ਮਿਸੀਸਾਗਾ ਨੇ ਓ.ਡੀ.ਟੀ.ਏ. ਵੱਲੋਂ ਲੇਬਰ ਅਧਿਕਾਰਾਂ ਬਾਰੇ ਮੰਗਾਂ ਦੀ ਹਮਾਇਤ ਵਾਲਾ ਮਤਾ ਪਾਸ ਕੀਤਾ

ਉਚਿਤ ਤਨਖ਼ਾਹਾਂ ਅਤੇ ਸੁਰੱਖਿਅਤ ਕੰਮਕਾਜ ਦੇ ਹਾਲਾਤ ਬਾਰੇ ਹੱਕਾਂ ਲਈ ਲੜ ਰਹੇ ਹਨ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਦੇ ਮੈਂਬਰਾਂ ਦੀ ਹਮਾਇਤ ’ਚ ਮਿਸੀਸਾਗਾ ਦੀ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰ ਦਿੱਤਾ ਹੈ।

(ਤਸਵੀਰ: ਓ.ਡੀ.ਟੀ.ਏ.)

ਸ਼ਹਿਰ ਦੇ ਸਟਾਫ਼ ਨੂੰ ਕਿਹਾ ਗਿਆ ਹੈ ਕਿ ਉਹ ਮਿਊਂਸੀਪਲਟੀ ਦੀ ਟਿਕਾਊ ਸਰਕਾਰੀ ਖ਼ਰੀਦ ਨੀਤੀ ਦਾ ਘੇਰਾ ਵਧਾਉਣ ਦੇ ਜ਼ਰੀਏ ਲੱਭਣ ਤਾਂ ਕਿ ਇਸ ’ਚ ਲੇਬਰ ਅਧਿਕਾਰ ਅਤੇ ਕੰਮਕਾਜ ਦੇ ਹਾਲਾਤ ਵੀ ਸ਼ਾਮਲ ਹੋ ਜਾਣ, ਅਤੇ ਉਚਿਤ ਲੇਬਰ ਵਿਹਾਰ ਦੀ ਤਾਮੀਲ ਯਕੀਨੀ ਕਰਨ ਲਈ ਸਰਕਾਰੀ ਖ਼ਰੀਦ ਦੀ ਪ੍ਰਕਿਰਿਆ ਦੀ ਸਮੀਖਿਆ ਵੀ ਕੀਤੀ ਜਾਵੇ।

ਬੁੱਧਵਾਰ ਦੀ ਵੋਟ ਪਿਛਲੇ ਹਫ਼ਤੇ ਹੀ ਬਰੈਂਪਟਨ ਸਿਟੀ ਕੌਂਸਲ ਵੱਲੋਂ ਪਾਸ ਮਤੇ ਤੋਂ ਬਾਅਦ ਆਈ ਹੈ ਜਿਸ ’ਚ ਮਿਊਂਸੀਪਲਟੀ ਸਟਾਫ਼ ਨੂੰ ਕਿਹਾ ਗਿਆ ਸੀ ਕਿ ਕੰਪਨੀਆਂ ਨੂੰ ਸ਼ਹਿਰੀ ਮੁਢਲਾ ਢਾਂਚਾ ਪ੍ਰਾਜੈਕਟਾਂ ’ਚ ਬੋਲੀ ਦੇਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਇਹ ਯਕੀਨੀ ਕਰ ਲਿਆ ਜਾਵੇ ਕਿ ਓ.ਡੀ.ਟੀ.ਏ. ਦੇ ਮੁਢਲੇ ਸਮਝੌਤੇ ਨੂੰ ਧਿਆਨ ’ਚ ਰੱਖਿਆ ਗਿਆ ਹੈ।

ਆਪਣੇ ਲੇਬਰ ਅਧਿਕਾਰਾਂ, ਉਚਿਤ ਤਨਖ਼ਾਹਾਂ ਅਤੇ ਮੁਆਵਜ਼ੇ ਦੀ ਵਕਾਲਤ ’ਚ, ਅਤੇ ਸੁਰੱਖਿਆ ਦੇ ਮਸਲਿਆਂ ’ਤੇ ਚਾਨਣਾ ਪਾਉਣ ਲਈ ਓ.ਡੀ.ਟੀ.ਏ. ਦੇ ਮੈਂਬਰ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਹੜਤਾਲ ’ਤੇ ਬੈਠੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਵਰਕਰਾਂ ਦੀ ਸੁਰੱਖਿਆ ਲਈ ਸਾਂਝਾ ਸਮਝੌਤਾ ਲਾਗੂ ਕੀਤਾ ਜਾਵੇ ਅਤੇ ਲੇਬਰ ਮਸਲਿਆਂ ਦੇ ਹੱਲ ਲਈ ਢਾਂਚਾ ਤਿਆਰ ਕੀਤਾ ਜਾਵੇ।

ਮਿਸੀਸਾਗਾ ਦੀ ਕੌਂਸਲਰ ਕੈਰੋਲਾਈਨ ਪੈਰਿਸ਼ ਨੇ ਕਿਹਾ, ‘‘ਮਿਊਂਸੀਪਲ ਲੀਡਰ ਹੋਣ ਦੇ ਨਾਤੇ, ਸਾਨੂੰ ਵਰਕਰਾਂ ਦੇ ਹੱਕਾਂ ਲਈ ਖੜ੍ਹਾ ਹੋਣਾ ਪਵੇਗਾ, ਜੋ ਕਿ ਸਾਡੇ ਮੁਢਲੇ ਢਾਂਚੇ ਨੂੰ ਉਸਾਰਦੇ ਹਨ ਅਤੇ ਉਸਾਰੀ ਉਦਯੋਗ ਲਈ ਮਹੱਤਵਪੂਰਨ ਹਨ – ਵਿਸ਼ੇਸ਼ ਕਰਕੇ ਜਦੋਂ ਟੈਕਸਦਾਤਿਆਂ ਦੇ ਡਾਲਰ ਵੀ ਇਸ ’ਚ ਸ਼ਾਮਲ ਹੋਣ। ਅੱਜ ਦਾ ਮਤਾ ਇਹ ਮਜ਼ਬੂਤ ਸੰਦੇਸ਼ ਭੇਜਦਾ ਹੈ ਕਿ ਵਰਕਰਾਂ ਨਾਲ ਇੱਜ਼ਤ ਅਤੇ ਮਾਣ ਵਾਲਾ ਵਤੀਰਾ ਯਕੀਨੀ ਕਰਨ ਦਾ ਸਵਾਲ ਹੋਵੇ ਤਾਂ ਮਿਸੀਸਾਗਾ ਹਮੇਸ਼ਾ ਤਿਆਰ ਰਹਿੰਦਾ ਹੈ।’’

ਓ.ਡੀ.ਟੀ.ਏ. ਦੇ ਸੀਨੀਅਰ ਸਲਾਹਕਾਰ ਬੌਬ ਪੁਨੀਆ ਨੇ ਕਿਹਾ, ‘‘ਮਿਸੀਸਾਗਾ ਸਿਟੀ ਕੌਂਸਲ ਸਾਡੇ ਮੈਂਬਰਾਂ ਦੇ ਹੱਕਾਂ ਲਈ ਡਟ ਰਹੀ ਹੈ ਜੋ ਕਿ ਕੰਮਕਾਜ ਦੀਆਂ ਥਾਵਾਂ ’ਤੇ ਨਿਆਂ ਅਤੇ ਸਤਿਕਾਰ ਦੀ ਮੰਗ ਕਰ ਰਹੀ ਹੈ।’’

ਮਿਸੀਸਾਗਾ ਦੇ ਮੇਅਰ ਬੌਨੀ ਕਰੋਂਬੀ ਨੇ ਕਿਹਾ, ‘‘ਮਿਸੀਸਾਗਾ ਅਜਿਹਾ ਸ਼ਹਿਰ ਹੈ ਜੋ ਕਿ ਵਰਕਰਾਂ ਦੇ ਹੱਕਾਂ ਲਈ ਡਟਦਾ ਹੈ ਅਤੇ ਮੈਨੂੰ ਬਹੁਤ ਮਾਣ ਹੈ ਕਿ ਓ.ਡੀ.ਟੀ.ਏ. ਮੈਂਬਰਾਂ ਦੀ ਹਮਾਇਤ ਕਰਨ ’ਚ ਕੌਂਸਲ ਇੱਕਮੁੱਠ ਹੈ। ਅਸੀਂ ਮਿਸੀਸਾਗਾ ਸ਼ਹਿਰ ’ਚ ਆਪਣੀ ਸਰਕਾਰੀ ਖ਼ਰੀਦ ਪ੍ਰਕਿਰਿਆ ਨੂੰ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਤਾਂ ਕਿ ਅਸੀਂ ਜਿਸ ਵੀ ਕੰਪਨੀ ਨਾਲ ਕਾਰੋਬਾਰ ਕਰੀਏ ਉਹ ਵਰਕਰਾਂ ਦੇ ਹੱਕਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ।’’

ਮਿਸੀਸਾਗਾ ਦੀ ਕੌਂਸਲਰ ਦੀਪਿਕਾ ਡੇਮਰਲਾ ਨੇ ਕਿਹਾ, ‘‘ਓ.ਡੀ.ਟੀ.ਏ. ਦੇ ਬਹੁਤ ਸਾਰੇ ਮੈਂਬਰ ਨਵੇਂ ਕੈਨੇਡੀਅਨ ਹਨ ਜਿਨ੍ਹਾਂ ਨਾਲ ਖ਼ਰਾਬ ਲੇਬਰ ਅਮਲਾਂ ਕਰਕੇ ਅਣਉਚਿਤ ਵਿਹਾਰ ਕੀਤਾ ਗਿਆ ਹੈ। ਇਹ ਵਰਕਰ ਬਿਹਤਰ ਦੇ ਹੱਕਦਾਰ ਹਨ – ਇਹ ਮਜ਼ਬੂਤ ਲੇਬਰ ਮਾਨਕਾਂ ਅਤੇ ਉਚਿਤ ਤਨਖ਼ਾਹਾਂ ਦੇ ਹੱਕਦਾਰ ਹਨ – ਸਾਡੇ ਭਾਈਚਾਰੇ ’ਚ ਬਾਕੀ ਸਾਰਿਆਂ ਵਾਂਗ।’’