਰ, ਅਤੇ ਇਨਵੈਂਟਰੀ ’ਚ ਵਾਧਾ ਮਿਲ ਕੇ ਨੇੜ ਭਵਿੱਖ ’ਚ ਫ਼ਰੇਟ ਲਈ ਚੰਗੇ ਹਾਲਾਤ ਸਿਰਜਣ ਦੀ ਉਮੀਦ ਜਗਾ ਰਹੇ ਹਨ। ਕੰਟਰੈਕਟ ਫ਼ਰੇਟ ਦਰਾਂ ਰੀਕਾਰਡ ਪੱਧਰ ’ਤੇ ਹਨ, ਅਤੇ ਮੌਸਮੀ ਐਡਜਸਟਮੈਂਟ ਮਗਰੋਂ ਸਪਾਟ ਦਰਾਂ। ਸਰਕਾਰੀ ਮੱਦਦ ਜਾਂ ਮੁਢਲੇ ਢਾਂਚੇ ਦੀ ਗੱਲ ਨਾ ਵੀ ਕਰੀਏ ਤਾਂ ਵੀ ਫ਼ਰੇਟ, ਕੈਰੀਅਰ ਲਾਭ ਦੀ ਆਸ, ਅਤੇ ਕਮਰਸ਼ੀਅਲ ਗੱਡੀਆਂ ਦੀ ਮੰਗ ਦੇ ਖੇਤਰ ’ਚ ਕਾਫ਼ੀ ਕੁੱਝ ਚੰਗਾ ਵੇਖਣ ਨੂੰ ਮਿਲ ਰਿਹਾ ਹੈ।’’

ਮੀਡੀਅਮ-ਡਿਊਟੀ ਬਾਜ਼ਾਰ ਬਾਰੇ ਵੇਥ ਨੇ ਕਿਹਾ, ‘‘ਗ੍ਰਾਹਕਾਂ ਦੇ ਖ਼ਰਚੇ ’ਚ ਤਜ਼ਰਬੇ ਤੋਂ ਵਸਤਾਂ ’ਚ ਤਬਦੀਲੀ ਸਥਾਨਕ ਟਰੱਕਿੰਗ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਦੀ ਮੱਦਦ ਕਰ ਰਿਹਾ ਹੈ, ਕਿਉਂਕਿ ਮਹਾਂਮਾਰੀ ਦੀ ਆਰਥਿਕਤਾ ’ਚ ਈ-ਕਾਮਰਸ ’ਚ ਬਹੁਤ ਜ਼ਿਆਦਾ ਵਿਸਤਾਰ ਵੇਖਣ ਨੂੰ ਮਿਲਿਆ ਹੈ।’’