ਬਰੇਕ ਸੁਰੱਖਿਆ ਹਫ਼ਤੇ ਦੌਰਾਨ ਹੌਜ਼ ਅਤੇ ਟਿਊਬਿੰਗ ’ਤੇ ਰਹੇਗਾ ਧਿਆਨ ਦਾ ਕੇਂਦਰ
22-28 ਅਗੱਸਤ ਦੌਰਾਨ ਮਨਾਏ ਜਾ ਰਹੇ ਬਰੇਕ ਸੁਰੱਖਿਆ ਹਫ਼ਤੇ ਦੌਰਾਨ ਕਮਰਸ਼ੀਅਲ ਵਹੀਕਲ ਇੰਸਪੈਕਟਰਾਂ ਦੇ ਧਿਆਨ ਦਾ ਮੁੱਖ ਕੇਂਦਰ ਬਰੇਕ ਹੌਜ਼ ਅਤੇ ਟਿਊਬਿੰਗ ’ਤੇ ਰਹੇਗਾ।
ਇਸ ਵਿਸ਼ੇਸ਼ ਧਿਆਨ ਦੇ ਕੇਂਦਰ ਨਾਲ ਸੰਬੰਧਤ ਕੁੱਝ ਨਤੀਜੇ ਇਸ ਸਾਲ ਦੇ ਅਖ਼ੀਰ ’ਚ ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਵੱਲੋਂ ਜਾਰੀ ਕੀਤੇ ਜਾਣਗੇ।

ਬਰੇਕ ਨਾਲ ਸੰਬੰਧਤ ਕਾਨੂੰਨਾਂ ਦੀ ਉਲੰਘਣਾ ਕਮਰਸ਼ੀਅਲ ਉਪਕਰਨਾਂ ਦੇ ਸੇਵਾ ਤੋਂ ਬਾਹਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ। ਪਿਛਲੇ ਸਾਲ ਦੇ ਬਰੇਕ ਸੁਰੱਖਿਆ ਹਫ਼ਤੇ ਦੌਰਾਨ ਜਾਂਚ ਕੀਤੀਆਂ ਗਈਆਂ 43,565 ਗੱਡੀਆਂ ’ਚੋਂ 12% ਗੱਡੀਆਂ ਨੂੰ ਬਰੇਕ ਦੀਆਂ ਸਮੱਸਿਆਵਾਂ ਕਰਕੇ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ ਸੀ।
2020 ਦੇ ਰੋਡਚੈੱਕ ਇੰਸਪੈਕਸ਼ਨ ਬਲਿਟਜ਼ ਦੌਰਾਨ ਕੁੱਲ ਸੇਵਾ ਤੋਂ ਬਾਹਰ ਕੀਤੀਆਂ ਗਈਆਂ ਗੱਡੀਆਂ ’ਚੋਂ 38.6% ਬਰੇਕ ਸਿਸਟਮ ਅਤੇ ਬਰੇਕ ਅਡਜਸਟਮੈਂਟ ਕਰਕੇ ਸਨ।
ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ (ਐਫ਼.ਐਮ.ਸੀ.ਐਸ.ਏ.) ਅਨੁਸਾਰ ਕਮਰਸ਼ੀਅਲ ਮੋਟਰ ਗੱਡੀਆਂ ਅਤੇ ਪੈਸੰਜਰ ਗੱਡੀਆਂ ਦੀਆਂ ਟੱਕਰਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਬਰੇਕ ਸਿਸਟਮ ਦਾ ਖ਼ਰਾਬ ਹੋਣਾ ਹੈ। ਰੈਗੂਲੇਟਰ ਦੇ 2020 ਦੇ ਮੋਟਰ ਕੈਰੀਅਰ ਮੈਨੇਜਮੈਂਟ ਸੂਚਨਾ ਸਿਸਟਮ ’ਚ ਗੱਡੀਆਂ ਨਾਲ ਸੰਬੰਧਤ ਕਾਨੂੰਨਾਂ ਦੀਆਂ ਪਹਿਲੀਆਂ 20 ਉਲੰਘਣਾਵਾਂ ’ਚੋਂ 8 ਬਰੇਕ ਨਾਲ ਸੰਬੰਧਤ ਰਹੀਆਂ।
ਅਗੱਸਤ ਨੂੰ ਬਰੇਕ ਸੁਰੱਖਿਆ ਜਾਗਰੂਕਤਾ ਮਹੀਨਾ ਵੀ ਮੰਨਿਆ ਜਾਂਦਾ ਹੈ।