ਬ੍ਰੇਕ ਸੁਰੱਖਿਆ ਹਫ਼ਤੇ ਦੇ ਨਤੀਜੇ ਆਏ ਸਾਹਮਣੇ

Avatar photo

ਕੈਨੇਡੀਅਨ ਇਨਫ਼ੋਰਸਮੈਂਟ ਟੀਮਾਂ ਨੇ ਸਾਲਾਨਾ ਬ੍ਰੇਕ ਸੇਫ਼ਟੀ ਵੀਕ ਬਲਿਟਜ਼ ਦੌਰਾਨ ਬ੍ਰੇਕ ਨਾਲ ਸੰਬੰਧਤ ਸਮੱਸਿਆਵਾਂ ਲਈ ਜਾਂਚ ਕੀਤੀਆਂ ਗੱਡੀਆਂ ’ਚੋਂ 15.4% ਨੂੰ ਸੇਵਾ ਤੋਂ ਬਾਹਰ ਕਰ ਦਿੱਤਾ ਹੈ – ਜੋ ਕਿ ਅਮਰੀਕਾ ’ਚ ਦਰਜ ਦਰ 13.5% ਤੋਂ ਥੋੜ੍ਹਾ ਜ਼ਿਆਦਾ ਹੈ।

ਕੈਨੇਡਾ ’ਚ 1,903 ਕਮਰਸ਼ੀਅਲ ਗੱਡੀਆਂ ਦੀ ਜਾਂਚ ਕੀਤੀ ਗਈ ਸੀ, ਜਦਕਿ ਅਮਰੀਕਾ ’ਚ 28,694 ਗੱਡੀਆਂ ਦੀ ਜਾਂਚ ਹੋਈ।

ਇਸ ਉੱਤਰੀ ਅਮਰੀਕੀ ਪਹਿਲ ਨੂੰ ਅਗਸਤ 22-28 ਦੌਰਾਨ ਚਲਾਇਆ ਗਿਆ ਸੀ।

ਕੈਨੇਡਾ, ਅਮਰੀਕਾ ਅਤੇ ਮੈਕਸੀਕੋ ’ਚ ਕੁੱਲ ਮਿਲਾ ਕੇ ਬ੍ਰੇਕ ਹੌਜ਼ ਛੇਫ਼ਿੰਗ ਨਾਲ ਸੰਬੰਧਤ 5,667 ਉਲੰਘਣਾਵਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ’ਤੇ ਇਸ ਈਵੈਂਟ ਦੌਰਾਨ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ।

ਜ਼ਿਆਦਾਤਰ ਛੇਫ਼ਿੰਗ ਉਲੰਘਣਾਵਾਂ (82%) ਕਾਰਨ ਗੱਡੀਆਂ ਨੂੰ ਸੇਵਾ ਤੋਂ ਬਾਹਰ ਨਹੀਂ ਕੀਤਾ ਗਿਆ। ਕੈਨੇਡਾ ’ਚ ਇਨ੍ਹਾਂ 169 ਉਲੰਘਣਾਵਾਂ ’ਚੋਂ ਸਿਰਫ਼ 8% ’ਚ ਮਜ਼ਬੂਤੀਕਰਨ ਲਈ ਲਗਾਈ ਪਲਾਈ ਦਿੱਸ ਰਹੀ ਸੀ ਜੋ ਕਿ ਪੂਰੀ ਤਰ੍ਹਾਂ ਘਸੀ ਹੋਈ, ਟੁੱਟੀ ਜਾਂ ਕੱਟੀ ਹੋਈ ਸੀ। ਹੋਰ 9% ਗੱਡੀਆਂ ’ਚ ਇਹ ਏਨੀ ਘਸ ਚੁੱਕੀ ਸੀ ਕਿ ਇਹ ਅੰਦਰੂਨੀ ਰਬੜ ਪਲਾਈ ਦੀ ਮਜ਼ਬੂਤੀ ਲਈ ਲਗਾਈ ਪਲਾਈ ਤੱਕ ਚਲੀ ਗਈ ਸੀ।

ਬਲਿਟਜ਼ ਨਾਲ ਤਾਲਮੇਲ ਸਥਾਪਤ ਕਰਨ ਵਾਲੇ ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਦੇ ਪਰੈਜ਼ੀਡੈਂਟ ਜੌਨ ਬਰੋਅਰਸ ਨੇ ਕਿਹਾ, ‘‘ਠੀਕ ਤਰੀਕੇ ਨਾਲ ਕੰਮ ਕਰ ਰਹੀਆਂ ਬ੍ਰੇਕਾਂ ਇੱਕ ਬੁਰੇ ਹਾਦਸੇ ਤੋਂ ਬਚਾਅ ਕਰ ਸਕਦੀਆਂ ਹਨ।’’

ਯੂ.ਐਸ. ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ 2020 ’ਚ ਗੱਡੀਆਂ ਨਾਲ ਸੰਬੰਧਤ ਪ੍ਰਮੁੱਖ 20 ਉਲੰਘਣਾਵਾਂ ’ਚੋਂ 8 ਬ੍ਰੇਕਾਂ ਨਾਲ ਸੰਬੰਧਤ ਉਲੰਘਣਾਵਾਂ ਸਨ। ਮਈ ਦੌਰਾਨ ਚੱਲੇ ਤਿੰਨ ਦਿਨਾਂ ਦੇ ਰੋਡਚੈੱਕ ਇਨਫ਼ੋਰਸਮੈਂਟ ਬਲਿਟਜ਼ ਦੌਰਾਨ ਬ੍ਰੇਕ ਸਿਸਟਮ ਐਡਜਸਟਮੈਂਟ ਉਲੰਘਣਾਵਾਂ ਕਰਕੇ ਕਿਸੇ ਵੀ ਹੋਰ ਉਲੰਘਣਾ ਤੋਂ ਜ਼ਿਆਦਾ ਗੱਡੀਆਂ ਨੂੰ ਸੇਵਾ ਤੋਂ ਬਾਹਰ ਕੀਤਾ ਗਿਆ।