ਭੀੜ ਤੋਂ ਵੱਖ ਹਨ ਉਹ – ਚਾਰ ਦੱਖਣੀ ਏਸ਼ੀਆਈ ਔਰਤਾਂ ਦੀ ਕਹਾਣੀ

ਇਹ ਉਨ੍ਹਾਂ ਚਾਰ ਦੱਖਣੀ ਏਸ਼ੀਆਈ ਔਰਤਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਪੂਰੇ ਧੀਰਜ ਅਤੇ ਜਜ਼ਬੇ ਨਾਲ ਆਪਣੇ ਕਰੀਅਰ ‘ਚ ਵੱਡੀਆਂ ਉਚਾਈਆਂ ਨੂੰ ਛੂਹਿਆ।

 

ਮਾਨਸਿਕਤਾ ਦੀ ਸਿਖਲਾਈ

ਚਾਰ ਭੈਣਾਂ-ਭਰਾਵਾਂ ‘ਚੋਂ ਸਭ ਤੋਂ ਵੱਡੀ ਹੋਣ ਦੇ ਨਾਤੇ ਗੀਤੂ ਮਹਾਜਨ ਕੋਲ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ਜਦੋਂ ਉਸ ਦੇ ਪਿਤਾ ਦੀ ਅਚਾਨਕ 20 ਸਾਲ ਪਹਿਲਾਂ ਮੌਤ ਹੋ ਗਈ।

ਮਹਾਜਨ ਨੇ ਰੋਡ ਟੂਡੇ ਨੂੰ ਦਿੱਤੀ ਇੱਕ ਇੰਟਰਵਿਊ ‘ਚ ਕਿਹਾ, ”ਮੈਨੂੰ ਆਪਣੇ ਪਿਤਾ ਦੀ ਮੌਤ ਤੋਂ 18 ਦਿਨ ਬਾਅਦ ਹੀ ਕੰਮ ‘ਤੇ ਜਾਣਾ ਸ਼ੁਰੂ ਕਰਨਾ ਪਿਆ।” ਛੇਤੀ ਕੰਮ ਸ਼ੁਰੂ ਕਰਨ ਨਾਲ ਉਸ ‘ਚ ਆਤਮਵਿਸ਼ਵਾਸ ਅਤੇ ਆਜ਼ਾਦੀ ਦੀ ਭਾਵਨਾ ਜਾਗੀ।

ਅੱਜ, ਮਹਾਜਨ ਕੰਪਲਾਇਅੰਸ ਮੈਂਟੋਰਜ਼ ਦੀ ਸੀ.ਈ.ਓ. ਹੈ, ਜੋ ਬਰੈਂਪਟਨ, ਓਂਟਾਰੀਓ ‘ਚ ਅਧਾਰਤ ਕਮਰਸ਼ੀਅਲ ਸੁਰੱਖਿਆ ਸਲਾਹਕਾਰ ਕੰਪਨੀ ਹੈ ਜੋ ਕਿ ਟਰੱਕਿੰਗ ਕੰਪਨੀਆਂ ਨੂੰ ਜ਼ੋਖਮ ਪ੍ਰਬੰਧਨ ਹੱਲ ਮੁਹੱਈਆ ਕਰਵਾਉਂਦੀ ਹੈ।

ਉਹ ਅਲਬਰਟਾ ਸਰਕਾਰ ਲਈ ਰਾਸ਼ਟਰੀ ਸੁਰੱਖਿਆ ਕੋਡ (ਐਨ.ਐਸ.ਸੀ.) ਆਡੀਟਰ ਵੀ ਹੈ। ਤਾਮੀਲੀ ਦਾ ਸੁਨਹਿਰਾ ਮਾਨਕ ਕਹੇ ਜਾਣ ਵਾਲੇ ਐਨ.ਐਸ.ਸੀ. ‘ਚ ਕਮਰਸ਼ੀਅਲ ਗੱਡੀਆਂ ਅਤੇ ਡਰਾਈਵਰਾਂ ਲਈ 16 ਸੁਰੱਖਿਆ ਜ਼ਰੂਰਤਾਂ ਸ਼ਾਮਲ ਹਨ।

ਉਨ੍ਹਾਂ ਕਿਹਾ, ”ਮੇਰੇ ‘ਤੇ ਰੱਬ ਨੇ ਮੇਹਰ ਰੱਖੀ ਹੈ। ਮੈਂ ਆਪਣੇ ਭਾਈਚਾਰੇ ਦੀ (ਇਸ ਮਾਨਤਾ ਨੂੰ ਪ੍ਰਾਪਤ ਕਰਨ ਵਾਲੀ) ਇੱਕੋ-ਇੱਕ ਔਰਤ ਹਾਂ ।”

ਮਹਾਜਨ ਦੀ ਕੰਪਨੀ ਟਰੱਕਿੰਗ ਉਦਯੋਗ ਅਤੇ ਹੋਰ ਕਾਰੋਬਾਰਾਂ ਨੂੰ ਜ਼ੋਖ਼ਮ ਪ੍ਰਬੰਧਨ ਸਿਖਲਾਈ ਵੀ ਦਿੰਦੀ ਹੈ।

”ਲੋਕਾਂ ਨੂੰ ਸਿਖਲਾਈ ਦੇਣ ਅਤੇ ਮੁੜਸਿਖਲਾਈ ਦੇਣ ਦੀ ਜ਼ਰੂਰਤ ਹੁੰਦੀ ਹੈ। ਇਹ ਸਿਰਫ਼ ਪੇਸ਼ੇਵਰ ਨਹੀਂ ਬਲਕਿ ਮਾਨਸਿਕਤਾ ਦੀ ਸਿਖਲਾਈ ਹੁੰਦੀ ਹੈ।”

ਮਹਾਜਨ ਦਾ ਕਹਿਣਾ ਹੈ ਕਿ ਟਰੱਕਿੰਗ ‘ਚ ਜ਼ਿਆਦਾ ਔਰਤਾਂ ਹੋਣਾ ਚੰਗਾ ਰਹੇਗਾ ਕਿਉਂਕਿ ਉਸ ਨੂੰ ਲਗਦਾ ਹੈ ਕਿ ਉਹ ਆਮ ਤੌਰ ‘ਤੇ ਬਹੁਤ ਵਧੀਆ ਕੰਮ ਕਰਦੀਆਂ ਹਨ।

”ਮੈਨੂੰ ਲਗਦਾ ਹੈ ਕਿ ਔਰਤਾਂ ‘ਚ ਜ਼ਿਆਦਾ ਹਮਦਰਦੀ ਹੁੰਦੀ ਹੈ ਅਤੇ ਬਿਹਤਰ ਤਾਲਮੇਲ ਅਤੇ ਪ੍ਰਸ਼ਾਸਕੀ ਹੁਨਰ ਹੁੰਦੇ ਹਨ। ਸਾਨੂੰ ਜ਼ਿਆਦਾ ਔਰਤਾਂ ਦੀ ਜ਼ਰੂਰਤ ਹੈ।”

ਕੰਮਕਾਜ ਦੀਆਂ ਥਾਵਾਂ ‘ਤੇ ਤੰਗ-ਪ੍ਰੇਸ਼ਾਨ ਕਰਨ ਦੀ ਗੱਲ ਕਰੋ ਤਾਂ ਮਹਾਜਨ ਨੇ ਚੇਤਾਵਨੀ ਦਿੱਤੀ ਕਿ ਸਾਡੇ ਪਾਠਕਾਂ ਨੂੰ ਉਸ ਦਾ ਜਵਾਬ ਚੰਗਾ ਨਹੀਂ ਲੱਗੇਗਾ।

ਉਨ੍ਹਾਂ ਕਿਹਾ, ”ਮੈਨੂੰ ਲਗਦਾ ਹੈ ਕਿ ਕੋਈ ਤੁਹਾਨੂੰ ਪ੍ਰੇਸ਼ਾਨ ਨਹੀਂ ਕਰੇਗਾ ਜਦੋਂ ਤਕ ਕਿ ਤੁਸੀਂ ਅਜਿਹਾ ਨਹੀਂ ਚਾਹੁੰਦੇ। ਅਸੀਂ ਏਨੇ ਚੰਗੇ ਦੇਸ਼ ‘ਚ ਹਾਂ ਜਿੱਥੇ ਸਾਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ।”

ਕੰਮਕਾਜ ਦੀਆਂ ਥਾਵਾਂ ‘ਤੇ ਤੰਗ-ਪ੍ਰੇਸ਼ਾਨ ਹੋਣ ਤੋਂ ਬਚਣ ਲਈ ਉਨ੍ਹਾਂ ਦੀ ਸਲਾਹ ਹੈ ਕਿ ਪੇਸ਼ੇ ਨਾਲ ਆਪਣੀਆਂ ਭਾਵਨਾਵਾਂ ਨੂੰ ਨਾ ਰਲਾਵੋ।

 

ਅਜੇ ਤਕ ਤਾਂ ਟਰੱਕਰ

ਭਾਰਤ ‘ਚ ਪਲ ਕੇ ਵੱਡੀ ਹੋਈ ਨੌਜੁਆਨ ਕੁੜੀ ਜਸਸਿਮਰਨ ਸਿੱਧੂ ਨੇ ਪਾਈਲਟ ਬਣਨ ਦਾ ਸੁਪਨਾ ਵੇਖਿਆ ਸੀ।

ਉਨ੍ਹਾਂ ਕਿਹਾ, ”ਨੇੜ ਭਵਿੱਖ ‘ਚ ਮੇਰੀ ਫ਼ਲਾਇੰਗ ਸਕੂਲ ‘ਚ ਜਾਣ ਦੀ ਯੋਜਨਾ ਹੈ।”

ਹਾਲਾਂਕਿ ਅਜੇ ਉਹ ਟਰੱਕ ਡਰਾਈਵਰ ਦੀ ਨੌਕਰੀ ਕਰ ਕੇ ਹੀ ਖ਼ੁਸ਼ ਹੈ – ਜੋ ਕਿ ਕੋਈ ਛੋਟੀ ਪ੍ਰਾਪਤੀ ਨਹੀਂ ਹੈ, ਕਿਉਂਕਿ ਉਹ ਓਂਟਾਰੀਓ ‘ਚ ਟਰੱਕ ਡਰਾਈਵਰ ਵਜੋਂ ਕੰਮ ਕਰਨ ਵਾਲੀਆਂ ਕੁੱਝ ਕੁ ਦੱਖਣੀ ਏਸ਼ੀਆਈ ਔਰਤਾਂ ‘ਚੋਂ ਇੱਕ ਹੈ।

ਸਿੱਧੂ 2015 ‘ਚ ਕੈਨੇਡਾ ‘ਚ ਬਾਇਓਟੈਕਨਾਲੋਜੀ ਦੀ ਕੌਮਾਂਤਰੀ ਵਿਦਿਆਰਥੀ ਬਣ ਕੇ ਆਈ ਸੀ, ਪਰ ਉਸ ਨੇ ਆਪਣਾ ਵਿਚਾਰ ਬਦਲਿਆ ਅਤੇ ਦਫ਼ਤਰੀ ਪ੍ਰਸ਼ਾਸਨ ‘ਚ ਚਲੀ ਗਈ।

ਫਿਰ ਉਸ ਨੂੰ ਅਹਿਸਾਸ ਹੋਇਆ ਕਿ ਦਫ਼ਤਰ ‘ਚ ਕੰਮ ਕਰਨਾ ਉਸ ਨੂੰ ਚੰਗਾ ਨਹੀਂ ਲਗਦਾ।

ਉਸ ਨੇ ਕਿਹਾ, ”ਮੈਂ ਕੁੱਝ ਵੱਖ ਕਰਨਾ ਚਾਹੁੰਦੀ ਸੀ। ਮੈਂ ਹੋਰਾਂ ਤੋਂ ਵੱਖ ਦਿਸਣਾ ਚਾਹੁੰਦੀ ਸੀ ਅਤੇ ਮੇਰਾ ਜਨੂੰਨ ਹਮੇਸ਼ਾ ਵੱਖਰੇ ਤਰੀਕੇ ਦਾ ਕੰਮ ਕਰਨ ਅਤੇ ਚੁਨੌਤੀਆਂ ਸਰ ਕਰਨ ਦਾ ਸੀ।”

ਇਸੇ ਜਨੂੰਨ ਨੂੰ ਪੂਰਾ ਕਰਨ ਲਈ ਉਹ ਟਰੱਕਿੰਗ ‘ਚ ਆਈ ਅਤੇ ਉਹ 2017 ਤੋਂ ਲੈ ਕੇ ਡਰਾਈਵਰ ਵਜੋਂ ਕੰਮ ਕਰ ਰਹੀ ਹੈ।

”ਜਦੋਂ ਮੈਂ ਇਹ ਕੰਮ ਕਰਨਾ ਸ਼ੁਰੂ ਕੀਤਾ, ਤਾਂ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ ਪਰ ਸਮਾਜ ਨੇ ਮੇਰੀ ਹਮਾਇਤ ਨਹੀਂ ਕੀਤੀ। ਉਨ੍ਹਾਂ ਕਿਹਾ, ‘ਕੁੜੀਆਂ ਲਈ ਇਹ ਕੰਮ ਮੂਰਖਾਨਾ ਹੈ।”’

ਇਸ ਤੋਂ ਉਲਟ ਉਸ ਨੂੰ ਲਗਦਾ ਹੈ ਕਿ ਇਹ ਬਹੁਤ ਦਿਲਚਸਪ ਕਰੀਅਰ ਹੈ। ਉਸ ਨੂੰ ਇਸ ‘ਚ ਮਿਲਣ ਵਾਲੀ ਆਜ਼ਾਦੀ ਅਤੇ ਲਚੀਲਾਪਨ ਚੰਗਾ ਲਗਦਾ ਹੈ।

”ਇਹ ਬਹੁਤ ਚੰਗਾ ਹੈ ਅਤੇ ਤੁਹਾਨੂੰ ਕਿਸੇ ਹੇਠਾਂ ਰਹਿ ਕੇ ਕੰਮ ਨਹੀਂ ਕਰਨਾ ਪੈਂਦਾ।”

ਇਸ ਤੋਂ ਇਲਾਵਾ ਉਸ ਨੂੰ ਸਫ਼ਰ ਕਰਨਾ ਅਤੇ ਲੋਕਾਂ ਨਾਲ ਮਿਲਣਾ ਚੰਗਾ ਲਗਦਾ ਹੈ, ਉਸ ਨੂੰ ਉਮੀਦ ਹੈ ਕਿ ਇੱਕ ਦਿਨ ਉਹ ਆਪਣੇ ਭਵਿੱਖ ਦੇ (ਟਰੱਕ ਡਰਾਈਵਰ) ਪਤੀ ਨੂੰ ਜ਼ਰੂਰ ਮਿਲੇਗੀ।

ਸਿੱਧੂ ਨੇ ਰੋਡ ਟੂਡੇ ਨੂੰ ਕਿਹਾ, ”ਹਾਂ, ਮੈਂ ਇੱਕ ਟਰੱਕ ਡਰਾਈਵਰ ਨਾਲ ਵਿਆਹ ਕਰਾਵਾਂਗੀ ਕਿਉਂਕਿ ਹੋਰ ਕੋਈ ਇਹ ਨਹੀਂ ਸਮਝੇਗਾ ਕਿ ਟਰੱਕ ਡਰਾਈਵਰ ਹੋਣ ਦਾ ਅਸਲ ‘ਚ ਮਤਲਬ ਕੀ ਹੁੰਦਾ ਹੈ।”

 

ਪੁਲਿਸ ਮੁਲਾਜ਼ਮ ਤੋਂ ਸੀ.ਈ.ਓ.

ਸੁਖਦੀਪ ਕੰਗ ਕਈ ਜ਼ਿੰਮੇਵਾਰੀਆਂ ਨਿਭਾ ਚੁੱਕੀ ਔਰਤ ਹੈ।

ਆਰਮਰ ਇੰਸ਼ੋਰੈਂਸ ਬਰੋਕਰਸ ਆਫ਼ ਮਿਸੀਸਾਗਾ, ਓਂਟਾਰੀਓ ਦੀ ਸੀ.ਈ.ਓ. ਹੋਣ ਤੋਂ ਇਲਾਵਾ ਉਹ ਕਈ ਟਰੱਕਿੰਗ ਅਤੇ ਬੀਮਾ ਸੰਗਠਨਾਂ ਦੀ ਮੈਂਬਰ ਵੀ ਹੈ।

ਕੰਗ 2001 ‘ਚ ਕੈਨੇਡਾ ਆਈ ਸੀ। ਦੋ ਸਾਲਾਂ ਅੰਦਰ ਹੀ ਉਹ ਦੂਜੀ ਦੱਖਣੀ ਏਸ਼ੀਆਈ ਔਰਤ ਬਣ ਗਈ ਜੋ ਕਿ ਪੀਲ ਰੀਜਨਲ ਪੁਲਿਸ ‘ਚ ਅਫ਼ਸਰ ਵਜੋਂ ਚੁਣੀ ਗਈ।

2006 ‘ਚ, ਉਸ ਨੂੰ ਪ੍ਰੋਵਿੰਸ਼ੀਅਲ ਟ੍ਰਿਬਿਊਨਲ ਮੁਜਰਮ ਜ਼ਖ਼ਮੀ ਹਰਜਾਨਾ ਬੋਰਡ (ਸੀ.ਆਈ.ਸੀ.ਬੀ.) ‘ਚ ਨਾਮਜ਼ਦ ਕੀਤਾ ਗਿਆ, ਜੋ ਕਿ ਓਂਟਾਰੀਓ ‘ਚ ਕੀਤੇ ਜਾਂਦੇ ਹਿੰਸਕ ਅਪਰਾਧਾਂ ਵਿਰੁੱਧ ਵਿੱਤੀ ਹਰਜਾਨੇ ਨੂੰ ਮਿੱਥਦਾ ਹੈ।

ਕੰਗ ਨੇ ਕਿਹਾ ਕਿ ਵੱਖੋ-ਵੱਖ ਪਿੱਠਭੂਮੀਆਂ ਦੇ ਲੋਕਾਂ ਨਾਲ ਸੰਪਰਕ ਹੋਣ ਕਰਕੇ ਹੀ ਉਸ ਨੇ ਬੀਮਾ ‘ਚ ਕਰੀਅਰ ਬਣਾਇਆ।

ਛੇਤੀ ਹੀ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।

ਉਸ ਨੇ ਕਿਹਾ, ”ਮੈਂ ਉੱਤਰੀ ਅਮਰੀਕਾ ਦੀ ਪਹਿਲੀ ਦੱਖਣੀ ਏਸ਼ੀਆਈ ਔਰਤ ਬਣੀ ਜਿਸ ਕੋਲ 2010 ‘ਚ ਆਜ਼ਾਦ ਬੀਮਾ ਬਰੋਕਰੇਜ ਸੀ।”

”ਮੈਨੂੰ ਆਪਣੇ ਗ੍ਰਾਹਕਾਂ ਦੀਆਂ ਬੀਮਾ ਜ਼ਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਲਈ ਵਿਸ਼ੇਸ਼ ਹੱਲ ਲੱਭਣ ਦੀਆਂ ਚੁਨੌਤੀਆਂ ਲੈਣਾ ਪਸੰਦ ਹੈ। ਢੁਕਵੀਂ ਅਤੇ ਸਹੀ ਕਵਰੇਜ ਦੀ ਮਹੱਤਤਾ ਬਾਰੇ ਆਪਣੇ ਗ੍ਰਾਹਕਾਂ ਨੂੰ ਸਿੱਖਿਅਤ ਕਰਨ ਨਾਲ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ।

ਕੰਗ ਨੇ ਕਿਹਾ ਕਿ ਸੀ.ਈ.ਓ. ਹੋਣ ਦੇ ਨਾਤੇ ਉਹ ਆਪਣੇ ਸਟਾਫ਼ ਨੂੰ ਸਿਖਾਉਂਦੀ ਅਤੇ ਇਸ ਸਮਰੱਥ ਬਣਾਉਂਦੀ ਹੈ ਕਿ ਉਹ ਸਹੀ ਫ਼ੈਸਲੇ ਕਰ ਸਕਣ।

ਉਸ ਦੀਆਂ ਕੋਸ਼ਿਸ਼ਾਂ ਨੂੰ ਕਈ ਬਿਜ਼ਨੈਸ ਗਰੁੱਪਾਂ ਨੇ ਮਾਨਤਾ ਦਿੱਤੀ ਹੋਈ ਹੈ। ਇੰਡੋ-ਕੈਨੇਡਾ ਚੈਂਬਰ ਆਫ਼ ਕਾਮਰਸ (ਆਈ.ਸੀ.ਸੀ.ਸੀ.) ਵੱਲੋਂ 2019 ‘ਚ ਕੰਗ ਨੂੰ ਸਾਲ ਦੀ ਮਹਿਲਾ ਇੰਟਰਪ੍ਰੀਨਿਓਰ ਦਾ ਖ਼ਿਤਾਬ ਦਿੱਤਾ ਗਿਆ।

ਕੰਗ ਨੇ ਕਿਹਾ ਕਿ ਉਸ ਦੇ ਮੁਲਾਜ਼ਮਾਂ ‘ਚ 90% ਗਿਣਤੀ ਔਰਤਾਂ ਦੀ ਹੈ। ਉਸ ਨੇ ਕਿਹਾ, ”ਆਰਮਰ ਦਾ ਟੀਚਾ ਹੈ ਕਿ ਔਰਤਾਂ ਅਤੇ ਨੌਜੁਆਨਾਂ ਨੂੰ ਸਸ਼ਕਤੀਕਰਨ ਕਰਨਾ ਅਤੇ ਮੈਂ 45 ਤੋਂ ਵੱਧ ਔਰਤਾਂ ਦੇ ਕੈਰੀਅਰ ਬਣਾਉਣ ‘ਚ ਸਹਿਯੋਗ ਦਿੱਤਾ ਹੈ।”

ਉਨ੍ਹਾਂ ਕਿਹਾ ਕਿ ਟਰੱਕਿੰਗ ਉਦਯੋਗ ‘ਚ ਵੱਧ ਤੋਂ ਵੱਧ ਔਰਤਾਂ ਨੂੰ ਲਿਆਉਣ ਦਾ ਇੱਕ ਤਰੀਕਾ ਸੁਰੱਖਿਆ ਅਤੇ ਡਿਸਪੈਚ ਪ੍ਰਬੰਧਨ ‘ਚ ਉਨ੍ਹਾਂ ਨੂੰ ਸਿਖਲਾਈ ਦੇਣਾ ਹੈ।

ਕੰਗ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਹੈ ਲੋਕਾਂ ਵੱਲੋਂ ਸਵੀਕਾਰਨਾ।

”ਭਾਈਚਾਰਿਆਂ ਨੂੰ ਔਰਤਾਂ ਨੂੰ ਮਨਜ਼ੂਰ ਕਰਨਾ ਹੀ ਹੋਵੇਗਾ। ਅੱਜ ਟਰੱਕਿੰਗ ਉਦਯੋਗ ‘ਚ ਜੋੜਿਆਂ ਦੀ ਗਿਣਤੀ ਵੱਧ ਰਹੀ ਹੈ। ਬਹੁਤ ਸਾਰੀਆਂ ਨੌਜੁਆਨ ਔਰਤਾਂ ਵੀ ਇਸ ਨਾਲ ਜੁੜ ਰਹੀਆਂ ਹਨ।”

 

ਹਮੇਸ਼ਾ ਸਿੱਖਣ ਲਈ ਤਿਆਰ

ਜਸਪ੍ਰੀਤ ਸੋਢੀ ਨਿਰੰਤਰ ਸਿੱਖਣ ਵਾਲੀ ਸ਼ਖ਼ਸੀਅਤ ਹੈ, ਜੋ ਕਿ ਹਮੇਸ਼ਾ ਨਵੇਂ ਹੁਨਰ ਦੀ ਭਾਲ ‘ਚ ਰਹਿੰਦੀ ਹੈ।

ਰੋਡੀਜ਼ ਗਰੁੱਪ ਆਫ਼ ਕੰਪਨੀਜ਼ ਨਾਲ ਜੁੜਨ ਤੋਂ ਬਾਅਦ ਉਸ ਨੇ ਕਈ ਕਿਸਮ ਦੇ ਰੋਲ ਨਿਭਾਏ ਹਨ, ਜੋ ਕਿ ਮਿਸੀਸਾਗਾ ਦੇ ਇੱਕ ਦਰਮਿਆਨੇ ਆਕਾਰ ਦਾ ਫ਼ਲੀਟ ਹੈ।

ਉਸ ਨੇ ਕਿਹਾ, ”ਇਸ ਵੇਲੇ ਮੈਂ ਰੋਡੀਜ਼ ‘ਚ ਸਭ ਤੋਂ ਸੀਨੀਅਰ ਮੁਲਾਜ਼ਮ ਹਾਂ।”

ਉਸ ਨੇ ਸ਼ੁਰੂਆਤ ਰਿਸੈਪਸ਼ਨਿਸਟ ਵਜੋਂ ਕੀਤੀ ਸੀ, ਪਰ ਉਹ ਇਹ ਮੰਨਦੀ ਸੀ ਕਿ ਉਹ ਕੁੱਝ ਬਿਹਤਰ ਕਰ ਸਕਦੀ ਹੈ ਇਸ ਲਈ ਉਸ ਨੇ ਪੇਅਰੋਲ ਅਤੇ ਡਿਸਪੈਚ ਦੀ ਸਿਖਲਾਈ ਲੈਣਾ ਸ਼ੁਰੂ ਕਰ ਦਿੱਤੀ।

”ਅਤੇ ਫਿਰ ਹੌਲੀ ਹੌਲੀ ਮੈਂ ਅਕਾਊਂਟਸ ਰਿਸੀਵਏਬਲ ਅਤੇ ਪੇਏਬਲ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇਸ ਵੇਲੇ ਉਸੇ ਟੀਮ ਨਾਲ ਕੰਮ ਕਰ ਰਹੀ ਹਾਂ।”

ਜਸਪ੍ਰੀਤ 2010 ‘ਚ ਕੈਨੇਡਾ ਆਈ ਸੀ।

ਉਸ ਕੋਲ ਕੰਪਿਊਟਰ ਐਪਲੀਕੇਸ਼ਨਜ਼ ‘ਚ ਬੈਚਲਰ ਦੀ ਡਿਗਰੀ ਸੀ, ਪਰ ਉਸ ਨੂੰ ਪਤਾ ਸੀ ਕਿ ਨੌਕਰੀ ਪ੍ਰਾਪਤ ਕਰਨ ਲਈ ਕੈਨੇਡੀਅਨ ਪੜ੍ਹਾਈ ਦਾ ਹੋਣਾ ਜ਼ਰੂਰੀ ਸੀ।

ਇਸ ਲਈ ਉਸ ਨੇ ਬਿਜ਼ਨੈਸ ਐਡਮਿਨੀਸਟਰੇਸ਼ਨ ‘ਚ ਹੰਬਰ ਕਾਲਜ ਸਰਟੀਫ਼ੀਕੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ।

ਇਸ ਤੋਂ ਬਾਅਦ ਉਸ ਨੇ ਕਈ ਕੰਮ ਕੀਤੇ।

ਛੇ ਸਾਲ ਪਹਿਲਾਂ ਰੋਡੀਜ਼ ਵੱਲੋਂ ਰੱਖੇ ਜਾਣ ਤੋਂ ਪਹਿਲਾਂ ਉਸ ਨੇ ਅਧਿਆਪਕ ਦੇ ਸਹਾਇਕ ਵਜੋਂ ਕੰਮ ਕੀਤਾ, ਡਿਸਟ੍ਰੀਬਿਊਸ਼ਨ ਕੇਂਦਰ ‘ਚ ਸਿਕਿਉਰਟੀ ਗਾਰਡ ਰਹੀ ਅਤੇ ਕਾਲ ਸੈਂਟਰ ‘ਚ ਏਜੰਟ ਵੀ ਰਹੀ।

ਉਸ ਨੇ ਕਿਹਾ, ”ਮੈਂ ਉਸ ਕੰਪਨੀ ‘ਚ ਕੰਮ ਕਰਨਾ ਚਾਹੁੰਦੀ ਸੀ ਜੋ ਅਜੇ ਵਿਕਾਸ ਕਰ ਰਹੀ ਹੈ ਅਤੇ ਮੈਂ ਇਸ ਨਾਲ ਅੱਗੇ ਵੱਧਣਾ ਚਾਹੁੰਦੀ ਸੀ। ਮੈਨੂੰ ਕੰਪਨੀਆਂ ਬਦਲਣਾ ਚੰਗਾ ਨਹੀਂ ਲਗਦਾ।”

ਇੰਜ ਲਗਦਾ ਹੈ ਜਿਵੇਂ ਸਾਰਾ ਕੁੱਝ ਉਸੇ ਤਰ÷ ੍ਹਾਂ ਹੁੰਦਾ ਗਿਆ ਜਿਵੇਂ ਜਸਪ੍ਰੀਤ ਚਾਹੁੰਦੀ ਸੀ।

ਉਸ ਨੇ ਕਿਹਾ, ”ਮੈਂ ਬਹੁਤ ਖ਼ੁਸ਼ ਹਾਂ।”

ਹਾਲਾਂਕਿ ਜਸਪ੍ਰੀਤ ਦੀ ਟਰੱਕ ਡਰਾਈਵਰ ਬਣਨ ਦੀ ਕੋਈ ਯੋਜਨਾ ਨਹੀਂ ਹੈ।

”ਨਹੀਂ। ਮੈਂ ਦੋ ਬੱਚਿਆਂ ਦੀ ਮਾਂ ਹਾਂ। ਮੈਂ ਉਥੇ ਹੀ ਰਹਿਣਾ ਪਸੰਦ ਕਰਦੀ ਹਾਂ ਜਿੱਥੇ ਮੈਂ ਹੁਣ ਹਾਂ।”

ਬਹੁਤ ਖ਼ੁਸ਼।

 

ਅਬਦੁਲ ਲਤੀਫ਼ ਵੱਲੋਂ