ਬੇਧਿਆਨੇ ਟਰੱਕਰ ਘੱਟ ਸੁਰੱਖਿਅਤ : ਅਧਿਐਨ

ਇੱਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਬੇਧਿਆਨੇ ਡਰਾਈਵਰ ਕੁੱਲ ਮਿਲਾ ਕੇ ਘੱਟ ਸੁਰੱਖਿਅਤ ਰਹਿੰਦੇ ਹਨ, ਕਾਫ਼ੀ ਜ਼ਿਆਦਾ ਮੁਢਲੀਆਂ ਡਰਾਈਵਿੰਗ ਗ਼ਲਤੀਆਂ ਕਰਦੇ ਹਨ, ਅਤੇ ਬਾਕੀ ਸਾਰੇ ਡਰਾਈਵਰਾਂ ਮੁਕਾਬਲੇ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹਨ।

ਸੋਲੇਰਾ ਦੀ ਇੱਕ ਕੰਪਨੀ ਓਮਨੀਟਰੈਕਸ ਨੇ ਪਿਛਲੇ ਹਫ਼ਤੇ ਟਰੱਕਿੰਗ ਉਦਯੋਗ ’ਚ ਬੇਧਿਆਨੇ ਡਰਾਈਵਰਾਂ ਬਾਰੇ ਨਵਾਂ ਅਧਿਐਨ ਪ੍ਰਕਾਸ਼ਤ ਕੀਤਾ ਹੈ। ਇਸ ਅਧਿਐਨ ਨੂੰ ਸਮਾਰਟਡਰਾਈਵ ਵੀਡੀਓ-ਅਧਾਰਤ ਐਨਾਲੀਟਿਕਸ ਪਲੇਟਫ਼ਾਰਮ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਮੁਕੰਮਲ ਕੀਤਾ ਗਿਆ ਹੈ, ਜਿਸ ਨਾਲ ਫ਼ਲੀਟਸ ਨੂੰ ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਨਾਲ ਜੁੜੇ ਸੰਚਾਲਾਨਾਤਮਕ ਖ਼ਤਰਿਆਂ ਦੀ ਸਮਝ ਲਗਦੀ ਹੈ ਅਤੇ ਇਸ ਨਾਲ ਸੰਬੰਧਤ ਖ਼ਤਰਿਆਂ ’ਤੇ ਵੀ ਰੌਸ਼ਨੀ ਪੈਂਦੀ ਹੈ।

(ਤਸਵੀਰ: ਓਮਨੀਟਰੈਕਸ)

ਓਮਨੀਟਰੈਕਸ ਦੇ ਟਰਾਂਸਪੋਰਟੇਸ਼ਨ ਬਾਰੇ ਜਨਰਲ ਮੈਨੇਜਰ ਜੇਸਨ ਪਾਲਮਰ ਨੇ ਕਿਹਾ, ‘‘ਸ਼ੁਰੂਆਤੀ ਰਾਸ਼ਟਰੀ ਸੁਰੱਖਿਆ ਕੌਂਸਲ (ਐਨ.ਐਸ.ਸੀ.) ਦੇ ਅੰਕੜੇ ਦਰਸਾਉਂਦੇ ਹਨ ਕਿ 2020 ’ਚ ਮੋਟਰ ਗੱਡੀਆਂ ਦੀਆਂ ਟੱਕਰਾਂ ’ਚ 42,060 ਵਿਅਕਤੀ ਮਾਰੇ ਗਏ।’’

‘‘ਇਹ ਅੰਕੜਾ 2019 ਤੋਂ 8% ਵੱਧ ਹੈ, ਅਤੇ 2020 ਅਜਿਹਾ ਸਾਲ ਸੀ ਜਦੋਂ ਮਹਾਂਮਾਰੀ ਕਰਕੇ ਲੋਕਾਂ ਨੇ ਬਹੁਤ ਘੱਟ ਡਰਾਈਵਿੰਗ ਕੀਤੀ। ਇਸ ਤੋਂ ਇਲਾਵਾ, ਪਿਛਲੇ 24 ਮਹੀਨਿਆਂ ਦੇ ਸਮੇਂ ਦੌਰਾਨ ਸੜਕਾਂ ’ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ 24% ਵੱਧ ਗਈ, ਭਾਵੇਂ ਡਰਾਈਵਿੰਗ ਕਰਨ ਦੇ ਮੀਲ 13% ਘਟੇ ਹਨ। ਬਦਕਿਸਮਤੀ ਨਾਲ ਬੇਧਿਆਨੇ ਹੋ ਕੇ ਡਰਾਈਵਿੰਗ ਕਰਨਾ ਅਜੇ ਵੀ ਮਹਾਂਮਾਰੀ ਬਣਿਆ ਹੋਇਆ ਹੈ।’’

ਕੈਬ ਅੰਦਰਲੀ ਵੀਡੀਓ ਦੀ ਸਮੀਖਿਆ ਕਰਨ ਨਾਲ ਅਤੇ 29 ਅਰਬ ਮੀਲਾਂ ਦੇ ਅੰਕੜਿਆਂ ਦੀ ਸਮੀਖਿਆ ਕਰਨ ਨਾਲ ਸਾਨੂੰ ਪਤਾ ਲਗਦਾ ਹੈ ਕਿ ਹੋਰਨਾਂ ਡਰਾਈਵਰਾਂ ਮੁਕਾਬਲੇ ਬੇਧਿਆਨੇ ਡਰਾਈਵਰਾਂ ਦੇ ਟੱਕਰ ਕੰਢੇ ਪੁੱਜਣ, ਚੌਰਾਹੇ ’ਤੇ ਗੱਡੀ ਰੋਕ ਸਕਣ, ਅਤੇ ਗਤੀ ਸੀਮਾ ਨੂੰ ਟੱਪ ਜਾਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਫ਼ਲੀਟਸ ਲਈ ਇਸ ਨਾਲ ਟੱਕਰਾਂ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਟੱਕਰ ਹੋ ਜਾਣ ਮਗਰੋਂ ਹੋਣ ਵਾਲਾ ਖ਼ਰਚਾ ਵੀ ਵੱਧ ਜਾਂਦਾ ਹੈ। ਅੰਕੜਿਆਂ ਤੋਂ ਇਸ ਗੱਲ ਦੀ ਵੀ ਪੁਸ਼ਟੀ ਹੁੰਦੀ ਹੈ ਕਿ ਮੋਬਾਈਲ ਉਪਕਰਨ ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਦਾ ਪ੍ਰਮੁੱਖ ਕਾਰਨ ਹਨ।

ਟਰੱਕਿੰਗ ਇੰਡਸਟਰੀ ਬਾਰੇ ਕੀਤੇ 12 ਮਹੀਨਿਆਂ ਦੇ ਅਧਿਐਨ ਵੱਲੋਂ ਜਾਰੀ ਰਿਪੋਰਟ ’ਚ ਜਿਨ੍ਹਾਂ ਪ੍ਰਮੁੱਖ ਗੱਲਾਂ ’ਤੇ ਚਾਨਣਾ ਪੈਂਦਾ ਹੈ ਉਹ ਮੋਬਾਈਲ ਉਪਕਰਨਾਂ ਦਾ ਪ੍ਰਯੋਗ ਕਰਨ ਵਾਲਿਆਂ ਸਮੇਤ ਬੇਧਿਆਨੇ ਡਰਾਈਵਰਾਂ ਨੂੰ ਹੋਰਨਾਂ ਤੋਂ ਵੱਖ ਕਰਦੀ ਹੈ।

(ਤਸਵੀਰ: ਓਮਨੀਟਰੈਕਸ)

ਵੀਡੀਓ ਸਮੀਖਿਆ ਨਾਲ ਤਸਦੀਕ ਇਹ ਨਤੀਜੇ ਸਾਬਤ ਕਰਦੇ ਹਨ ਕਿ ਬੇਧਿਆਨ ਹੋ ਕੇ ਡਰਾਈਵਿੰਗ ਦਾ ਟੱਕਰਾਂ ਨਾਲ ਅਤੇ ਲਗਭਗ ਹੋਣ ਵਾਲੀਆਂ ਟੱਕਰਾਂ ਨਾਲ ਸੰਬੰਧ ਹੈ, ਅਤੇ ਜ਼ਿਆਦਾਤਰ ਬੇਧਿਆਨੇ ਡਰਾਈਵਰ ਹੋਰਾਂ ਤੋਂ ਕਾਫ਼ੀ ਜ਼ਿਆਦਾ ਖ਼ਤਰਨਾਕ ਹੁੰਦੇ ਹਨ (ਅਤੇ ਉਹ ਸੀਟਬੈਲਟਾਂ ਵੀ ਘੱਟ ਹੀ ਲਾਉਂਦੇ ਹਨ)।

ਪ੍ਰਮੁੱਖ ਨਤੀਜਿਆਂ ’ਚ ਸ਼ਾਮਲ ਹਨ:

– ਜ਼ਿਆਦਾਤਰ ਬੇਧਿਆਨੇ ਡਰਾਈਵਰਾਂ ਦੀ ਲਗਭਗ ਹੋਣ ਜਾ ਰਹੀ ਟੱਕਰ ’ਚ ਸ਼ਮੂਲੀਅਤ ਦੀ ਦਰ ਬਾਕੀ ਸਾਰੇ ਡਰਾਈਵਰਾਂ ਤੋਂ 72% ਵਧ ਹੁੰਦੀ ਹੈ।

– ਮੋਬਾਈਲ ਫ਼ੋਨਾਂ ਕਰਕੇ ਬਹੁਤ ਜ਼ਿਆਦਾ ਬੇਧਿਆਨੇ ਹੋਏ ਡਰਾਈਵਰ ਵੱਲੋਂ ਕਿਸੇ ਟੱਕਰ ’ਚ ਸ਼ਾਮਲ ਹੋਣ ਦੀ ਸੰਭਾਵਨਾ ਦੁੱਗਣੀ ਹੁੰਦੀ ਹੈ।

– ‘ਸਭ ਤੋਂ ਜ਼ਿਆਦਾ ਬੇਧਿਆਨੇ’ ਪਛਾਣ ਕੀਤੇ ਗਏ ਡਰਾਈਵਰਾਂ ਵੱਲੋਂ ਰੁਕਣ ਦੇ ਸੰਕੇਤਾਂ ਅਤੇ ਟਰੈਫ਼ਿਕ ਲਾਈਟਾਂ ਨੂੰ ਟੱਪਣ ਦੀ ਸੰਭਾਵਨਾ ‘ਘੱਟ ਬੇਧਿਆਨੇ’ ਡਰਾਈਵਰਾਂ ਤੋਂ 2.7 ਗੁਣਾ ਵੱਧ ਹੁੰਦੀ ਹੈ।

– ਮੋਬਾਈਲ ਫ਼ੋਨਾਂ ਕਰਕੇ ਬਹੁਤ ਜ਼ਿਆਦਾ ਬੇਧਿਆਨੇ ਡਰਾਈਵਰ ਦੀ ਗਤੀ ਸੀਮਾ ਨੂੰ 10+ ਮੀਲ ਪ੍ਰਤੀ ਘੰਟਾ ਟੱਪ ਜਾਣ ਦੀਆਂ ਘਟਨਾਵਾਂ ਦੀ ਦਰ ‘ਘੱਟ ਬੇਧਿਆਨੇ’ ਡਰਾਈਵਰਾਂ ਨਾਲੋਂ 3.2 ਗੁਣਾ ਜ਼ਿਆਦਾ ਹੁੰਦੀ ਹੈ।

– ‘ਸਭ ਤੋਂ ਜ਼ਿਆਦਾ ਬੇਧਿਆਨੇ’ ਪਛਾਣੇ ਗਏ ਡਰਾਈਵਰ ‘ਘੱਟ ਬੇਧਿਆਨੇ’ ਡਰਾਈਵਰਾਂ ਨਾਲੋਂ 2.3 ਗੁਣਾ ਵੱਧ ਲੇਨ ਤੋਂ ਬਾਹਰ ਜਾਂਦੇ ਹਨ। ‘ਸਭ ਤੋਂ ਜ਼ਿਆਦਾ ਬੇਧਿਆਨੇ’ ਡਰਾਈਵਰਾਂ ਵੱਲੋਂ ਸੀਟਬੈਲਟ ਪਾਉਣ ਦੀ ਸੰਭਾਵਨਾ ਵੀ ‘ਘੱਟ ਬੇਧਿਆਨੇ’ ਡਰਾਈਵਰਾਂ ਨਾਲੋਂ ਤਿੰਨ ਗੁਣਾ ਘੱਟ ਹੈ।

 

ਸੁਰੱਖਿਆ ਲਈ ਨੁਕਤੇ

ਧਿਆਨ: ਧਿਆਨ ਪੂਰੀ ਤਰ੍ਹਾਂ ਡਰਾਈਵਿੰਗ ’ਤੇ ਰੱਖੋ। ਕਿਸੇ ਵੀ ਚੀਜ਼ ਕਰਕੇ ਤੁਹਾਡਾ ਧਿਆਨ ਭੰਗ ਨਹੀਂ ਹੋਣਾ ਚਾਹੀਦਾ, ਸੜਕ ’ਤੇ ਹਮੇਸ਼ਾ ਨਜ਼ਰ ਟਿਕਾਈ ਰੱਖੋ, ਸ਼ੀਸ਼ਿਆਂ ਦਾ ਪ੍ਰਯੋਗ ਕਰੋ ਅਤੇ ਪੈਦਲ ਤੁਰਨ ਵਾਲਿਆਂ ਤੇ ਸਾਈਕਲ ਚਲਾਉਣ ਵਾਲਿਆਂ ਪ੍ਰਤੀ ਚੌਕਸ ਰਹੋ।

ਐਮਰਜੈਂਸੀ ਵੇਲੇ: ਆਪਣੇ ਸੈੱਲ ਫ਼ੋਨ ਨੂੰ ਐਮਰਜੈਂਸੀ ਵੇਲੇ ਹੀ ਪ੍ਰਯੋਗ ਕਰੋ। ਹੈਂਡਸ-ਫ਼੍ਰੀ ਉਪਕਰਨ ਵੀ ਤੁਹਾਨੂੰ ਮਹੱਤਵਪੂਰਨ ਦਿ੍ਰਸ਼ ਵੇਖਣ ਅਤੇ ਆਵਾਜ਼ ਸੁਣਨ ਤੋਂ ਰੋਕ ਸਕਦੇ ਹਨ ਜਿਸ ਕਰਕੇ ਇਹ ਟੱਕਰ ਹੋਣ ਦਾ ਕਾਰਨ ਬਣ ਸਕਦਾ ਹੈ।

ਉਨੀਂਦਰੀ ਸਥਿਤੀ ’ਚ ਡਰਾਈਵਿੰਗ: ਜੇਕਰ ਤੁਸੀਂ ਉਨੀਂਦਰੇ ਹੋ, ਤਾਂ ਸੜਕ ਦੇ ਇੱਕ ਪਾਸੇ ਖੜ੍ਹ ਜਾਓ। ਉਨੀਂਦਰੀ ਸਥਿਤੀ ’ਚ ਟੱਕਰ ਹੋਣ ਦਾ ਖ਼ਤਰਾ ਚਾਰ ਗੁਣਾ ਵੱਧ ਜਾਂਦਾ ਹੈ। ਜੇਕਰ ਤੁਹਾਨੂੰ ਥਕਾਨ ਮਹਿਸੂਸ ਹੋ ਰਹੀ ਹੈ ਤਾਂ ਸੜਕ ਤੋਂ ਉਤਰ ਜਾਓ; ਘਰ ਤੇਜ਼ ਪਹੁੰਚਣ ਦੀ ਨਾ ਸੋਚੋ।

ਇੱਕੋ ਵੇਲੇ ਕਈ ਕੰਮ: ਇੱਕੋ ਵੇਲੇ ਕਈ ਕੰਮ ਕਰਨ ਦੀ ਕੋਸ਼ਿਸ਼ ਟਰੱਕ ਤੋਂ ਬਾਹਰ ਹੀ ਕਰੋ। ਆਪਣੇ ਦੁਆਲੇ ਸੜਕ ਅਤੇ ਡਰਾਈਵਰਾਂ ’ਤੇ ਧਿਆਨ ਰੱਖੋ। ਡਰਾਈਵਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਤਿਆਰੀ ਕਰ ਕੇ ਰੱਖੋ।

ਸੰਭਾਲ: ਟਰੱਕ ’ਚ ਰੁੜ੍ਹਦੇ ਪਏ ਲੂਜ਼ ਗੀਅਰ, ਵਿਅਕਤੀਗਤ ਸਾਮਾਨ ਅਤੇ ਹੋਰ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖੋ, ਤਾਂ ਕਿ ਡਰਾਈਵਿੰਗ ਕਰਦੇ ਸਮੇਂ ਤੁਹਾਨੂੰ ਇਹ ਚੀਜ਼ਾਂ ਸਾਂਭਣ ਦੀ ਇੱਛਾ ਨਾ ਮਹਿਸੂਸ ਹੋਵੇ।

ਐਡਜਸਟਮੈਂਟ: ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਰੀਆਂ ਐਡਜਸਟਮੈਂਟ ਕਰ ਲਓ।

ਪਹਿਰਾਵਾ: ਸੜਕ ’ਤੇ ਜਾਣ ਤੋਂ ਪਹਿਲਾਂ ਹੀ ਆਪਣਾ ਪਹਿਰਾਵਾ ਅਤੇ ਵਿਅਕਤੀਗਤ ਸਾਫ਼-ਸਫ਼ਾਈ ਮੁਕੰਮਲ ਕਰ ਲਓ।

ਖਾਣਾ: ਖਾਣੇ ਬਾਰੇ ਚੌਕਸ ਰਹੋ। ਜੇਕਰ ਸੰਭਵ ਹੈ ਤਾਂ ਆਪਣੇ ਸਫ਼ਰ ਤੋਂ ਪਹਿਲਾਂ ਜਾਂ ਬਾਅਦ ’ਚ ਭੋਜਨ ਕਰੋ, ਡਰਾਈਵਿੰਗ ਕਰਦੇ ਸਮੇਂ ਨਹੀਂ। ਸੜਕ ’ਤੇ ਅਜਿਹੇ ਭੋਜਨ ਨਾ ਲੈ ਕੇ ਜਾਓ ਜਿਨ੍ਹਾਂ ਨੂੰ ਸਾਂਭਣਾ ਮੁਸ਼ਕਲ ਹੋਵੇ।

ਹੋਰ ਕੰਮ: ਜੇਕਰ ਕਿਸੇ ਹੋਰ ਚੀਜ਼ ਨੂੰ ਤੁਹਾਡੇ ਧਿਆਨ ਦੀ ਜ਼ਰੂਰਤ ਹੈ ਤਾਂ ਇਸ ਨੂੰ ਡਰਾਈਵਿੰਗ ਸਮੇਂ ਕਰਨ ਦੀ ਬਜਾਏ, ਸੜਕ ਦੇ ਇੱਕ ਪਾਸੇ ਹੋ ਕੇ ਅਤੇ ਗੱਡੀ ਨੂੰ ਸੁਰੱਖਿਅਤ ਥਾਂ ’ਤੇ ਰੋਕ ਕੇ ਅੰਜਾਮ ਦਿਓ।