ਫੈਡਰਲ ਸਰਕਾਰ ਵੱਲੋਂ ਸ਼੍ਰੇਣੀ 8 ਇਲੈਕਟ੍ਰਿਕ ਟਰੱਕ ਲਈ 150,000 ਡਾਲਰ ਤੱਕ ਦੀ ਫੰਡਿੰਗ ਦਾ ਐਲਾਨ
ਕੈਨੇਡਾ ਦੀ ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਚਾਰ ਸਾਲਾਂ ਅੰਦਰ ਇਲੈਕਟ੍ਰਿਕ ਅਤੇ ਰਵਾਇਤੀ ਫ਼ਿਊਲ ’ਤੇ ਚੱਲਣ ਵਾਲੇ ਟਰੱਕਾਂ ਵਿਚਕਾਰ ਕੀਮਤ ਦੇ ਫ਼ਰਕ ਨੂੰ ਅੱਧਾ ਕਰਨ ਲਈ 550 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।
ਮੀਡੀਅਮ- ਅਤੇ ਹੈਵੀ-ਡਿਊਟੀ ਸਿਫ਼ਰ-ਉਤਸਰਜਨ ਵਹੀਕਲ ਪ੍ਰੋਗਰਾਮ ਲਈ ਇੰਸੈਂਟਿਵ (ਵਿੱਤੀ ਮੱਦਦ) ’ਚ ਹਰ ਖ਼ਰੀਦੇ ਗਏ ਸ਼੍ਰੇਣੀ 8 ਟਰੱਕ ’ਤੇ 100,000 ਡਾਲਰ ਤੋਂ 150,000 ਡਾਲਰ ਦੀ ਰਕਮ ਦਿੱਤੀ ਜਾਵੇਗੀ। ਇਨ੍ਹਾਂ ’ਚੋਂ ਵੱਡੀ ਰਕਮ 350 ਕਿੱਲੋਵਾਟ ਪਾਵਰ ਤੋਂ ਵੱਧ ਵਾਲੀਆਂ ਗੱਡੀਆਂ ਨੂੰ ਹੀ ਮਿਲੇਗੀ। ਸ਼੍ਰੇਣੀ 6 ਅਤੇ 7 ਇਕਾਈਆਂ ਲਈ 100,000 ਡਾਲਰ ਦੀ ਰਕਮ ਦਿੱਤੀ ਜਾਵੇਗੀ, ਜਦਕਿ ਸ਼੍ਰੇਣੀ 4 ਅਤੇ 5 ਲਈ 75,000 ਡਾਲਰ ਦੀ ਮੱਦਦ ਦਿੱਤੀ ਜਾਵੇਗੀ। ਸ਼੍ਰੇਣੀ 3 ਵੈਨਾਂ ਦਾ ਬਦਲ ਅਪਨਾਉਣ ਵਾਲਿਆਂ ਨੂੰ 40,000 ਡਾਲਰ ਦੀ ਵਿੱਤੀ ਮੱਦਦ ਦਿੱਤੀ ਜਾਵੇਗੀ, ਅਤੇ ਸ਼੍ਰੇਣੀ 2ਬੀ ਗੱਡੀਆਂ, ਜਿਵੇਂ ਸਟੈੱਪ ਵੈਨਾਂ ਨੂੰ 10,000 ਡਾਲਰ ਦਾ ਲਾਭ ਮਿਲੇਗਾ।

11 ਜੁਲਾਈ ਤੋਂ ਲੈ ਕੇ ਵਿਅਕਤੀਗਤ ਕਾਰੋਬਾਰਾਂ ਅਤੇ ਸਰਕਾਰੀ ਫ਼ਲੀਟਸ ਨੂੰ 10 ਇੰਸੈਂਟਿਵ ਜਾਂ ਵੱਧ ਤੋਂ ਵੱਧ 1 ਮਿਲੀਅਨ ਡਾਲਰ ਹਰ ਸਾਲ ਮਿਲ ਸਕਣਗੇ।
ਸ਼੍ਰੇਣੀ 7 ਅਤੇ 8 ਬੱਸਾਂ 200,000 ਡਾਲਰ ਦੇ ਇੰਸੈਂਟਿਵ ਪ੍ਰਾਪਤ ਕਰਨ ਦੇ ਯੋਗ ਹੋਣਗੇ।
ਜੇਕਰ ਪ੍ਰਦਰਸ਼ਨੀ ਗੱਡੀਆਂ 10,000 ਕਿੱਲੋਮੀਟਰ ਤੋਂ ਵੱਧ ਨਹੀਂ ਚੱਲੀਆਂ ਹਨ ਤਾਂ ਉਨ੍ਹਾਂ ਲਈ ਵੀ ਵਿੱਤੀ ਮੱਦਦ ਮਿਲ ਸਕਦੀ ਹੈ।
ਇਨ੍ਹਾਂ ਫ਼ੰਡਾਂ ਨੂੰ ਵੰਡਣ ਦਾ ਵਾਅਦਾ 2022 ਦੇ ਫ਼ੈਡਰਲ ਬਜਟ ’ਚ ਕੀਤਾ ਗਿਆ ਸੀ, ਅਤੇ ਵੇਰਵਾ ਸੋਮਵਾਰ ਨੂੰ ਈ.ਵੀ. ਵੀਕ ਦੌਰਾਨ ਨਸ਼ਰ ਹੋਇਆ।
ਫ਼ੈਡਰਲ ਫ਼ੰਡਿੰਗ ਪਹਿਲਾਂ ਤੋਂ ਮੌਜੂਦ ਪ੍ਰੋਵਿੰਸ਼ੀਅਲ ਜਾਂ ਟੈਰੀਟੋਰੀਅਲ ਇੰਸੈਂਟਿਵ ਤੋਂ ਇਲਾਵਾ ਹੋਣਗੇ ਅਤੇ ਸਰਕਾਰ ਅਨੁਸਾਰ ਇਸ ਨਾਲ 2026 ’ਚ ਸੰਭਾਵਤ 200,000 ਟਨ ਗ੍ਰੀਨਹਾਊਸ ਗੈਸਾਂ ਦਾ ਉਤਸਰਜਨ ਪ੍ਰਤੀ ਸਾਲ ਘੱਟ ਹੋਵੇਗਾ, ਜੋ ਕਿ 2030 ਤੱਕ ਵੱਧ ਕੇ 3 ਮਿਲੀਅਨ ਟਨ ਹੋ ਜਾਵੇਗਾ।
ਬੀ.ਸੀ., ਕਿਊਬੈੱਕ, ਅਟਲਾਂਟਿਕ ਕੈਨੇਡਾ, ਯੂਕੋਨ ਅਤੇ ਉੱਤਰੀ-ਪੱਛਮੀ ਟੈਰੀਟੋਰੀਜ਼ ਉਹ ਅਧਿਕਾਰ ਖੇਤਰਾਂ ਹਨ ਜੋ ਕਿ ਸਿਫ਼ਰ ਉਤਸਰਜਨ ਗੱਡੀਆਂ ਲਈ ਵੱਖ ਤੋਂ ਇੰਸੈਂਟਿਵ ਦਿੰਦੇ ਹਨ। ਓਂਟਾਰਓ ਨੇ 2018 ’ਚ ਪਹਿਲਾਂ ਤੋਂ ਮੌਜੂਦ ਛੋਟ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੀ।
ਲਾਹੇਵੰਦ ਸਾਬਤ ਹੋਣਗੇ ਇੰਸੈਂਟਿਵ
ਟਰਾਂਸਪੋਰਟ ਮੰਤਰੀ ਓਮਰ ਐਲਗਾਬਰਾ ਨੇ ਇੱਕ ਸੰਬੰਧਤ ਪ੍ਰੈੱਸ ਬਿਆਨ ’ਚ ਕਿਹਾ, ‘‘ਕੈਨੇਡੀਅਨ ਕਾਰੋਬਾਰਾਂ ਅਤੇ ਭਾਈਚਾਰਿਆਂ ਨੂੰ ਸਿਫ਼ਰ ਉਤਸਰਜਨ ਗੱਡੀਆਂ ਅਪਨਾਉਣ ’ਚ ਮੱਦਦ ਕਰਨਾ ਸਾਰਿਆਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਨਾਲ ਸਾਡੀ ਹਵਾ ਸਾਫ਼ ਰਹਿੰਦੀ ਹੈ, ਲੋਕਾਂ ਦਾ ਫ਼ਿਊਲ ’ਤੇ ਖ਼ਰਚ ਘੱਟ ਹੁੰਦਾ ਹੈ, ਨਾਲ ਹੀ ਕੈਨੇਡਾ ਇਨ੍ਹਾਂ ਗੱਡੀਆਂ ਦੇ ਨਿਰਮਾਣ ਅਤੇ ਚਲਾਉਣ ਦੇ ਮਾਮਲੇ ’ਚ ਮੋਢੀ ਵੀ ਬਣੇਗਾ।’’
‘‘ਅੱਜ ਦਾ ਐਲਾਨ ਇਹ ਯਕੀਨੀ ਕਰਦਾ ਹੈ ਕਿ ਸਾਡੇ ਭਾਈਚਾਰੇ ਦੇ ਕੈਨੇਡੀਅਨ ਕਾਰੋਬਾਰਾਂ ਅਤੇ ਲੀਡਰਾਂ ਕੋਲ ਆਪਣੇ ਫ਼ਲੀਟਸ ਨੂੰ ਸਿਫ਼ਰ ਉਤਸਰਜਨ ਗੱਡੀਆਂ ’ਚ ਬਦਲਣ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਿਕਲਪ ਮੌਜੂਦ ਹਨ।’’
ਕੁਦਰਤੀ ਸਰੋਤਾਂ ਦੇ ਮੰਤਰੀ ਜੋਨਾਥਨ ਵਿਲਕਿਨਸਨ ਨੇ ਕਿਹਾ ਕਿ ਸਰਕਾਰ ਨੇ 2015 ਤੋਂ ਲੈ ਕੇ ਹੁਣ ਤਕ ਇਲੈਕਟ੍ਰਿਕ ਗੱਡੀਆਂ ਅਤੇ ਚਾਰਜਿੰਗ ਮੁਢਲੇ ਢਾਂਚੇ ’ਚ 1 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰੀ ਸਟੀਵਨ ਗਿੱਲਬੋ ਨੇ ਕਿਹਾ, ‘‘ਵੱਧ ਤੋਂ ਵੱਧ ਇਲੈਕਟਿ੍ਰਕਲ ਗੱਡੀਆਂ ਹੁਣ ਮਹਿੰਗੀਆਂ ਨਹੀਂ ਰਹੀਆਂ ਅਤੇ ਸਾਡੇ ਇੰਸੈਂਟਿਵ ਇਨ੍ਹਾਂ ਗੱਡੀਆਂ ਨੂੰ ਖ਼ਰੀਦਣ ਦੇ ਕਿਸੇ ਵੀ ਚਾਹਵਾਨ ਨੂੰ ਪੱਕਾ ਫ਼ੈਸਲਾ ਲੈਣ ਲਈ ਪ੍ਰੇਰਿਤ ਕਰਨਗੇ।’’
ਫ਼ੈਡਰਲ ਸਰਕਾਰ ਨੇ 2050 ਤੱਕ ਸਿਫ਼ਰ ਉਤਸਰਜਨ ਦਾ ਟੀਚਾ ਹਾਸਲ ਕਰਨ ਲਈ ਪਹਿਲਾਂ 9.1 ਅਰਬ ਡਾਲਰ ਦੀ ਉਤਸਰਜਨ ਕਟੌਤੀ ਯੋਜਨਾ ਦਾ ਐਲਾਨ ਕੀਤਾ ਸੀ।
ਮਾਰਚ ’ਚ ਨਸ਼ਰ ਕੀਤੇ ਟੀਚਿਆਂ ਹੇਠ 2030 ਤਕ ਸਿਫ਼ਰ ਉਤਸਰਜਨ ਗੱਡੀਆਂ ਦੀ ਵਿਕਰੀ ਕੁੱਲ ਮੀਡੀਅਮ- ਅਤੇ ਹੈਵੀ-ਡਿਊਟੀ ਟਰੱਕਾਂ ਦੀ ਵਿਕਰੀ ਦਾ 35% ਹੋਣੀ ਚਾਹੀਦੀ ਹੈ। ਜਿੱਥੇ ਵੀ ਹੋ ਸਕਦਾ ਹੈ, ਕੁੱਝ ਖੇਤਰਾਂ ’ਚ ਵੇਚੀਆਂ ਸਾਰੀਆਂ ਗੱਡੀਆਂ ਲਾਜ਼ਮੀ ਤੌਰ ’ਤੇ 2040 ਤੱਕ ਸਿਫ਼ਰ ਉਤਸਰਜਨ ਡਿਜ਼ਾਈਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ।
ਇਹ ਪੂਰੇ ਉੱਤਰੀ ਅਮਰੀਕਾ ’ਚ ਸਭ ਤੋਂ ਉੱਚੇ ਟੀਚੇ ਹਨ। ਕੈਲੇਫ਼ੋਰਨੀਆ 2030 ਤੱਕ ਸਾਰੇ ਨਵੇਂ ਮੀਡੀਅਮ- ਅਤੇ ਹੈਵੀ-ਡਿਊਟੀ ਟਰੱਕਾਂ ਦਾ 30% ਸਿਫ਼ਰ ਉਤਰਜਨ ਵਾਲੇ ਚਾਹੁੰਦਾ ਹੈ।
ਤਾਜ਼ਾ ਫ਼ੈਡਰਲ ਬਜਟ ’ਚ ਪਹਿਲਾਂ ਤੋਂ ਸੜਕਾਂ ’ਤੇ ਚਲ ਰਹੇ ਵੱਡੇ ਟਰੱਕਾਂ ਨੂੰ ਰੈਟਰੋਫ਼ਿੱਟ ਕਰਨ ਲਈ 199.6 ਮਿਲੀਅਨ ਡਾਲਰ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਹੋਰ 33.8 ਮਿਲੀਅਨ ਡਾਲਰ ਹਾਈਡ੍ਰੋਜਨ- ਇਲੈਕਟ੍ਰਿਕ ਟਰੱਕਾਂ ਦੇ ਪ੍ਰਦਰਸ਼ਨ ਵਾਲੇ ਪ੍ਰਾਜੈਕਟਾਂ ਨੂੰ ਦਿੱਤੇ ਜਾਣਗੇ, ਤਾਂ ਕਿ ਲੋਂਗਹੌਲ ਟਰੱਕਾਂ ’ਤੇ ਲਾਗੂ ਹੁੰਦੇ ਤਕਨੀਕੀ ਮਾਨਕਾਂ ਵਰਗੀਆਂ ਰੋਕਾਂ ਨੂੰ ਖ਼ਤਮ ਕੀਤਾ ਜਾ ਸਕੇ।
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਇੱਕ ਬਿਆਨ ’ਚ ਕਿਹਾ, ‘‘ਵਧਦੀ ਮਹਿੰਗਾਈ ਦੇ ਦਬਾਅ ਅਤੇ ਫ਼ਿਊਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸੀ.ਟੀ.ਏ. ਫ਼ੈਡਰਲ ਅਧਿਕਾਰੀਆਂ ਨਾਲ ਅਜਿਹੇ ਪ੍ਰੋਗਰਾਮਾਂ ਦਾ ਵਿਕਾਸ ਕਰਨ ’ਤੇ ਚਰਚਾ ਕਰ ਰਿਹਾ ਹੈ ਜੋ ਕਿ ਉਦਯੋਗ ਨੂੰ ਗ੍ਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਦੇ ਲਾਭ ਤੁਰੰਤ ਦੇਵੇਗਾ। ਇਨ੍ਹਾਂ ’ਚ ਅਜਾਈਂ ਗੱਡੀ ਦਾ ਚੱਲਣਾ ਘੱਟ ਕਰਨ ਅਤੇ ਰੈਫ਼ਰੀਜਿਰੇਟਿਡ ਟਰੇਲਰਾਂ ਨਾਲ ਪੈਦਾ ਹੁੰਦੇ ਉਤਸਰਜਨ ਨੂੰ ਘੱਟ ਕਰਨ ਵਾਲੀਆਂ ਤਕਨਾਲੋਜੀਆਂ ਅਤੇ ਬਲਕ ਕੈਰੀਅਰਸ ਨਾਲ ਮਿਲ ਕੇ ਇਨ੍ਹਾਂ ਡਿਲੀਵਰੀਆਂ ਨੂੰ ਵੱਧ ਵਾਤਾਵਰਣ ਹਿਤੈਸ਼ੀ ਬਣਾਉਣਾ ਸ਼ਾਮਲ ਹੈ।’’