ਫ਼ੈਡਰਲ ਸਰਕਾਰ ਨੇ ਡਰਾਈਵਰ ਇੰਕ. ਫ਼ਲੀਟਸ ’ਤੇ ਕੀਤਾ ਧਿਆਨ ਕੇਂਦਰਤ
ਕੈਨੇਡਾ ਦੇ ਲੇਬਰ ਪ੍ਰੋਗਰਾਮ ਨੇ ਅਜਿਹੇ ਫਲੀਟਸ ਵਿਰੁੱਧ ਕਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਟਰੱਕ ਡਰਾਈਵਰਾਂ ਨੂੰ ਆਪਣੇ ਮੁਲਾਜ਼ਮਾਂ ਦੀ ਬਜਾਏ ਨਿਗਮਿਤ ਕਾਰੋਬਾਰਾਂ ਵਜੋਂ ਕੁਵਰਗੀਕ੍ਰਿਤ ਕਰਦੇ ਹਨ – ਇਸ ਨਾਲ ਡਰਾਈਵਰ ਇੰਕ. ਵਜੋਂ ਜਾਣੇ ਜਾਂਦੇ ਇਸ ਬਿਜ਼ਨੈਸ ਮਾਡਲ ਨੂੰ ਇੱਕ ਝਟਕਾ ਲੱਗਾ ਹੈ।

ਲੇਬਰ ਕੈਨੇਡਾ ਨੇ ਪਹਿਲਾਂ ਹੀ ਕਈ ਕੈਰੀਅਰਾਂ ਨੂੰ ਤਨਖ਼ਾਹ ਰੀਕਾਰਡ, ਠੇਕੇ ਦਾ ਵੇਰਵਾ, ਅਤੇ ਕੰਮਕਾਜ ਦੀ ਥਾਂ ਵਾਲੇ ਰੀਕਾਰਡਾਂ ਦੀ ਜਾਂਚ ਕਰਨ ਦੀ ਆਪਣੀ ਯੋਜਨਾ ਬਾਰੇ ਸੂਚਿਤ ਕਰ ਦਿੱਤਾ ਹੈ। ਅਤੇ ਇੱਕ ਸੰਬੰਧਤ ਪੱਤਰ ’ਚ, ਜਿਸ ਦੀ ਸਾਡੇ ਗਰੁੱਪ ਪ੍ਰਕਾਸ਼ਨ ਟੂਡੇਜ਼ ਟਰੱਕਿੰਗ ਨੇ ਸਮੀਖਿਆ ਕੀਤੀ ਹੈ, ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੰਪਨੀ ਨੇ ਰੁਜ਼ਗਾਰ ਨਾਲ ਸੰਬੰਧਤ ਜ਼ਿੰਮੇਵਾਰੀਆਂ ਤੋਂ ਬਚਣ ਲਈ ਜਾਣਬੁੱਝ ਕੇ ਆਪਣੇ ਮੁਲਾਜ਼ਮਾਂ ਨੂੰ ਕੁਵਰਗੀਕ੍ਰਿਤ ਕੀਤਾ ਹੈ ਤਾਂ ਉਸ ਨੂੰ ਫ਼ੀਸਾਂ ਅਤੇ ਜੁਰਮਾਨੇ ਭਰਨੇ ਪੈ ਸਕਦੇ ਹਨ।
1,000 ਡਾਲਰ ਤੋਂ 12,000 ਡਾਲਰ ਤਕ ਦਾ ਜੁਰਮਾਨਾ ਲਾਉਣ ਦੀ ਧਮਕੀ ਦਿੱਤੀ ਗਈ ਹੈ ਅਤੇ 1 ਜਨਵਰੀ ਤੋਂ ਲਾਗੂ ਹੋਏ ਕੈਨੇਡਾ ਲੇਬਰ ਕੋਡ ਦੀ ਪਾਲਣਾ ਨਾ ਕਰਨ ਵਾਲੇ ਕੈਰੀਅਰਾਂ ਦੇ ਨਾਂ ਜਨਤਕ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।
ਚਿੱਠੀ ’ਚ ਕਿਹਾ ਗਿਆ ਹੈ ਕਿ ਦੋਸ਼ੀ ਫ਼ਲੀਟਸ ਨੂੰ ਆਪਣੇ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਰਕਮ ਵੀ ਅਦਾ ਕਰਨੀ ਪਵੇਗੀ। ਕੰਮਕਾਜ ਦੀ ਥਾਂ ਨਾਲ ਸੰਬੰਧਤ ਜਾਂਚ ਸਿਹਤ ਅਤੇ ਸੁਰੱਖਿਆ ਕਾਨੂੰਨ ਅਤੇ ਕੈਨੇਡਾ ਲੇਬਰ ਕੋਡ ਅਧੀਨ ਕਾਨੂੰਨ ਰੈਗੂਲੇਸ਼ਨਾਂ ’ਤੇ ਕੇਂਦਰਤ ਹੋਵੇਗੀ।
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦੇ ਪ੍ਰਧਾਨ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ‘‘ਉਨ੍ਹਾਂ ਨੇ ਅਜਿਹੇ ਕਈ ਕੈਰੀਅਰਾਂ ਨੂੰ ਚਿੱਠੀ ਲਿਖੀ ਹੈ ਜਿਨ੍ਹਾਂ ’ਤੇ ਸ਼ੱਕ ਹੈ।’’
ਡਬਲਿਊ.ਐੱਸ.ਆਈ.ਬੀ. ਆਡਿਟ
ਇਹ ਕਾਰਵਾਈ ਪਿੱਛੇ ਜਿਹੇ ਓਂਟਾਰੀਓ ਵਰਕਪਲੇਸ ਸੇਫ਼ਟੀ ਇੰਸ਼ੋਰੈਂਸ ਬੋਰਡ (ਡਬਲਿਊ.ਐੱਸ.ਆਈ.ਬੀ.) ਵੱਲੋਂ ਕੀਤੇ ਗਏ ਆਡਿਟ ’ਤੇ ਅਧਾਰਤ ਹੈ, ਜਿਨ੍ਹਾਂ ਕਰਕੇ ਡਰਾਈਵਰ ਇੰਕ. ਬਿਜ਼ਨੈਸ ਮਾਡਲ ’ਤੇ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਹੋਈ ਹੈ।
ਡਬਲਿਊ.ਐੱਸ.ਆਈ.ਬੀ. ਜਨਤਕ ਮਾਮਲੇ ਮੈਨੇਜਰ ਕ੍ਰਿਸਟਨ ਆਰਨੋਟ ਨੇ ਕਿਹਾ, ‘‘2019 ’ਚ, ਅਸੀਂ ਟਰੱਕਿੰਗ ਉਦਯੋਗ ਨੂੰ ਵਾਅਦਾ ਕੀਤਾ ਸੀ ਕਿ ਸਾਡਾ ਜ਼ੋਖ਼ਮ ਮਾਡਲ ਅੰਕੜਾ ਅਧਾਰਤ ਪਹੁੰਚ ਨਾਲ ਕਾਰੋਬਾਰਾਂ ਦੇ ਆਡਿਟ ਕਰੇਗਾ, ਜਿਨ੍ਹਾਂ ’ਚ ਟਰੱਕਿੰਗ ਫ਼ਰਮਾਂ ਵੀ ਸ਼ਾਮਲ ਹੋਣਗੀਆਂ, ਤਾਂ ਕਿ ਕਾਨੂੰਨਾਂ ਦੀ ਉਲੰਘਣਾ ਦਾ ਪਤਾ ਲੱਗ ਸਕੇ।’’
ਡਬਲਿਊ.ਐੱਸ.ਆਈ.ਬੀ. ਵੱਲੋਂ ਦਿੱਤੇ ਗਏ ਅੰਕੜੇ ਦੱਸਦੇ ਹਨ ਕਿ 1 ਅਪ੍ਰੈਲ ਅਤੇ 31 ਦਸੰਬਰ, 2020 ਤਕ ਇਨ੍ਹਾਂ ਟਰੱਕਿੰਗ ਕਾਰਵਾਈਆਂ ’ਚ ਕੁੱਲ ਮਿਲਾ ਕੇ 933,464 ਡਾਲਰ ਪ੍ਰੀਮੀਅਮ ਅਡਜਸਟਮੈਂਟ ’ਚ ਅਦਾ ਕੀਤਾ ਗਿਆ ਜੋ ਕਿ ਦੱਸੀ ਗਈ ਠੇਕੇਦਾਰ ਦੀ ਆਮਦਨ, T4 ਵੇਰਵੇ ਨਾਲ ਸਮਾਯੋਜਿਤ ਆਮਦਨ, ਅਤੇ ਸਮਾਯੋਜਿਤ ਕਾਰਜਕਾਰੀ ਅਫ਼ਸਰ ਆਮਦਨ ਵਰਗੇ ਕਾਰਕਾਂ ਨਾਲ ਸੰਬੰਧਤ ਹੈ।
34 ਟਰੱਕਿੰਗ ਕਾਰੋਬਾਰਾਂ ਦਾ ਆਡਿਟ ਕੀਤਾ ਗਿਆ, ਅਤੇ 21 ਨੂੰ ਸ਼ੁੱਧ ਸਮਾਯੋਜਨ ਅਦਾ ਕਰਨ ਲਈ ਕਿਹਾ ਗਿਆ।
ਜ਼ਿਆਦਾਤਰ ਸਮਾਯੋਜਨ 305 ਡਾਲਰ ਤੋਂ 21,784 ਡਾਲਰ ਵਿਚਕਾਰ ਸਨ, ਚਾਰ ਕਾਰੋਬਾਰ ਅਜਿਹੇ ਸਨ ਜਿਨ੍ਹਾਂ ਨੇ ਕੁੱਲ ਅਦਾਇਗੀਆਂ ਦਾ 90% ਅਦਾ ਕੀਤਾ ਸੀ:
– 2067485 ਓਂਟਾਰੀਓ ਇੰਕ. (ਜੋ ਕਿ ਟਰੀਲੀਅਮ ਰੋਡਵੇਜ਼ ਵਜੋਂ ਕਾਰੋਬਾਰ ਕਰ ਰਹੀ ਹੈ) – ਸਮਾਯੋਜਿਤ ਕਾਰਜਕਾਰੀ ਅਫ਼ਸਰ ਆਮਦਨ ਲਈ 310,692.78 ਡਾਲਰ, ਪ੍ਰਤੀ T4 ਵੇਰਵੇ ਲਈ ਸਮਾਯੋਜਿਤ ਕੁੱਲ ਆਮਦਨ, ਅਤੇ ਸਮਾਯੋਜਿਤ ਸੂਚਿਤ ਠੇਕੇਦਾਰ ਦੀ ਆਮਦਨ।
– 2264236 ਓਂਟਾਰੀਓ ਇੰਕ. (ਅਮੈਰੀ-ਕੈਨ ਸਿਸਟਮਜ਼ ਵਜੋਂ ਕਾਰੋਬਾਰ ਕਰ ਰਹੀ ਹੈ) – ਪ੍ਰਤੀ T4 ਵੇਰਵੇ ਲਈ 206,854.05 ਡਾਲਰ ਸਮਾਯੋਜਿਤ ਆਮਦਨ, T4 ਵੇਰਵੇ ਤੋਂ ਇਲਾਵਾ ਆਮਦਨ ਸਮਾਯੋਜਿਤ, ਅਤੇ ਠੇਕੇਦਾਰ ਦੀ ਆਮਦਨ ਨਹੀਂ ਦੱਸੀ ਗਈ।
– ਜਸਟ ਆਨ ਟਾਈਮ ਫ਼ਰੇਟ ਸਿਸਟਮ ਇੰਕ. – 188,810.69 ਡਾਲਰ ਪ੍ਰਤੀ T4 ਵੇਰਵਾ ਸਮਾਯੋਜਿਤ ਕੁੱਲ ਆਮਦਨ ਲਈ, ਅਤੇ ਠੇਕੇਦਾਰ ਦੀ ਆਮਦਨ ਬਾਰੇ ਸੂਚਿਤ ਨਹੀਂ ਕੀਤਾ।
– ਹਸਨ ਹਬੀਬ ਟਰਾਂਸਪੋਰਟ ਲਿਮ. – ਠੇਕੇਦਾਰ ਦੀ ਆਮਦਨ 141,990.09 ਡਾਲਰ ਨਹੀਂ ਦੱਸੇ ਗਏ, ਅਤੇ ਸੂਚਿਤ ਠੇਕੇਦਾਰ ਦੀ ਆਮਦਨ ਸਮਾਯੋਜਿਤ।
ਇਸ ਕੰਮ ਦੀ ਵਕਾਲਤ
ਆਪਣੇ ਟਰੱਕ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਵਰਗੀਕਿ੍ਰਤ ਕਰਨ ਦੀ ਵਕਾਲਤ ਕਰਨ ਵਾਲੇ ਜਸਟ ਆਨ ਟਾਈਮ ਫ਼ਰੇਟ ਸਿਸਟਮਜ਼ ਦੇ ਮਾਲਕ ਕੁਲਵਿੰਦਰ ਨਿੱਜਰ ਨੇ ਕਿਹਾ, ‘‘ਇਹ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਸਮੱਸਿਆ ਇਹ ਹੈ ਕਿ ਇਹ ਡਰਾਈਵਰ ਆਪਣੇ ਟੈਕਸ ਅਦਾ ਨਹੀਂ ਕਰ ਰਹੇ ਸਨ।
ਫ਼ਲੀਟ, ਸੁਤੰਤਰ ਠੇਕੇਦਾਰਾਂ ਤੋਂ ਕੈਨੇਡਾ ਪੈਨਸ਼ਨ ਪਲਾਨ ਅੰਸ਼ਦਾਨ, ਰੁਜ਼ਗਾਰ ਬੀਮਾ ਪ੍ਰੀਮੀਅਮ, ਜਾਂ ਇਨਕਮ ਟੈਕਸ ਦੀ ਅਦਾਇਗੀ ਨਹੀਂ ਰੋਕਦੇ ਹਨ। ਪਰ ਠੇਕੇਦਾਰਾਂ ਨੂੰ ਆਪਣੀ ਆਮਦਨ ਬਾਰੇ ਦੱਸਣਾ ਹੁੰਦਾ ਹੈ। ਅਤੇ ਮੁਲਾਜ਼ਮ ਕਾਰੋਬਾਰਾਂ ਨੂੰ ਮਿਲਣ ਵਾਲੀਆਂ ਕਈ ਟੈਕਸ ਕਟੌਤੀਆਂ ਦਾ ਦਾਅਵਾ ਕਰਨ ਦੇ ਯੋਗ ਨਹੀਂ ਹੁੰਦੇ।
ਮੁਲਾਜ਼ਮਾਂ ਅਤੇ ਸੁਤੰਤਰ ਠੇਕੇਦਾਰਾਂ ’ਚ ਫ਼ਰਕ ਕੁੱਝ ਵਿਸ਼ੇਸ਼ ਮਾਪਦੰਡਾਂ ਕਰਕੇ ਵੀ ਕੀਤਾ ਜਾਂਦਾ ਹੈ, ਜਿਵੇਂ ਡਰਾਈਵਰ ’ਤੇ ਫ਼ਲੀਟ ਦੇ ਕੰਟਰੋਲ ਦਾ ਪੱਧਰ; ਕੀ ਡਰਾਈਵਰ ਟੂਲਜ਼ ਅਤੇ ਉਪਕਰਨ ਮੁਹੱਈਆ ਕਰਵਾਉਂਦਾ ਹੈ; ਕੀ ਡਰਾਈਵਰ ਕਿਸੇ ਕੰਮ ਕਰਨ ਤੋਂ ਮਨ੍ਹਾਂ ਕਰ ਸਕਦਾ ਹੈ ਜਾਂ ਕੰਮ ਕਿਸੇ ਹੋਰ ਦੇ ਸਪੁਰਦ ਕਰ ਸਕਦਾ ਹੈ ਜਾਂ ਆਪਣਾ ਸਹਾਇਕ ਰੱਖ ਸਕਦਾ ਹੈ; ਅਤੇ ਵਿੱਤੀ ਜ਼ੋਖ਼ਮ ਦੀ ਤੀਬਰਤਾ ਜਾਂ ਲਾਭ ਦਾ ਮੌਕਾ।
ਨਿੱਜਰ ਨੇ ਪੁਸ਼ਟੀ ਕੀਤੀ ਹੈ ਕਿ ਜਸਟ ਆਨ ਟਾਈਮ ਫ਼ਰੇਟ ਸਿਸਟਮਜ਼ ਅਜਿਹੇ ਕੈਰੀਅਰਾਂ ’ਚੋਂ ਹੈ ਜਿਨ੍ਹਾਂ ਨੂੰ ਕੈਨੇਡਾ ਲੇਬਰ ਦੀ ਹੋਣ ਵਾਲੀ ਜਾਂਚ ਬਾਰੇ ਸੂਚਿਤ ਕੀਤਾ ਗਿਆ ਹੈ। ਪਰ ਉਸ ਨੂੰ ਯਕੀਨ ਹੈ ਕਿ ਉਸ ਦਾ ਕਾਰੋਬਾਰ ਮੌਜੂਦਾ ਪੜਤਾਲ ’ਚੋਂ ਖਰਾ ਉਤਰੇਗਾ ਕਿਉਂਕਿ ਉਸ ਦੇ ਫ਼ਲੀਟ ਨੇ ਆਪਣਾ ਕਾਰੋਬਾਰ ਕਰਨ ਦਾ ਢੰਗ ਬਦਲ ਲਿਆ ਹੈ।
ਅਮੈਰੀ-ਕੈਨ ਸਿਸਟਮਜ਼, ਟਰੀਲੀਅਮ ਰੋਡਵੇਜ਼, ਅਤੇ ਹਸਨ ਹਬੀਬ ਟਰਾਂਸਪੋਰਟ ਨੇ ਟਿੱਪਣੀ ਕਰਨ ਬਾਰੇ ਸਾਡੀਆਂ ਬੇਨਤੀਆਂ ਦਾ ਕੋਈ ਜਵਾਬ ਨਹੀਂ ਦਿੱਤਾ।
ਦਿਲਚਸਪ ਗੱਲ ਇਹ ਹੈ ਕਿ ਟਰੀਲੀਅਮ ਰੋਡਵੇਜ਼ ਦੇ ਦਫ਼ਤਰ ’ਚ ਹੀ ਅਸਲ ’ਚ ਤਤਕਾਲੀ ਰੁਜ਼ਗਾਰ, ਵਰਕਫ਼ੋਰਸ ਵਿਕਾਸ ਅਤੇ ਲੇਬਰ ਮੰਤਰੀ ਪੈਟੀ ਹਾਇਡੂ ਨੇ ਮੁਲਾਜ਼ਮਾਂ ਨੂੰ ਕੁਵਰਗੀਕਿ੍ਰਤ ਕਰਨ ਵਾਲੇ ਕਾਰੋਬਾਰਾਂ ਵਿਰੁੱਧ ਕਾਰਵਾਈ ਦਾ ਅਹਿਦ ਲਿਆ ਸੀ।
ਡਬਲਿਊ.ਐਸ.ਆਈ.ਬੀ. ਸਮਾਯੋਜਨ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਕਾਰੋਬਾਰਾਂ ਦੀ ਸੂਚੀ ਲੇਬਰ ਕੈਨੇਡਾ ਨੂੰ ਮੁਹੱਈਆ ਕਰਵਾਈ ਗਈ ਹੈ।
ਲੈਸਕੋਅਸਕੀ ਨੇ ਇਹ ਵੀ ਸਵਾਲ ਕੀਤਾ ਕਿ ਕੀ ਕਿਸੇ ਡਰਾਈਵਰ ਇੰਕ. ਫ਼ਲੀਟਸ ਨੇ ਅਜਿਹੇ ਟਰੱਕ ਡਰਾਈਵਰਾਂ ਲਈ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਿਊ.ਐਸ.) ਅਦਾਇਗੀਆਂ ਇਕੱਠੀਆਂ ਕੀਤੀਆਂ ਹਨ ਜੋ ਸੁਤੰਤਰ ਠੇਕੇਦਾਰ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ, ‘‘ਡਬਲਿਊ.ਐਸ.ਆਈ.ਬੀ. ਦੀ ਸੂਚੀ ’ਤੇ ਦਰਜ ਅੱਧੀਆਂ ਤੋਂ ਜ਼ਿਆਦਾ ਕੰਪਨੀਆਂ ਜਿਨ੍ਹਾਂ ਤੇ ਵਰਗੀਕਰਨ ਬਾਰੇ ਮੁੱਦਿਆਂ ਦੇ ਦੋਸ਼ ਹਨ, ਉਨ੍ਹਾਂ ਨੂੰ ਐਮਰਜੈਂਸੀ ਵੇਜ ਸਬਸਿਡੀ (ਸੀ.ਈ.ਡਬਲਿਊ.ਐਸ.) ਦੀ ਸੂਚੀ ’ਤੇ ਵੀ ਵੇਖਿਆ ਜਾ ਸਕਦਾ ਹੈ।
ਅਲਾਇੰਸ ਨੇ ਹੋਰਨਾਂ ਸੂਬਿਆਂ ’ਚ ਵੀ ਅਜਿਹੀ ਕਾਰਵਾਈ ਦੀ ਮੰਗ ਕੀਤੀ ਹੈ।
ਨਾਜਾਇਜ਼ ਲਾਭ
ਦੇਸ਼ ਦੀ ਸਭ ਤੋਂ ਵੱਡੀ ਟਰੱਕਿੰਗ ਆਰਗੇਨਾਈਜੇਸ਼ਨ ਨੂੰ ਲਗਦਾ ਹੈ ਕਿ ਡਰਾਈਵਰ ਇੰਕ. ਰੂਪੋਸ਼ ਆਰਥਿਕਤਾ ਦਾ ਹੀ ਵਿਸਤਾਰ ਹੈ, ਜੋ ਕਿ ਇਸ ਬਿਜ਼ਨੈਸ ਮਾਡਲ ਨੂੰ ਅਪਨਾਉਣ ਵਾਲੇ ਕੈਰੀਅਰਾਂ ਨੂੰ ਆਪਣੀ ਲਾਗਤ ਘੱਟ ਕਰਨ ਦਾ ਨਾਜਾਇਜ਼ ਲਾਭ ਦਿੰਦੀ ਹੈ।
ਸੀ.ਟੀ.ਏ. ਦੇ ਚੇਅਰਮੈਨ ਜੀਨ-ਕਲੌਡ ਫ਼ੋਰਟਿਨ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਕਰਨ ਵਾਲੇ ਫ਼ਲੀਟਾਂ ਤੋਂ ਡਰਾਈਵਰ ਇੰਕ. ਨੂੰ 35% ਘੱਟ ਤਨਖ਼ਾਹ ਅਦਾ ਕਰਨੀ ਪੈਂਦੀ ਹੈ, ਇਸ ਲਾਭ ਨੂੰ ਉਹ ਆਪਣੇ ਰੇਟ ਘੱਟ ਕਰਨ ਲਈ ਵਰਤਦੇ ਹਨ। ਇਸ ਦਰਮਿਆਨ ਡਰਾਈਵਰਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਜ਼ਿਆਦਾ ਪੈਸਾ ਕਮਾ ਰਹੇ ਹਨ।
ਫ਼ੋਰਟਿਨ ਨੇ ਕਿਹਾ, ‘‘ਉਹ ਟੈਕਸ ਅਦਾ ਨਹੀਂ ਕਰਦੇ।’’ ਉਨ੍ਹਾਂ ਡਰਾਈਵਰਾਂ ਨੂੰ ਵੀ ਚੇਤਾਵਨੀ ਦਿੱਤੀ, ‘‘ਤੁਸੀਂ ਸਾਲ ਦੇ ਅਖ਼ੀਰ ’ਚ ਫੜੇ ਜਾਓਗੇ।’’
ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਦੇ ਚੇਅਰਮੈਨ ਵੈਂਡਲ ਅਰਬ ਨੇ ਕਿਹਾ, ‘‘ਜਦੋਂ ਤੁਹਾਡੇ ਕੋਲ ਡਰਾਈਵਰ ਇੰਕ. ਕਰਕੇ ਮੁਕਾਬਲੇਬਾਜ਼ੀ ’ਚ ਲਾਭ ਹੁੰਦਾ ਹੈ ਤਾਂ ਅਜਿਹਾ ਨਹੀਂ ਹੁੰਦਾ ਕਿ ਇਹ ਕੈਰੀਅਰ ਉਸੇ ਦਰ ’ਤੇ ਅਮੀਰ ਬਣਦੇ ਹਨ ਜੋ ਅਸੀਂ ਪ੍ਰਾਪਤ ਕਰਦੇ ਹਾਂ – ਪਰ ਉਨ੍ਹਾਂ ਨੂੰ ਸ਼ਿੱਪਰਸ ਤੋਂ ਜ਼ਿਆਦਾ ਠੇਕੇ ਮਿਲਦੇ ਹਨ।’’ ਕਈ ਵਾਰੀ ਤਾਂ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਅਰਬ ਟਰਾਂਸਪੋਰਟ ਦੀਆਂ ਬੋਲੀਆਂ ਜਿੱਤਣ ਵਾਲੀਆਂ ਬੋਲੀਆਂ ਤੋਂ 50% ਵੱਧ ਸਨ।
ਸ਼ਿੱਪਰਸ ਸ਼ਾਇਦ ਮੁੱਲਭਾਅ ਕਰਨ ਦੀ ਰਣਨੀਤੀ ਕਰਕੇ ਕੀਮਤ ਵਧਾ ਕੇ ਦੱਸ ਰਹੇ ਹੋਣ ਪਰ ਮੁਕਾਬਲੇਬਾਜ਼ ਸਾਫ਼ ਤੌਰ ’ਤੇ ਦਰਾਂ ’ਚ ਕਟੌਤੀ ਕਰ ਰਹੇ ਹਨ।
ਅਰਬ ਨੂੰ ਯਕੀਨ ਹੈ ਕਿ ਡਬਲਿਊ.ਐੱਸ.ਆਈ.ਬੀ. ਇਨਫ਼ੋਰਸਮੈਂਟ ਨੇ ਪਹਿਲਾਂ ਹੀ ਅਜਿਹੀ ‘ਧਮਾਕੇਦਾਰ ਤਰੱਕੀ’ ’ਤੇ ਲਗਾਮ ਲਾ ਦਿੱਤੀ ਹੈ ਜੋ ਕਿ ਡਰਾਈਵਰ ਇੰਕ. ਅਪਨਾਉਣ ਵਾਲੇ ਫ਼ਲੀਟਸ ’ਚ ਵੇਖੀ ਗਈ ਸੀ। ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਿਰ ਵੀ ਇਹ ਕੰਮ ਰੁਕਿਆ ਨਹੀਂ ਹੈ।
ਰੂਪ ਬਦਲਦੀ ਰੂਪੋਸ਼ ਆਰਥਿਕਤਾ
ਲੈਸਕੋਅਸਕੀ ਨੇ ਕਿਹਾ ਕਿ ਕਈ ਡਰਾਈਵਰ ਭਰਤੀ ਕਰਨ ਵਾਲੇ ਇਸ਼ਤਿਹਾਰਾਂ ’ਚ ਜੀ.ਐਸ.ਟੀ. ਅਤੇ ਐਚ.ਐਸ.ਟੀ. ਬੱਚਤ ਵਾਲੇ ਸ਼ਬਦਾਂ ਨੂੰ ਹਟਾ ਦਿੱਤਾ ਗਿਆ ਹੈ, ਉਨ੍ਹਾਂ ਇਹ ਵੀ ਮੰਨਿਆ ਕਿ ਅਜਿਹੇ ਵਾਅਦੇ ਟੈਕਸ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ।
ਉਨ੍ਹਾਂ ਕਿਹਾ, ‘‘ਉਹ ਹੁਣ ਇਸ ਬਾਰੇ ਘੱਟ ਉਤਸ਼ਾਹਿਤ ਹਨ।’’ ਹੁਣ ਭਰਤੀਕਰਤਾ ਇਸ ਮੁੱਦੇ ਨੂੰ ਕਾਰੋਬਾਰ ਕਰਨ ਦੇ ਨਵੇਂ ਤਰੀਕੇ ਵਜੋਂ ਪ੍ਰਚਾਰਿਤ ਨਹੀਂ ਕਰਦੇ।
ਫਿਰ ਵੀ ਅਰਬ ਦਾ ਮੰਨਣਾ ਹੈ ਇਸ ਮੁੱਦੇ ਤੇ ਹੋਰ ਵੀ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ, ‘‘ਇਨ੍ਹਾਂ ਯੋਜਨਾਵਾਂ ਦੇ ਢਾਂਚੇ ਬਹੁਤ ਗੁੰਝਲਦਾਰ ਹੁੰਦੇ ਹਨ, ਅਤੇ ਮੈਨੂੰ ਯਕੀਨ ਹੈ ਕਿ ਵੱਡੀ ਤਬਦੀਲੀ ਆਉਣ ਦੇ ਨਾਲ ਹੀ ਉਹ ਹੋਰਨਾਂ ਤੋਂ ਅੱਗੇ ਰਹਿਣ ਲਈ ਨਵੇਂ ਤਰੀਕੇ ਲੱਭਣ ਲੱਗੇ ਹਨ।’’
ਜੌਨ ਜੀ. ਸਮਿੱਥ ਵੱਲੋਂ